ਕੀ ਬੁਧੀਆ ਨਵੇਂ ਕੋਚ ਦੇ ਸਹਾਰੇ ਜਿੱਤੇਗਾ ਓਲੰਪਿਕ ਗੋਲਡ?

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ, ਭੁਵਨੇਸ਼ਵਰ ਤੋਂ

ਇੱਕ ਛੋਟੇ ਜਿਹੇ ਬੱਚੇ ਨੇ ਬਣਾਇਆ ਸੀ ਖੇਡ ਜਗਤ ਦਾ ਅਨੋਖਾ ਇਤਿਹਾਸ। ਚਾਰ ਸਾਲ ਦੀ ਉਮਰ ਵਿੱਚ ਮੈਰਾਥਨ ਦੌੜ ਕੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।ਉਹ ਵੀ ਸਿਰਫ਼ ਸੱਤ ਘੰਟਿਆਂ ਵਿੱਚ।

ਇਹ ਗੱਲ ਹੈ ਸਾਲ 2006 ਦੀ ਜਦੋਂ ਇਹ ਬੱਚਾ ਰਾਤੋਂ-ਰਾਤ ਸੁਰਖੀਆਂ ਵਿੱਚ ਆ ਗਿਆ।

ਫਿਰ ਆਇਆ ਗੁਮਨਾਮੀ ਦਾ ਇੱਕ ਲੰਬਾ ਦੌਰ ਜਿਸ ਤੋਂ ਉਹ ਅੱਜ ਵੀ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।

15 ਸਾਲ ਦਾ ਹੋ ਗਿਆ ਬੁਧੀਆ

ਮਿਲੋ ਓਡਿਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਰਹਿਣ ਵਾਲੇ ਦੌੜਾਕ ਬੁਧੀਆ ਸਿੰਘ ਨੂੰ। ਬੁਧੀਆ ਸਿੰਘ ਹੁਣ 15 ਸਾਲ ਦੇ ਹੋ ਗਏ ਹਨ।

2006 ਤੋਂ ਬਾਅਦ ਬੁਧੀਆ ਨੇ ਕਿਸੇ ਵੀ ਵੱਡੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਹੈ। ਇਹ ਉਨ੍ਹਾਂ ਦੇ ਕੋਚ ਬਿਰੰਚੀ ਦਾਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਹੋਇਆ।

ਹਾਲਾਂਕਿ ਓਲੰਪਿਕ ਵਿੱਚ ਭਾਰਤ ਦੀ ਅਗੁਵਾਈ ਕਰਨ ਦਾ ਸੁਪਨਾ ਲੈ ਕੇ ਉਹ ਰਾਤ-ਦਿਨ ਅਭਿਆਸ ਕਰਨ ਲੱਗੇ ਹੋਏ ਹਨ।

ਬੁਧੀਆ ਨਾਲ ਮੇਰੀ ਮੁਲਾਕਾਤ ਭੁਵਨੇਸ਼ਵਰ ਦੀ ਸਲੀਆ ਸਾਈ ਬਸਤੀ ਵਿੱਚ ਹੋਈ।

ਯਾਨਿ ਕਿ ਉਸੇ ਝੋਂਪੜੀ ਵਿੱਚ ਜਿੱਥੋਂ ਉਸ ਦੇ ਕੋਚ ਬਿਰੰਚੀ ਦਾਸ ਨੇ ਉਸ ਨੂੰ ਲੱਭਿਆ ਸੀ ਅਤੇ ਕਾਮਯਾਬੀ ਦੇ ਫ਼ਲਕ ਤੱਕ ਪਹੁੰਚਾ ਦਿੱਤਾ ਸੀ।

'ਓਲੰਪਿਕ ਵਿੱਚ ਗੋਲਡ ਜਿੱਤਣ ਦੀ ਤਮੰਨਾ'

ਬੁਧੀਆ ਅਤੇ ਉਸ ਦੇ ਪਰਿਵਾਰ ਦੇ ਲੋਕ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ। ਮੀਡੀਆ ਨੂੰ ਵੀ ਨਹੀਂ, ਕਿਉਂਕਿ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਬੁਧੀਆ ਨੂੰ ਲੈ ਕੇ ਖ਼ਬਰਾਂ ਬਣਾਈਆਂ ਗਈਆਂ, ਉਸ ਤੋਂ ਉਹ ਦੁਖੀ ਹਨ।

ਗੱਲਾਂ-ਗੱਲਾਂ ਵਿੱਚ ਬੁਧੀਆ ਨੇ ਬਚਪਨ ਦੇ ਸੁਪਨੇ ਬਾਰੇ ਦੱਸਿਆ ਅਤੇ ਕਿਹਾ, "ਬਚਪਨ ਤੋਂ ਅੱਜ ਤੱਕ ਇੱਕ ਹੀ ਸੁਪਨਾ ਹੈ, ਓਲੰਪਿਕ ਵਿੱਚ ਖੇਡਣਾ ਹੈ ਅਤੇ ਦੇਸ ਲਈ 'ਗੋਲਡ ਮੈਡਲ' ਜਿੱਤਣਾ..."

ਇਸ ਪਰਿਵਾਰ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ ਅਤੇ ਅੱਜ ਵੀ ਉਹ ਮਾੜੇ ਵਿੱਤੀ ਹਾਲਾਤ ਦੇ ਦੌਰ 'ਚੋਂ ਲੰਘ ਰਹੇ ਹਨ।

'ਕਿਸੇ ਤਰ੍ਹਾਂ ਹੁੰਦਾ ਹੈ ਗੁਜ਼ਾਰਾ'

ਬੁਧੀਆ ਦੀ ਮਾਂ ਸੁਕਾਂਤੀ ਸਿੰਘ ਦੀ ਕਮਾਈ ਤੋਂ ਹੀ ਘਰ ਦਾ ਖਰਚ ਚਲਦਾ ਹੈ।

ਬੁਧੀਆ ਦੀਆਂ ਤਿੰਨ ਭੈਣਾ ਵੀ ਹਨ, ਜੋ ਉਸ ਤੋਂ ਵੱਡੀਆਂ ਹਨ ਅਤੇ ਪੜ੍ਹ ਰਹੀਆਂ ਹਨ।

ਘੱਟ ਤਨਖਾਹ ਵਿੱਚ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ।

ਪਰਿਵਾਰ ਦੇ ਮੈਂਬਰਾਂ ਵਿਚਾਲੇ ਬੈਠੀ ਸੁਕਾਂਤੀ ਸਿੰਘ ਪਿਛਲੇ ਦਿਨਾਂ ਨੂੰ ਯਾਦ ਕਰਦੀ ਹੈ ਜਦੋਂ ਉਨ੍ਹਾਂ ਦੇ ਪਤੀ ਜ਼ਿੰਦਾ ਸਨ।

'ਕਿਸੇ ਨੇ ਵੀ ਮਦਦ ਨਹੀਂ ਕੀਤੀ'

ਉਹ ਕਹਿੰਦੀ ਹੈ, "ਮੈਂ ਜਿੱਥੇ ਕੰਮ ਕਰਦੀ ਹਾਂ, ਉੱਥੇ ਮੇਰੀ ਤਨਖਾਹ ਸਿਰਫ਼ 8,000 ਰੁਪਏ ਹੈ। ਇਸ ਤਨਖਾਹ ਨਾਲ ਸਭ ਦੁੱਖ-ਸੁੱਖ ਚੱਲ ਰਿਹਾ ਹੈ। ਇਸੇ ਪੈਸਿਆਂ ਨਾਲ ਮਕਾਨ ਦਾ ਕਿਰਾਇਆ ਦਿੰਦੇ ਹਨ। ਇਸੇ ਪੈਸਿਆਂ ਨਾਲ ਖਾਂਦੇ ਹਾਂ। ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ।

ਕਈ ਲੋਕਾਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਬੁਧੀਆ ਲਈ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ, ਪਰ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ। ਸਿਰਫ਼ ਕਹਿਣ ਦੀ ਹੀ ਗੱਲ ਸੀ।"

ਸਰਕਾਰ ਵੱਲੋਂ ਅਣਗੌਲਿਆਂ ਹੋਣ ਕਰਕੇ ਬੁਧੀਆ ਫਿਰ ਤੋਂ ਖੁਦ ਨੂੰ ਇਕੱਠਾ ਕਰਨ ਵਿੱਚ ਜੁੱਟ ਗਿਆ ਹੈ।

ਉਨ੍ਹਾਂ ਨੂੰ ਦੁਖ ਹੈ ਕਿ ਵਾਅਦਿਆਂ ਦੇ ਬਾਵਜੂਦ ਸੂਬਾ ਸਰਕਾਰ ਦੇ ਖੇਡ ਮਹਿਕਮੇ ਦਾ ਸਾਥ ਨਹੀਂ ਮਿਲਿਆ।

ਜਥੇਬੰਦੀਆਂ ਵੀ ਮਦਦ ਲਈ ਅੱਗੇ ਨਹੀਂ ਆਈਆਂ।

ਬੁਧੀਆ ਦੇ ਨਵੇਂ ਕੋਚ

ਬੁਧੀਆ ਕਹਿੰਦੇ ਹਨ, "ਮੈਂ ਭੁਵਨੇਸ਼ਵਰ ਦੇ ਖੇਡ ਹੋਸਟਲ ਵਿੱਚ ਦੱਸ ਸਾਲ ਰਿਹਾ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ। ਮੁਕਾਬਲਿਆਂ ਵਿੱਚ ਸ਼ਾਮਿਲ ਕਰਾਵਾਂਗੇ, ਪਰ ਕੁਝ ਵੀ ਨਹੀਂ ਹੋਇਆ।

ਜਦੋਂ ਮੈਂ ਇੱਥੇ ਡੀਏਵੀ ਸਕੂਲ ਵਿੱਚ ਆਇਆ ਤਾਂ ਆਨੰਦ ਚੰਦਰ ਦਾਸ ਸਰ ਟ੍ਰੇਨਿੰਗ ਦੇ ਰਹੇ ਸਨ। ਮੁਕਾਬਲਿਆਂ ਲਈ ਤਿਆਰ ਕਰ ਰਹੇ ਹਨ। ਮੈਨੂੰ ਨਵੀਂ ਤਕਨੀਕ ਸਿਖਾ ਰਹੇ ਹਨ।"

ਕਾਮਯਾਬੀ ਦੀਆਂ ਉਚਾਈਆਂ ਤੱਕ ਪਹੁੰਚਾਉਣ ਵਾਲੇ ਪਹਿਲੇ ਕੋਚ ਬਿਰੰਚੀ ਦਾਸ ਦਾ ਕਤਲ ਹੋਇਆ ਤਾਂ ਕਈ ਸਾਲਾਂ ਤੱਕ ਬੁਧੀਆ ਬਿਨਾਂ ਕੋਚ ਦੇ ਹੀ ਰਿਹਾ।

ਇਸੇ ਵਜ੍ਹਾ ਕਰਕੇ ਉਸ ਦੀ ਟਰੇਨਿੰਗ ਰੁਕ ਗਈ ਅਤੇ ਮੁਕਾਬਲੇ ਵਿੱਚ ਉਹ ਹਿੱਸਾ ਵੀ ਨਹੀਂ ਲੈ ਸਕਿਆ।

'ਸਕੂਲ ਵਿੱਚ ਆਉਣ ਕਰਕੇ ਆਇਆ ਬਦਲਾਅ'

ਆਪਣੇ ਪੱਧਰ 'ਤੇ ਹੀ ਉਹ ਫਿਰ ਤੋਂ ਦੌੜਨ ਦੀ ਕੋਸ਼ਿਸ਼ ਕਰਦਾ ਹੈ।

ਨਵੀਂ ਤਕਨੀਕ ਤੋਂ ਅਣਜਾਣ, ਬੁਧੀਆ ਨੂੰ ਓਨੀ ਕਾਮਯਾਬੀ ਨਹੀਂ ਮਿਲ ਸਕੀ, ਜਿਸ ਦੀ ਉਮੀਦ ਸੀ।

ਜ਼ਿੰਗਦੀ ਨੇ ਇੱਕ ਵਾਰੀ ਫਿਰ ਤੋਂ ਪਾਸਾ ਵੱਟਣਾ ਸ਼ੁਰੂ ਕੀਤਾ ਹੈ, ਜਦੋਂ ਉਸ ਨੂੰ ਭੁਵਨੇਸ਼ਵਰ ਦੇ ਡੀਏਵੀ ਸਕੂਲ ਵਿੱਚ ਦਾਖਿਲਾ ਮਿਲ ਗਿਆ।

ਇੱਥੇ ਉਨ੍ਹਾਂ ਦੀ ਮੁਲਾਕਾਤ ਆਨੰਦ ਚੰਦਰ ਦਾਸ ਨਾਲ ਹੋਈ, ਜੋ ਸਰੀਰਕ ਸਿੱਖਿਆ ਦੇ ਟੀਚਰ ਹਨ।

ਕਈ ਸਾਲਾਂ ਬਾਅਦ ਆਨੰਦ ਚੰਦਰ ਦਾਸ ਦੇ ਰੂਪ ਵਿੱਚ ਬੁਧੀਆ ਨੂੰ ਮਿਲੇ ਇੱਕ ਟਰੇਨਰ।

'ਨਵੇਂ ਕੋਚ ਕਰ ਰਹੇ ਬਹੁਤ ਮਿਹਨਤ'

ਟਰੇਨਿੰਗ ਦੌਰਾਨ ਅਸੀਂ ਉਨ੍ਹਾਂ ਨੂੰ ਮਿਲਣ ਪਹੁੰਚੇ। ਚਰਚਾ ਦੌਰਾਨ ਉਨ੍ਹਾਂ ਦਾ ਕਹਿਣਾ ਸੀ, "ਬੁਧੀਆ ਵਿੱਚ ਸੰਭਾਵਨਾਵਾਂ ਹਨ। ਬਹੁਤ ਜੋਸ਼ ਹੈ। ਇਸ ਨੂੰ ਮੈਂ ਰੋਜ਼ ਮੈਰਾਥਨ ਦੌੜ ਦੀ ਤਿਆਰੀ ਕਰਵਾਉਂਦਾ ਹਾਂ।

ਸੜਕਾਂ 'ਤੇ ਦੌੜਨ ਦਾ ਅਭਿਆਸ ਕਰਵਾਉਂਦਾ ਹਾਂ। 15-20 ਕਿਲੋਮੀਟਰ ਤੱਕ ਲੈ ਕੇ ਜਾਂਦਾ ਹਾਂ। ਫੀਲਡ ਟਰੇਨਿੰਗ ਵੀ ਦੇ ਰਿਹਾ ਹਾਂ। ਤਾਂ ਜੋ ਉਸ ਦੇ ਅੰਦਰ ਦੀ ਕਾਬਲੀਅਤ ਬਾਹਰ ਆਵੇ।"

ਆਨੰਦ ਚੰਦਰ ਦਾਸ ਉਨ੍ਹਾਂ ਨੂੰ ਵੱਡੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਨ।

ਬਹੁਤ ਦਿਨਾਂ ਤੱਕ ਅਭਿਆਸ ਨਾ ਕਰਨ ਕਰਕੇ ਬੁਧੀਆ ਨੂੰ ਆਪਣੇ ਨਵੇਂ ਕੋਚ ਨਾਲ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ।

ਬਿਰੰਚੀ ਨੂੰ ਨਹੀਂ ਭੁੱਲੇ ਬੁਧੀਆ

ਬੁਧੀਆ ਨੇ ਕੁਝ ਵੱਡਾ ਕਰਨ ਬਾਰੇ ਸੋਚਿਆ ਹੈ, ਜਿਵੇਂ ਉਸ ਨੇ ਚਾਰ ਸਾਲ ਦੀ ਉਮਰ ਵਿੱਚ ਕੀਤਾ ਸੀ। ਉਹ ਤਿਆਰੀ ਵਿੱਚ ਜੁੱਟ ਗਿਆ ਹੈ।

ਉਸ ਨੇ ਕਿਹਾ, "ਮੈਰਾਥਨ ਲਈ ਮੌਕਾ ਮਿਲੇਗਾ ਤਾਂ ਜ਼ਰੂਰ ਜਾਵਾਂਗਾ। ਮੌਕਾ ਨਹੀਂ ਮਿਲ ਰਿਹਾ ਹੈ, ਇਸ ਲਈ ਹਾਲੇ ਛੋਟੀ ਰੇਸ ਵਿੱਚ ਹਿੱਸਾ ਲੈ ਰਿਹਾ ਹਾਂ।

ਮਾਂ ਨੂੰ 8 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ, ਪਰ ਇੱਕ ਖਿਡਾਰੀ ਦੇ ਖਰਚੇ ਜ਼ਿਆਦਾ ਹਨ। ਪੌਸ਼ਟਿਕ ਖਾਣਾ, ਕਪੜੇ ਅਤੇ ਜੁੱਤੇ ਮਿਲਾ ਕੇ ਇੱਕ ਖਿਡਾਰੀ 'ਤੇ ਘੱਟ ਤੋਂ ਘੱਟ ਇੱਕ ਲੱਖ ਰੁਪਏ ਦਾ ਖਰਚ ਹੁੰਦਾ ਹੈ।

ਇੰਨਾਂ ਤਿਆਰੀਆਂ ਵਿਚਾਲੇ ਵੀ ਬੁਧੀਆ ਆਪਣੇ ਪਹਿਲੇ ਕੋਚ ਬਿਰੰਚੀ ਦਾਸ ਨੂੰ ਨਹੀਂ ਭੁਲਾ ਪਾਉਂਦੇ ਹਨ।

'ਬੁਧੀਆ ਹੁਣ ਵੱਡਾ ਹੋ ਗਿਆ ਹੈ'

ਟਰੇਨਿੰਗ ਦੌਰਾਨ ਮਿਲੇ ਬ੍ਰੇਕ ਦੌਰਾਨ ਉਹ ਬਿਰੰਚੀ ਦਾਸ ਨੂੰ ਯਾਦ ਕਰਦਾ ਹੈ।

ਉਹ ਕਹਿੰਦਾ ਹੈ, "ਮੇਰੇ ਪਹਿਲੇ ਕੋਚ ਬਿਰੰਚੀ ਦਾਸ ਨੂੰ ਮੈਂ ਮਿਸ ਕਰਦਾ ਹਾਂ। ਅੱਜ ਮੈਂ ਜੋ ਕੁਝ ਹਾਂ ਉਨ੍ਹਾਂ ਦੀ ਬਦੌਲਤ ਹਾਂ। ਇੰਨੇ ਬੱਚਿਆਂ 'ਚੋਂ ਉਨ੍ਹਾਂ ਨੇ ਮੈਨੂੰ ਚੁਣਿਆ। ਉਨ੍ਹਾਂ ਦਾ ਸੁਪਨਾ ਸੀ ਕਿ ਇਸ ਬੱਚੇ ਨੂੰ ਮੈਂ ਓਲੰਪਿਕ ਤੱਕ ਲੈ ਕੇ ਜਾਵਾਂ। ਮੈਂ ਆਪਣਾ ਸੁਪਨਾ ਪੂਰਾ ਕਰੂੰਗਾ।"

ਮਾਲੀ ਤੰਗੀ ਅਤੇ ਸਹੂਲਤਾਂ ਦੀ ਕਮੀ ਨੇ ਬੁਧੀਆ ਦਾ ਹੌਂਸਲਾ ਤੋੜਿਆ ਜ਼ਰੂਰ ਸੀ, ਪਰ ਅੱਜ ਉਸ ਨੇ ਚੁਣੌਤੀਆਂ ਲਈ ਕਮਰ ਕੱਸ ਲਈ ਹੈ।

ਉਸ ਦੇ ਨੇੜੇ-ਤੇੜੇ ਦੇ ਲੋਕ ਹੁਣ ਕਹਿਣ ਲੱਗੇ ਹਨ, "ਬੁਧੀਆ ਹੁਣ ਬੱਚਾ ਨਹੀਂ ਹੈ। ਉਹ ਵੱਡਾ ਹੋ ਗਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)