ਲੁਧਿਆਣਾ 'ਚ ਆਰਐੱਸਐੱਸ ਨੇਤਾ ਦਾ ਕਤਲ

ਲੁਧਿਆਣਾ ਵਿੱਚ ਇੱਕ ਆਰਐੱਸਐੱਸ ਨੇਤਾ ਨੂੰ ਮੰਗਲਵਾਰ ਸਵੇਰੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਆਰਐੱਸਐੱਸ ਨੇਤਾ ਰਵਿੰਦਰ ਗੋਸਾਈਂ ਸਵੇਰੇ ਸ਼ਾਖਾ ਖ਼ਤਮ ਕਰ ਕੇ ਘਰ ਵਾਪਸ ਜਾ ਰਹੇ ਸਨ।

ਲੁਧਿਆਣਾ ਪੁਲਿਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਬੀਬੀਸੀ ਪੰਜਾਬੀ ਨਾਲ ਫੋਨ ਉਤੇ ਗੱਲਬਾਤ ਕਰਦਿਆਂ ਦੱਸਿਆ ਕਿ 60 ਸਾਲਾ ਰਵਿੰਦਰ ਕੁਮਾਰ ਦੀ ਹੱਤਿਆ ਉਹਨਾਂ ਦੇ ਘਰ ਦੇ ਅੱਗੇ ਕੀਤੀ ਗਈ ਹੈ।

ਪੁਲਿਸ ਅਨੁਸਾਰ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋ ਮੋਟਰ ਸਾਈਕਲ ਸਵਾਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਵੇਂ ਹਮਲਾਵਰ ਮੌਕੇ ਤੋਂ ਭੱਜ ਗਏ। ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ ਹੈ।

ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਆਰਐੱਸਐੱਸ ਅਤੇ ਹੋਰ ਸੰਗਠਨਾਂ ਦੇ ਆਗੂਆਂ ਤੇ ਹੋਈਆਂ ਹੱਤਿਆਵਾਂ ਦਾ ਵੇਰਵਾ -

  • ਫਰਵਰੀ 2016 ਵਿੱਚ ਲੁਧਿਆਣਾ ਦੇ ਕਿਦਵਈ ਨਗਰ ਵਿੱਚ ਆਰਐੱਸਐੱਸ ਨਾਲ ਜੁੜੇ ਨਰੇਸ਼ ਕੁਮਾਰ ਉੱਤੇ ਜਾਨ ਲੇਵਾ ਹਮਲਾ ਹੋਇਆ ਜਿਸ ਵਿੱਚ ਉਹ ਵਾਲ ਵਾਲ ਬਚੇ। ਹਮਲੇ ਸਬੰਧੀ ਪੁਲਿਸ ਦੇ ਹੱਥ ਅਜੇ ਵੀ ਖ਼ਾਲੀ ਹਨ।
  • 25 ਫਰਵਰੀ 2016 ਨੂੰ ਲੁਧਿਆਣਾ ਨੇੜਲੇ ਜਗੇੜਾ ਪਿੰਡ ਵਿੱਚ ਡੇਰਾ ਸੱਚ ਸੌਦਾ ਦੇ ਦੋ ਸ਼ਰਧਾਲੂਆਂ ਦੀ ਹੱਤਿਆ ਕੀਤੀ ਗਈ। ਮਾਮਲਾ ਅਜੇ ਵੀ ਅਣਸੁਲਝਿਆ ਹੈ।
  • 23 ਅਪ੍ਰੈਲ 2016 ਨੂੰ ਸ਼ਿਵ ਸੈਨਾ ਦੇ ਲੇਬਰ ਵਿੰਗ ਦੇ ਪੰਜਾਬ ਇਕਾਈ ਦੇ ਪ੍ਰਧਾਨ ਦੁਰਗਾ ਪ੍ਰਸ਼ਾਦ ਗੁਪਤਾ ਦੀ ਖੰਨਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਕੇਸ ਅਜੇ ਵੀ ਅਣਸੁਲਝਿਆ।
  • 13 ਅਪ੍ਰੈਲ 2016 ਨੂੰ ਨਾਮਧਾਰੀ ਸੰਪਰਦਾ ਨਾਲ ਸਬੰਧਤ ਗੁਰੂ-ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਲੁਧਿਆਣਾ ਨੇੜੇ ਹੱਤਿਆ।
  • 7 ਅਗਸਤ 2016 ਨੂੰ ਆਰਐੱਸਐੱਸ ਲੀਡਰ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਦੀ ਜਲੰਧਰ ਵਿੱਚ ਸ਼ਰੇਆਮ ਹੱਤਿਆ ਕੀਤੀ ਗਈ। ਅਜੇ ਵੀ ਕੇਸ ਅਣਸੁਲਝਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)