ਸੁਖਬੀਰ ਬਾਦਲ ਸਮੇਤ 200 ਅਕਾਲੀਆਂ ਖ਼ਿਲਾਫ਼ ਕੇਸ ਦਰਜ

ਤਸਵੀਰ ਸਰੋਤ, NARINDER NANU/getty images
ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸੜਕਾਂ 'ਤੇ ਕਈ ਘੰਟੇ ਜਾਮ ਲਗਾਏ ਰੱਖਣ ਦੇ ਮਾਮਲੇ ਵਿੱਚ 200 ਅਕਾਲੀ ਲੀਡਰਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਪੀਟੀਆਈ ਮੁਤਾਬਿਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਜੋ ਕਿ ਮਜੀਠਾ ਤੋਂ ਵਿਧਾਇਕ ਹਨ, ਉਨ੍ਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ।
ਵੀਰਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਲੀਡਰਾਂ ਵੱਲੋਂ ਫਿਰੋਜ਼ਪੁਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਧਰਨਾ ਦਿੱਤਾ ਗਿਆ ਜਿਸ ਦੌਰਾਨ ਕਈ ਘੰਟੇ ਸੜਕਾਂ 'ਤੇ ਜਾਮ ਲੱਗਾ ਰਿਹਾ।
ਅਕਾਲੀ ਲੀਡਰ ਮੰਗ ਕਰ ਰਹੇ ਸਨ ਕਿ ਕਾਂਗਰਸ ਵੱਲੋਂ ਜੋ ਉਨ੍ਹਾਂ ਦੇ ਪਾਰਟੀ ਲੀਡਰਾਂ ਅਤੇ ਵਰਕਰਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ, ਉਹ ਰੱਦ ਕੀਤੇ ਜਾਣ।
ਇਸ ਤੋਂ ਇਲਾਵਾ ਅਕਾਲੀ ਦਲ ਨੇ ਮਾਨਾਵਾਲਾ, ਮਖੂ, ਬਾਘਾਪੁਰਾਣਾ ਅਤੇ ਘਨੌਰ ਵਿੱਚ ਚੋਣ ਰੱਦ ਕਰਨ ਦਾ ਵੀ ਮੁੱਦਾ ਚੁੱਕਿਆ ਸੀ ਜਿੱਥੇ ਅਕਾਲੀ ਦਲ ਵੱਲੋਂ ਨਾਮਜ਼ਦਗੀ ਨਹੀਂ ਭਰੀ ਗਈ ਸੀ।
ਪਾਰਟੀ ਮੁਤਾਬਿਕ ਸਰਕਾਰ ਨੇ 12 ਲੀਡਰਾਂ ਉੱਤੋਂ ਕਤਲ ਕੇਸ ਅਤੇ 90 ਵਰਕਰਾਂ ਤੋਂ ਮਾਨਾਵਾਲਾ ਝੜਪ ਦਾ ਮੁੱਕਦਮਾ ਵਾਪਸ ਲੈਣ ਦਾ ਫੈ਼ਸਲਾ ਕੀਤਾ ਹੈ।

ਤਸਵੀਰ ਸਰੋਤ, NARINDER NANU/getty images
ਸੂਬਾ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਨਾਲ ਅਕਾਲੀ ਦਲ ਨੇ 24 ਘੰਟੇ ਬਾਅਦ ਧਰਨਾ ਖ਼ਤਮ ਕੀਤਾ ਸੀ।
ਲੋਕ ਹੋਏ ਖੱਜਲ-ਖੁਆਰ
ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਮੁਤਾਬਿਕ ਇਸ ਮਾਮਲੇ ਵਿੱਚ 200 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਸਾਬਕਾ ਮੰਤਰੀ ਤੋਤਾ ਸਿੰਘ, ਸ਼ਰਨਜੀਤ ਸਿੰਘ ਢਿੱਲੋ, ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਕੰਵਲਜੀਤ ਸਿੰਘ, ਸਾਬਕਾ ਵਿਧਾਇਕ ਬੀਬੀ ਜਗੀਰ ਕੌਰ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਜੋ ਵੱਖ ਵੱਖ ਸ਼ਹਿਰਾਂ ਵਿੱਚ ਧਰਨੇ ਦੀ ਅਗਵਾਈ ਕਰ ਰਹੇ ਸੀ।
ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ, ''ਸਰਕਾਰ ਨੇ ਪਹਿਲਾਂ ਸਾਡੀਆਂ ਮੰਗਾਂ ਮੰਨੀਆਂ ਅਤੇ ਬਾਅਦ ਵਿੱਚ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤੇ। ਅਸੀਂ ਧਰਨੇ ਦੌਰਾਨ ਹੀ ਗ੍ਰਿਫ਼ਤਾਰ ਹੋਣ ਨੂੰ ਤਿਆਰ ਸੀ।''
ਜ਼ਿਕਰਯੋਗ ਹੈ ਕਿ ਵਰਕਰਾਂ ਖਿਲਾਫ਼ ਦਰਜ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੁੱਖ ਧਰਨਾ ਹਰੀਕੇ ਪੱਤਣ ਰੋਡ 'ਤੇ ਲਾਇਆ ਗਿਆ ਸੀ ਜਿਸ ਨਾਲ ਸੈਂਕੜੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ।












