You’re viewing a text-only version of this website that uses less data. View the main version of the website including all images and videos.
ਪੋਪ ਨੇ ਆਖਰ'ਰੋਹਿੰਗਿਆ' ਸ਼ਬਦ ਵਰਤ ਕੇ ਭਾਈਚਾਰੇ ਨੂੰ ਨਸਲੀ ਸਮੂਹ ਮੰਨਿਆ
ਪੋਪ ਫਰਾਂਸਿਸ ਬੰਗਲਾਦੇਸ਼ ਵਿੱਚ ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਦੇ ਇੱਕ ਸਮੂਹ ਨੂੰ ਮਿਲੇ ਤੇ ਉਨ੍ਹਾਂ ਨੇ ਆਪਣੇ ਏਸ਼ੀਆ ਦੌਰੇ 'ਤੇ ਪਹਿਲੀ ਵਾਰ ਉਨ੍ਹਾਂ ਦੇ ਨਾਮ ਦਾ ਹਵਾਲਾ ਦਿੱਤਾ।
ਪੋਪ ਨੇ ਰਾਜਧਾਨੀ ਢਾਕਾ ਵਿੱਚ ਸਰਬ ਧਰਮ (ਇੰਟਰਫੇਥ) ਬੈਠਕ ਵਿੱਚ 16 ਸ਼ਰਨਾਰਥੀਆਂ ਦੇ ਸਮੂਹ ਨੂੰ ਕਿਹਾ: "ਅੱਜ ਰੱਬ ਦੀ ਮੌਜੂਦਗੀ ਨੂੰ ਵੀ ਰੋਹਿੰਗਿਆ ਕਿਹਾ ਜਾਂਦਾ ਹੈ।"
ਉਨ੍ਹਾਂ ਨੇ ਮਿਆਂਮਾਰ ਦੀ ਆਪਣੀ ਪਹਿਲੀ ਯਾਤਰਾ 'ਤੇ ਇਸ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ, ਜੋ ਕਿ ਰੋਹਿੰਗਿਆ ਨੂੰ ਇੱਕ ਨਸਲੀ ਸਮੂਹ ਵਜੋਂ ਨਹੀਂ ਮੰਨਦਾ।
ਜ਼ਿਕਰਯੋਗ ਹੈ ਕਿ ਅਗਸਤ ਤੋਂ ਲੈ ਕੇ ਹੁਣ ਤੱਕ 6,20,000 ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਛੱਡ ਗਏ ਹਨ।
ਪੋਪ ਦੀ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਮਿਆਂਮਾਰ ਰੋਹਿੰਗਿਆ ਦੇ ਨਾਮ ਦਾ ਹਵਾਲਾ ਨਾ ਦਿੱਤੇ ਜਾਣ ਦੀ ਆਲੋਚਨਾ ਕੀਤੀ ਗਈ ਸੀ। ਮਿਆਂਮਾਰ ਦੀ ਫੌਜ 'ਤੇ ਸੰਯੁਕਤ ਰਾਸ਼ਟਰ ਵਲੋਂ ਨਸਲਕੁਸ਼ੀ ਦਾ ਦੋਸ਼ ਲਾਇਆ ਗਿਆ ਸੀ। ਉਨ੍ਹਾਂ ਨੇ ਆਪਣੇ ਦੌਰੇ ਤੋਂ ਪਹਿਲਾਂ ਸ਼ਬਦ ਦੀ ਵਰਤੋਂ ਕੀਤੀ ਸੀ।
ਮਿਆਂਮਾਰ ਦੀ ਸਰਕਾਰ ਨੇ ਰੋਹੰਗਿਆ ਨਾਮ ਰੱਦ ਕਰ ਕੇ ਇਸ ਭਾਈਚਾਰੇ 'ਤੇ "ਬੰਗਾਲੀ" ਨਾਮ ਦਾ ਠੱਪਾ ਲਾਇਆ ਹੈ। ਉਹ ਕਹਿੰਦੇ ਹਨ ਕਿ ਉਹ ਬੰਗਲਾਦੇਸ਼ ਤੋਂ ਗ਼ੈਰ-ਕਨੂੰਨੀ ਤੌਰ ਤੇ ਆਏ ਹਨ ਇਸ ਲਈ ਉਨ੍ਹਾਂ ਨੂੰ ਦੇਸ ਦੇ ਨਸਲੀ ਸਮੂਹਾਂ ਦੀ ਸੂਚੀ ਵਿੱਚ ਨਹੀਂ ਹੋਣਾ ਚਾਹੀਦਾ।
ਢਾਕਾ ਵਿਚ ਸ਼ਰਨਾਰਥੀਆਂ 'ਤੇ ਇਹ ਟਿੱਪਣੀ ਪੋਪ ਫਰਾਂਸਿਸ ਦੀ ਇਕ ਅਗਾਮੀ ਟਿੱਪਣੀ ਸੀ ਅਤੇ ਸਰਬ ਧਰਮ (ਇੰਟਰਫੇਥ) ਮੀਟਿੰਗ ਲਈ ਉਨ੍ਹਾਂ ਦੇ ਭਾਸ਼ਣ ਵਿਚ ਨਹੀਂ ਸੀ।
ਪੋਪ ਫਰਾਂਸਿਸ ਨੇ ਸ਼ਰਨਾਰਥੀਆਂ ਨੂੰ ਕਿਹਾ ਕਿ "ਜਿਨ੍ਹਾਂ ਨੇ ਤੁਹਾਡੇ 'ਤੇ ਅੱਤਿਆਚਾਰ ਕੀਤੇ ਹਨ ਤੇ ਤੁਹਾਨੂੰ ਦੁਖੀ ਕੀਤਾ ਹੈ, ਮੈਂ ਮਾਫੀ ਮੰਗਦਾ ਹਾਂ।"
"ਮੈਂ ਉਨ੍ਹਾਂ ਦੇ ਨਾਂ 'ਤੇ ਤੁਹਾਡੇ ਵੱਡੇ ਦਿਲਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਮਾਫ਼ੀ ਕਰੋ।"
ਮਨੁੱਖੀ ਅਧਿਕਾਰ ਸੰਗਠਨਾਂ ਨੇ ਪੋਪ ਨੂੰ ਅਪੀਲ ਕੀਤੀ ਸੀ ਕਿ ਉਹ ਰੋਹਿੰਗਿਆ ਨਾਮ ਵਰਤ ਕੇ ਭਾਈਚਾਰੇ ਦੀ ਮਦਦ ਕਰੇ।
ਹਾਲਾਂਕਿ, ਉਨ੍ਹਾਂ ਨੂੰ ਮਿਆਂਮਾਰ ਵਿਚ ਕੈਥੋਲਿਕ ਪ੍ਰਤੀਨਿਧੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਇਸ ਸ਼ਬਦ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਨਾਲ ਬੋਧੀ ਬਹੁਗਿਣਤੀ ਦੇ ਮਨ 'ਚ ਬੇਗਾਨਿਆਂ ਵਾਲੀ ਭਾਵਨਾ ਆ ਸਕਦੀ ਹੈ।
ਬੰਗਲਾਦੇਸ਼ ਵਿਚ ਕੈਥੋਲਿਕਾਂ ਦੀ ਗਿਣਤੀ ਬਹੁਤ ਘੱਟ ਹੈ। ਕੈਥੋਲਿਕਾਂ ਦੀ 350,000 ਦੀ ਗਿਣਤੀ ਜਨਸੰਖਿਆ ਦਾ 0.2% ਬਣਦਾ ਹੈ।
ਆਪਣੀ ਏਸ਼ੀਆ ਯਾਤਰਾ ਦੇ ਅਖੀਰਲੇ ਦਿਨ, ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ: "ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਦੋ ਦਿਨ ਤੋਂ ਵੱਧ ਸਮੇਂ ਦੀ ਯਾਤਰਾ ਕਰ ਕੇ ਆਏ ਹਨ। ਤੁਹਾਡੀ ਉਦਾਰਤਾ ਲਈ ਧੰਨਵਾਦ। ਇਹ ਚਰਚ ਲਈ ਤੁਹਾਡਾ ਪਿਆਰ ਦਰਸਾਉਂਦਾ ਹੈ।"