You’re viewing a text-only version of this website that uses less data. View the main version of the website including all images and videos.
ਬਲਾਗ: ਬੋਦੀ ਤੇ ਤਿਲਕ ਕਦੋਂ ਵਿਖਾਉਣਗੇ ਰਾਹੁਲ ਗਾਂਧੀ?
- ਲੇਖਕ, ਰਾਜੇਸ਼ ਜੋਸ਼ੀ
- ਰੋਲ, ਰੇਡੀਓ ਐਡੀਟਰ, ਬੀਬੀਸੀ ਹਿੰਦੀ
ਆਮ ਤੌਰ 'ਤੇ ਕਿਸੇ ਦੇ ਜਨੇਊ ਪਾਇਆ ਉਦੋਂ ਦਿਸਦਾ ਹੈ ਜਦੋਂ ਕੋਈ ਨੰਗੇ ਧੜ ਪੂਜਾ ਜਾਂ ਹਵਨ ਕਰਦਾ ਹੋਏ ਜਾਂ ਫਿਰ ਕੰਨ 'ਚ ਲਪੇਟ ਕੇ ਮਾਮੂਲੀ ਜਾਂ ਵੱਡੀ ਮੁਸ਼ਕਿਲ ਦਾ ਹੱਲ ਕੱਢਦਾ ਹੋਏ। ਜਾਂ ਫਿਰ ਉਦੋਂ ਸਾਹਮਣੇ ਆਉਂਦਾ ਹੈ ਜਦ ਕਿਸੇ ਦੀਆਂ ਕਦਰਾਂ ਕੀਮਤਾਂ ਨੂੰ ਲਲਕਾਰਿਆ ਜਾਏ।
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਓਦੋਂ ਵਿਖਾਇਆ ਜਦ ਉਨ੍ਹਾਂ ਦੀ ਹਿੰਦੂ ਹੋਂਦ ਨੂੰ ਚੁਣੌਤੀ ਦਿੱਤੀ ਗਈ।
ਉਹ ਵੀ ਗੁਜਰਾਤ ਦੇ 'ਕਰੋ ਜਾਂ ਮਰੋ' ਵਾਲੇ ਚੋਣਾਂ ਵਿਚਕਾਰ ਜਦ ਉਹ ਸੋਮਨਾਥ ਮੰਦਿਰ ਵਿੱਚ ਦਰਸ਼ਨ ਲਈ ਗਏ ਸਨ।
ਮੈਂ ਕਦੇ ਰਾਹੁਲ ਗਾਂਧੀ ਦਾ ਜਨੇਊ ਨਹੀਂ ਵੇਖਿਆ। ਪਰ ਸ਼ਾਇਦ ਹੁਣ ਨੇਤਾਵਾਂ ਵਿੱਚ ਆਪਣਾ ਆਪਣਾ ਜਨੇਊ ਵਿਖਾਉਣ ਦੀ ਦੌੜ ਲੱਗ ਜਾਏਗੀ।
ਜੇ ਤੁਹਾਨੂੰ ਯੂ-ਟਿਊਬ 'ਤੇ ਹਵਨ ਕਰਦੇ ਹੋਏ ਜਾਂ ਕਿਸੇ ਨਾ ਕਿਸੇ ਹੋਰ ਬਹਾਨੇ ਕੋਈ ਨੇਤਾ ਆਪਣਾ ਕੁੜਤਾ ਕੱਢ ਜਨੇਊ ਵਿਖਾਉਂਦਾ ਨਜ਼ਰ ਆਏ, ਤਾਂ ਹੈਰਾਨ ਹੋਣ ਦੀ ਲੋੜ ਨਹੀਂ।
ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤੀ ਰਾਜਨੀਤੀ ਨੇ ਲੰਮਾ ਸਫ਼ਰ ਤੈਅ ਕਰ ਲਿਆ ਹੈ।
ਹੁਣ ਕ੍ਰੋਸ਼ੀਏ ਦੀ ਜਾਲੀਦਾਰ ਟੋਪੀ ਨਹੀਂ ਬਲਕਿ ਮੋਢੇ 'ਤੇ ਪਿਆ ਮੋਟਾ ਜਨੇਊ ਰਾਜਨੀਤੀ ਦਾ ਨਵਾਂ ਫੈਸ਼ਨ ਸਟੇਟਮੈਂਟ ਹੈ।
ਜਨੇਊ ਨੂੰ ਫੈਸ਼ਨ ਸਟੇਟਮੈਂਟ ਬਨਾਉਣ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਖ਼ਤਰੇ ਵੀ ਹਨ।
ਇਹ ਕ੍ਰੋਸ਼ੀਏ ਦੀ ਜਾਲੀਦਾਰ ਟੋਪੀ ਨਹੀਂ ਹੈ ਜਿਸ ਨੂੰ ਪਹਿਨ ਕੇ ਪਿਛਲੇ ਜ਼ਮਾਨੇ ਵਿੱਚ ਅਰਜੁਨ ਸਿੰਘ, ਅਟਲ ਬਿਹਾਰੀ ਵਾਜਪਾਈ, ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਵਰਗਾ ਕੋਈ ਵੀ ਨੇਤਾ ਇਫ਼ਤਾਰ ਪਾਰਟੀਆਂ ਕਰਦਾ ਸੀ ਅਤੇ ਉਸ ਨੂੰ ਉਸਦੀ ਧਰਮ ਨਿਰਪੱਖਤਾ ਦਾ ਸਰਟੀਫਿਕੇਟ ਮੰਨਿਆ ਜਾਂਦਾ ਸੀ।
ਰਾਜਨੀਤੀ ਦੇ ਨਵੇਂ ਦੌਰ ਵਿੱਚ ਜਨੇਊ ਦੇ ਵਿਰਸੇ ਦਾ ਮਾਲਕ ਕਿਸ ਨੂੰ ਮੰਨਿਆ ਜਾਏਗਾ?
ਕੀ ਰਾਮਵਿਲਾਸ ਪਾਸਵਾਨ, ਉਦਿਤ ਰਾਜ, ਪ੍ਰਕਾਸ਼ ਅੰਬੇਡਕਰ ਵਰਗੇ ਦਲਿਤ ਨੇਤਾਵਾਂ ਨੂੰ ਵੀ ਰਾਹੁਲ ਗਾਂਧੀ ਵਾਂਗ ਜਨੇਊ ਰਿਵਾਇਤ ਨੂੰ ਅੱਗੇ ਲੈ ਜਾਣ ਦਾ ਹੱਕ ਦਿੱਤਾ ਜਾਏਗਾ?
ਜਨੇਊਧਾਰੀ ਹਿੰਦੂ ਰਾਹੁਲ ਗਾਂਧੀ
ਆਪਣੇ ਜਨੇਊ ਰਹੱਸ ਤੋਂ ਰਾਹੁਲ ਗਾਂਧੀ ਨੇ ਖ਼ੁਦ ਪਰਦਾ ਨਹੀਂ ਚੁੱਕਿਆ। ਇਹ ਕੰਮ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਨੇ ਭਾਜਪਾ ਨੂੰ ਲੁਕ ਕੇ ਵਾਰ ਕਰਨ ਵਾਲੀ ਪਾਰਟੀ ਦੱਸਿਆ ਅਤੇ ਪੱਤਰਕਾਰਾਂ ਲਈ ਇਸ ਰਹੱਸ ਦਾ ਖ਼ੁਲਾਸਾ ਕੀਤਾ ਕਿ ਕਾਂਗਰਸ ਦੇ ਉੱਪ ਪ੍ਰਧਾਨ ਦਾ ਨਾ ਹੀ ਸਿਰਫ ਧਰਮ ਹਿੰਦੂ ਹੈ ਬਲਕਿ ਉਹ ਜਨੇਊਧਾਰੀ ਹਿੰਦੂ ਹਨ।
ਇਹ ਐਲਾਨ ਕਰਦੇ ਸਮੇਂ ਸੁਰਜੇਵਾਲਾ ਦਾ ਧਿਆਨ ਲੱਖਾਂ ਕਰੋੜਾਂ ਜਾਟਵ, ਵਾਲਮੀਕੀ, ਖਟੀਕ, ਨਿਸ਼ਾਦ ਅਤੇ ਰਾਜਭਰ ਨੌਜਵਾਨਾਂ ਵੱਲ ਨਹੀਂ ਗਿਆ ਹੋਏਗਾ ਜਿਨ੍ਹਾਂ ਨੂੰ ਜਾਤੀ ਵਿਵਸਥਾ ਮੁਤਾਬਕ ਜਨੇਊ ਪਾਉਣ ਦੀ ਇਜਾਜ਼ਤ ਵੀ ਨਹੀਂ ਹੈ।
ਕਈ ਦਹਾਕਿਆਂ ਪਹਿਲਾਂ ਆਰੀਆ ਸਮਾਜ ਨੇ ਦਲਿਤਾਂ ਨੂੰ ਜਨੇਊ ਪਾਉਣ ਅਤੇ ਗਾਯਤਰੀ ਮੰਤਰ ਪੜ੍ਹਣ ਲਈ ਅੰਦੋਲਨ ਚਲਾਇਆ ਸੀ, ਪਰ ਜਾਤੀ ਵਿਵਸਥਾ ਦੇ ਕੜੇ ਨਿਯਮਾਂ ਨੂੰ ਅੰਦੋਲਨ ਬਦਲ ਨਹੀਂ ਸਕਿਆ।
ਸੋਨੀਆ ਗਾਂਧੀ ਤੋਂ ਬਾਅਦ 'ਧਰਮ ਨਿਰਪੱਖ' ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਦੀ ਉੱਚੀ ਜਾਤੀ ਹਿੰਦੂ ਪਛਾਣ ਦੇ ਇਸ ਖੁੱਲ੍ਹੇ ਐਲਾਨ ਤੋਂ ਨਾਗਪੁਰ 'ਚ ਬੈਠੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਅਧਿਕਾਰੀਆਂ ਦੇ ਕੰਨਾਂ ਨੂੰ ਵਧੀਆ ਤਾਂ ਜ਼ਰੂਰ ਲੱਗਿਆ ਹੋਏਗਾ।
ਕੇਸ਼ਵ ਬਲੀਰਾਮ ਹੇਡਗੇਵਾਰ ਤੋਂ ਲੈਕੇ ਮੋਹਨ ਭਾਗਵਤ ਤੱਕ ਸੰਘ ਦੇ ਅਧਿਕਾਰਿਆਂ ਦੀਆਂ ਪੀੜ੍ਹੀਆਂ ਪਿਛਲੇ ਨੌ ਦਹਾਕਿਆਂ ਤੋਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੀਆਂ ਸਨ।
ਉਨ੍ਹਾਂ ਦਾ ਨਾਅਰਾ ਵੀ ਹੈ, ''ਜੋ ਹਿੰਦੂ ਹਿੱਤ ਦੀ ਗੱਲ ਕਰੇਗਾ, ਉਹੀ ਦੇਸ਼ 'ਤੇ ਰਾਜ ਕਰੇਗਾ''।
ਇਸ ਦਾ ਮਤਲਬ ਕਿ ਜੇ ਕੱਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਵੀ ਐਲਾਨ ਕਰ ਦੇਣ ਕਿ ਉਹ ਰੋਜ਼ਾਨਾ ਗਾਯਤਰੀ ਮੰਤਰ ਪੜ੍ਹਣ ਤੋਂ ਬਾਅਦ ਹੀ ਅੰਨ ਦਾ ਦਾਣਾ ਆਪਣੇ ਮੁੰਹ 'ਚ ਪਾਉਣਗੇ ਜਾਂ ਫਿਰ ਭਾਰਤੀ ਕਮਿਊਨਿਸਟ ਪਾਰਟੀ ਦੇ ਡੀ ਰਾਜਾ ਵਿਵਸਥਾ ਦੇਣ ਕਿ ਨਵਰਾਤਰੀ ਨੂੰ ਸਾਰੇ ਪਾਰਟੀ ਵਰਕਰ ਦੇਸ਼ ਭਰ ਵਿੱਚ ਨੌ ਦਿਨਾਂ ਦਾ ਵਰਤ ਰੱਖਣਗੇ, ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਸੰਘ ਉਨ੍ਹਾਂ ਲਈ ਘੱਟ ਸਖ਼ਤੀ ਵਰਤੇ।
ਹਿੰਦੂ ਹਿੱਤ
ਰਾਹੁਲ ਗਾਂਧੀ ਦੇ ਜਨੇਯੂਧਾਰੀ ਹੋਣ ਨੂੰ ਕਾਂਗਰਸ ਇੱਕ ਤਮਗੇ ਵਾਂਗ ਪੇਸ਼ ਕਰ ਰਹੀ ਹੈ। ਉਹ ਹਿੰਦੂ ਹਿੱਤ ਦੀ ਸੰਘ ਪਰਿਵਾਰ ਦੀ ਪਰਿਭਾਸ਼ਾ 'ਚ ਫਿੱਟ ਬੈਠਦਾ ਹੈ। ਇਸ ਤੋਂ ਸੰਘ ਨੂੰ ਕੋਈ ਇਤਰਾਜ਼ ਨਹੀਂ ਹੋਏਗਾ।
ਸੰਘ ਨੂੰ ਇਤਰਾਜ਼ ਅਤੇ ਡਰ ਉਸ ਹਿੰਦੂ ਵਿਚਾਰ ਤੋਂ ਲੱਗਦਾ ਹੈ ਜਿਸਦਾ ਪ੍ਰਚਾਰ ਬਿਰਲਾ ਭਵਨ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਹਰ ਸ਼ਾਮ ਮੋਹਨਦਾਸ ਕਰਮਚੰਦ ਗਾਂਧੀ ਕਰਦੇ ਸਨ।
ਉਨ੍ਹਾਂ ਦੇ ਕਤਲ ਤੋਂ ਦਸ ਦਿਨ ਪਹਿਲਾਂ ਯਾਨੀ ਕਿ 20 ਜਨਵਰੀ 1948 ਨੂੰ ਮਦਨਲਾਲ ਪਾਹਵਾ ਨੇ ਮਹਾਤਮਾ ਗਾਂਧੀ ਦੀ ਪ੍ਰਾਰਥਨਾ ਸਭਾ ਵਿੱਚ ਬੰਬ ਧਮਾਕਾ ਕੀਤਾ ਸੀ।
ਉਦੋਂ ਗਾਂਧੀ ਨੇ ਕਿਹਾ ਸੀ ਕਿ ਇਸ ਨੌਜਵਾਨ ਦੇ ਪਿੱਛੇ ਜੋ ਸੰਗਠਨ ਹੈ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਿੰਦੂ ਧਰਮ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਬਚਾ ਸਕਦੇ।
ਉਨ੍ਹਾਂ ਕਿਹਾ ਸੀ, ''ਮੇਰਾ ਦਾਅਵਾ ਹੈ ਕਿ ਜੋ ਕੰਮ ਮੈਂ ਕਰ ਰਿਹਾ ਹਾਂ ਹਿੰਦੂ ਧਰਮ ਉਸ ਨਾਲ ਬਚੇਗਾ।''
ਸੁਰਜੇਵਾਲਾ ਨੂੰ ਇਹ ਗਲਤਫਹਿਮੀ ਹੈ ਕਿ ਰਾਹੁਲ ਗਾਂਧੀ ਦੇ ਜਨੇਊ ਦੀ ਮੋਟਾਈ ਦੱਸ ਕੇ ਕਾਂਗਰਸ ਨਰਿੰਦਰ ਮੋਦੀ ਦੇ ਹਿੰਦੁਵਾਦ ਦੀ ਰਾਜਨੀਤੀ ਨੂੰ ਅਗਵਾ ਕਰ ਸਕਦੀ ਹੈ।
ਲੱਗਦਾ ਹੈ ਰਾਹੁਲ ਗਾਂਧੀ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਦੇਸ਼ ਤੇ ਰਾਜ ਕਰਨ ਦੇ ਸੁਫ਼ਨੇ ਵੇਖਣੇ ਹਨ ਤਾਂ ਹਿੰਦੂ ਹਿੱਤਾਂ ਦੀ ਗੱਲ ਕਰਨੀ ਹੋਏਗੀ।
ਉਨ੍ਹਾਂ ਲਈ ਇਫ਼ਤਾਰ ਦੀ ਦਾਵਤ ਵਿੱਚ ਮੁਸਲਮਾਨਾਂ ਦੀ ਜਾਲੀਦਾਰ ਟੋਪੀ ਪਹਿਣ ਸਾਹਮਣੇ ਆਉਣ ਦੀ ਬਜਾਏ ਖੁਦ ਨੂੰ ਜਨੇਊਧਾਰੀ ਹਿੰਦੂ ਦੱਸਣਾ ਵੱਧ ਆਸਾਨ ਅਤੇ ਫਾਇਦੇਮੰਦ ਲੱਗਦਾ ਹੈ।
ਤਾਂ ਕੀ ਤੁਸੀਂ ਗੁਜਰਾਤ ਚੋਣਾਂ ਦੌਰਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕਿਸੇ ਵੀ ਨੇਤਾ ਤੋਂ ਨਰੋਦਾ ਪਾਟਿਆ ਜਾਂ ਬੈਸਟ ਬੇਕਰੀ ਜਾਕੇ 2002 ਦੇ ਦੰਗਿਆਂ ਵਿੱਚ ਕੁਚਲੇ ਗਏ ਮੁਸਲਮਾਨਾਂ ਦਾ ਹਾਲ ਜਾਨਣ ਦੀ ਉਮੀਦ ਕਰਦੇ ਹੋ?
ਆਰਐੱਸਐੱਸ ਦੀ ਬਿਸਾਤ
ਐਰਐੱਸਐੱਸ ਨੇ ਰਾਜਨੀਤਕ ਹਿੰਦੁਵਾਦ ਦਾ ਏਜੰਡਾ ਸੈੱਟ ਕਰ ਦਿੱਤਾ ਹੈ। ਹੁਣ ਸੰਘ ਦੀ ਇਸ ਬਿਸਾਤ 'ਤੇ ਟਿਕੇ ਰਹਿਣ ਲਈ ਕਾਂਗਰਸ ਦੇ ਨੇਤਾਵਾਂ ਨੂੰ ਖੁਦ ਨੂੰ ਸੰਘ ਦੇ ਨੇਤਾਵਾਂ ਤੋਂ ਵੱਡਾ ਹਿੰਦੁਵਾਦ ਦਾ ਪੈਰੋਕਾਰ ਸਾਬਤ ਕਰਨਾ ਹੋਏਗਾ।
ਆਰਐੱਸਐੱਸ ਦੇ ਤੇਜ਼ ਤਰਾਰ ਪ੍ਰਚਾਰਕ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਜਿਸ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ ਉਸ ਵਿੱਚ ਮੁਸਲਮਾਨ ਵੋਟਰ ਹਾਸ਼ੀਏ 'ਤੇ ਹਨ। ਹੁਣ ਹੋੜ ਹਿੰਦੁਵਾਦ ਵੱਲ ਨਿਸ਼ਠਾ ਵਿਖਾਉਣ ਦੀ ਹੈ।
ਇਸ ਰਾਜਨੀਤਕ ਬਿਸਾਤ ਵਿੱਚ ਨਰਿੰਦਰ ਮੋਦੀ ਨਿਡਰ ਹੋਕੇ ਜਿਵੇਂ ਚਾਹੁਣ ਉਵੇਂ ਆਪਣੇ ਮੋਹਰੇ ਚੱਲਦੇ ਹਨ।
ਉਨ੍ਹਾਂ ਦਾ ਜਦੋਂ ਮਨ ਕਰਦਾ ਹੈ ਰਾਜਨੀਤਕ ਬਹਿਸ ਨੂੰ ਕਬਰਿਸਤਾਨ ਸ਼ਮਸ਼ਾਨ ਵੱਲ ਮੋੜ ਦਿੰਦੇ ਹਨ।
ਜਦੋਂ ਚਾਹੁਣ ਪੰਡਿਤ ਜਵਾਹਰਲਾਲ ਨਹਿਰੂ ਨੂੰ ਸੋਮਨਾਥ ਮੰਦਿਰ ਦੇ ਵਿਰੋਧੀ ਵਾਂਗ ਪੇਸ਼ ਕਰ ਦਿੰਦੇ ਹਨ।
ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਜਾਲੀਦਾਰ ਟੋਪੀ ਪਾਉਣ ਤੋਂ ਇਨਕਾਰ ਕਰਨ ਵਾਲੇ ਮੋਦੀ ਦਾ ਜਦੋਂ ਮਨ ਕਰਦਾ ਹੈ ਵਿਦੇਸ਼ੀ ਮਹਿਮਾਨਾਂ ਨੂੰ ਅਹਿਮਦਾਬਾਦ ਦੀ ਮਸਜਿਦ ਵਿਖਾਉਣ ਲੈ ਜਾਂਦੇ ਹਨ।
ਪਰ ਇਹ ਸਭ ਉਹ ਰਾਜਨੀਤਕ ਦਬਾਅ ਵਿੱਚ ਨਹੀਂ ਬਲਕਿ ਆਪਣੀਆਂ ਸ਼ਰਤਾਂ 'ਤੇ ਕਰਦੇ ਹਨ।
ਦੂਜੇ ਪਾਸੇ ਮੁਗਲਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮਿਟਾਉਣ ਦੀ ਜਾਂ ਫਿਰ ਤਾਜ ਮਹਿਲ ਨੂੰ ਤੇਜੋ ਮਹਾਲੇ ਸ਼ਿਵ ਮੰਦਿਰ ਸਾਬਿਤ ਕਰਨ ਦੀ ਮੁਹਿੰਮ ਚਲ ਰਹੀ ਹੁੰਦੀ ਹੈ।
ਜਦ ਹਿੰਦੁਵਾਦ ਦੀ ਇਹ ਦੌੜ ਇੱਥੇ ਤਕ ਪਹੁੰਚ ਗਈ ਹੈ ਤਾਂ ਰਾਹੁਲ ਗਾਂਧੀ ਇਸ ਨੂੰ ਹੋਰ ਵੀ ਅੱਗੇ ਵਧਾ ਸਕਦੇ ਹਨ।
ਜਿਸ ਤਰ੍ਹਾਂ ਉਹ ਆਪਣੇ ਕੁੱਤੇ ਪਿੱਦੀ ਨੂੰ ਬਿਸਕਿਟ ਖੁਆਉਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰਦੇ ਹਨ, ਸੋਚੋ ਕਿ ਜੇ ਉਹ ਬੋਦੀ ਵਧਾਉਣ, ਤਿਲਕ ਲਗਾਉਣ, ਨੰਗੇ ਧੜ ਮੋਟਾ ਜਨੇਊ ਪਾ ਕੇ ਦੁਰਗਾ ਉਸਤਤੀ ਜਾਂ ਸ਼ਿਵਸਤ੍ਰੋਤ ਦਾ ਪਾਠ ਕਰਦੇ ਹੋਏ ਆਪਣਾ ਵੀਡੀਓ ਯੂ-ਟਿਊਬ 'ਤੇ ਪਾ ਦੇਣ ਤਾਂ ਦੇਸ ਦੀ ਰਾਜਨੀਤੀ ਵਿੱਚ ਕਿੰਨਾ ਮਜ਼ਾ ਆ ਜਾਏਗਾ।