ਜਸਪਾਲ ਭੱਟੀ: ਇੱਕ ਇੰਜੀਨੀਅਰ ਕਿਵੇਂ ਬਣ ਗਿਆ ‘ਹਾਸਿਆਂ ਦਾ ਬਾਦਸ਼ਾਹ’

ਤਸਵੀਰ ਸਰੋਤ, AFP/Getty Images
ਜਸਪਾਲ ਭੱਟੀ ਨੂੰ ਹਮੇਸ਼ਾ ਇੱਕ ਅਜਿਹੇ ਸਮਾਜਕ ਵਿਅੰਗਕਾਰ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਆਪਣੇ ਟੈਲੀਵਿਜ਼ਨ ਸ਼ੋਅ, ਲੇਖਣੀ ਅਤੇ ਅਦਾਕਾਰੀ ਰਾਹੀਂ ਲੱਖਾਂ ਲੋਕਾਂ ਦੇ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਏ ਹਨ।
80 ਅਤੇ 90 ਦੇ ਦਹਾਕੇ 'ਚ ਦੂਰਦਰਸ਼ਨ 'ਤੇ ਦਿਖਾਏ ਗਏ ਸੀਰੀਅਲ 'ਫਲਾਪ ਸ਼ੋਅ' ਅਤੇ ਉਲਟਾ-ਪੁਲਟਾ ਤੋਂ ਭੱਟੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
3 ਮਾਰਚ 1955 ਨੂੰ ਅੰਮ੍ਰਿਤਸਰ 'ਚ ਜੰਮੇ ਜਸਪਾਲ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਦੀ ਡਿਗਰੀ ਲਈ।
ਆਪਣੇ ਕਾਲਜ ਦੇ ਦਿਨਾਂ 'ਚ ਉਹ ਆਪਣੇ ਨੁੱਕੜ ਨਾਟਕ ‘ਨਾਨਸੈਂਸ ਕਲੱਬ’ ਤੋਂ ਮਸ਼ਹੂਰ ਹੋ ਗਏ ਸਨ।

ਤਸਵੀਰ ਸਰੋਤ, AFP/Getty Images
ਉਨ੍ਹਾਂ ਨੇ ਆਪਣੇ ਜ਼ਿਆਦਾਤਰ ਨਾਟਕਾਂ ਵਿੱਚ ਭ੍ਰਿਸ਼ਟਾਚਾਰ ਅਤੇ ਨੇਤਾਵਾਂ ਦਾ ਬੜੇ ਹੀ ਮਨੋਰੰਜਕ ਢੰਗ ਨਾਲ ਮਜ਼ਾਕ ਉਡਾਇਆ ਹੈ।
ਉਨ੍ਹਾਂ ਦੇ ਲੋਕਪ੍ਰਿਯ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਉਹ ਰੋਜ਼ਮਰਾ ਦੇ ਮੁੱਦਿਆਂ ਨੂੰ ਬੜੇ ਹੀ ਦਿਲਚਸਪ ਅੰਦਾਜ਼ ਪੇਸ਼ ਕੀਤਾ।
ਕਾਰਟੂਨਿਸਟ
ਟੀਵੀ 'ਤੇ ਆਉਣ ਤੋਂ ਪਹਿਲਾਂ ਉਹ ਟ੍ਰਿਬਿਊਨ ਲਈ ਕਾਰਟੂਨ ਬਣਾਇਆ ਕਰਦੇ ਸਨ। ਉਨ੍ਹਾਂ ਦੇ ਪ੍ਰਸਿੱਧ ਨਾਟਕ ਫਲੋਪ ਸ਼ੇਅ ਨੂੰ ਉਨ੍ਹਾਂ ਦੀ ਪਤਨੀ ਸਵਿਤਾ ਭੱਟੀ ਨੇ ਡਾਇਰੈਕਟ ਕੀਤਾ ਬਲਕਿ ਉਸ ਵਿੱਚ ਅਦਾਕਾਰੀ ਵੀ ਕੀਤੀ।
1999 'ਚ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਮਾਹੌਲ ਠੀਕ ਹੈ' ਬਣਾ ਕੇ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ।
ਕਈ ਹਲਕਿਆਂ ਵਿੱਚ ਇਸ ਫਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਵੀ ਉੱਠੀ, ਕਿਉਂਕਿ ਇਸ ਵਿੱਚ ਪੁਲਿਸ ਅਧਿਕਾਰੀਆਂ ਦੇ ਸ਼ਰਾਬੀ ਅਤੇ ਭ੍ਰਿਸ਼ਟ ਹੋਣ ਦਾ ਮਜ਼ਾਕ ਉਡਾਇਆ ਗਿਆ ਸੀ।

ਤਸਵੀਰ ਸਰੋਤ, AFP
ਬਾਅਦ ਵਿੱਚ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਫ਼ਿਲਮ 'ਪਾਵਰ ਕੱਟ' 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ। ਇਸੇ ਫਿਰਮ ਦੀ ਰਿਲੀਜ਼ ਤੋਂ ਪਹਿਲਾਂ ਹੀ 25 ਅਕਤੂਬਰ 2012 ਨੂੰ ਜਸਪਾਲ ਭੱਟੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਹਾਸ ਰਸ ਦੀ ਮਹਾਰਥ ਹਾਸਲ ਸੀ
ਮੋਹਾਲੀ 'ਚ ਆਪਣੇ ਪਲਾਟ 'ਤੇ ਇੱਕ ਬੋਰਡ ਲਗਾ ਰੱਖਿਆ ਸੀ, ਜਿਸ 'ਤੇ ਲਿਖਿਆ ਸੀ ‘ਜਸਪਾਲ ਭੱਟੀ ਦੀ ਆਧਾਰ ਸ਼ਿਲਾ ਫੈਕਟਰੀ’।
ਇਸ ਫੈਕਟਰੀ ਦਾ ਦਾਅਵਾ ਸੀ ਕਿ ਉਹ ਸਾਰੇ ਮੌਕਿਆਂ ਲਈ ਆਧਾਰ ਸ਼ਿਲਾਵਾਂ ਸਪਲਾਈ ਕਰ ਸਕਦੀ ਹੈ।
ਉਨ੍ਹਾਂ ਨੂੰ ਆਮ ਮੁੱਦਿਆਂ ਨੂੰ ਹਾਸ ਰਸ ਰਾਹੀਂ ਜਨਤਾ ਵਿੱਚ ਲੈ ਕੇ ਜਾਣ ਦੀ ਮਹਾਰਤ ਹਾਸਲ ਸੀ।
ਜੋਕ ਫੈਕਟਰੀ
ਜਸਪਾਲ ਭੱਟੀ ਵਿੱਚ ਆਪਣੇ ਆਪ 'ਤੇ ਚੁਟਕਲੇ ਕਰਕੇ ਹਸਾਉਣ ਦੀ ਕਲਾ ਵੀ ਸੀ। ਆਪਣੀ ਵੈੱਬਸਾਈਟ 'ਤੇ ਉਹ ਆਪਣੇ ਆਪ ਦੀ ਪਛਾਣ ਕੁਝ ਇਸ ਤਰ੍ਹਾਂ ਦਿੰਦੇ ਹਨ, "ਮੈਂ ਸੰਡੇ ਟ੍ਰਿਬਿਊਨ 'ਚ ਰੇਗੂਲਰ ਕਾਲਮ ਲਿਖਦਾ ਹਾਂ, ਜਿਸ ਦੇ ਕਾਰਨ ਹੀ ਉਸ ਦੀ ਵਿਕਰੀ ਘੱਟ ਦੀ ਜਾ ਰਹੀ ਹੈ।"

ਤਸਵੀਰ ਸਰੋਤ, AFP
ਆਪਣੇ ਜੀਵਨ ਦੀ ਪਛਾਣ 'ਚ ਉਹ ਆਪਣੇ ਸਾਰੇ ਸਕੂਲਾਂ ਦੇ ਨਾ ਦੱਸਿਆ ਕਰਦੇ ਸਨ, ਜਿੱਥੇ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਦੀ ਟਿੱਪਣੀ ਹੁੰਦੀ ਸੀ, “ਇਸ ਤੋਂ ਇਹ ਬਿਲਕੁਲ ਨਾ ਸਮਝਣਾ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਹਾਂ। ਦਰਅਸਲ ਮੇਰੇ ਅਧਿਆਪਕ ਮੈਨੂੰ ਆਪਣਾ ਸ਼ਾਗਿਰਦ ਕਹਿਣ 'ਚ ਸ਼ਰਮ ਮਹਿਸੂਸ ਕਰਦੇ ਹਨ।”
ਉਨ੍ਹਾਂ ਨੇ ਆਪਣੀ ਪਤਨੀ ਨਾਲ ਮਿਲ ਕੇ ਇੱਕ ਅਦਾਕਾਰੀ ਸਿਖਲਾਈ ਸਕੂਲ ਖੋਲ੍ਹਿਆ ਸੀ ਅਤੇ ਇਸ ਦੇ ਕੰਮ ਦੇ ਮੁਤਾਬਕ ਇਸ ਦਾ ਨਾ ਰੱਖਿਆ ਸੀ, 'ਜੋਕ ਫੈਕਟਰੀ'।
ਜਸਪਾਲ ਭੱਟੀ ਨੂੰ ਭੰਡਾਂ ਦਾ ਕਿੱਤਾ ਖ਼ਤਮ ਹੋਣ ਦਾ ਦੁਖ ਸੀ
ਸਾਲ 2012 ਵਿੱਚ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਾਮੇਡੀ ਦੇ ਬਦਲ ਰਹੇ ਰੂਪ ਉੱਪਰ ਵੀ ਚਰਚਾ ਕੀਤੀ ਸੀ।
ਉਨ੍ਹੀਂ ਦਿਨੀਂ ਸਟੈਂਡ ਕਾਮੇਡੀ ਨਾਲ ਸਬੰਧਿਤ ਕਈ ਟੀਵੀ ਪ੍ਰੋਗਰਾਮ ਸ਼ੁਰੂ ਹੋਏ ਸਨ। ਜਸਪਾਲ ਭੱਟੀ ਨੇ ਇਸ ਦੀ ਸ਼ਲਾਘਾ ਕਰਦੇ ਹੋਏ ਆਖਿਆ ਸੀ ਕਿ ਇਸ ਨਾਲ ਕਾਮੇਡੀ ਕਰਦੇ ਕਲਾਕਾਰਾਂ ਨੂੰ ਰਾਸ਼ਟਰੀ ਪੱਧਰ ਦਾ ਮੰਚ ਮਿਲਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਸੀ ਕਿ ਸਮੇਂ ਦੇ ਨਾਲ ਕਾਮੇਡੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੋ ਰਿਹਾ ਹੈ।

ਇਹ ਵੀ ਪੜ੍ਹੋ-

"ਮੈਨੂੰ ਲੱਗਦਾ ਹੈ ਕਿ ਹੁਣ ਕਾਮੇਡੀ ਵਿੱਚ ਕੁਝ ਹੱਦ ਤੱਕ ਅਸ਼ਲੀਲਤਾ ਵੀ ਸ਼ੁਰੂ ਹੋ ਗਈ ਹੈ ਜੋ ਮੇਰੇ ਮੁਤਾਬਕ ਤੁਸੀਂ ਪਰਿਵਾਰ ਵਿੱਚ ਬੈਠ ਕੇ ਦੇਖ ਸੁਣ ਨਹੀਂ ਸਕਦੇ।"
ਜਸਪਾਲ ਭੱਟੀ ਨੇ ਆਖਿਆ ਸੀ ਕਿ ਪੰਜਾਬ ਵਿੱਚ ਲੋਕਾਂ ਨੂੰ ਹਸਾਉਣ ਲਈ ਭੰਡ ਹੁੰਦੇ ਸਨ ਪਰ ਸਮੇਂ ਦੇ ਨਾਲ ਹਾਲਾਤਾਂ ਮੁਤਾਬਕ ਉਹ ਇਸ ਕਿੱਤੇ ਨੂੰ ਛੱਡ ਕੇ ਹੋਰ ਕਿੱਤੇ ਅਪਣਾ ਰਹੇ ਹਨ ਕਿਉਂਕਿ ਹੁਣ ਇਸ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ।
ਉਨ੍ਹਾਂ ਨੇ ਇਹ ਜ਼ਿਕਰ ਕਰਦੇ ਹੋਏ ਆਖਿਆ ਸੀ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਵਿਚ ਕਈ ਹਾਸ ਕਲਾਕਾਰ ਸਨ ਪਰ ਆਰਥਿਕ ਹਾਲਾਤਾਂ ਕਾਰਨ ਹੁਣ ਉਨ੍ਹਾਂ ਦੀ ਗਿਣਤੀ ਘਟ ਰਹੀ ਹੈ।

ਤਸਵੀਰ ਸਰੋਤ, Jaspal Bhatti/Fb
ਜਦੋਂ ਉਨ੍ਹਾਂ ਨੂੰ 2012 ਵਿੱਚ ਪੁੱਛਿਆ ਗਿਆ ਸੀ ਕਿ ਕਿਹੜੀ ਅਜਿਹੇ ਸਟੈਂਡ ਕਾਮੇਡੀਅਨ ਹਨ 'ਚ ਸਮੇਂ ਵਧੀਆ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ,ਜਸਵਿੰਦਰ ਭੱਲਾ ਅਤੇ ਭਗਵੰਤ ਮਾਨ ਦਾ ਨਾਮ ਲਿਆ ਸੀ। ਉਨ੍ਹਾਂ ਨੇ ਆਖਿਆ ਸੀ ਕਿ ਇਨ੍ਹਾਂ ਕਲਾਕਾਰਾਂ ਨੇ ਕਾਮੇਡੀ ਦੀ ਦੁਨੀਆਂ ਵਿੱਚ ਚੰਗਾ ਨਾਮ ਕਮਾਇਆ ਹੈ।
ਜਸਪਾਲ ਭੱਟੀ ਨੇ ਆਖਿਆ ਸੀ ਕਿ ਰਾਸ਼ਟਰੀ ਪੱਧਰ 'ਤੇ ਕਾਮੇਡੀ ਨਾਲ ਸਬੰਧਿਤ ਪ੍ਰੋਗਰਾਮਾਂ ਵਿਚ ਜਿੱਤ ਹਾਸਿਲ ਕਰਨ ਵਾਲੇ ਜ਼ਿਆਦਾਤਰ ਪੰਜਾਬੀ ਅੰਮ੍ਰਿਤਸਰ ਤੋਂ ਆਉਂਦੇ ਹਨ।
ਉਨ੍ਹਾਂ ਨੇ ਆਖਿਆ ਸੀ ਕਿ ਅੰਮ੍ਰਿਤਸਰ ਅਤੇ ਲਾਹੌਰ ਕਾਫੀ ਨਜ਼ਦੀਕ ਹਨ ਅਤੇ ਲਾਹੌਰ ਵਿੱਚ ਬਹੁਤ ਹਾਸ ਕਲਾਕਾਰ ਹੁੰਦੇ ਹਨ ਅਤੇ ਸ਼ਾਇਦ ਕਿਤੇ ਨਾ ਕਿਤੇ ਇਸ ਦਾ ਅਸਰ ਅੰਮ੍ਰਿਤਸਰ ਦੇ ਕਲਾਕਾਰਾਂ ਉੱਪਰ ਵੀ ਹੈ।
'ਸਾਨੂੰ ਲੱਗਿਆ ਜਿਵੇਂ ਅਸੀਂ ਅਨਾਥ ਹੋ ਗਏ'
2017 ਵਿੱਚ ਕਾਮੇਡੀਅਨ ਅਮਿਤ ਟੰਡਨ ਨੇ ਫਲਾਪ ਸ਼ੋਅ ਦੀ ਟੀਮ ਨਾਲ ਗੱਲ ਕੀਤੀ ਜਿਸ ਵਿੱਚ ਉਨ੍ਹਾਂ ਨੇ ਜਸਪਾਲ ਭੱਟੀ ਨੂੰ ਯਾਦ ਕੀਤਾ ਸੀ।
ਇਸ ਦਾ ਹਿੱਸਾ ਰਹੇ ਬੀਐੱਨ ਸ਼ਰਮਾ ਨੇ ਜਸਪਾਲ ਭੱਟੀ ਨੂੰ ਯਾਦ ਕਰਦੇ ਹੋਏ ਆਖਿਆ ਕਿ ਜਸਪਾਲ ਭੱਟੀ ਦੀ ਲਿਖੀ ਇਕ-ਇਕ ਲਾਈਨ ਆਪਣੇ ਆਪ ਵਿੱਚ ਪੰਚ ਹੁੰਦਾ ਸੀ।ਅੱਜਕੱਲ੍ਹ ਚਾਰ-ਪੰਜ ਲਾਈਨ ਬਾਅਦ ਬਣ ਜਾਂਦਾ ਹੈ ਪਰ ਉਨ੍ਹਾਂ ਦੇ ਹਰੇਕ ਵਾਕ ਵਿੱਚ ਹੀ ਪੰਚ ਹੁੰਦਾ ਸੀ।
"ਮੈਂ ਤਕਰੀਬਨ 90-95 ਫ਼ਿਲਮਾਂ ਕੀਤੀਆਂ ਹਨ ਪਰ ਮੈਨੂੰ ਉਨ੍ਹਾਂ ਵਰਗਾ ਕੋਈ ਲੇਖਕ ਨਹੀਂ ਮਿਲਿਆ। ਉਨ੍ਹਾਂ ਦੇ ਪੱਧਰ ਦਾ ਕੋਈ ਪੈਦਾ ਹੀ ਨਹੀਂ ਹੋਇਆ।"
"ਉਨ੍ਹਾਂ ਨਾਲ ਜੋ ਵੀ ਕੋਈ ਜੁੜਿਆ ਹੋਇਆ ਸੀ, ਅੱਜ ਚੰਗੇ ਪੱਧਰ 'ਤੇ ਕੰਮ ਕਰ ਰਿਹਾ ਹੈ। ਲੋਕ ਮੈਨੂੰ ਬੀਐੱਨ ਸ਼ਰਮਾ ਦੇ ਨਾਮ ਤੋਂ ਨਹੀਂ ਬਲਕਿ ਫਲਾਪ ਸ਼ੋਅ ਦੇ ਬਿੱਲੂ ਬੱਕਰਾ ਕਰਕੇ ਪਛਾਣਦੇ ਹਨ।"

ਤਸਵੀਰ ਸਰੋਤ, Jaspal Bhatti/Fb
"ਜਿਸ ਦਿਨ ਉਨ੍ਹਾਂ ਦੀ ਮੌਤ ਹੋਈ ਅਸੀਂ ਸਵਿਤਾ ਜੀ ਨੂੰ ਆ ਕੇ ਆਖਿਆ ਕਿ ਅਸੀਂ ਅਨਾਥ ਹੋ ਗਏ।"
ਨਾਨਸੈਂਸ ਕਲੱਬ ਦਾ ਹਿੱਸਾ ਰਹੇ ਵਿਨੋਦ ਸ਼ਰਮਾ ਨੇ ਜਸਪਾਲ ਭੱਟੀ ਨੂੰ ਯਾਦ ਕਰਦਿਆਂ ਆਖਿਆ ਕਿ ਉਹ ਸਮਾਜਿਕ ਕੁਰੀਤੀਆਂ ਨੂੰ ਬੜੀ ਖ਼ੂਬਸੂਰਤੀ ਨਾਲ ਉਜਾਗਰ ਕਰਦੇ ਸਨ ਫਿਰ ਚਾਹੇ ਉਹ ਭ੍ਰਿਸ਼ਟਾਚਾਰ ਹੋਵੇ ਜਾਂ ਦਹੇਜ ਪ੍ਰਥਾ।
ਜਸਪਾਲ ਭੱਟੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਪਤਨੀ ਸਵਿਤਾ ਭੱਟੀ ਨੇ ਆਖਿਆ," ਸਾਨੂੰ ਕਿਸੇ ਚੀਜ਼ ਦਾ ਤਜਰਬਾ ਨਹੀਂ ਸੀ।ਉਹ ਆਪਣੀ ਸੂਝ-ਬੂਝ ਨਾਲ ਚੀਜ਼ਾਂ ਕਰ ਦਿੰਦੇ ਸਨ।"
ਜਸਪਾਲ ਭੱਟੀ ਨਾਲ ਕੰਮ ਕਰ ਚੁੱਕੇ ਨੇਹਾ ਸ਼ਰਮਾ ਨੇ ਆਖਿਆ, "ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਮਹਿਲਾ ਕਲਾਕਾਰਾਂ ਦਾ ਕੰਮ ਸਮੇਂ ਸਿਰ ਖ਼ਤਮ ਹੋ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਸੁਰੱਖਿਅਤ ਘਰ ਭੇਜਿਆ ਜਾ ਸਕੇ। ਇਹ ਚੀਜ਼ਾਂ ਸ਼ਾਇਦ ਅੱਜ ਦੇ ਸਮੇਂ ਵਿੱਚ ਨਹੀਂ ਹਨ।"
ਇਹ ਵੀ ਪੜ੍ਹੋ-












