ਸੁਖਵਿੰਦਰ ਮਿੱਠੂ ਨੇ ਅਦਾਲਤੀ ਫਸਲੇ ‘ਤੇ ਜਤਾਈ ਤਸੱਲੀ

ਤਸਵੀਰ ਸਰੋਤ, justiceforjassi.com
ਜੈਪੁਰ ਵਿੱਚ ਬੈਠੇ ਜੱਸੀ ਸਿੱਧੂ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਨੂੰ ਜਦੋਂ ਕੈਨੇਡਾ ਦੀ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤਸੱਲੀ ਪ੍ਰਗਟ ਕੀਤੀ।
ਜੱਸੀ ਸਿੱਧੂ ਕਤਲ ਕੇਸ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ।
23 ਸਾਲ ਪਹਿਲਾਂ ਸ਼ੁਰੂ ਹੋਈ ਪ੍ਰੇਮ ਕਹਾਣੀ
ਸੁਖਵਿੰਦਰ ਮਿੱਠੂ ਮੁਤਾਬਿਕ 1994 ਵਿੱਚ ਜਗਰਾਓਂ ਦੇ ਕਮਲ ਚੌਕ ਨੇੜੇ ਜਦੋਂ ਸੁਖਵਿੰਦਰ ਸਵਾਰੀ ਟੈਂਪੂ ਦਾ ਇੰਤਜ਼ਾਰ ਕਰ ਰਿਹਾ ਸੀ, ਉਸੇ ਵਕਤ ਸੁਖਵਿੰਦਰ ਨੇ ਜੱਸੀ ਨੂੰ ਪਹਿਲੀ ਵਾਰ ਦੇਖਿਆ।
ਹੌਲੀ-ਹੌਲੀ ਦੋਹਾਂ ਵਿਚਾਲੇ ਪਿਆਰ ਦਾ ਰਿਸ਼ਤਾ ਕਾਇਮ ਹੋ ਗਿਆ। ਸਾਲ ਬਾਅਦ 1995 'ਚ ਜੱਸੀ ਕੈਨੇਡਾ ਪਰਤ ਗਈ।
ਜੱਸੀ ਦੇ ਪਰਿਵਾਰ ਤੋਂ ਚੋਰੀ ਹੋਇਆ ਵਿਆਹ
ਸੁਖਵਿੰਦਰ ਮਿੱਠੂ ਮੁਤਾਬਿਕ ਚਿੱਠੀਆਂ ਰਾਹੀਂ ਉਸਦਾ ਸੰਪਰਕ ਜੱਸੀ ਨਾਲ ਬਣਿਆ ਰਿਹਾ। 1999 ਵਿੱਚ ਜੱਸੀ ਨੇ ਭਾਰਤ ਪਰਤ ਕੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਸੁਖਵਿੰਦਰ ਮਿੱਠੂ ਨਾਲ ਵਿਆਹ ਕਰਵਾ ਲਿਆ।
ਮਗਰੋਂ ਬਾਬਾ ਬਕਾਲਾ ਵਿਖੇ ਵਿਆਹ ਰਜਿਸਟਰਡ ਵੀ ਕਰਵਾਇਆ। ਇਸ ਵਿਆਹ ਬਾਰੇ ਜੱਸੀ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ।
ਪਤਾ ਲੱਗਣ 'ਤੇ ਪਰਿਵਾਰ ਵੱਲੋਂ ਵਿਰੋਧ
ਸੁਖਵਿੰਦਰ ਮਿੱਠੂ ਮੁਤਾਬਿਕ ਜਦੋਂ ਜੱਸੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜੱਸੀ ਤੋਂ ਦਸਖ਼ਤ ਕਰਵਾ ਕੇ ਇੱਕ ਪੱਤਰ ਜਗਰਾਓਂ ਪੁਲਿਸ ਨੂੰ ਭੇਜਿਆ।
ਫਿਰ ਪੁਲਿਸ ਨੇ ਮਿੱਠੂ ਤੇ ਉਸਦੇ ਦੋਸਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਭਣਕ ਪੈਣ 'ਤੇ ਜੱਸੀ ਨੇ ਪੁਲਿਸ ਨੂੰ ਪੱਤਰ ਭੇਜਿਆ। ਜਿਸ ਤੋਂ ਬਾਅਦ ਮਿੱਠੂ ਛੁਟ ਗਿਆ।
ਇਸਦੇ ਮਗਰੋਂ ਜੱਸੀ ਭਾਰਤ ਆ ਗਈ ਤੇ ਦੋਵੇਂ ਇੱਕਠੇ ਰਹਿਣ ਲੱਗੇ
'ਹਮਲੇ ਦਾ ਦਿਨ ਨਹੀਂ ਭੁੱਲਦਾ'
ਸੁਖਵਿੰਦਰ ਸਿੰਘ ਮਿੱਠੂ ਮੁਤਾਬਿਕ 8 ਜੂਨ 2000 ਨੂੰ ਜਦੋਂ ਉਹ ਜੱਸੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਵੱਲ ਜਾ ਰਿਹਾ ਸੀ, ਉਸੇ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ।
ਹਮਲਾਵਰ ਮਿੱਠੂ ਨੂੰ ਮਰਿਆ ਮੰਨ ਕੇ ਚਲੇ ਗਏ, ਪਰ ਜੱਸੀ ਨੂੰ ਨਾਲ ਲੈ ਗਏ। ਬਾਅਦ ਵਿੱਚ ਜੱਸੀ ਦੀ ਲਾਸ਼ ਪਾਸ ਦੀ ਨਹਿਰ ਨੇੜੇ ਮਿਲੀ।
2012 ਵਿੱਚ ਜਾਰੀ ਹੋਏ ਸੀ ਵਰੰਟ
ਤਾਜ਼ਾ ਫੈਸਲੇ ਤੋਂ ਪਹਿਲਾਂ ਜਨਵਰੀ 2012 ਵਿੱਚ ਹਵਾਲਗੀ ਕਨੂੰਨ ਤਹਿਤ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਤੇ ਮਾਮੇ ਸੁਰਜੀਤ ਬੰਦੇਸ਼ਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸੀ।












