ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਭਾਜਪਾ ਦੇ 22 ਸਾਲ
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

18 ਸਾਲਾ ਕਾਜਲ ਨੂੰ ਜਦੋਂ ਮੈਂ ਰਾਹੁਲ ਗਾਂਧੀ ਦੀ ਤਸਵੀਰ ਵਿਖਾਈ ਤਾਂ ਉਹ ਪਹਿਲਾਂ ਉਨ੍ਹਾਂ ਨੂੰ ਹਾਰਦਿਕ ਪਟੇਲ ਦੱਸਿਆ। ਜਦੋਂ ਪਿੰਡ ਵਾਲਿਆਂ ਨੇ ਠੀਕ ਪਹਿਚਾਣ ਕਰਵਾਈ ਤਾਂ ਸੰਕੋਚ ਜਿਹਾ ਕਰਨ ਲੱਗੀ।

ਕਾਜਲ ਕਹਿੰਦੀ ਹੈ, "ਅਸੀਂ ਹਮੇਸ਼ਾ ਭਾਜਪਾ ਨੂੰ ਹੀ ਵੇਖਿਆ ਹੈ, ਜਦੋਂ ਤੋ ਪੈਦਾ ਹੋਏ ਹਾਂ ਅਸੀਂ ਵੇਖਿਆ ਹੈ ਕਿ ਸਭ ਭਾਜਪਾ ਨੂੰ ਵੋਟ ਪਾਉਂਦੇ ਹਨ, ਕਾਂਗਰਸ ਨੂੰ ਅਸੀ ਨਹੀਂ ਜਾਣਦੇ।"

ਕਾਜਲ ਦਾ ਤੇਬਲੀ-ਕਾਠਵਾੜਾ ਪਿੰਡ ਬਹੁਤ ਦੂਰ ਨਹੀਂ ਹੈ। ਅਹਿਮਦਾਬਾਦ ਜ਼ਿਲ੍ਹੇ ਵਿੱਚ ਹੈ, ਸ਼ਹਿਰ ਤੋਂ ਕੁਝ 20 ਕਿੱਲੋਮੀਟਰ ਦੂਰ।

ਪਰ ਪਿੰਡ ਵਿੱਚ ਇੱਕ ਵੀ ਪਖਾਨਾ ਨਹੀਂ ਬਣਿਆ, ਪੱਕੀ ਸੜਕ ਤੇ ਪੱਕੇ ਮਕਾਨ ਨਹੀਂ ਹਨ। 100 ਵਿੱਚੋਂ 80 ਘਰਾਂ ਵਿੱਚ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਹੈ।

ਇਸ ਦੇ ਬਾਵਜੂਦ ਪਿੰਡ ਵਾਲੇ ਦੱਸਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੂੰ ਹੀ ਵੋਟ ਪਾਈ ਹੈ।

ਭਾਜਪਾ ਦੇ 22 ਸਾਲ

1995 ਤੋਂ ਗੁਜਰਾਤ ਵਿੱਚ ਵਾਰ ਵਾਰ ਭਾਜਪਾ ਨੇ ਹੀ ਸਰਕਾਰ ਬਣਾਈ ਹੈ। ਪਿਛਲੇ 22 ਸਾਲਾਂ ਵਿੱਚੋਂ 13 ਸਾਲ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਰਹੇ ਹਨ।

'ਸਾਡੀਆਂ ਪਰੇਸ਼ਾਨੀਆਂ ਨਾਲ ਸਰਕਾਰ ਨੂੰ ਕੋਈ ਵਾਸਤਾ ਨਹੀਂ'

ਕਾਜਲ ਦੀ ਹੀ ਉਮਰ ਦੇ ਵਿਸ਼ਨੂੰ ਵੀ ਭਾਜਪਾ ਦੇ ਸ਼ਾਸਨ ਵਾਲੇ ਗੁਜਰਾਤ ਵਿੱਚ ਹੀ ਜੰਮੇ ਤੇ ਵੱਡੇ ਹੋਏ। ਉਨ੍ਹਾਂ ਨੇ ਵੀ ਇੱਕ ਹੀ ਸਰਕਾਰ ਵੇਖੀ ਹੈ। ਕਾਂਗਰਸ ਜਾਂ ਉਸ ਦੇ ਜਵਾਨ ਨੇਤਾ ਦੇ ਬਾਰੇ ਵਿੱਚ ਕੁੱਝ ਖ਼ਾਸ ਸਮਝ ਨਹੀਂ ਹੈ।

ਘਰ ਵਿੱਚ ਪੈਸਿਆਂ ਦੀ ਕਮੀ ਅਤੇ ਪਿੰਡ ਤੋਂ ਸਕੂਲ ਦੀ ਦੂਰੀ ਕਰਕੇ ਕਾਜਲ ਅਤੇ ਵਿਸ਼ਨੂੰ ਦੋਵੇਂ ਅੱਠਵੀਂ ਤੱਕ ਹੀ ਪੜ੍ਹੇ ਹਨ।

ਵਿਸ਼ਨੂੰ ਦਿਹਾੜੀ ਲਾਉਂਦਾ ਹੈ ਅਤੇ ਕਾਜਲ ਹੁਣ ਸਿਲਾਈ ਸਿੱਖ ਕੇ ਪੈਸੇ ਕਮਾਉਣਾ ਚਾਹੁੰਦੀ ਹੈ।

ਇਸ ਵਾਰ ਦੋਵਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ।

ਕਾਜਲ ਚਾਹੁੰਦੀ ਹੈ ਕਿ ਉਸ ਦੇ ਪਿੰਡ ਵਿੱਚ ਵਿਕਾਸ ਹੋਵੇ। ਬਿਜਲੀ ਆ ਜਾਵੇ ਤਾਂਕਿ ਕੁੜੀਆਂ ਹਰ ਵੇਲੇ ਆਜ਼ਾਦੀ ਨਾਲ ਘੁੰਮ ਫਿਰ ਸਕਣ ਅਤੇ ਪਖਾਨੇ ਬਣਨ ਤਾਂ ਜੋ ਖੇਤਾਂ ਵੱਲ ਨਾ ਜਾਣਾ ਪਏ।

ਉਹ ਮੰਨਦੀ ਹੈ ਕਿ ਉਨ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਸਰਕਾਰ ਨੂੰ ਕੋਈ ਵਾਸਤਾ ਨਹੀਂ।

ਕਾਜਲ ਕਹਿੰਦੀ ਹੈ "ਮੋਦੀ ਜੀ ਇੱਥੇ ਕਦੇ ਨਹੀਂ ਆਉਣਗੇ, ਉਹ ਤਾਂ ਉੱਪਰੋਂ ਹੀ ਉੱਡ ਜਾਂਦੇ ਹਨ, ਹੇਠਾਂ ਆਉਣ ਤਾਂ ਵੇਖਾਂ।"

ਨਾਲ ਹੀ ਇਹ ਵੀ ਕਹਿੰਦੀ ਹੈ ਕਿ ਕੋਈ ਬਦਲ ਨਹੀਂ ਹੈ।

ਭਾਜਪਾ ਦੇ 22

ਉਹ ਜਦੋਂ ਆਪਣੀ ਮਾਸੀ ਦੇ ਘਰ ਜਾਂਦੀ ਹੈ ਤਾਂ ਟੀਵੀ ਉੱਤੇ ਨਰਿੰਦਰ ਮੋਦੀ ਦੇ ਭਾਸ਼ਣ ਵੇਖਦੀ, 'ਮਨ ਕੀ ਬਾਤ' ਵੀ ਸੁਣੀ ਹੈ, ਉਸ ਦੇ ਲਈ ਮੋਦੀ ਹੀ ਜਾਣੇ-ਪਛਾਣੇ ਆਗੂ ਹਨ।

ਕਿਉਂ ਜੁੜਦੇ ਹਨ ਨੌਜਵਾਨ ਭਾਜਪਾ ਨਾਲ?

ਅਹਿਮਦਾਬਾਦ ਦੇ ਨਰੋਡਾ ਇਲਾਕੇ ਵਿੱਚ ਜਾਣ-ਪਛਾਣ ਤੋਂ ਇਲਾਵਾ ਇੱਕ ਹੋਰ ਕਾਰਨ ਹੈ ਜੋ ਇਸ ਉਮਰ ਦੇ ਨੌਜਵਾਨਾਂ ਨੂੰ ਭਾਜਪਾ ਨਾਲ ਜੋੜਦੀ ਹੈ।

ਕੁਝ ਮੁੰਡਿਆਂ ਨਾਲ ਗੱਲਬਾਤ ਕਰ ਕੇ ਅੰਦਰ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ।

ਸੁਭਾਸ਼ ਗੜਵੀ ਜੋ ਕਿ ਸਰਕਾਰੀ ਨੌਕਰੀ ਲਈ ਪਰੀਖਿਆ ਦੇ ਰਹੇ ਹਨ, ਕਹਿੰਦੇ ਹਨ, "ਤੁਸੀਂ ਹੀ ਦੱਸੋ ਜੇਕਰ ਕੋਈ ਇਹ ਕਹੇ ਕਿ ਅਸੀਂ ਰਾਮ ਮੰਦਰ ਬਣਾ ਦੇਵਾਂਗੇ ਤਾਂ ਕੀ ਤੁਸੀਂ ਉਸ ਨੂੰ ਵੋਟ ਨਹੀਂ ਪਾਓਗੇ?"

ਉਨ੍ਹਾਂ ਦਾ ਕਹਿਣਾ ਹੈ ਕਿ ਮੋਟਰ ਸਾਈਕਲ ਤੇ ਮੁਸਲਮਾਨਾਂ ਦੇ ਇਲਾਕੇ ਵੱਲ ਜਾਓ ਤਾਂ ਹੁਣ ਵੀ ਸੰਭਲ ਕੇ ਨਿਕਲਣਾ ਪੈਂਦਾ ਹੈ। 2002 ਨੂੰ ਚਾਹੇ 15 ਸਾਲ ਹੋ ਗਏ ਹੋਣ, ਲੜਾਈ ਕਦੇ ਵੀ ਹੋ ਸਕਦੀ ਹੈ ਅਤੇ ਸੁਰੱਖਿਆ ਦਾ ਮੁੱਦਾ ਰਾਜਨੀਤੀ ਵਿੱਚ ਮੁੱਖ ਹੈ।

ਪਰ ਜਦੋਂ ਪੁੱਛਿਆ ਗਿਆ ਕਿ 'ਸੁਰੱਖਿਅਤ ਗੁਜਰਾਤ' ਵਿੱਚ ਲੰਘੀ ਹੁਣ ਤੱਕ ਦੀ ਜ਼ਿੰਦਗੀ ਚੰਗੀ ਹੈ ਤਾਂ ਸਭ ਇਕੱਠੇ ਨਾ ਕਹਿ ਦਿੰਦੇ ਹਨ।

ਰੁਜ਼ਗਾਰ ਦੀ ਘਾਟ ਇਨ੍ਹਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੈ। ਇਲਜ਼ਾਮ ਲਾਉਂਦੇ ਹਨ ਕਿ ਸਰਕਾਰ 'ਐੱਮਓਯੂ 'ਤੇ ਹਸਤਾਖ਼ਰ ਤਾਂ ਕਰਦੀ ਹੈ ਪਰ ਜ਼ਮੀਨੀ ਪੱਧਰ 'ਤੇ ਕੰਪਨੀਆਂ ਅਤੇ ਕਾਰਖ਼ਾਨੇ ਨਹੀਂ ਆਉਂਦੇ।

ਭਾਜਪਾ ਦੇ 22 ਸਾਲ

ਜੇ ਕਿਧਰੇ ਕੰਪਨੀਆਂ ਆਉਂਦੀਆਂ ਵੀ ਹਨ ਤਾਂ ਨੌਕਰੀਆਂ ਸਥਾਨਕ ਲੋਕਾਂ ਨੂੰ ਨਹੀਂ ਮਿਲਦੀਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਖਿੱਚ ਦੀ ਵਜ੍ਹਾ ਨਾਲ ਇਹ ਠਗਿਆ ਮਹਿਸੂਸ ਕਰਦੇ ਹਨ।

ਵਾਅਦੇ ਨਹੀਂ ਹੋਏ ਪੂਰੇ

ਧਰਮ ਰਾਜ ਜਡੇਜਾ ਬੀ ਕਾਮ ਦੀ ਪੜ੍ਹਾਈ ਕਰ ਰਹੇ ਹਨ। ਆਪਣੇ ਜ਼ਿੰਦਗੀ ਦੇ 20 ਸਾਲਾਂ 'ਚੋਂ ਕੁਝ ਉਨ੍ਹਾਂ ਨੇ ਕੱਛ ਦੇ ਜੰਗੀ ਪਿੰਡ ਬਤੀਤ ਕੀਤੇ ਅਤੇ ਕੁੱਝ ਇੱਥੇ ਸ਼ਹਿਰ ਵਿੱਚ।

ਪਿੰਡ ਵਿੱਚ ਹਵਾਈ-ਚੱਕੀ ਲਾਉਣ ਲਈ ਉਨ੍ਹਾਂ ਦੀ ਜੱਦੀ ਜ਼ਮੀਨ ਵਿੱਚੋਂ ਅੱਧੀ ਸਰਕਾਰ ਨੇ ਲੈ ਲਈ। ਫਿਰ ਉੱਥੇ ਜੋ ਕਾਰਖ਼ਾਨੇ ਲੱਗੇ ਉਹ ਦੋ ਸਾਲ ਵਿੱਚ ਹੀ ਬੰਦ ਹੋ ਗਏ। ਨਵੀਆਂ ਨੌਕਰੀਆਂ ਦੇ ਮੌਕੇ ਸਥਾਨਕ ਨੌਜਵਾਨਾਂ ਨੂੰ ਨਹੀਂ ਮਿਲੇ।

ਪਾਣੀ ਦੀ ਨਹਿਰ ਕੰਢੇ ਨਲਕੇ ਲਵਾਉਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਉਹ ਦੱਸਦੇ ਹਨ ਕਿ ਪਿੰਡ ਵਿੱਚ ਹਫ਼ਤੇ ਵਿੱਚ ਇੱਕ ਵਾਰ ਹੀ ਪਾਣੀ ਆਉਂਦਾ ਹੈ।

ਗੱਲ ਤਾਂ ਉਹੀ ਹੈ। ਸਿੱਕੇ ਦੇ ਦੋਵੇਂ ਪਾਸੇ ਅਜੀਬ ਹਨ, ਇੱਕ ਪਾਸੇ ਸਰਕਾਰ ਨਾਲ ਗ਼ੁੱਸਾ ਅਤੇ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਨਾਲ ਪਹਿਚਾਣ ਅਤੇ ਸੁਰੱਖਿਆ ਦਾ ਅਹਿਸਾਸ।

ਭਾਜਪਾ ਦੇ 22 ਸਾਲ

ਧਰਮ ਰਾਜ ਕਹਿੰਦੇ ਹਨ, "ਮੋਦੀ ਜੀ ਨੇ 'ਮਨ ਕੀ ਬਾਤ' ਵਿੱਚ ਕਿਹਾ ਸੀ ਕਿ ਬਿਨਾਂ ਇੰਟਰਵਿਊ ਦੇ ਨੌਕਰੀ ਮਿਲੇਗੀ ਪਰ ਇੱਥੇ ਤਾਂ ਤਿੰਨ-ਤਿੰਨ ਇੰਟਰਵਿਊ ਤੋਂ ਬਾਅਦ ਵੀ ਨਹੀਂ ਮਿਲ ਰਹੀ, ਪਰ ਹੁਣ ਕੀ ਕਰੀਏ…"

'ਵਿਕਾਸ ਦਲਿਤ ਭਾਈਚਾਰੇ ਲਈ ਨਹੀਂ ਹੋਇਆ'

ਅਹਿਮਦਾਬਾਦ ਦੀ ਹੀ ਇੱਕ ਦਲਿਤ ਬਸਤੀ ਵਿੱਚ ਰਹਿਣ ਵਾਲੇ ਜਿਗਨੇਸ਼ ਚੰਦਰਪਾਲ ਅਤੇ ਉਨ੍ਹਾਂ ਦੇ ਦੋਸਤ ਕਹਿੰਦੇ ਹਨ ਕਿ ਵਿਕਾਸ ਉਨ੍ਹਾਂ ਦੇ ਭਾਈਚਾਰੇ ਦੇ ਗ਼ਰੀਬ ਲੋਕਾਂ ਲਈ ਨਹੀਂ ਹੋਇਆ ਹੈ।

ਜਿਗਨੇਸ਼ ਕਹਿੰਦੇ ਹਨ, "ਭਾਜਪਾ ਸਾਨੂੰ ਹਿੰਦੂ ਦਾ ਦਰਜਾ ਉਸ ਵੇਲੇ ਦਿੰਦੀ ਹੈ ਜਦੋਂ ਚੋਣਾਂ ਨੇੜੇ ਹੋਣ। ਉਸ ਤਰ੍ਹਾਂ ਅੱਸੀ ਪਛੜੇ ਹੀ ਰਹਿੰਦੇ ਹਾਂ। ਸਕੂਲ-ਕਾਲਜ ਵਿੱਚ ਦਾਖ਼ਲਾ ਲੈਣਾ ਵੀ ਮੁਸ਼ਕਲ ਹੈ।"

ਸਕੂਲਾਂ ਦੀ ਹਾਲਤ ਖ਼ਸਤਾ

ਅਸੀਂ ਇੱਕ ਸਕੂਲ ਵਿੱਚ ਬੈਠ ਕੇ ਗੱਲ ਕਰ ਰਹੇ ਹਾਂ। ਉੱਥੇ ਤੱਕ ਆਉਣ ਵਾਲੀ ਸੜਕ ਕੱਚੀ ਹੈ ਅਤੇ ਇਮਾਰਤ ਵਿੱਚ ਬਿਜਲੀ ਨਹੀਂ ਹੈ।

ਭਾਜਪਾ ਦੇ 22 ਸਾਲ

ਕਮਰਿਆਂ ਦੀ ਹਾਲਤ ਖ਼ਸਤਾ ਹੈ ਅਤੇ ਇਨ੍ਹਾਂ ਦੀ ਸ਼ਿਕਾਇਤ ਹੈ ਕਿ ਅਧਿਆਪਕ ਵੀ ਘੱਟ ਹੀ ਆਉਂਦੇ ਹਨ ਅਤੇ ਪੜ੍ਹਾਉਂਦੇ ਵੀ ਘੱਟ ਹਨ।

ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਰਕਾਰ ਬਦਲਣਾ ਚਾਹੁੰਦੇ ਹਾਂ। ਰਾਜਨੀਤੀ ਉੱਤੇ ਵਿਸ਼ਵਾਸ ਘੱਟ ਹੈ, ਪਾਰਟੀਆਂ ਵਿੱਚ ਵੀ ਫ਼ਰਕ ਨਜ਼ਰ ਨਹੀਂ ਆਉਂਦਾ।

ਇੰਜੀਨੀਅਰਿੰਗ ਤੋਂ ਬਾਅਦ ਵੀ ਨੌਕਰੀ ਨਹੀਂ

ਅਹਿਮਦਾਬਾਦ ਤੋਂ ਤਿੰਨ ਘੰਟੇ ਦੂਰ ਗੋਧਰਾ ਸ਼ਹਿਰ ਵਿੱਚ 21 ਸਾਲਾ ਖੰਡਵਾਤੀਕ ਸੁਹੇਲ ਨੇ ਇੰਜੀਨੀਰਿੰਗ ਦੀ ਪੜ੍ਹਾਈ ਪੂਰੀ ਕਰ ਕੇ ਨੌਕਰੀ ਲੱਭ ਰਹੇ ਹਨ।

ਗੋਧਰਾ ਸ਼ਹਿਰ ਤੱਕ ਆਉਣ ਵਾਲੀ ਸੜਕ ਤਾਂ ਚਮਕਦੀ ਹੈ ਪਰ ਉੱਥੇ ਦਾਖਲ ਹੁੰਦੇ ਸਾਰ ਹੀ ਟੁੱਟੀ ਸੜਕ ਸ਼ੁਰੂ ਹੋ ਜਾਂਦੀ ਹੈ।

ਉਨ੍ਹਾਂ ਦਾ ਇਲਾਕਾ ਵੀ ਅਹਿਮਦਾਬਾਦ ਦੀ ਦਲਿਤ ਬਸਤੀ ਵਰਗਾ ਹੀ ਦਿਸਦਾ ਹੈ। ਬੇਰੁਜ਼ਗਾਰੀ ਇੱਥੇ ਦੀ ਵੱਡੀ ਸਮੱਸਿਆ ਹੈ।

ਭਾਜਪਾ ਦੇ 22 ਸਾਲ

ਕੋਲ ਖੜ੍ਹੇ ਦੋਸਤ ਗੋਰਾ ਸੁਹੇਲ ਦੇ ਮੁਤਾਬਿਕ ਗੋਧਰਾ ਵਿੱਚ ਇੰਜੀਨੀਰਿੰਗ ਦੀ ਪੜ੍ਹਾਈ ਪੂਰੀ ਕਰ ਚੁੱਕੇ ਹਰ ਤਿੰਨ ਮਰਦਾਂ ਵਿੱਚ ਦੋ ਬੇਰੁਜ਼ਗਾਰ ਹਨ।

'ਵਿਕਾਸ ਤਾਂ ਪਾਗਲ ਹੋ ਹੀ ਗਿਆ ਹੈ'

ਇਲਾਕੇ ਵਿੱਚ ਕੋਈ ਵੱਡੀ ਫ਼ੈਕਟਰੀ ਵੀ ਨਹੀਂ ਹੈ ਤਾਂ ਜ਼ਿਆਦਾਤਰ ਨੌਜਵਾਨ ਆਪਣੇ ਛੋਟੇ-ਮੋਟੇ ਵਪਾਰ ਨਾਲ ਹੀ ਗੁਜ਼ਾਰਾ ਕਰ ਰਹੇ ਹਨ।

ਗੋਰਾ ਨੂੰ ਹੁਣ ਜਵਾਨ ਨੇਤਾ ਰਾਹੁਲ ਗਾਂਧੀ ਤੋਂ ਉਮੀਦ ਹੈ। ਉਹ ਕਹਿੰਦੇ ਹਨ, "ਐਨੇ ਸਾਲ ਇੱਕ ਪਾਰਟੀ ਤੇ ਉਮੀਦ ਰੱਖੀ ਪਰ ਕੁਝ ਨਹੀਂ ਹੋਇਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਬੇਰੁਜ਼ਗਾਰੀ ਦੂਰ ਕਰਨਗੇ, ਤਾਂ ਉਨ੍ਹਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ।"

ਜੇ ਇਨ੍ਹਾਂ ਚੋਣਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਤਾਂ?

ਤਾਂ ਹੱਸ ਕੇ ਕਹਿੰਦੇ ਹਨ, ''ਫਿਰ ਦੇਖਾਂਗੇ, ਵਿਕਾਸ ਤਾਂ ਪਾਗਲ ਹੋ ਹੀ ਗਿਆ ਹੈ…।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)