'ਅਸੀਂ ਸਾਰੀ ਕਨੂੰਨੀ ਪ੍ਰਕਿਰਿਆ ਦਾ ਪਾਲਣ ਕਰਾਂਗੇ'

ਤਸਵੀਰ ਸਰੋਤ, TWITTER
ਕਈ ਦਿਨਾਂ ਤੋਂ ਵਿਵਾਦਾਂ ਵਿੱਚ ਚੱਲ ਰਹੀ ਫਿਲਮ ਪਦਮਾਵਤੀ ਦੀ ਰਿਲੀਜ਼ ਨੂੰ, ਫਿਲਮ ਦੇ ਨਿਰਮਾਤਾਵਾਂ ਵੱਲੋਂ ਟਾਲ ਦਿੱਤਾ ਗਿਆ ਹੈ।
ਫਿਲਮ ਦੇ ਨਿਰਮਾਤਾ ਵਾਇਆਕਾਮ18 ਪਿਕਚਰਸ ਨੇ ਪੀਟੀਆਈ ਨੂੰ ਬਿਆਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਹੀ ਫਿਲਮ 'ਪਦਮਾਵਤੀ' ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ।
ਉਨ੍ਹਾਂ ਵੱਲੋਂ ਅੱਗੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਲਦ ਹੀ ਫਿਲਮ ਦੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇਗਾ।
ਕਿਉਂ ਹੈ ਵਿਵਾਦਾਂ ਵਿੱਚ?
ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਹੀ ਫਿਲਮ ਵਿਵਾਦਾਂ ਵਿੱਚ ਰਹੀ ਹੈ। ਲਗਾਤਾਰ ਕੁਝ ਰਾਜਪੁਤ ਜੱਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਜੱਥੇਬੰਦੀਆਂ ਦਾ ਇਲਜ਼ਾਮ ਹੈ ਕਿ ਫਿਲਮ ਵਿੱਚ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੇ ਫਿਲਮ ਦੀ ਅਦਾਕਾਰਾ ਦੀਪਿਕਾ ਪਾਦੁਕੋਨ ਨੂੰ ਵੀ ਕਰਣੀ ਸੇਨਾ ਵਰਗੀਆਂ ਜਥੇਬੰਦੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ।

ਤਸਵੀਰ ਸਰੋਤ, PTI
ਇਸ ਤੋਂ ਪਹਿਲਾਂ ਸੈਂਸਰ ਬਾਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੇ ਸੈਂਸਰ ਦਾ ਸਰਟਿਫਿਕੇਟ ਲਏ ਬਿਨਾਂ ਕਈ ਟੀ.ਵੀ ਚੈੱਨਲਾਂ ਨੂੰ ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦਿਖਾਏ ਜਾਣ 'ਤੇ ਕਰੜਾ ਇਤਰਾਜ਼ ਪ੍ਰਗਟ ਕੀਤਾ ਸੀ।
ਵਾਇਆਕਾਮ18 ਪਿਕਚਰਸ ਦੇ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਾਰਾ ਕੰਮ ਕਨੂੰਨੀ ਪ੍ਰਕਿਰਿਆ ਵਿੱਚ ਰਹਿ ਕੇ ਕਰਨ ਨੂੰ ਵਚਨਬੱਧ ਹੈ।

ਤਸਵੀਰ ਸਰੋਤ, STRDEL/GETTY
ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਵਰਗੇ ਸਰਕਾਰ ਨਾਲ ਜੁੜੇ ਸਾਰੇ ਅਦਾਰਿਆਂ ਦਾ ਵੀ ਉਹ ਪੂਰਾ ਸਤਿਕਾਰ ਕਰਦੇ ਹਨ।
ਕੰਪਨੀ ਵੱਲੋਂ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਨੂੰ ਸੈਂਸਰ ਬਾਰਡ ਵੱਲੋਂ ਜ਼ਰੂਰੀ ਮਨਜ਼ੂਰੀਆਂ ਜ਼ਰੂਰ ਮਿਲਣਗੀਆਂ।
ਫਿਲਮ ਨਿਰਮਾਤਾਵਾਂ ਵੱਲੋਂ ਕਿਹਾ ਗਿਆ ਕਿ ਫਿਲਮ ਵਿੱਚ ਰਾਜਪੂਤ ਭਾਈਚਾਰੇ ਦੀ ਬਹਾਦਰੀ, ਮਾਣ ਤੇ ਰਵਾਇਤਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।












