ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ 'ਤੇ ਪਿਆ ਇੱਕ ਹੋਰ ਕੇਸ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ
ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਖ਼ਿਲਾਫ਼ ਇੱਕ ਹੋਰ ਕੇਸ ਸਾਹਮਣੇ ਆ ਗਿਆ ਹੈ। ਲੁਧਿਆਣਾ 'ਚ ਇੱਕ ਆਰਐੱਸਐੱਸ ਨੇਤਾ 'ਤੇ ਹਮਲੇ ਦੇ ਸਬੰਧ 'ਚ ਜਗਤਾਰ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਅਦਾਲਤ 'ਚ ਪਾਦਰੀ ਸੁਲਤਾਨ ਮਸੀਹ ਕਤਲ ਕੇਸ 'ਚ ਜਗਤਾਰ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ।
ਜਗਤਾਰ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ ਤਾਂ ਲੁਧਿਆਣਾ ਪੁਲਿਸ ਨੇ ਇੱਕ ਨਵੇਂ ਮਾਮਲੇ 'ਚ ਉਸ ਨੂੰ ਮੁਲਜ਼ਮ ਬਣਾ ਕੇ ਉਸਦਾ ਰਿਮਾਂਡ ਲੈ ਲਿਆ।
ਸਰਕਾਰੀ ਵਕੀਲ ਨੇ ਕਿਹਾ ਕਿ ਜਗਤਾਰ ਦੀ ਸ਼ਮੂਲੀਅਤ ਇੱਕ ਨਵੇਂ ਮਾਮਲੇ 'ਚ ਸਾਹਮਣੇ ਆਈ ਹੈ।

ਮਾਮਲਾ ਲੁਧਿਆਣਾ ਦੇ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਨੇਤਾ ਨਰੇਸ਼ ਕੁਮਾਰ 'ਤੇ ਹਮਲੇ ਦਾ ਹੈ। ਉਨ੍ਹਾਂ 'ਤੇ ਗੋਲੀ ਚੱਲੀ ਸੀ, ਹਾਲਾਂਕਿ ਹਮਲੇ 'ਚ ਉਹ ਬੱਚ ਗਏ।
ਅਦਾਲਤ 'ਚ ਅੱਜ ਵੀ ਸੁਲਤਾਨ ਮਸੀਹ ਕਤਲ ਮਾਮਲੇ 'ਚ ਜਗਤਾਰ ਦਾ ਪੁਲਿਸ ਰਿਮਾਂਡ ਵਧਾਉਣ ਦੀ ਗੁਜਾਰਿਸ਼ ਕੀਤੀ ਗਈ ਸੀ। ਪਰ ਅਦਾਲਤ ਨੇ ਮੰਗ ਸਵੀਕਾਰ ਨਹੀਂ ਕੀਤੀ।
ਜਗਤਾਰ 'ਤੇ ਬਾਘਾ ਪੁਰਾਣਾ ਸਮੇਤ ਹੁਣ ਇਹ ਤੀਜਾ ਕੇਸ ਦਰਜ ਹੋਇਆ ਹੈ।
ਇੱਕ ਮਹੀਨਾ ਪਹਿਲਾਂ ਹੋਇਆ ਗ੍ਰਿਫ਼ਤਾਰ
4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।
ਇਸ ਮਾਮਲੇ 'ਚ ਮੋਗਾ ਦੇ ਬਾਘਾ ਪੁਰਾਣਾ 'ਚ ਕੇਸ ਚੱਲ ਰਿਹਾ ਹੈ।
ਕੀ ਹੈ ਸੁਲਤਾਨ ਮਸੀਹ ਕਤਲ ਕੇਸ?
- ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ।
- ਇਸੇ ਮਾਮਲੇ 'ਚ ਜਗਤਾਰ ਲੁਧਿਆਣਾ 'ਚ ਕੇਸ ਦਰਜ ਹੈ ।
- ਸਲੇਮ ਟਾਬਰੀ ਇਲਾਕੇ 'ਚ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰੀਆਂ ਸੀ।
- ਪੁਲਿਸ ਮੁਤਾਬਕ ਪਾਦਰੀ ਜਦੋਂ ਆਪਣੇ ਘਰ ਬਾਹਰ ਸੈਰ ਕਰਦਿਆਂ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ 'ਤੇ ਹਮਲਾ ਹੋਇਆ।












