ਗੁਜਰਾਤ ’ਚ ਬੀਜੇਪੀ ਕਮਜ਼ੋਰ ਜਾਂ ਕਾਂਗਰਸ ਦੀ ਖ਼ੁਸ਼ਫਹਿਮੀ?

ਤਸਵੀਰ ਸਰੋਤ, Reuters
- ਲੇਖਕ, ਆਰ.ਕੇ. ਮਿਸ਼ਰਾ
- ਰੋਲ, ਬੀਬੀਸੀ ਹਿੰਦੀ ਦੇ ਲਈ
ਗੁਜਰਾਤ ਦੀਆਂ ਵਿਧਾਨਸਭਾ ਚੋਣਾਂ 'ਚ ਜਿੱਤੇ ਕਾਂਗਰਸ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਇਸ ਵਾਰ ਕਾਂਗਰਸ ਗੁਜਰਾਤ ਵਿੱਚ ਉੱਭਰਦੀ ਹੋਈ ਨਜ਼ਰ ਆ ਰਹੀ ਹੈ।
ਬੀਜੇਪੀ ਬੈਕਫੁੱਟ 'ਤੇ ਲੱਗ ਰਹੀ ਹੈ ਪਰ ਅਜਿਹਾ ਨਹੀਂ ਹੈ ਕਿ ਕਾਂਗਰਸ ਲਈ ਕੋਈ ਚੁਣੌਤੀ ਨਹੀਂ।
ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਲੰਬੇ ਸਮੇਂ ਤੋਂ ਸਰਕਾਰ ਵਿੱਚ ਹੈ। ਵੋਟਰਾਂ ਦਾ ਇੱਕ ਹਿੱਸਾ ਅਜਿਹਾ ਵੀ ਹੈ ਜੋ ਸਰਕਾਰ ਤੋਂ ਦੁਖੀ ਹੈ।
ਕਦੇ ਕਾਂਗਰਸ ਨੇ ਬੀਜੇਪੀ ਦਾ ਕਿਲ੍ਹਾ ਢਾਹਿਆ ਸੀ
1955 ਵਿੱਚ ਬੀਜੇਪੀ ਪਹਿਲੀ ਵਾਰ ਸੀਨੀਅਰ ਨੇਤਾ ਕੇਸ਼ੂਭਾਈ ਪਟੇਲ ਸਦਕਾ ਗੁਜਰਾਤ ਵਿੱਚ ਜਿੱਤੀ। ਉਸੇ ਸਾਲ ਭਾਜਪਾ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ ਨੇ ਬਗਾਵਤ ਕਰ ਦਿੱਤੀ।
ਕਾਂਗਰਸ ਦੀ ਮਦਦ ਨਾਲ ਉਨ੍ਹਾਂ ਦੀ ਖੇਤਰੀ ਪਾਰਟੀ ਨੇ ਸਰਕਾਰ ਬਣਾਈ। ਵਾਘੇਲਾ ਮੁੱਖ ਮੰਤਰੀ ਬਣੇ।
16 ਮਹੀਨਿਆਂ ਬਾਅਦ ਖੇਤਰੀ ਪਾਰਟੀ ਰਾਸ਼ਟਰੀ ਜਨਤਾ ਪਾਰਟੀ ਨਾਕਾਮਯਾਬ ਹੋ ਗਈ ਜਦ ਸ਼ੰਕਰ ਸਿੰਘ ਵਾਘੇਲਾ ਨੇ ਛੇਤੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ।
ਸਾਲ 1988 'ਚ ਕੇਸ਼ੂਭਾਈ ਨੇ ਵਾਪਸੀ ਕੀਤੀ ਅਤੇ ਉਸ ਤੋਂ ਬਾਅਦ ਸਾਲ 2001 ਵਿੱਚ ਨਰਿੰਦਰ ਮੋਦੀ ਮੁੱਖ ਮੰਤਰੀ ਬਣੇ।
ਮੋਦੀ ਨੇ ਪਾਰਟੀ ਨੂੰ ਤਿੰਨ ਵਿਧਾਨ ਸਭਾ ਚੋਣਾਂ ਜਿਤਾਈਆਂ ਅਤੇ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਕਾਇਮ ਰਹੇ।
ਗੁਜਰਾਤ 'ਚ ਬੀਜੇਪੀ ਮੁਸੀਬਤ ਵਿੱਚ
ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੀਜੇਪੀ ਮੌਜੂਦਾ ਹਾਲਾਤ ਵਿੱਚ ਕਿਵੇਂ ਪਹੁੰਚੀ।
ਮੋਦੀ ਉਸ ਦੌਰ 'ਚ ਮੁੱਖ ਮੰਤਰੀ ਬਣੇ ਜਦ ਗੁਜਰਾਤ 'ਚ ਭੂਚਾਲ ਆਇਆ ਸੀ ਅਤੇ ਬੀਜੇਪੀ 'ਤੇ ਲੋਕਾਂ ਦਾ ਵਿਸ਼ਵਾਸ ਘਟਦਾ ਜਾ ਰਿਹਾ ਸੀ।

ਤਸਵੀਰ ਸਰੋਤ, Getty Images
ਸਾਲ 2003 ਵਿੱਚ ਚੋਣਾਂ ਹੋਣ ਵਾਲੀਆਂ ਸਨ। ਮੋਦੀ ਕੋਲ ਸਮਾਂ ਘੱਟ ਸੀ। ਉਨ੍ਹਾਂ ਆਪਣੇ ਵਿਧਾਇਕਾਂ ਨੂੰ ਕਿਹਾ ਕਿ ਟੈਸਟ ਮੈਚ ਦਾ ਸਮਾਂ ਨਹੀਂ ਹੈ। ਉਸ ਤੋਂ ਬਾਅਦ ਗੋਧਰਾ ਕਾਂਡ ਹੋਇਆ ਅਤੇ ਪੂਰੇ ਸੂਬੇ ਵਿੱਚ ਫ਼ਿਰਕੂ ਹਿੰਸਾ ਹੋਈ।
ਧਰੂਵੀਕਰਨ ਦੇ ਮਾਹੌਲ 'ਚ 2002 ਦੀਆਂ ਚੋਣਾਂ ਹੁੰਦੀਆਂ ਹਨ ਅਤੇ ਮੋਦੀ ਆਪਣੇ ਤਰੀਕੇ ਨਾਲ ਸੱਤਾ ਵਿੱਚ ਵਾਪਸੀ ਕਰਦੇ ਹਨ। ਮੋਦੀ ਨੇ ਤਿੰਨ ਚੋਣਾਂ ਜ਼ਰਿਏ 4610 ਦਿਨਾਂ ਤੱਕ ਰਾਜ ਕੀਤਾ।
ਮੋਦੀ ਨੇ ਖੁਦ ਨੂੰ ਕੀਤਾ ਮਜਬੂਤ
ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਗੁਜਰਾਤ ਵਿੱਚ ਰਾਜ ਕਰਨ ਤੋਂ ਬਾਅਦ ਮੋਦੀ ਨੇ ਪਾਰਟੀ ਦੇ ਅੰਦਰ ਅਤੇ ਬਾਹਰ ਦੇ ਵਿਰੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ।
ਉਸ ਵੇਲੇ ਮੋਦੀ ਦੇ ਵਿਰੋਧ ਦੀ ਜ਼ਿੰਮੇਵਾਰੀ ਕੇਂਦਰ ਦੀ ਯੂਪੀਏ ਸਰਕਾਰ 'ਤੇ ਸੀ।
ਕੇਸ਼ੂਭਾਈ ਪਟੇਲ, ਕਾਸ਼ੀਰਾਮ ਰਾਣਾ, ਚਿਮਨਾਭਾਈ ਸ਼ੁਕਲਾ ਅਤੇ ਹਰੇਨ ਪਾਂਡਿਆ ਉਨ੍ਹਾਂ ਸੀਨੀਅਰ ਆਗੂਆਂ 'ਚੋਂ ਸਨ ਜਿਨ੍ਹਾਂ ਨੂੰ ਮੋਦੀ ਨੇ ਕਿਨਾਰੇ ਕੀਤਾ।
ਉਸ ਵੇਲੇ ਗੁਜਰਾਤ ਵਿੱਚ ਸੰਘ ਪਰਿਵਾਰ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਸੀ ਮੋਦੀ ਦੇ ਵਫ਼ਾਦਾਰ ਅਤੇ ਦੂਜੇ ਜੋ ਮੋਦੀ ਲਈ ਵੱਧ ਵਫ਼ਾਦਾਰੀ ਨਹੀਂ ਰੱਖਦੇ ਸਨ।
ਮੋਦੀ ਦੇ ਗੁਜਰਾਤ ਛੱਡਣ ਦਾ ਅਸਰ
ਮੋਦੀ ਗੁਜਰਾਤ ਵਿੱਚ ਇੱਕ ਤੋਂ ਬਾਅਦ ਇੱਕ ਚੋਣ ਜਿੱਤਦੇ ਰਹੇ, ਜਿਸ ਦਾ ਮਤਲਬ ਉਨ੍ਹਾਂ ਨੂੰ ਜਨਤਾ ਦੀ ਨਬਜ਼ ਦੀ ਪਛਾਣ ਸੀ।
ਗੁਜਰਾਤ ਵਿੱਚ ਮੋਦੀ ਹੀ ਪਾਰਟੀ ਸੀ ਅਤੇ ਮੋਦੀ ਹੀ ਸਰਕਾਰ ਪਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਜਪਾ ਦੇ ਨਾਲ ਇਹ ਵੀ ਭਰਮ ਟੁੱਟਣ ਲੱਗਾ।

ਤਸਵੀਰ ਸਰੋਤ, AFP, FACEBOOK
ਮੋਦੀ ਨੇ ਗੁਜਰਾਤ 'ਚ ਆਨੰਦੀਬੇਨ ਪਟੇਲ ਨੂੰ ਆਪਣਾ ਵਾਰਿਸ ਚੁਣਿਆ। ਫਿਰ ਉਨ੍ਹਾਂ ਦੀ ਥਾਂ ਸੀਨੀਅਰ ਨੇਤਾ ਵਿਜੇ ਰੂਪਾਣੀ ਨੂੰ ਲਾਇਆ ਗਿਆ।
ਦੋਵੇਂ ਮੋਦੀ ਦਾ ਜਾਦੂ ਦਾ ਬਰਕਰਾਰ ਰੱਖਣ ਵਿੱਚ ਨਾਕਾਮ ਸਾਬਿਤ ਹੋਏ। ਮੋਦੀ ਦੀ ਸਿਆਸੀ ਜੁੱਤੀ ਵਿੱਚ ਕਿਸੇ ਦੇ ਪੈਰ ਪੂਰੇ ਨਹੀਂ ਆਏ।
ਕੌਣ-ਕੌਣ ਹੈ ਭਾਜਪਾ ਲਈ ਚੁਣੌਤੀ
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਪਾਟੀਦਾਰ ਅੰਦੋਲਨ ਭਾਰਤੀ ਜਨਤਾ ਪਾਰਟੀ ਤੋਂ ਹੀ ਸ਼ੁਰੂ ਹੋਇਆ ਸੀ। ਕਿਉਂਕਿ ਜੋ ਇੱਕ ਪਾਟੀਦਾਰ ਮਹਿਲਾ ਮੁੱਖਮੰਤਰੀ ਤੋਂ ਛੁਟਕਾਰਾ ਚਾਹੁੰਦੇ ਸੀ ਪਰ ਸ਼ੇਰ ਦੀ ਸਵਾਰੀ ਕਰਨਾ ਕਦੋਂ ਸੌਖਾ ਹੁੰਦਾ ਹੈ।
ਸਾਰ ਇਹ ਹੈ ਕਿ ਭਾਜਪਾ ਅੱਜ ਜਿੰਨ੍ਹਾਂ ਮੁਸੀਬਤਾਂ ਦਾ ਸਾਹਮਣਾ ਰਹੀ ਹੈ, ਉਨ੍ਹਾਂ 'ਚੋਂ ਕੁਝ ਉਸੇ ਦੀਆਂ ਖੜੀਆਂ ਕੀਤੀਆਂ ਹਨ।
25 ਅਗਸਤ 2015 ਨੂੰ ਹਾਰਦਿਕ ਪਟੇਲ ਦੀ ਰਾਜਨੀਤੀ ਖਤਮ ਹੋਣ ਲੱਗੀ ਸੀ ਪਰ ਅਹਿਮਦਾਬਾਦ ਵਿੱਚ ਪਾਟੀਦਾਰ ਰੈਲੀ 'ਤੇ ਦੇਰ ਰਾਤ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਤੋਂ ਬਾਅਦ ਅੰਦੋਲਨ ਵਿੱਚ ਇੱਕ ਨਵੀਂ ਜਾਨ ਆਈ।
ਇਸੇ ਤਰ੍ਹਾਂ ਅਲਪੇਸ਼ ਠਾਕੋਰ ਨੂੰ ਵੀ ਭਾਜਪਾ ਦੇ ਹੀ ਕੈਬਨਿਟ ਮੰਤਰੀ ਨੇ ਖੜ੍ਹਾ ਕੀਤਾ ਸੀ।

ਤਸਵੀਰ ਸਰੋਤ, Getty Images
ਉਨਾ ਵਿੱਚ ਦਲਿਤਾਂ ਨਾਲ ਜੋ ਵਾਪਰਿਆ ਅਤੇ ਆਨੰਦੀਬੇਨ ਸਰਕਾਰ ਨੇ ਜਿਵੇਂ ਕਾਰਵਾਈ ਕੀਤੀ ਉਸ ਨਾਲ ਜਿਗਨੇਸ਼ ਮੇਵਾਨੀ ਦੀ ਸਿਆਸਤ ਦਾ ਜਨਮ ਹੋਇਆ।
ਜਿਗਨੇਸ਼, ਅਲਪੇਸ਼ ਅਤੇ ਹਾਰਦਿਕ, ਇਹ ਤਿੰਨੋਂ ਗੁਜਰਾਤ ਸਰਕਾਰ ਦੇ ਲਈ ਸਿਰਦਰਦੀ ਹਨ।
ਬੀਜੇਪੀ ਖ਼ਿਲਾਫ਼ ਬਣਿਆ ਮਾਹੌਲ
ਗੁਜਰਾਤ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਹਾਲਾਤ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤੀ ਜਨਤਾ ਪਾਰਟੀ ਦੇ ਗੜ੍ਹ ਵਿੱਚ ਘੁਸਪੈਠ ਕੀਤੀ ਜਾ ਸਕਦੀ ਹੈ। ਇਹੀ ਵਜ੍ਹਾ ਹੈ ਕਿ ਕਾਂਗਰਸ ਇਸਨੂੰ ਸਿਰਫ਼ ਚੋਣ ਮੰਨ ਕੇ ਨਹੀਂ ਚੱਲ ਰਹੀ ਹੈ।
ਭਾਵੇਂ ਇਹ ਸਵਾਲ ਆਪਣੀ ਥਾਂ 'ਤੇ ਹੈ ਕਿ ਜਨਤਾ ਦਾ ਮੂਡ ਇਸ ਵਾਰ ਕਾਂਗਰਸ ਦੇ ਪੱਖ ਵਿੱਚ ਹੈ ਜਾਂ ਉਹ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਜਾਣਾ ਚਾਹੁੰਦੀ ਹੈ।
ਗੁਜਰਾਤ ਵਿੱਚ ਸਾਲ 2015 ਵਿੱਚ ਹੋਈਆਂ ਸਥਾਨਕ ਚੋਣਾਂ ਦੇ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਗਏ ਹਨ।

ਤਸਵੀਰ ਸਰੋਤ, Getty Images
ਪੇਂਡੂ ਅਤੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਕਾਂਗਰਸ ਨੇ ਬੀਜੇਪੀ ਨੂੰ ਬੁਰੇ ਤਰੀਕੇ ਨਾਲ ਮਾਤ ਦਿੱਤੀ ਹੈ।
ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਵਿੱਚ ਮੌਜੂਦਾ ਹਾਲਤ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਬੇਹਤਰ ਕੋਈ ਨਹੀਂ ਸਮਝ ਸਕਦਾ।
ਚੋਣਾਂ ਨਹੀਂ ਜੰਗ
ਜੰਗ ਵਿੱਚ ਸਭ ਜਾਇਜ਼ ਹੁੰਦਾ ਹੈ ਅਤੇ ਮੋਦੀ ਦੇ ਲਈ ਹਰ ਚੋਣ ਜੰਗ ਵਾਂਗ ਹੁੰਦੀ ਹੈ। ਮੋਦੀ ਨੇ ਆਪਣੇ ਜ਼ਖੀਰੇ ਦਾ ਹਰ ਹਥਿਆਰ ਕੱਢ ਲਿਆ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਅਤੇ ਦੋ ਸ਼ੱਕੀ ਖੱਬੇ ਪੱਖੀਆਂ ਦੇ ਨਾਲ ਤਾਰ ਜੋੜਨ ਦੀ ਕੋਸ਼ਿਸ਼ ਵੀ ਇਸ ਜੰਗ ਦਾ ਹਿੱਸਾ ਹੈ।
ਕਾਂਗਰਸੀ ਆਗੂ ਪੀ.ਚਿਦੰਮਬਰਮ ਨੂੰ ਵੀ ਇਸੇ ਤਰਜ 'ਤੇ ਉਨ੍ਹਾਂ ਦੇ ਕਥਿਤ ਕਸ਼ਮੀਰੀ ਬਿਆਨ ਕਰਕੇ ਨਿਸ਼ਾਨੇ 'ਤੇ ਲਿਆ ਗਿਆ।
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਦਾ ਬਹੁਤ ਕੁਝ ਦਾਅ 'ਤੇ ਲੱਗਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਕਰ ਜੇਤੂ ਹੋਣਾ ਹੈ ਤਾਂ ਮੋਦੀ 2017 ਵਿੱਚ ਗੁਜਰਾਤ ਕਿਸੇ ਕੀਮਤ 'ਤੇ ਨਹੀਂ ਹਾਰਨਾ ਚਾਹੁਣਗੇ।












