ਦੁਨੀਆਂ ਦੀ ਸੈਰ 'ਤੇ ਨਿਕਲੀਆਂ ਇੰਡੀਅਨ ਨੇਵੀ ਸੇਲਰਜ਼

ਵੀਡੀਓ ਕੈਪਸ਼ਨ, ਇਕੁਏਟਰ ਨੂੰ ਪਾਰ ਕਰਨ ਦਾ ‘ਰੋਮਾਂਚ’
    • ਲੇਖਕ, ਆਰਤੀ ਕੁਲਕਰਨੀ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਸਮੁੰਦਰੀ ਫ਼ੌਜ ਦੀਆਂ 6 ਅਫ਼ਸਰ ਪੂਰੀ ਦੁਨੀਆਂ ਦਾ ਗੇੜਾ ਲਾਉਣ ਦੇ ਸਫ਼ਰ 'ਤੇ ਹਨ। ਹਾਲ ਵਿੱਚ ਹੀ ਉਨ੍ਹਾਂ ਨੇ ਇਕੁਏਟਰ ਨੂੰ ਪਾਰ ਕੀਤਾ ਹੈ।

ਇਹ ਕੁੜੀਆਂ ਪਹਿਲਾਂ ਵੀ ਇਕੁਏਟਰ ਨੂੰ ਪੰਜ ਵਾਰ ਪਾਰ ਕਰ ਚੁੱਕੀਆਂ ਹਨ। ਪਰ ਇਸ ਵਾਰ ਕੁਝ ਖ਼ਾਸ ਹੈ।

ਭਾਰਤੀ ਸਮੁੰਦਰੀ ਫ਼ੌਜ ਦੀਆਂ 6 ਅਫ਼ਸਰ ਆਈਐੱਨਐੱਸਵੀ ਤਾਰਿਨੀ 'ਤੇ ਦੁਨੀਆਂ ਦਾ ਚੱਕਰ ਲਾਉਂਦਿਆਂ ਹੋਈਆਂ ਇਤਿਹਾਸ ਬਣਾ ਰਹੀਆਂ ਹਨ।

ਲੈਫਟੀਨੈਂਟ ਕਮਾਂਡਰ ਬੀ ਸਵਾਤੀ ਨੇ ਦੱਸਿਆ, "ਸਮੁੰਦਰ ਦੇ ਵਿਚਾਲੇ ਇਕੁਏਟਰ ਨੂੰ ਪਾਰ ਕਰਨਾ ਇੱਕ ਸ਼ਾਨਦਾਰ ਤਜਰਬਾ ਸੀ।''

ਕਾਮਯਾਬੀ ਦਾ ਜਸ਼ਨ

ਸਵਾਤੀ ਨੇ ਅੱਗੇ ਦੱਸਿਆ, "ਉਹ 25 ਸਤੰਬਰ ਦੀ ਸਵੇਰ ਸੀ ਜਦੋਂ ਸਾਡੇ ਨੈਵੀਗੇਸ਼ਨ ਸਿਸਟਮ ਨੇ ਦੱਸਿਆ ਕਿ ਅਸੀਂ ਇਕੁਏਟਰ ਦੇ ਨਜ਼ਦੀਕ ਹਾਂ।"

ਵਿਜਿਆ ਦੇਵੀ

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਵਿਜਿਆ ਦੇਵੀ

"ਅਸੀਂ ਇਕੁਏਟਰ ਪਾਰ ਕਰਨ ਵੇਲੇ ਕਾਊਂਟਡਾਊਨ ਸ਼ੁਰੂ ਕਰ ਦਿੱਤਾ।"

ਸਵਾਤੀ ਨੇ ਇਸ ਸ਼ਾਨਦਾਰ ਪਲ਼ ਨੂੰ ਮਨਾਉਣ ਵਾਸਤੇ ਕੇਕ ਤਿਆਰ ਕੀਤਾ।

ਇਨ੍ਹਾਂ ਮਹਿਲਾ ਸੇਲਰਸ ਨੇ ਆਪਣਾ ਸਫ਼ਰ 10 ਸਤੰਬਰ ਨੂੰ ਗੋਆ ਤੋਂ ਸ਼ੁਰੂ ਕੀਤਾ ਸੀ, ਜੋ ਅਜੇ ਵੀ ਜਾਰੀ ਹੈ।

ਮਹਿਲਾ ਸੇਲਰਸ ਨੇ ਜਸ਼ਨ ਮਨਾਉਣ ਲਈ ਕੇਕ ਕੱਟਿਆ

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਮਹਿਲਾ ਸੇਲਰਸ ਨੇ ਜਸ਼ਨ ਮਨਾਉਣ ਲਈ ਕੇਕ ਕੱਟਿਆ

ਮਹਿਲਾ ਸੇਲਰਸ ਦੀ ਇਸ ਯਾਤਰਾ ਨੂੰ ਪੂਰਾ ਹੋਣ ਵਿੱਚ 7 ਮਹੀਨੇ ਲੱਗਣਗੇ। ਤੇ ਇਹ ਕੁੱਲ 21 ਹਜ਼ਾਰ 600 ਨੋਟਿਕਲ ਮੀਲ ਦਾ ਸਫ਼ਰ ਤੈਅ ਕਰਨਗੀਆਂ।

ਕਿਸੇ ਵੀ ਮਦਦ ਤੋਂ ਦੂਰ

ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਨੇ ਦੱਸਿਆ ਕਿ ਉਹ ਜ਼ਮੀਨ ਤੋਂ 3 ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਹਨ। ਜਿੱਥੇ ਉਹ ਇੱਕਲੇ ਹੀ ਹਨ।

ਵਰਤਿਕਾ ਨੇ ਕਿਹਾ, "ਕੋਈ ਨੇਵੀ ਦਾ ਹੈਲੀਕਾਪਟਰ ਤੁਹਾਡੀ ਮਦਦ ਲਈ ਨਹੀਂ ਪਹੁੰਚ ਸਕਦਾ। ਤੁਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰਨਾ ਹੈ।''

ਉਨ੍ਹਾਂ ਕੋਲ ਉਨ੍ਹਾਂ ਦੀ ਕਿਸ਼ਤੀ 'ਤੇ ਨਵੀਂ ਤਕਨੀਕ ਹੈ। ਅਤੇ ਉਹ ਲਗਾਤਾਰ ਆਪਣੇ ਨੇਵਲ ਬੇਸ ਤੇ ਆਪਣੇ ਪਰਿਵਾਰਾਂ ਨਾਲ ਸੰਪਰਕ ਵਿੱਚ ਹਨ।

ਵਰਤਿਕਾ ਜੋਸ਼ੀ

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਵਰਤਿਕਾ ਜੋਸ਼ੀ

ਇਹ ਨੇਵੀ ਸੇਲਰਸ ਸਮੁੰਦਰ ਵਿਚਾਲੇ ਆਪਣੀ ਮਸਤੀ ਦੇ ਵੀਡੀਓ ਵੀ ਫੇਸਬੁੱਕ 'ਤੇ ਪਾ ਰਹੀਆਂ ਹਨ।

ਜਿਸ ਵਿੱਚ ਉਹ ਪਿਆਜ਼ ਛਿੱਲ ਰਹੀਆਂ ਹਨ, ਕਵਿਤਾ ਬੋਲ ਰਹੀਆਂ ਹਨ ਅਤੇ ਪਾਪ ਗੀਤ ਵੀ ਗਾ ਰਹੀਆਂ ਹਨ।

ਲੈਫਟੀਨੈਂਟ ਪਾਇਲ ਗੁਪਤਾ ਮੁਤਾਬਕ ਸਾਫ਼ ਹਵਾ ਤੇ ਸੂਰਜ ਦੀਆਂ ਕਿਰਣਾ ਉਨ੍ਹਾਂ ਨੂੰ ਵਾਧੂ ਊਰਜਾ ਦੇ ਰਹੀਆਂ ਹਨ।

ਕਿਸ਼ਤੀ ਵਿੱਚ ਮੁਸ਼ਕਿਲ ਹਾਲਾਤ

ਪਾਇਲ ਨੇ ਦਾਲ ਚਾਵਲ ਬਣਾਉਣ ਬਾਰੇ ਵੀ ਦੱਸਿਆ, ਜਿਸ ਬਾਰੇ ਜ਼ਮੀਨ 'ਤੇ ਬੈਠੇ ਕਈ ਭਾਰਤੀਆਂ ਦੀ ਦਿਲਚਸਪੀ ਹੈ।

ਪਾਇਲ ਗੁਪਤਾ

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਪਾਇਲ ਗੁਪਤਾ

ਪਾਇਲ ਨੇ ਦੱਸਿਆ, "ਕਿਸ਼ਤੀ ਵਿੱਚ ਖਾਣਾ ਬਣਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਕਿਸ਼ਤੀ ਬਹੁਤ ਜ਼ਿਆਦਾ ਹਿਲ-ਜੁਲ ਕਰਦੀ ਹੈ।"

"ਜਦੋਂ ਤੱਕ ਤੁਸੀਂ ਇਸ ਕਿਸ਼ਤੀ ਵਿੱਚ ਪੈਰ ਨਹੀਂ ਰੱਖਦੇ, ਤੁਹਾਨੂੰ ਇਸ ਬਾਰੇ ਅੰਦਾਜ਼ਾ ਨਹੀਂ ਹੋਵੇਗਾ।''

ਲੈਫਟੀਨੈਂਟ ਵਿਜੈ ਦੇਵੀ ਮੁਸ਼ਕਿਲ ਹਾਲਾਤ ਦੇ ਬਾਵਜੂਦ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਹੀ ਹੈ।

ਮੁਸ਼ਕਿਲ ਮੁਹਿੰਮ ਦੌਰਾਨ ਮੌਜ ਮਸਤੀ ਵੀ ਹੁੰਦੀ ਹੈ

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਮੁਸ਼ਕਿਲ ਮੁਹਿੰਮ ਦੌਰਾਨ ਮੌਜ ਮਸਤੀ ਵੀ ਹੁੰਦੀ ਹੈ

ਤਣਾਅ ਨੂੰ ਘੱਟ ਕਰਨ ਲਈ ਵਿਜੈ ਦੇਵੀ ਸੂਰਜ ਡੁੱਬਣ ਦੇ ਨਜ਼ਾਰਿਆਂ ਦਾ ਆਨੰਦ ਮਾਣਦੀ ਹੈ ਅਤੇ ਉਨ੍ਹਾਂ ਨਾਲ ਤੈਰਦੀਆਂ ਡਾਲਫਿੰਸ ਦੀਆਂ ਤਸਵੀਰਾਂ ਖਿੱਚਦੀ ਹੈ।

ਆਈਐੱਨਐੱਸਵੀ ਤਰਿਨੀ ਦੀਆਂ ਇਨ੍ਹਾਂ ਸੇਲਰਸ ਦਾ ਮੰਨਣਾ ਹੈ ਕਿ ਸਮੁੰਦਰ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ।

ਜਿਸ ਤਰ੍ਹਾਂ ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ, ਉਸ ਨਾਲ ਇਨ੍ਹਾਂ ਸੇਲਰਸ ਨੂੰ ਖੁਸ਼ੀ ਹੋ ਰਹੀ ਹੈ।

ਅਤੇ ਉਹ ਆਪਣੇ ਦੇਸ ਨੂੰ ਖੁਦ 'ਤੇ ਮਾਣ ਮਹਿਸੂਸ ਕਰਵਾਉਣਾ ਚਾਹੁੰਦੀਆਂ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)