ਖ਼ਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ- ਬਡੂੰਗਰ

ਤਸਵੀਰ ਸਰੋਤ, RAVINDER SINGH ROBIN
- ਲੇਖਕ, ਰਵਿੰਦਰ ਸਿੰਘ ਰੋਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਅਪਰਾਧ ਨਹੀਂ ਹੈ।
ਉਨ੍ਹਾਂ ਕਿਹਾ, ''ਸੁਪਰੀਮ ਕੋਰਟ ਮੁਤਾਬਕ ਖਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ ਤੇ ਨਾ ਹੀ ਗੈਰ ਸੰਵਿਧਾਨਕ ਹੈ''।
ਉਹ ਅੰਮ੍ਰਿਤਸਰ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ।
ਐਸਜੀਪੀਸੀ ਵੱਲੋਂ ਅਮਰੀਕਾ ਦੇ ਨਿਊ ਜਰਸੀ ਦੇ ਸ਼ਹਿਰ ਹੋਬੋਕਨ ਦੇ ਨਵੇਂ ਚੁਣੇ ਗਏ ਮੇਅਰ ਰਵਿੰਦਰ ਭੱਲਾ ਦਾ ਸਨਮਾਨ ਕਰਨ ਦੇ ਐਲਾਨ ਲਈ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਕਮੇਟੀ ਹਮੇਸ਼ਾ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਸਿੱਖਾਂ ਦਾ ਸਨਮਾਨ ਕਰਨ 'ਚ ਮਾਣ ਮਹਿਸੂਸ ਕਰਦੀ ਹੈ।

ਤਸਵੀਰ ਸਰੋਤ, AFP
ਬਡੂੰਗਰ ਨੇ ਹਵਾਈ ਯਾਤਰਾ ਦੌਰਾਨ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਦੇਣ 'ਤੇ ਕਨੇਡਾ ਦੀ ਸਰਕਾਰ ਦਾ ਧੰਨਵਾਦ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਕਮੇਟੀ ਪ੍ਰਧਾਨ ਚੁਣੇ ਗਏ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪੰਜਾਬ ਸਰਕਾਰ ਦੇ ਪਕੋਕਾ (ਪੰਜਾਬ ਕੰਟਰੋਲ ਆਫ਼ ਆਰਗਨਾਈਜ਼ਡ ਕ੍ਰਾਈਮ ਐਕਟ) ਕਨੂੰਨ ਦੇ ਪ੍ਰਪੋਜ਼ਲ ਦਾ ਵਿਰੋਧ ਕਰਦੇ ਰਹੇ ਹਨ।
ਇਸੇ ਮਹੀਨੇ 29 ਨਵੰਬਰ ਨੂੰ ਕਮੇਟੀ ਦੇ ਜਨਰਲ ਹਾਊਸ 'ਚ ਨਵਾਂ ਪ੍ਰਧਾਨ ਵੀ ਚੁਣਿਆ ਜਾਣ ਵਾਲਾ ਹੈ।












