'ਵਿਆਹ ਬੰਬ' ਮਾਮਲਾ: ਵਿਆਹ ਦੇ 5 ਦਿਨਾਂ ਬਾਅਦ ਹੀ ਲਾੜੇ ਨੂੰ ਪਾਰਸਲ ਭੇਜ ਕੇ ਮਾਰਨ ਵਾਲੇ ਨੂੰ ਉਮਰ ਕੈਦ, ਕੀ ਹੈ ਪੂਰਾ ਮਾਮਲਾ

ਵਿਆਹ ਸਮਾਗਮ ਵਿੱਚ ਸੌਮਿਆ ਸ਼ੇਖਰ ਸਾਹੂ ਅਤੇ ਉਨ੍ਹਾਂ ਦੀ ਪਤਨੀ ਰੀਮਾ
ਤਸਵੀਰ ਕੈਪਸ਼ਨ, ਵਿਆਹ ਸਮਾਗਮ ਵਿੱਚ ਸੌਮਿਆ ਸ਼ੇਖਰ ਸਾਹੂ ਅਤੇ ਉਨ੍ਹਾਂ ਦੀ ਪਤਨੀ ਰੀਮਾ
    • ਲੇਖਕ, ਸੰਦੀਪ ਸਾਹੂ ਅਤੇ ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਓਡੀਸ਼ਾ ਦੇ ਬਹੁ-ਚਰਚਿਤ ਪਟਨਾਗੜ੍ਹ ਪਾਰਸਲ ਬੰਬ ਮਾਮਲੇ ਵਿੱਚ, ਇੱਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਪੁੰਜੀਲਾਲ ਮੇਹਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

23 ਫਰਵਰੀ, 2018 ਨੂੰ ਓਡੀਸ਼ਾ ਦੇ ਬਲਾਂਗੀਰ ਜ਼ਿਲ੍ਹੇ ਦੇ ਪਟਨਾਗੜ੍ਹ ਕਸਬੇ ਵਿੱਚ ਹੋਏ ਇਸ ਬੰਬ ਧਮਾਕੇ ਵਿੱਚ ਸਾਫਟਵੇਅਰ ਇੰਜੀਨੀਅਰ ਸੌਮਿਆ ਸ਼ੇਖਰ ਸਾਹੂ (26) ਅਤੇ ਉਨ੍ਹਾਂ ਦੀ ਦਾਦੀ ਜੇਮਾਮਨੀ ਮੇਹਰ ਦੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੀ ਪਤਨੀ ਰੀਮਾ ਗੰਭੀਰ ਜ਼ਖਮੀ ਹੋ ਗਈ ਸੀ।

ਇਸ ਘਟਨਾ ਤੋਂ ਸਿਰਫ਼ ਪੰਜ ਦਿਨ ਪਹਿਲਾਂ ਸੌਮਿਆ ਸ਼ੇਖਰ ਅਤੇ ਰੀਮਾ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ ਤੋਂ ਕੁਝ ਦਿਨ ਬਾਅਦ ਸੌਮਿਆ ਸ਼ੇਖਰ ਦੇ ਘਰ ਇੱਕ ਤੋਹਫ਼ਾ ਭੇਜਿਆ ਗਿਆ ਸੀ।

ਜਦੋਂ ਪਤੀ-ਪਤਨੀ ਨੇ ਇਸ ਤੋਹਫ਼ੇ ਦੇ ਪੈਕੇਟ ਨੂੰ ਖੋਲ੍ਹਿਆ, ਤਾਂ ਇਹ ਫਟ ਗਿਆ। ਇਹ ਮਾਮਲਾ 'ਵਿਆਹ ਬੰਬ' ਮਾਮਲੇ ਵਜੋਂ ਮਸ਼ਹੂਰ ਹੋ ਗਿਆ।

ਫ਼ੈਸਲੇ ਤੋਂ ਬਾਅਦ, ਸਰਕਾਰੀ ਵਕੀਲ ਚਿਤਰੰਜਨ ਕਾਨੂੰਗੋ ਨੇ ਕਿਹਾ ਕਿ ਅਦਾਲਤ ਨੇ ਮੇਹਰ ਨੂੰ ਆਈਪੀਸੀ ਦੀ ਧਾਰਾ 302 (ਕਤਲ), ਧਾਰਾ 307 (ਕਤਲ ਦੀ ਕੋਸ਼ਿਸ਼), ਧਾਰਾ 201 (ਸਬੂਤ ਲੁਕਾਉਣਾ) ਅਤੇ ਭਾਰਤੀ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਦੋ ਉਮਰ ਕੈਦ, ਦਸ-ਦਸ ਸਾਲ ਦੀਆਂ ਦੋ ਸਜ਼ਾਵਾਂ ਅਤੇ ਸੱਤ ਸਾਲ ਦੀ ਇੱਕ ਸਜ਼ਾ ਸੁਣਾਈ ਹੈ।

ਇਹ ਸਾਰੀਆਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ। ਅਦਾਲਤ ਨੇ ਮੇਹਰ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ 1 ਲੱਖ 70 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਕਾਨੂੰਗੋ ਨੇ ਕਿਹਾ, "ਅਦਾਲਤ ਨੇ ਸਵੀਕਾਰ ਕੀਤਾ ਕਿ ਇਹ ਇੱਕ ਘਿਨਾਉਣਾ ਅਪਰਾਧ ਸੀ, ਪਰ ਇਸ ਨੇ ਸਰਕਾਰ ਦੀ ਇਸ ਦਲੀਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ 'ਦੁਰਲੱਭ ਵਿੱਚੋਂ ਦੁਰਲੱਭ' ਮਾਮਲਾ ਸੀ। ਅਦਾਲਤ ਨੇ ਮੇਹਰ ਦੀ ਮੌਤ ਦੀ ਸਜ਼ਾ ਦੀ ਮੰਗ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।"

ਵਿਆਹ ਬੰਬ
ਤਸਵੀਰ ਕੈਪਸ਼ਨ, ਬੰਬ ਧਮਾਕੇ ਤੋਂ ਬਾਅਦ ਸੌਮਿਆ ਸ਼ੇਖਰ ਦੇ ਘਰ ਦੀ ਰਸੋਈ ਦੀ ਹਾਲਤ (ਫਾਈਲ ਫੋਟੋ)

ਕੀ ਹੈ ਮਾਮਲਾ

23 ਫਰਵਰੀ ਨੂੰ ਆਪਣੇ ਵਿਆਹ ਤੋਂ ਪੰਜ ਦਿਨਾਂ ਬਾਅਦ ਗਰਮੀਆਂ ਦੀ ਦੁਪਹਿਰ ਵੇਲੇ 26 ਸਾਲਾ ਸਾਫਟਵੇਅਰ ਇੰਜੀਨੀਅਰ ਸੌਮਿਆ ਸ਼ੇਖਰ ਸਾਹੂ ਅਤੇ ਉਨ੍ਹਾਂ ਦੀ 22 ਸਾਲਾ ਪਤਨੀ ਰੀਮਾ ਓਡੀਸ਼ਾ ਦੇ ਕਸਬੇ, ਪਟਨਾਗੜ੍ਹ ਵਿੱਚ ਆਪਣੇ ਨਵੇਂ ਬਣੇ ਘਰ ਦੀ ਰਸੋਈ ਵਿੱਚ ਖਾਣਾ ਬਣਾ ਰਹੇ ਸਨ।

ਉਹ ਬੈਂਗਣ ਗਰਿੱਲ ਕਰਨ ਅਤੇ ਦੁਪਹਿਰ ਦੇ ਖਾਣੇ ਲਈ ਕੁਝ ਸੂਪ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਇਸੇ ਦੌਰਾਨ ਸੌਮਿਆ ਨੇ ਆਪਣੇ ਗੇਟ ʼਤੇ ਘੰਟੀ ਦੀ ਆਵਾਜ਼ ਸੁਣੀ।

ਇੱਕ ਡਿਲੀਵਰੀ ਮੈਨ ਬਾਹਰ ਖੜ੍ਹਾ ਸੀ, ਜਿਸ ਕੋਲ ਉਨ੍ਹਾਂ ਦੇ ਨਾਮ ਦਾ ਇੱਕ ਪਾਰਸਲ ਸੀ।

ਡੱਬੇ 'ਤੇ ਇੱਕ ਫਟਿਆ ਹੋਇਆ ਸਟਿੱਕਰ ਸੀ, ਜਿਸ ʼਤੇ ਲਿਖਿਆ ਸੀ ਕਿ ਇਹ ਐੱਸਕੇ ਸ਼ਰਮਾ ਨੇ ਰਾਏਪੁਰ ਤੋਂ ਭੇਜਿਆ ਸੀ, ਜੋ ਕਿ ਲਗਭਗ 230 ਕਿਲੋਮੀਟਰ (142 ਮੀਲ) ਦੂਰ ਹੈ।

ਰੀਮਾ ਨੂੰ ਯਾਦ ਹੈ ਕਿ ਉਨ੍ਹਾਂ ਦੇ ਪਤੀ ਨੇ ਰਸੋਈ ਵਿੱਚ ਡੱਬਾ ਖੋਲ੍ਹਿਆ ਸੀ ਅਤੇ ਉਨ੍ਹਾਂ ਨੂੰ ਹਰੇ ਕਾਗਜ਼ ਨਾਲ ਢੱਕਿਆ ਇੱਕ ਪਾਰਸਲ ਮਿਲਿਆ ਜਿਸ ਵਿੱਚੋਂ ਇੱਕ ਚਿੱਟਾ ਧਾਗਾ ਨਿਕਲਿਆ ਹੋਇਆ ਸੀ।

ਉਸੇ ਦੌਰਾਨ ਉਨ੍ਹਾਂ ਦੀ 85 ਸਾਲਾ ਦਾਦਾ ਜੇਮਾਮਨੀ ਸਾਹੂ ਪਿਛਿਓਂ ਇਹ ਦੇਖਣ ਆਏ ਸਨ ਕਿ ਪਾਰਸਲ ਵਿੱਚ ਕੀ ਹੈ।

ਦੋਸ਼ੀ ਪੁੰਜੀਲਾਲ ਮੇਹਰ

ਤਸਵੀਰ ਸਰੋਤ, Facebook/Punji Lal Meher

ਤਸਵੀਰ ਕੈਪਸ਼ਨ, ਦੋਸ਼ੀ ਪੁੰਜੀਲਾਲ ਮੇਹਰ

'ਹੈਰਾਨੀਜਨਕ ਤੋਹਫ਼ਾ'

ਸੌਮਿਆ ਸ਼ੇਖਰ ਨੇ ਆਪਣੀ ਪਤਨੀ ਨੂੰ ਕਿਹਾ, "ਇਹ ਵਿਆਹ ਦੇ ਤੋਹਫ਼ੇ ਵਰਗਾ ਲੱਗਦਾ ਹੈ। ਸਿਰਫ਼ ਇੱਕ ਚੀਜ਼ ਸਮਝ ਨਹੀਂ ਆ ਰਹੀ ਕਿ ਇਹ ਕਿਸੇ ਨੇ ਭੇਜਿਆ ਹੈ। ਮੈਂ ਰਾਏਪੁਰ ਵਿੱਚ ਕਿਸੇ ਨੂੰ ਨਹੀਂ ਜਾਣਦਾ।"

ਜਿਵੇਂ ਹੀ ਉਨ੍ਹਾਂ ਨੇ ਧਾਗਾ ਖਿੱਚਿਆ, ਰੌਸ਼ਨੀ ਦੀ ਇੱਕ ਚਮਕ ਆਈ ਅਤੇ ਇੱਕ ਵੱਡਾ ਧਮਾਕਾ ਹੋਇਆ ਜਿਸ ਨੇ ਰਸੋਈ ਨੂੰ ਹਿਲਾ ਕੇ ਰੱਖ ਦਿੱਤਾ।

ਤਿੰਨੇ ਹੀ ਹੇਠਾਂ ਡਿੱਗ ਗਏ, ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਧਮਾਕੇ ਨੇ ਛੱਤ ਤੋਂ ਪਲਾਸਟਰ ਪਾੜ ਦਿੱਤਾ, ਪਾਣੀ ਸ਼ੁੱਧ ਕਰਨ ਵਾਲੀ ਮਸ਼ੀਨ ਨੂੰ ਉਡਾ ਦਿੱਤਾ, ਰਸੋਈ ਦੀ ਖਿੜਕੀ ਨਾਲ ਲੱਗਦੇ ਖੇਤ ਵਿੱਚ ਉੱਡ ਗਈ ਅਤੇ ਹਰੇ ਰੰਗ ਦੀਆਂ ਕੰਧਾਂ ਨੂੰ ਤੋੜ ਦਿੱਤਾ।

ਤਿੰਨੇ ਖੂਨ ਨਾਲ ਲੱਥਪੱਥ ਫਰਸ਼ 'ਤੇ ਦਰਦ ਨਾਲ ਕਰਾਹ ਰਹੇ ਸਨ। ਜੇਮਾਮਨੀ ਸਾਹੂ ਅੱਗ ਵਿੱਚ ਸੜ ਰਹੀ ਸੀ। ਸੌਮਿਆ ਸ਼ੇਖਰ ਹੋਸ਼ ਗੁਆਉਣ ਤੋਂ ਪਹਿਲਾਂ ਚੀਕੇ, "ਮੈਨੂੰ ਬਚਾਓ। ਮੈਨੂੰ ਲੱਗਦਾ ਹੈ ਕਿ ਮੈਂ ਮਰ ਰਿਹਾ ਹਾਂ।"

ਇਹ ਆਖ਼ਰੀ ਵਾਰ ਸੀ ਜਦੋਂ ਰੀਮਾ ਨੇ ਆਪਣੇ ਪਤੀ ਨੂੰ ਬੋਲਦੇ ਸੁਣਿਆ ਸੀ।

ਵਿਆਹ ਬੰਬ

ਅੱਗ ਨਾਲ ਉਨ੍ਹਾਂ ਦਾ ਚਿਹਰਾ ਅਤੇ ਬਾਹਾਂ ਸੜ੍ਹ ਗਈਆਂ ਸਨ। ਧੂੰਏਂ ਨਾਲ ਉਨ੍ਹਾਂ ਦੇ ਫੇਫੜੇ ਭਰ ਗਏ ਸਨ, ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

ਉਨ੍ਹਾਂ ਦੇ ਕੰਨ ਦਾ ਪਰਦਾ ਫੱਟ ਗਿਆ ਸੀ, ਇਸ ਲਈ ਉਨ੍ਹਾਂ ਨੂੰ ਘਬਰਾਏ ਹੋਏ ਗੁਆਂਢੀਆਂ ਦੇ ਅੰਦਰ ਆਉਣ ਅਤੇ ਪੁੱਛਣ ਦੀ ਆਵਾਜ਼ ਸੁਣਨ ਵਿੱਚ ਮੁਸ਼ਕਲ ਆ ਰਹੀ ਸੀ ਕਿ ਕਿਤੇ ਖਾਣਾ ਪਕਾਉਣ ਵਾਲਾ ਗੈਸ ਸਿਲੰਡਰ ਫਟ ਗਿਆ ਹੈ।

ਉਨ੍ਹਾਂ ਦੀ ਨਜ਼ਰ ਧੁੰਦਲੀ ਹੋ ਰਹੀ ਸੀ ਕਿਉਂਕਿ ਮਲਬਾ ਉਨ੍ਹਾਂ ਦੀਆਂ ਅੱਖਾਂ ਵਿੱਚ ਭਰ ਗਿਆ ਸੀ।

ਫਿਰ ਵੀ ਰੀਮਾ ਬੈੱਡਰੂਮ ਵਿੱਚ ਜਾਣ ਵਿੱਚ ਕਾਮਯਾਬ ਹੋ ਗਈ ਅਤੇ ਇੱਕ ਸਥਾਨਕ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਕੰਮ ਕਰਦੀ ਆਪਣੀ ਸੱਸ ਨੂੰ ਫ਼ੋਨ ਕਰਨ ਲਈ ਫ਼ੋਨ ਚੁੱਕਿਆ। ਉਹ ਫ਼ੋਨ ਕਰਨ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ।

ਧਮਾਕੇ ਤੋਂ ਕੁਝ ਮਿੰਟਾਂ ਬਾਅਦ ਘਰ ਦੇ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪਰੇਸ਼ਾਨ ਗੁਆਂਢੀ ਤਿੰਨ ਜ਼ਖਮੀ ਨਿਵਾਸੀਆਂ ਨੂੰ ਚਾਦਰਾਂ ਵਿੱਚ ਪਾ ਕੇ ਐਂਬੂਲੈਂਸ ਵਿੱਚ ਲੈ ਜਾ ਰਹੇ ਹਨ।

ਸੌਮਿਆ ਸ਼ੇਖਰ ਅਤੇ ਜੇਮਾਮਨੀ ਸਾਹੂ, ਜੋ ਦੋਵੇਂ 90% ਸੜ੍ਹ ਚੁੱਕੇ ਸਨ ਅਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਰੀਮਾ ਇੱਕ ਸਰਕਾਰੀ ਹਸਪਤਾਲ ਦੇ ਬਰਨ ਵਾਰਡ ਵਿੱਚ ਵਿੱਚ ਹੌਲੀ-ਹੌਲੀ ਠੀਕ ਹੋ ਰਹੀ ਹੈ।

ਇਸ ਭਿਆਨਕ ਕਤਲ ਤੋਂ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ, ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਹੈ ਕਿ ਸੌਮਿਆ ਸ਼ੇਖਰ ਨੂੰ ਕਿਸ ਨੇ ਮਾਰਿਆ, ਜਿਸ ਨੂੰ ਰਿਸ਼ਤੇਦਾਰ ਅਤੇ ਦੋਸਤ "ਇੱਕ ਦਿਆਲੂ ਅਤੇ ਰੱਬ ਤੋਂ ਡਰਨ ਵਾਲਾ ਨੌਜਵਾਨ ਕਹਿੰਦੇ ਸਨ।

ਇਹ ਵੀ ਪੜ੍ਹੋ-

ਪੁਲਿਸ ਦੋਸ਼ੀ ਤੱਕ ਕਿਵੇਂ ਪਹੁੰਚੀ

ਲੰਬੀ ਜਾਂਚ ਤੋਂ ਬਾਅਦ, ਪੁਲਿਸ ਨੇ ਇੱਕ ਅਧਿਆਪਕ ਅਤੇ ਸਥਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ, ਪੁੰਜੀਲਾਲ ਮੇਹਰ (ਉਸ ਸਮੇਂ 49 ਸਾਲ) ਨੂੰ ਗ੍ਰਿਫ਼ਤਾਰ ਕੀਤਾ। ਮੇਹਰ ਉਸ ਜਗ੍ਹਾ 'ਤੇ ਕੰਮ ਕਰਦਾ ਸੀ ਜਿੱਥੇ ਸੌਮਿਆ ਦੀ ਮਾਂ ਪੜ੍ਹਾਉਂਦੀ ਸੀ।

ਇਸ ਮਾਮਲੇ ਦੇ ਜਾਂਚਕਰਤਾਵਾਂ ਨੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੂੰ ਦੱਸਿਆ ਸੀ ਕਿ ਮੇਹਰ ਸੌਮਿਆ ਦੇ ਪਰਿਵਾਰ ਤੋਂ ਈਰਖਾ ਕਰਦਾ ਸੀ ਅਤੇ ਉਸ ਨੇ ਧਮਾਕੇ ਦੀ ਯੋਜਨਾ ਬਹੁਤ ਹੀ ਸੁਚੱਜੇ ਢੰਗ ਨਾਲ ਬਣਾਈ ਸੀ।

ਉਸ ਨੇ ਇਹ ਪਾਰਸਲ ਰਾਏਪੁਰ ਤੋਂ ਇੱਕ ਫਰਜ਼ੀ ਨਾਮ ਹੇਠ ਭੇਜਿਆ ਸੀ। ਉਸ ਨੇ ਇਹ ਪਾਰਸਲ ਕੋਰੀਅਰ ਸੇਵਾ ਰਾਹੀਂ ਭੇਜਿਆ ਸੀ।

ਇਹ ਪੈਕੇਟ ਬੱਸ ਰਾਹੀਂ 650 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਲਾਂਗੀਰ ਗਿਆ ਸੀ।

ਇਸ ਦੌਰਾਨ, ਇਹ ਕਈ ਹੱਥਾਂ ਵਿੱਚੋਂ ਲੰਘਿਆ। ਜਾਂਚਕਰਤਾਵਾਂ ਨੇ ਕਿਹਾ ਸੀ ਕਿ ਇਹ ਇੱਕ ਦੇਸੀ ਬੰਬ ਸੀ ਅਤੇ ਇਸ ਨੂੰ ਜੂਟ ਦੇ ਧਾਗੇ ਵਿੱਚ ਬੰਨ੍ਹਿਆ ਹੋਇਆ ਸੀ। ਜਿਵੇਂ ਹੀ ਇਸ ਨੂੰ ਖੋਲ੍ਹਿਆ ਗਿਆ, ਇਹ ਫਟ ਗਿਆ।

ਜਿਸ ਪੈਕੇਟ ਵਿੱਚ ਇਹ ਬੰਬ ਰੱਖਿਆ ਗਿਆ ਸੀ, ਉਸ ਵਿੱਚ ਭੇਜਣ ਵਾਲੇ ਦਾ ਨਾਮ ਐੱਸਕੇ ਸ਼ਰਮਾ ਲਿਖਿਆ ਹੋਇਆ ਸੀ।

ਪਾਰਸਲ ਰਾਏਪੁਰ ਤੋਂ ਭੇਜਿਆ ਗਿਆ ਸੀ। ਜਦੋਂ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ, ਤਾਂ ਜਾਂਚਕਰਤਾਵਾਂ ਨੇ ਹਜ਼ਾਰਾਂ ਫੋਨ ਰਿਕਾਰਡਾਂ ਦੀ ਖੋਜ ਕੀਤੀ ਅਤੇ ਲਗਭਗ 100 ਲੋਕਾਂ ਤੋਂ ਪੁੱਛਗਿੱਛ ਕੀਤੀ।

ਇਨ੍ਹਾਂ ਵਿੱਚ ਉਹ ਵਿਅਕਤੀ ਵੀ ਸੀ ਜਿਸ ਨੇ ਰੀਮਾ ਨੂੰ ਉਸ ਦੀ ਮੰਗਣੀ ਤੋਂ ਬਾਅਦ ਧਮਕੀ ਦਿੱਤੀ ਸੀ। ਪਰ ਪੁਲਿਸ ਨੂੰ ਇਸ ਮਾਮਲੇ ਵਿੱਚ ਵੀ ਕੋਈ ਸਫ਼ਲਤਾ ਨਹੀਂ ਮਿਲੀ।

ਵਿਆਹ ਬੰਬ
ਤਸਵੀਰ ਕੈਪਸ਼ਨ, ਪਟਨਾਗੜ੍ਹ ਦੀ ਉਹ ਜਗ੍ਹਾ ਜਿੱਥੇ ਸੌਮਿਆ ਸ਼ੇਖਰ ਸਾਹੂ ਅਤੇ ਰੀਮਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਹੋਈ ਸੀ।

ਇੱਕ ਗ਼ੁਮਨਾਮ ਪੱਤਰ ਨੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ

ਫਿਰ ਉਸੇ ਸਾਲ ਅਪ੍ਰੈਲ ਵਿੱਚ, ਇੱਕ ਗੁਮਨਾਮ ਪੱਤਰ ਪੁਲਿਸ ਮੁਖੀ ਕੋਲ ਪਹੁੰਚਿਆ।

ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੰਬ ਇੱਕ ਪਾਰਸਲ ਵਿੱਚ ਭੇਜਿਆ ਗਿਆ ਸੀ ਜਿਸ ਵਿੱਚ ਭੇਜਣ ਵਾਲੇ ਦਾ ਨਾਮ ਐੱਸਕੇ ਸ਼ਰਮਾ ਨਹੀਂ, ਬਲਕਿ ਐੱਸਕੇ ਸਿਨਹਾ ਲਿਖਿਆ ਗਿਆ ਸੀ।

ਇਸ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਕਤਲ 'ਧੋਖੇ' ਦੀ ਸਜ਼ਾ ਦੇਣ ਅਤੇ ਪੈਸੇ ਲਈ ਕੀਤਾ ਗਿਆ ਸੀ।

ਪੱਤਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ 'ਤਿੰਨ ਲੋਕਾਂ ਨੇ ਇਸ ਕਤਲ ਦੀ ਯੋਜਨਾ ਬਣਾਈ ਸੀ' ਅਤੇ ਹੁਣ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਇਸ ਵਿੱਚ ਲਾੜੇ ਦੇ ਵਿਸ਼ਵਾਸਘਾਤ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਪੈਸੇ ਹਾਸਿਲ ਕਰਨਾ ਸੀ (ਇੱਕ ਬਦਨਾਮ ਪ੍ਰੇਮੀ ਜਾਂ ਜਾਇਦਾਦ ਦੇ ਵਿਵਾਦ ਵੱਲ ਇਸ਼ਾਰਾ ਕਰਨਾ)। ਇਸ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਨੂੰ ਬੇਗੁਨਾਹ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ।

ਇਸ ਪੱਤਰ ਨੇ ਜਾਂਚ ਦਾ ਰਾਹ ਬਦਲ ਦਿੱਤਾ।

ਅਰੁਣ ਬੋਥਰਾ ਉਸ ਸਮੇਂ ਓਡੀਸ਼ਾ ਦੀ ਅਪਰਾਧ ਸ਼ਾਖਾ ਦੇ ਮੁਖੀ ਸਨ। ਉਨ੍ਹਾਂ ਨੇ ਦੇਖਿਆ ਕਿ ਪਾਰਸਲ ਦੀ ਰਸੀਦ 'ਤੇ ਲਿਖਿਆ ਨਾਮ ਸਹੀ ਢੰਗ ਨਾਲ ਨਹੀਂ ਪੜ੍ਹਿਆ ਗਿਆ ਸੀ। ਇਹ ਸ਼ਰਮਾ ਵਰਗਾ ਨਹੀਂ, ਸਿਨਹਾ ਵਰਗਾ ਲੱਗ ਰਿਹਾ ਸੀ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਪੱਤਰ ਲਿਖਣ ਵਾਲੇ ਨੂੰ ਇਹ ਪਤਾ ਸੀ। ਜਿਸ ਵਿਅਕਤੀ ਨੇ ਇਸ ਨੂੰ ਭੇਜਿਆ ਸੀ ਉਹ ਅਜਿਹਾ ਕੁਝ ਜਾਣ ਸਕਦਾ ਸੀ।

ਪੁਲਿਸ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਸ਼ੱਕੀ ਨੇ ਖ਼ੁਦ ਚਿੱਠੀ ਭੇਜੀ ਸੀ।

ਬੋਥਰਾ ਨੇ ਉਸ ਸਮੇਂ ਬੀਬੀਸੀ ਨੂੰ ਦੱਸਿਆ ਸੀ, "ਇਹ ਸਪੱਸ਼ਟ ਸੀ ਕਿ ਪਾਰਸਲ ਭੇਜਣ ਵਾਲਾ ਵਿਅਕਤੀ ਆਪਣੇ ਅਪਰਾਧ ਬਾਰੇ ਜ਼ਿਆਦਾ ਜਾਣਦਾ ਸੀ। ਉਹ ਸਾਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਅਪਰਾਧ ਕਿਸੇ ਸਥਾਨਕ ਵਿਅਕਤੀ ਦਾ ਕੰਮ ਨਹੀਂ ਸੀ।"

"ਉਹ ਸਾਨੂੰ ਦੱਸਣਾ ਚਾਹੁੰਦਾ ਸੀ ਕਿ ਸਾਜ਼ਿਸ਼ ਤਿੰਨ ਲੋਕਾਂ ਦੁਆਰਾ ਰਚੀ ਗਈ ਸੀ। ਉਹ ਚਾਹੁੰਦਾ ਸੀ ਕਿ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਲਈ ਉਹ ਸਾਡੀ ਗ਼ਲਤੀ ਦੱਸ ਕੇ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"

ਪਰ ਸੌਮਿਆ ਸ਼ੇਖਰ ਦੀ ਕਾਲਜ ਅਧਿਆਪਕਾ ਮਾਂ ਨੇ ਆਪਣੇ ਸਾਥੀ (ਮੇਹਰ) ਦੀ ਹੱਥ ਲਿਖਤ ਅਤੇ ਲਿਖਣ ਸ਼ੈਲੀ ਨੂੰ ਪਛਾਣ ਲਿਆ ਸੀ। ਸੌਮਿਆ ਦੀ ਮਾਂ ਦੇ ਕਾਰਨ, ਮੇਹਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

ਪੁਲਿਸ ਨੇ ਪਹਿਲਾਂ ਪੇਸ਼ੇਵਰ ਦੁਸ਼ਮਣੀ ਦੇ ਇਸ ਸਿਧਾਂਤ ਨੂੰ ਰੱਦ ਕਰ ਦਿੱਤਾ ਸੀ ਪਰ ਬਾਅਦ ਵਿੱਚ ਇਸ ਨੂੰ ਸਵੀਕਾਰ ਕਰਨਾ ਪਿਆ। ਮੇਹਰ 'ਤੇ ਪੁਲਿਸ ਦਾ ਸ਼ੱਕ ਹੁਣ ਪੱਕਾ ਹੋ ਗਿਆ ਸੀ।

ਵਿਆਹ ਵੇਲੇ ਦੌਰਾਨ ਸੌਮਿਆ ਸ਼ੇਖਰ ਸਾਹੂ ਅਤੇ ਰੀਮਾ
ਤਸਵੀਰ ਕੈਪਸ਼ਨ, ਸੌਮਿਆ ਸ਼ੇਖਰ ਸਾਹੂ ਅਤੇ ਰੀਮਾ ਦੀ ਵਿਆਹ ਵਾਲੇ ਦਿਨ ਦੀ ਤਸਵੀਰ

ਪੁਲਿਸ ਨੂੰ ਕਿਵੇਂ ਦਿੱਤਾ ਝਾਂਸਾ

ਜਦੋਂ ਮੇਹਰ ਫੜਿਆ ਗਿਆ, ਤਾਂ ਪਹਿਲਾਂ ਤਾਂ ਉਸ ਨੇ ਬਹਾਨੇ ਬਣਾਏ ਕਿ ਉਸ ਨੂੰ ਚਿੱਠੀ ਲਿਖਣ ਲਈ ਮਜਬੂਰ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੇ ਅਪਰਾਧ ਕਬੂਲ ਕਰ ਲਿਆ।

ਉਸ ਨੇ ਕਿਹਾ ਕਿ ਉਸ ਨੇ ਦੀਵਾਲੀ ਦੌਰਾਨ ਪਟਾਕੇ ਇਕੱਠੇ ਕੀਤੇ ਅਤੇ ਉਨ੍ਹਾਂ ਤੋਂ ਗੰਨ ਪਾਊਡਰ ਕੱਢਿਆ ਅਤੇ ਫਿਰ ਇਸ ਤੋਂ ਬੰਬ ਬਣਾਇਆ ਅਤੇ ਰਾਏਪੁਰ ਤੋਂ ਕੋਰੀਅਰ ਰਾਹੀਂ ਸੌਮਿਆ ਦੇ ਘਰ ਦੇ ਪਤੇ 'ਤੇ ਭੇਜਿਆ।

ਉਸ ਨੇ ਕਥਿਤ ਤੌਰ 'ਤੇ ਉਸ ਨੂੰ ਧੋਖਾ ਦੇਣ ਲਈ ਆਪਣਾ ਫ਼ੋਨ ਘਰ ਵਿੱਚ ਛੱਡ ਦਿੱਤਾ ਸੀ। ਉਸ ਨੇ ਰੇਲਗੱਡੀ ਦੀ ਟਿਕਟ ਵੀ ਨਹੀਂ ਖਰੀਦੀ ਕਿਉਂਕਿ ਉਹ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਸਕਦਾ ਸੀ।

ਮੇਹਰ ਨੇ ਸੌਮਿਆ ਦੇ ਵਿਆਹ ਸਮਾਰੋਹ ਅਤੇ ਫਿਰ ਅੰਤਮ ਸੰਸਕਾਰ ਵਿੱਚ ਵੀ ਸ਼ਿਰਕਤ ਕੀਤੀ।

ਹਾਲਾਂਕਿ, ਸੌਮਿਆ ਸ਼ੇਖਰ ਦੇ ਮਾਪਿਆਂ ਨੇ ਅਦਾਲਤ ਦੇ ਫ਼ੈਸਲੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਇਸ ਫ਼ੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰਨਗੇ ਜਾਂ ਨਹੀਂ।

ਸੌਮਿਆ ਸ਼ੇਖਰ ਦੇ ਪਿਤਾ ਰਵਿੰਦਰ ਕੁਮਾਰ ਸਾਹੂ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਵਕੀਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਫ਼ੈਸਲਾ ਲੈਣਗੇ।

ਹਾਲਾਂਕਿ, ਉਨ੍ਹਾਂ ਦੀ ਪਤਨੀ ਸੰਯੁਕਤਾ ਨੇ ਕਿਹਾ, "ਜੇਕਰ ਪੁੰਜੀ ਲਾਲ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈ ਕੋਰਟ ਜਾਂਦਾ ਹੈ, ਤਾਂ ਅਸੀਂ ਵੀ ਜਾਵਾਂਗੇ।"

ਇਹ ਸਾਰੀ ਜਾਂਚ ਓਡੀਸ਼ਾ ਕ੍ਰਾਈਮ ਬ੍ਰਾਂਚ ਦੇ ਤਤਕਾਲੀ ਮੁਖੀ ਅਰੁਣ ਬੋਥਰਾ ਦੀ ਨਿਗਰਾਨੀ ਹੇਠ ਕੀਤੀ ਗਈ ਸੀ। ਅਰੁਣ ਬੋਥਰਾ ਨੇ ਇਸ ਫ਼ੈਸਲੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ।

ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਨਾ ਤਾਂ ਕੋਈ ਚਸ਼ਮਦੀਦ ਗਵਾਹ ਸੀ ਅਤੇ ਨਾ ਹੀ ਕੋਈ ਠੋਸ ਸਬੂਤ। ਪੂਰਾ ਮਾਮਲਾ ਹਾਲਾਤਾਂ ਅਤੇ ਫੋਰੈਂਸਿਕ ਸਬੂਤਾਂ 'ਤੇ ਅਧਾਰਤ ਸੀ। ਇਸ ਲਈ, ਇਹ ਸਾਡੇ ਲਈ ਇੱਕ ਵੱਡੀ ਸਫ਼ਲਤਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)