ਕੀ ਮੋਦੀ-ਸ਼ਾਹ ਨੂੰ ਇਹ ਦੇ ਸਕਦਾ ਹੈ ਧੋਬੀ ਪਟਕਾ?

ਤਸਵੀਰ ਸਰੋਤ, Facebook
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਗੁਜਰਾਤੀ ਪੱਤਰਕਾਰ
ਗੁਜਰਾਤ ਵਿੱਚ ਓਬੀਸੀ ਦੇ ਨੇਤਾ ਅਲਪੇਸ਼ ਠਾਕੋਰ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਹੱਕ ਨਿੱਤਰ ਪਏ ਹਨ। ਸਿਆਸੀ ਹਲਕੇ ਹੁਣ ਸਮਝਣ ਲੱਗੇ ਹਨ ਕਿ ਰਾਹੁਲ ਗਾਂਧੀ ਸਹੀ ਪੱਤੇ ਖੇਡ ਰਹੇ ਹਨ।
ਸੋਮਵਾਰ ਨੂੰ ਰਾਹੁਲ ਅਤੇ ਅਲਪੇਸ਼ ਪਹਿਲੀ ਵਾਰ ਗਾਂਧੀਨਗਰ ਵਿੱਚ ਜਨਤਾ ਦੇ ਸਾਹਮਣੇ ਆਉਣਗੇ। ਪਰ ਕੀ ਇਹ ਗੱਠਜੋੜ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮੋਦੀ-ਸ਼ਾਹ ਦੀ ਜੋੜੀ ਨੂੰ ਸਿਆਸੀ ਪਿੜ 'ਚ ਧੋਬੀ ਪਟਕਾ ਮਾਰ ਸਕੇਗਾ ?
ਕੌਣ ਹਨ ਅਲਪੇਸ਼ ਠਾਕੋਰ?
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੀਆਂ 182 ਸੀਟਾਂ ਚੋਂ 70 ਸੀਟਾਂ 'ਤੇ ਜਿੱਤ ਵਿੱਚ ਓਬੀਸੀ ਅਹਿਮ ਭੂਮਿਕਾ ਨਿਭਾਉਣਗੇ।
ਅਲਪੇਸ਼ ਨੇ ਗੁਰਜਾਤ ਵਿੱਚ ਸ਼ਰਾਬ 'ਤੇ ਰੋਕ ਕਨੂੰਨ ਨੂੰ ਸਖ਼ਤ ਬਣਾਉਣ ਲਈ ਮੁਹਿੰਮ ਚਲਾਈ ਸੀ। ਅਲਪੇਸ਼ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਨੇ ਕਨੂੰਨ ਵਿੱਚ ਸੋਧ ਕਰ ਉਸ ਨੂੰ ਹੋਰ ਸਖ਼ਤ ਬਣਾਇਆ।
ਠਾਕੋਰ ਨੇ ਓਬੀਸੀ, ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੀ ਏਕਤਾ ਲਈ ਇੱਕ ਸੰਗਠਨ ਬਣਾਇਆ ਹੈ। ਉਹਨਾਂ ਦਾ ਦਾਅਵਾ ਹੈ ਕਿ ਉਹ ਇਹਨਾਂ ਦੇ ਹੱਕਾਂ ਲਈ ਕੰਮ ਕਰਦੇ ਹਨ।
ਪਿਛਲੇ ਤਿੰਨ ਸਾਲਾਂ ਤੋਂ ਅਲਪੇਸ਼ ਬੇਰੁਜ਼ਗਾਰ ਨੌਜਵਾਨ, ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਲਈ ਰੈਲੀਆਂ ਕਰਦੇ ਆਏ ਹਨ।

ਤਸਵੀਰ ਸਰੋਤ, Getty Images/Facebbok
ਰਾਹੁਲ ਨਾਲ ਕਿਉਂ ਜੁੜੇ ਅਲਪੇਸ਼?
ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਅਲਪੇਸ਼ ਨੇ ਦੱਸਿਆ, "ਮੈਂ ਸੰਵਿਧਾਨ ਨੂੰ ਬਚਾਉਣ ਲਈ ਲੜ ਰਿਹਾ ਹਾਂ। ਬੇਰੁਜ਼ਗਾਰਾਂ ਅਤੇ ਗਰੀਬਾਂ ਲਈ ਲੜ ਰਿਹਾ ਹਾਂ, ਰਾਹੁਲ ਗਾਂਧੀ ਵੀ ਉਹੀ ਕਰ ਰਹੇ ਹਨ।"
ਸੋਮਵਾਰ ਨੂੰ ਪਹਿਲੀ ਵਾਰ ਅਲਪੇਸ਼ ਰਾਹੁਲ ਗਾਂਧੀ ਨਾਲ ਮੰਚ ਸਾਂਝਾ ਕਰ ਗੁਜਰਾਤ ਵਿੱਚ ਰੈਲੀ ਕਰਨਗੇ।
ਅਲਪੇਸ਼ ਨੇ ਕਿਹਾ, "ਅਸੀਂ ਸੱਚੀ ਸਰਕਾਰ ਚਾਹੁੰਦੇ ਹਾਂ, ਇਸ ਲਈ ਕਾਂਗਰਸ ਨਾਲ ਜੁੜੇ। ਸੋਮਵਾਰ ਦੀ ਰੈਲੀ ਵਿੱਚ ਮੈਂ ਗੁਜਰਾਤ ਦੀ ਅਗਲੀ ਸਰਕਾਰ ਦਾ ਨੀਂਹ ਪੱਥਰ ਰੱਖਾਂਗਾ।"
'ਬੂਥਾਂ 'ਤੇ ਚੋਣ ਲੜਣ ਲਈ ਅਸੀਂ ਪਹਿਲਾਂ ਹੀ ਤਿਆਰ ਹਾਂ।'
ਪੱਟੀਦਾਰਾਂ ਨੇ ਬਦਲੀ ਰਾਹ?
ਪੱਟੀਦਰ ਕੋਟਾ ਦੇ ਆਗੂ ਹਾਰਦਿਕ ਪਟੇਲ ਦੇ ਦੋ ਕਰੀਬੀ ਸਾਥੀ ਰੇਸਮਾ ਅਤੇ ਵਰੁਨ ਪਟੇਲ ਭਾਜਪਾ ਨਾਲ ਜੁੜ ਗਏ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਉਹ ਪਾਰਟੀ ਨਾਲ ਸ਼ਾਮਲ ਹੋਏ।
ਰੇਸਮਾ ਨੇ ਦੱਸਿਆ ਕਿ ਭਾਜਪਾ ਨੇ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਪੂਰੀ ਕਰ ਦਿੱਤੀਆਂ ਹਨ। ਇਸ ਲਈ ਉਹਨਾਂ ਦੇ ਖਿਲਾਫ਼ ਜਾਣ ਦੀ ਕੋਈ ਵਜ੍ਹਾ ਨਹੀਂ ਹੈ।

ਤਸਵੀਰ ਸਰੋਤ, Getty Images
ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਧਰਮ ਦੇ ਨਾਂ 'ਤੇ ਰਾਜਨੀਤੀ ਕਰ ਰਹੀ ਹੈ ਅਤੇ ਆਪਣੇ ਮਤਲਬ ਲਈ ਪੱਟੀਦਰਾਂ ਦਾ ਇਸਤੇਮਾਲ ਕਰੇਗੀ।
ਹਾਰਦਿਕ ਨੇ ਸਾਥੀਆਂ ਦੇ ਜਾਣ 'ਤੇ ਟਵੀਟ ਵੀ ਕੀਤਾ, "ਲੋਕ ਮੇਰੇ ਨਾਲ ਹਨ ਅਤੇ ਮੈਂ ਉਹਨਾਂ ਲਈ ਲੜਦਾ ਰਹਾਂਗਾ।"
ਦਲਿਤ ਨੇਤਾ ਜਿਗਨੇਸ਼ ਮੇਵਾਨੀ ਨੂੰ ਵੀ ਕਾਂਗਰਸ ਦਾ ਸੱਦਾ ਹੈ। ਮੇਵਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਪਰ ਕਾਂਗਰਸ ਨਾਲ ਜੁੜਣ ਬਾਰੇ ਅਜੇ ਉਹਨਾਂ ਨੇ ਸੋਚਿਆ ਨਹੀਂ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)












