ਕੰਨੜ ਪ੍ਰੋਫੈਸਰ ਕਿਉਂ ਬਣੇ ਪੰਜਾਬੀ ਪ੍ਰਚਾਰਕ?

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੰਜਾਬੀ ਲਈ

"ਕਰਨਾਟਕ ਮੇਰੀ ਧਰਤੀ ਹੈ ਪਰ ਮੈਨੂੰ ਪੰਜਾਬੀ ਭਾਸ਼ਾ ਆਪਣੀ ਮਾਂ ਵਰਗੀ ਲਗਦੀ ਹੈ। ਇਸ ਲਈ ਮੈਂ ਇਸ ਨੂੰ ਪਹਿਲਾਂ ਸਿੱਖਿਆ ਅਤੇ ਹੁਣ ਮੈਂ ਲੋਕਾਂ ਨੂੰ ਸਿਖਾਉਣ ਦਾ ਕੰਮ ਕਰ ਰਿਹਾ ਹਾਂ।"

ਇਹ ਕਹਿਣਾ ਹੈ ਕਰਨਾਟਕ ਦੇ ਜੰਮਪਲ ਪੰਡਿਤਰਾਓ ਧਰੈੱਨਵਰ ਦਾ। ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿੱਚ ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਪੰਡਿਤਰਾਓ ਧਰੈੱਨਵਰ ਪਿਛਲੇ 10 ਸਾਲਾਂ ਤੋਂ ਲਗਾਤਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲੱਗੇ ਹੋਏ ਹਨ।

ਸਾਈਕਲ 'ਤੇ ਪੰਜਾਬੀ ਦਾ ਪ੍ਰਚਾਰ

ਪੰਡਿਤਰਾਓ ਧਰੈੱਨਵਰ ਨੇ ਸਾਈਕਲ ਦੇ ਅੱਗੇ ਹੈਂਡਲ ਉੱਤੇ ਫੱਟਾ ਲਗਾਇਆ ਹੋਇਆ ਹੈ ਜਿਸ ਉੱਤੇ 35 ਅੱਖਰੀ ਲਿਖੀ ਹੋਈ ਹੈ।

ਕਾਲਜ ਟਾਈਮ ਤੋਂ ਬਾਅਦ ਉਹ ਸਾਈਕਲ ਉੱਤੇ ਚੰਡੀਗੜ੍ਹ ਅਤੇ ਨੇੜੇ ਦੇ ਇਲਾਕਿਆਂ ਵਿੱਚ ਜਾਂਦੇ ਹਨ ਅਤੇ ਜਿੱਥੇ ਵੀ ਉਹਨਾਂ ਨੂੰ ਮੁੰਡੇ-ਕੁੜੀਆਂ ਜਾਂ ਕੋਈ ਹੋਰ ਟੋਲਾ ਮਿਲਦਾ ਹੈ ਤਾਂ ਉਹ ਉੱਥੇ ਹੀ ਉਹਨਾਂ ਨੂੰ ਗੁਰਮੁਖੀ ਦਾ ਗਿਆਨ ਦਿੰਦੇ ਹਨ।

ਫਿਰ ਕਾਗ਼ਜ਼ ਅਤੇ ਪੈੱਨ ਦੇ ਕੇ ਉਹਨਾਂ ਨੂੰ ਗੁਰਮੁਖੀ ਲਿਖਣ ਦਾ ਅਭਿਆਸ ਵੀ ਕਰਵਾਉਂਦੇ ਹਨ। ਪੰਜਾਬੀ ਅੱਖਰਾਂ ਦੀ ਜਦੋਂ ਸਾਰਿਆਂ ਨੂੰ ਮੁੱਢਲੀ ਜਾਣਕਾਰੀ ਹੋ ਜਾਂਦੀ ਹੈ ਤਾਂ ਉਹ 35 ਅੱਖਰੀ ਬਦਲੇ 35 ਰੁਪਏ ਹਰ ਇੱਕ ਨੂੰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ।

ਇਹ ਕੋਸ਼ਿਸ਼ ਪੰਡਿਤਰਾਓ ਧਰੈੱਨਵਰ ਟਰਾਈਸਿਟੀ ਵਿੱਚ ਵੱਖ-ਵੱਖ ਥਾਵਾਂ ਉੱਤੇ ਕਾਫੀ ਸਮੇਂ ਤੋਂ ਕਰ ਰਹੇ ਹਨ।

ਪ੍ਰੋਫੈਸਰ ਧਰੈੱਨਵਰ ਨੇ ਪੀਜੀਆਈ ਦੇ ਡਾਕਟਰਾਂ ਨੂੰ ਪੰਜਾਬੀ ਸਿਖਾਉਣ ਲਈ ਰੋਜ਼ਾਨਾ ਇੱਕ ਘੰਟੇ ਦੀ ਕਲਾਸ ਵੀ ਸ਼ੁਰੂ ਕੀਤੀ ਹੋਈ ਹੈ। ਇਸ ਪਿੱਛੇ ਵੀ ਉਹਨਾਂ ਦੀ ਦਲੀਲ ਹੈ ਕਿ ਪੀਜੀਆਈ ਵਿੱਚ ਜ਼ਿਆਦਾਤਰ ਡਾਕਟਰ ਦੱਖਣ-ਭਾਰਤ ਨਾਲ ਸਬੰਧਿਤ ਹਨ।

ਮਰੀਜ਼ਾਂ ਅਤੇ ਡਾਕਟਰਾਂ ਵਿਚਾਲੇ ਭਾਸ਼ਾ ਸਮੱਸਿਆ ਨਾ ਬਣੇ ਇਸ ਲਈ ਉਹ ਡਾਕਟਰਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਦੇ ਕਰ ਰਹੇ ਹਨ।

ਪ੍ਰੋਫੈਸਰ ਧਰੈੱਨਵਰ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਦੱਖਣ ਭਾਰਤ ਦੇ 60 ਦੇ ਕਰੀਬ ਡਾਕਟਰਾਂ ਨੂੰ ਪੰਜਾਬੀ ਸਿਖਾ ਚੁੱਕੇ ਹਨ ਅਤੇ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ।

ਕਿਵੇਂ ਜਾਗਿਆ ਪੰਜਾਬੀ ਭਾਸ਼ਾ ਪ੍ਰਤੀ ਮੋਹ?

ਪ੍ਰੋਫੈਸਰ ਧਰੈੱਨਵਰ ਨੇ ਦੱਸਿਆ, "ਜਦੋਂ ਮੈਂ ਚੰਡੀਗੜ੍ਹ ਦੇ ਕਾਲਜ ਵਿੱਚ 2003 ਵਿੱਚ ਪੜ੍ਹਾਉਣ ਲਈ ਆਇਆ ਤਾਂ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਹੀ ਲੈਕਚਰ ਦਿੰਦਾ ਸੀ,

ਪਰ ਮੈਂ ਦੇਖਿਆ ਕਿ ਲੈਕਚਰ ਦਾ ਬੱਚਿਆਂ ਉੱਤੇ ਘੱਟ ਅਸਰ ਹੋ ਰਿਹਾ ਹੈ ਕਿਉਂਕਿ ਕਲਾਸ ਵਿੱਚ 70 ਫ਼ੀਸਦੀ ਵਿਦਿਆਰਥੀ ਪੇਂਡੂ ਪਿਛੋਕੜ ਤੋਂ ਹਨ ਅਤੇ ਇਹਨਾਂ ਦੀ ਮਾਂ ਬੋਲੀ ਪੰਜਾਬੀ ਹੈ।"

ਸਾਲ 2005 ਵਿੱਚ ਆਪਣੇ ਘਰ ਨੇੜੇ ਰਹਿਣ ਵਾਲੇ ਇੱਕ ਪੰਜਾਬੀ ਪਰਿਵਾਰ ਦੇ ਬੱਚਿਆਂ ਤੋਂ ਗੁਰਮੁਖੀ ਸਿੱਖਣੀ ਸ਼ੁਰੂ ਕਰ ਦਿੱਤੀ।

ਇੱਕ ਸਾਲ ਵਿੱਚ ਲਗਾਤਾਰ ਅਭਿਆਸ ਕਰਨ ਤੋਂ ਬਾਅਦ ਪ੍ਰੋਫੈੱਸਰ ਪੰਡਿਤਰਾਓ ਧਰੈੱਨਵਰ ਪੰਜਾਬੀ ਬੋਲਣੀ ਅਤੇ ਪੜ੍ਹਨੀ ਸਿੱਖ ਗਏ।

ਪ੍ਰੋਫੈੱਸਰ ਧਰੈੱਨਵਰ ਹੁਣ ਤੱਕ ਪੰਜਾਬੀ ਵਿੱਚ ਕਈ ਪੁਸਤਕਾਂ ਲਿੱਖ ਚੁੱਕੇ ਹਨ। 'ਸ੍ਰੀ ਜਪੁਜੀ ਸਾਹਿਬ' ਸ੍ਰੀ ਸੁਖਮਨੀ ਸਾਹਿਬ ਅਤੇ 'ਜ਼ਫ਼ਰਨਾਮੇ'ਦਾ ਆਪਣੀ ਮਾਂ-ਬੋਲੀ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ।

ਪ੍ਰੋਫੈੱਸਰ ਪੰਡਿਤਰਾਓ ਧਰੈੱਨਵਰ ਦਾ ਦਾਅਵਾ ਹੈ ਕਿ ਕੰਨੜ ਭਾਸ਼ਾ ਵਿੱਚ 'ਸ੍ਰੀ ਜਪੁਜੀ ਸਾਹਿਬ' ਸ੍ਰੀ ਸੁਖਮਨੀ ਸਾਹਿਬ ਦਾ ਅਨੁਵਾਦ ਕਰ ਕੇ ਕਰਨਾਟਕ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਉਹ ਪਹੁੰਚ ਚੁੱਕਾ ਹੈ।

ਪੰਜਾਬੀ ਭਾਸ਼ਾ ਦੀ ਦੁਰਗਤੀ ਤੋਂ ਪ੍ਰੋਫੈੱਸਰ ਧਰੈੱਨਵਰ ਦੁਖੀ

ਪ੍ਰੋਫੈੱਸਰ ਧਰੈੱਨਵਰ ਮੁਤਾਬਕ ਗੁਰਮੁਖੀ ਲਿਪੀ ਵਿੱਚ ਮਿਠਾਸ ਹੈ ਜਿਸ ਨਾਲ ਤਾਕਤ ਮਿਲਦੀ ਹੈ, ਪਰ ਪੰਜਾਬੀ ਅਤੇ ਚੰਡੀਗੜ੍ਹ ਦੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਤੋਂ ਉਹ ਕਾਫ਼ੀ ਦੁਖੀ ਵੀ ਹਨ।

ਪ੍ਰੋਫੈੱਸਰ ਧਰੈੱਨਵਰ ਮੁਤਾਬਕ ਲੋਕ ਹੌਲੀ-ਹੌਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਪੰਜਾਬੀ ਦੀਆਂ ਪੁਸਤਕਾਂ ਖ਼ਰੀਦ ਕੇ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਘੱਟਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਪ੍ਰੋਫੈਸਰ ਧਰੈੱਨਵਰ ਮੁਤਾਬਕ ਕਰਨਾਟਕ ਵਿੱਚ ਲੋਕ ਆਪਣੀ ਭਾਸ਼ਾ ਅਤੇ ਜ਼ੁਬਾਨ ਨੂੰ ਪਿਆਰ ਕਰਦੇ ਹਨ ਅਤੇ ਇਸ ਵਿੱਚ ਹੀ ਗੱਲ ਕਰਨੀ ਆਪਣੀ ਸ਼ਾਨ ਸਮਝਦੇ ਹਨ, ਪਰ ਪੰਜਾਬ ਵਿੱਚ ਅਜਿਹਾ ਨਹੀਂ ਹੈ।

ਪ੍ਰੋਫੈੱਸਰ ਧਰੈੱਨਵਰ ਨੇ ਦੱਸਿਆ ਕਿ ਪੰਜਾਬੀ ਖੁਦ ਮਾਂ-ਬੋਲੀ ਨੂੰ ਵੀਸਾਰ ਰਹੇ ਹਨ, ਅੰਗਰੇਜ਼ੀ ਬੋਲਣ ਨੂੰ ਆਪਣੀ ਸ਼ਾਨ ਸਮਝਦੇ ਹਨ, ਜਦਕਿ ਕਰਨਾਟਕ ਵਿੱਚ ਅਜਿਹਾ ਨਹੀਂ ਹੈ।

ਪ੍ਰੋਫੈੱਸਰ ਧਰੈੱਨਵਰ ਨੇ ਦੱਸਿਆ ਕਿ ਕਰਨਾਟਕ ਵਿੱਚ ਭਾਸ਼ਾ ਪ੍ਰਤੀ ਪਿਆਰ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਈ ਵੱਡੇ ਅੰਦੋਲਨ ਇਸ ਗੱਲ ਨੂੰ ਲੈ ਕੇ ਹੋ ਚੁੱਕੇ ਹਨ।

ਉੱਥੋਂ ਦੇ ਲੋਕ ਆਪਣੀ ਭਾਸ਼ਾ, ਸੱਭਿਆਚਾਰ ਪ੍ਰਤੀ ਗੱਲ ਕਰਕੇ ਮਾਣ ਮਹਿਸੂਸ ਕਰਦੇ ਹਨ। ਉਹਨਾਂ ਪੰਜਾਬੀਆਂ ਨੂੰ ਮਾਂ-ਬੋਲੀ ਦੇ ਸਾਹਿਤਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ।

ਪੰਜਾਬੀ 'ਚ ਸਿਰਫ਼ ਡੇਢ 'ਗਿਆਨ-ਪੀਠ'ਪੁਰਸਕਾਰ

ਪ੍ਰੋਫੈੱਸਰ ਧਰੈੱਨਵਰ ਮੁਤਾਬਕ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ, ਪਰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਸਿਰਫ਼ ਡੇਢ ਪੰਜਾਬੀ ਸਾਹਿਤਕਾਰਾਂ ਨੂੰ ਮਿਲਿਆ ਹੈ।

  • ਕੰਨੜ ਭਾਸ਼ਾ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ (ਅੱਠ) 'ਗਿਆਨ-ਪੀਠ'ਪੁਰਸਕਾਰ ਮਿਲ ਚੁੱਕੇ ਹਨ।
  • ਪੰਜਾਬੀ ਵਿੱਚ 1981 ਵਿੱਚ ਅੰਮ੍ਰਿਤਾ ਪ੍ਰੀਤਮ ਨੇ 'ਗਿਆਨ-ਪੀਠ ਪੁਰਸਕਾਰ' ਪ੍ਰਾਪਤ ਕੀਤਾ ਸੀ।
  • 1999 ਵਿੱਚ 'ਗਿਆਨ-ਪੀਠ ਪੁਰਸਕਾਰ'ਨਾਵਲਕਾਰ ਗੁਰਦਿਆਲ ਸਿੰਘ ਅਤੇ ਹਿੰਦੀ ਲੇਖਕ ਨਿਰਮਲ ਵਰਮਾ ਨੇ ਸਾਂਝੇ ਤੌਰ 'ਤੇ ਜਿੱਤਿਆ ਸੀ।
  • ਪ੍ਰੋਫੈੱਸਰ ਧਰੈੱਨਵਰ ਨੇ ਪੰਜਾਬੀ ਦੇ ਲੇਖਕਾਂ ਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਰਚਨ ਦੀ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)