ਲੁਧਿਆਣਾ ਹਾਦਸਾ: ਮਲਬੇ ਦੀ ਹਰ ਇੱਟ ਚੁੱਕਦਿਆਂ ਆਹ ਨਿਕਲਦੀ ਹੈ

    • ਲੇਖਕ, ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੰਜਾਬੀ, ਲੁਧਿਆਣਾ

ਲੁਧਿਆਣਾ ਇਮਾਰਤ ਹਾਦਸੇ 'ਚ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 13 ਹੋ ਚੁੱਕੀ ਹੈ। ਹਾਦਸੇ ਦਾ ਸ਼ਿਕਾਰ ਜ਼ਿਆਦਾਤਰ ਫਾਇਰ ਬ੍ਰਿਗੇਡ ਮਹਿਕਮੇ ਦੇ ਮੁਲਾਜ਼ਮ ਹੋਏ ਹਨ।

ਹੁਣ ਤੱਕ 6 ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਨੋਹਰ ਲਾਲ, ਸੁਖਦੇਵ ਸਿੰਘ ਤੇ ਮਨਪ੍ਰੀਤ ਸਿੰਘ ਨਾਮੀ ਮੁਲਾਜ਼ਮ ਮਲਬੇ ਹੇਠ ਦੱਬੇ ਹੋਏ ਹਨ।

ਲੁਧਿਆਣਾ ਪੁਲਿਸ ਦੇ ਕਮਿਸ਼ਨਰ ਆਰ ਐੱਨ ਢੋਕੇ ਮੁਤਾਬਕ ਫੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਲਾਪਤਾ ਮਨੋਹਰ ਲਾਲ ਦੀ ਬੇਟੀ ਤਮੰਨਾ ਹੰਸ ਨੇ ਕਿਹਾ, ''ਮੇਰੇ ਪਿਤਾ ਬੜੇ ਬਹਾਦਰ ਹਨ। ਉਨ੍ਹਾਂ ਨੂੰ ਬਹਾਦਰੀ ਲਈ ਪੁਰਸਕਾਰ ਵੀ ਮਿਲੇ ਹਨ। ਘਟਨਾ ਵਾਲੇ ਦਿਨ 10.25 ਮਿੰਟ ਤੇ ਗੱਲ ਹੋਈ। 10 ਸਕਿੰਟ ਗੱਲ ਕਰਨ ਤੋਂ ਬਾਅਦ ਉਨ੍ਹਾਂ ਫੋਨ ਕੱਟ ਦਿੱਤਾ।''

9400 ਰੁਪਏ ਮਹੀਨਾ ਤਨਖਾਹ 'ਤੇ ਮਹਿਕਮੇ 'ਚ ਕੱਚੇ ਤੌਰ 'ਤੇ ਤਾਇਨਾਤ ਸੀ ਸੁਖਦੇਵ ਸਿੰਘ।

ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਕਹਿੰਦੇ ਹਨ, ''ਸੁਖਦੇਵ ਦੀਆਂ ਤਿੰਨ ਬੇਟੀਆਂ ਹਨ। ਤੀਜੀ ਦਾ ਜਨਮ ਇੱਕ ਮਹੀਨਾ ਪਹਿਲਾਂ ਹੀ ਹੋਇਆ। ਅਗਲੇ ਮਹੀਨੇ ਸੁਖਦੇਵ ਦੇ ਛੋਟੇ ਭਰਾ ਦਾ ਵਿਆਹ ਵੀ ਹੈ।''

ਉਨ੍ਹਾਂ ਇਲਜ਼ਾਮ ਲਾਇਆ ਕਿ ਰਾਹਤ ਕਾਰਜ ਢਿੱਲਾ ਹੈ। ਤੇਜੀ ਦਿਖਾਈ ਜਾਂਦੀ ਤਾਂ ਸ਼ਾਇਦ ਇੰਨੀਆਂ ਜਾਨਾਂ ਨਾ ਜਾਂਦੀਆਂ।

ਸੋਮਵਾਰ ਨੂੰ ਇਮਾਰਤ 'ਚ ਦਾਖਲ ਹੋਣ ਤੋਂ ਬਾਅਦ ਇਹ ਤਿੰਨੋ ਲਾਪਤਾ ਹਨ।

ਇਸ ਵਿਚਾਲੇ ਬਚਾਅ ਕਾਰਜ ਹੁਣ ਵੀ ਜਾਰੀ ਹੈ। ਐੱਨਡੀਆਰਐੱਫ ਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਜੁਟਿਆ ਹੋਇਆ ਹੈ। ਫੌਜ਼ ਨੂੰ ਹੁਣ ਹਟਾ ਦਿੱਤਾ ਗਿਆ ਹੈ।

ਮੰਗਲਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਮਿਲ ਸਕਣ ਕਾਰਨ ਕਈ ਲੋਕ ਗੁੱਸੇ ਵਿੱਚ ਨਜ਼ਰ ਆਏ।

ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਤੇ ਆਮ ਨਾਗਰਿਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)