ਨਜ਼ਰੀਆ: ਕੀ ਮੋਦੀ ਦਾ ਜਾਦੂ ਪੈ ਰਿਹਾ ਫ਼ਿੱਕਾ?

ਤਸਵੀਰ ਸਰੋਤ, AFP
- ਲੇਖਕ, ਸ਼ਕੀਲ ਅਖ਼ਤਰ
- ਰੋਲ, ਪੱਤਰਕਾਰ, ਬੀਬੀਸੀ ਉਰਦੂ
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸਤੰਬਰ ਮਹੀਨੇ ਦੀ ਸ਼ੁਰੂਆਤ 'ਚ ਅਮਰੀਕਾ ਦੌਰੇ 'ਤੇ ਗਏ ਸੀ। ਅਮਰੀਕਾ 'ਚ ਰਾਹੁਲ ਗਾਂਧੀ ਨੇ ਕਈ ਥਿੰਕ ਟੈਂਕਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਭਾਰਤ ਦੇ ਮੌਜੂਦਾ ਹਾਲਾਤਾਂ ਅਤੇ ਸਿਆਸਤ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ।
ਉਨ੍ਹਾਂ ਨੇ ਕਈ ਅਖ਼ਬਾਰਾਂ ਨੂੰ ਇੰਟਰਵਿਊ ਵੀ ਦਿੱਤੇ। ਰਾਹੁਲ ਦੇ ਇਸ ਦੌਰੇ ਨੂੰ ਮੀਡੀਆ 'ਚ ਖ਼ਾਸੀ ਥਾਂ ਮਿਲੀ। ਦੌਰੇ ਦੌਰਾਨ ਰਾਹੁਲ ਨੇ ਜੋ ਗੱਲਾਂ ਕਹੀਆਂ, ਉਸ ਦੀ ਵੀ ਖ਼ੂਬ ਵਾਹੋ-ਵਾਹੀ ਹੋਈ।
ਭਾਰਤ 'ਚ ਪਹਿਲੀ ਵਾਰ ਸੱਤਾਧਾਰੀ ਬੀਜੇਪੀ ਨੂੰ ਮਹਿਸੂਸ ਹੋਇਆ ਕਿ ਵਿਦੇਸ਼ਾਂ 'ਚ ਮੋਦੀ ਦਾ ਜਾਦੂ ਫ਼ਿੱਕਾ ਪੈ ਗਿਆ ਹੈ ਤੇ ਰਾਹੁਲ ਗਾਂਧੀ ਨੂੰ ਲੋਕ ਗੰਭੀਰਤਾ ਨਾਲ ਲੈ ਰਹੇ ਹਨ।
ਦੇਸ਼ ਦੀ ਵਿਗੜਦੀ ਹੋਈ ਅਰਥਵਿਵਸਥਾ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਸ਼ੁਰੂ ਹੋ ਗਈ ਹੈ। ਸ਼ੁਰੂ 'ਚ ਅਜਿਹਾ ਲੱਗਿਆ ਸੀ ਕਿ ਮੋਦੀ ਦੇਸ਼ ਦੀ ਅਰਥਵਿਵਸਥਾ ਨੂੰ ਵੱਡੇ ਪੱਧਰ 'ਤੇ ਬਦਲ ਦੇਣਗੇ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਅਜੇ ਤੱਕ ਕੋਈ ਵੱਡਾ ਸੁਧਾਰ ਨਹੀਂ ਹੋਇਆ।

ਤਸਵੀਰ ਸਰੋਤ, AFP
ਭਾਰਤ ਦੀ ਅਰਵਿਵਸਥਾ ਦੀ ਵਿਕਾਸ ਦਰ 6 ਫ਼ੀਸਦ ਤੋਂ ਵੀ ਘੱਟ ਹੋ ਗਈ ਹੈ। ਅਰਵਿਵਸਥਾ 'ਚ ਸੁਸਤੀ ਨੂੰ ਸਾਫ਼ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਰਕਾਰ ਇਸ ਗੱਲ ਦੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਕਿ ਉਨ੍ਹਾਂ ਦੀਆਂ ਨੀਤੀਆਂ ਨਾਲ ਗਰੀਬਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ।
ਗਰੀਬ ਨੂੰ ਫ਼ਾਇਦਾ ਨਹੀਂ
ਆਉਣ ਵਾਲੇ ਮਹੀਨਿਆਂ 'ਚ ਦੇਸ਼ ਦੇ ਕਈ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਮੋਦੀ ਸਰਕਾਰ ਦੀ ਜੋ ਨਿੰਦਾ ਹੋ ਰਹੀ ਹੈ ਅਜਿਹੇ 'ਚ ਬੀਜੇਪੀ ਲਈ ਚੋਣ ਲੜਨਾ ਸੌਖ਼ਾ ਨਹੀਂ ਹੋਵੇਗਾ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਚੋਣਾਂ ਹੋਣੀਆਂ ਹਨ। ਗੁਜਰਾਤ ਚੋਣ ਦਾ ਬੀਜੇਪੀ ਲਈ ਖਾਸ ਮਹੱਤਵ ਹੈ ਕਿਉਂਕਿ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੜ੍ਹ ਮੰਨਿਆ ਜਾਂਦਾ ਹੈ। ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵੀ ਰਹਿ ਚੁਕੇ ਹਨ।
ਬੀਜੇਪੀ ਗੁਜਰਾਤ ਵਿੱਚ ਲੰਬਾ ਸਮਾਂ ਸੱਤਾ ਵਿੱਚ ਰਹੀ ਹੈ। ਗੁਜਰਾਤ ਵਿੱਚ ਇਸ ਵੇਲੇ ਜੋ ਮਾਹੌਲ ਹੈ ਉਸ 'ਚ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਪਰ ਕੀ ਕਾਂਗਰਸ ਇਸਦਾ ਫ਼ਾਇਦਾ ਲੈ ਸਕੇਗੀ? ਅਮਰੀਕਾ ਤੋਂ ਪਰਤਣ ਤੋਂ ਬਾਅਦ ਰਾਹੁਲ ਗੁਜਰਾਤ ਦੌਰੇ 'ਤੇ ਗਏ। ਗੁਜਰਾਤ 'ਚ ਰਾਹੁਲ ਨੇ ਦੌਰੇ ਦੀ ਸ਼ੁਰੂਆਤ ਇੱਕ ਵੱਡੇ ਮੰਦਰ 'ਚ ਪੂਜਾ ਕਰਕੇ ਕੀਤੀ।

ਤਸਵੀਰ ਸਰੋਤ, AFP
ਰਾਹੁਲ ਗੁਜਰਾਤ 'ਚ ਕਈ ਥਾਵਾਂ 'ਤੇ ਗਏ। ਉਨ੍ਹਾਂ ਦੇ ਹਰ ਦੌਰੇ 'ਚ ਕਿਸੇ ਨਾ ਕਿਸੇ ਮੰਦਰ 'ਚ ਪੂਜਾ ਦਾ ਪ੍ਰੋਗ੍ਰਾਮ ਤੈਅ ਸੀ। ਰਾਹੁਲ ਦਾ ਮੰਦਰਾਂ 'ਚ ਜਾ ਕੇ ਪੂਜਾ ਕਰਨਾ ਵੀ ਮੀਡੀਆ ਦੀ ਸੂਰਖ਼ੀਆਂ 'ਚ ਰਿਹਾ।
ਨਰਮ ਹਿੰਦੂਵਾਦ ਦਾ ਸਹਾਰਾ
ਕਈ ਸਿਆਸੀ ਟਿੱਪਣੀਕਾਰਾਂ ਦਾ ਮੰਨਣਾ ਹੈ ਕਿ ਰਾਹੁਲ ਦਾ ਮੰਦਰ ਜਾਣਾ ਕਾਂਗਰਸ ਦੀ ਸੋਚੀ ਸਮਝੀ ਸਿਆਸਤ ਦਾ ਹਿੱਸਾ ਹੈ।
ਸਿਆਸੀ ਟਿੱਪਣੀਕਾਰਾਂ ਮੁਤਾਬਿਕ ਕਾਂਗਰਸ ਸੱਤਾ 'ਚ ਵਾਪਸੀ ਕਰਨ ਲਈ ਨਰਮ ਹਿੰਦੂਵਾਦ ਦਾ ਸਹਾਰਾ ਲੈ ਰਹੀ ਹੈ। ਬੀਜੇਪੀ ਕਾਂਗਰਸ ਦੀ ਧਰਮ-ਨਿਰਪੱਖਤਾ 'ਤੇ ਹਮੇਸ਼ਾ ਸਵਾਲ ਖੜ੍ਹੇ ਕਰਦੀ ਆਈ ਹੈ। ਰਾਹੁਲ ਗਾਂਧੀ ਦੇ ਗੁਜਰਾਤ ਦੌਰੇ ਨੂੰ ਸਫ਼ਲ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਕਾਂਗਰਸ ਲਈ ਇਹ ਚੋਣ ਕਾਫ਼ੀ ਅਹਿਮ ਹੈ। ਜੇਕਰ ਕਾਂਗਰਸ ਗੁਜਰਾਤ ਵਿਧਾਨ ਸਭਾ ਚੋਣ ਜਿੱਤ ਜਾਂਦੀ ਹੈ ਤਾਂ ਦੇਸ਼ ਦੀ ਸਿਆਸਤ ਵਿੱਚ ਇਹ ਇੱਕ ਵੱਡਾ 'ਗੇਮਚੇਂਜਰ' ਹੋਵੇਗਾ।

ਤਸਵੀਰ ਸਰੋਤ, Twitter/officeofrg
ਸੱਤਾ ਬਦਲਣ ਦੇ ਆਸਾਰ
ਗੁਜਰਾਤ ਵਿੱਚ ਸੱਤਾ ਬਦਲਣ ਦੇ ਆਸਾਰ ਹਨ, ਪਰ ਇੱਕ ਮਜ਼ਬੂਤ ਵਿਕਲਪ ਦੀ ਤਲਾਸ਼ ਹੈ। ਜੇਕਰ ਕਾਂਗਰਸ ਨੂੰ ਲੱਗਦਾ ਹੈ ਕਿ ਉਹ ਬੀਜੇਪੀ ਦੇ ਤਿੱਖ਼ੇ ਹਿੰਦੂਵਾਦ ਦਾ ਮੁਕਾਬਲਾ ਨਰਮ ਹਿੰਦੂਵਾਦ ਨਾਲ ਕਰ ਸਕੇਗੀ ਤਾਂ ਚੋਣ ਜਿੱਤਣੀ ਮੁਸ਼ਕਿਲ ਹੋ ਜਾਵੇਗੀ। ਜੇਕਰ ਕਾਂਗਰਸ ਸੱਤਾ 'ਚ ਵਾਪਸੀ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਮਜ਼ਬੂਤ ਵਿਕਲਪ ਤੇ ਮੁੱਦਿਆਂ ਦੇ ਨਾਲ ਆਉਣਾ ਪਵੇਗਾ।
ਕਾਂਗਰਸ ਦਾ ਭ੍ਰਿਸ਼ਟਾਚਾਰ ਖ਼ਿਲਾਫ ਸਖ਼ਤ ਇਰਾਦਾ ਹੋਣਾ ਚਾਹੀਦਾ ਹੈ ਤੇ ਪਾਰਟੀ ਨੂੰ ਸਾਬਿਤ ਕਰਨਾ ਹੋਵੇਗਾ ਕਿ ਸੂਬੇ ਦੀ ਮੌਜੂਦਾ ਸਰਕਾਰ ਤੋਂ ਉਨ੍ਹਾਂ ਦੀ ਸਰਕਾਰ ਬੇਹਤਰ ਹੋਵੇਗੀ। ਕਾਂਗਰਸ ਨੂੰ ਤਿਆਰੀ ਨਾਲ ਸਮੇਂ ਸਿਰ ਜਨਤਾ ਵਿਚਾਲੇ ਆਉਣਾ ਹੋਵੇਗਾ। ਰਾਹੁਲ ਗਾਂਧੀ ਨੂੰ ਨੀਤੀਆ ਤੇ ਮੁੱਦਿਆ ਨੂੰ ਸੁਧਾਰਨਾ ਚਾਹੀਦਾ ਹੈ।
ਰਾਹੁਲ ਗਾਂਧੀ ਮੋਦੀ ਦੀ ਅਲੋਚਨਾ ਕਰਨ ਦੀ ਬਜਾਏ ਆਪਣੇ ਕੰਮਾਂ ਨੂੰ ਜਨਤਾ ਵਿੱਚ ਲੈ ਕੇ ਜਾਣ। ਗੁਜਰਾਤ ਚੋਣ ਕਾਂਗਰਸ ਦੇ ਲਈ ਇੱਕ ਚੰਗਾ ਮੌਕਾ ਹੈ। ਪਰ ਇਸਨੂੰ ਆਪਣੀ ਝੋਲੀ 'ਚ ਪਾਉਣ ਲਈ ਕਾਂਗਰਸ ਕੋਲ ਠੋਸ ਰਣਨੀਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












