ਕੀ ਸਾਡਾ ਆਉਣ ਵਾਲਾ ਜੀਵਨ ਜ਼ਮੀਨਦੋਜ਼ ਦੁਨੀਆਂ ਵਿੱਚ ਲੰਘੇਗਾ, ਕਿਸ ਆਧਾਰ ’ਤੇ ਇਹ ਗੱਲ ਕਹੀ ਜਾ ਰਹੀ ਹੈ

ਤਸਵੀਰ ਸਰੋਤ, Getty Images
ਅੱਜ ਦੁਨੀਆਂ ਦੀ 8 ਅਰਬ ਦੀ ਆਬਾਦੀ ਦਾ ਅੱਧਾ ਹਿੱਸਾ ਸ਼ਹਿਰਾਂ ਵਿੱਚ ਰਹਿੰਦਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਆਉਣ ਵਾਲੇ 25 ਸਾਲਾਂ ਵਿੱਚ ਸ਼ਹਿਰਾਂ ਵਿੱਚ ਰਹਿਣ ਵਾਲੀ ਆਬਾਦੀ ਦੋ ਤਿਹਾਈ ਵਧ ਜਾਵੇਗੀ।
ਮਤਲਬ 2050 ਤੱਕ ਹਰ 10 ਵਿੱਚੋਂ 7 ਲੋਕ ਸ਼ਹਿਰੀ ਖੇਤਰਾਂ ਵਿੱਚ ਰਹਿ ਰਹੇ ਹੋਣਗੇ। ਇਹ ਵਾਧਾ ਏਸ਼ੀਆ ਅਤੇ ਅਫਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਹੋਵੇਗਾ ਜਿੱਥੇ ਆਬਾਦੀ ਵਿੱਚ ਵਾਧਾ ਅਤੇ ਆਰਥਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।
ਸ਼ਹਿਰਾਂ ਵਿੱਚ ਭੀੜ ਵਧੇਗੀ ਅਤੇ ਜਲਵਾਯੂ ਪਰਿਵਰਤਨ ਕਾਰਨ ਵਧਦੀ ਗਰਮੀ ਨੂੰ ਸਹਿਣਾ ਮੁਸ਼ਕਲ ਅਤੇ ਮਹਿੰਗਾ ਹੋ ਜਾਵੇਗਾ।
ਇਸ ਨਾਲ ਇਮਾਰਤਾਂ ਨੂੰ ਠੰਢਾ ਰੱਖਣ ਲਈ ਊਰਜਾ ਦੀ ਖਪਤ ਵਧੇਗੀ ਅਤੇ ਕਾਰਬਨ ਦੇ ਨਿਕਾਸ ਵਿੱਚ ਵੀ ਵਾਧਾ ਹੋਵੇਗਾ। ਹਾਲਾਂਕਿ ਇੱਕ ਹੱਲ ਹੋ ਸਕਦਾ ਹੈ. ਅਤੇ ਉਹ ਇਹ ਹੈ ਕਿ ਸ਼ਹਿਰਾਂ ਨੂੰ ਜ਼ਮੀਨ ਦੇ ਉੱਪਰ ਜਾਂ ਆਲੇ ਦੁਆਲੇ ਦੀ ਬਜਾਏ ਜ਼ਮੀਨਦੋਜ਼ ਵਧਾਇਆ ਜਾਣਾ ਚਾਹੀਦਾ ਹੈ।
ਜ਼ਮੀਨਦੋਜ਼ ਦੁਨੀਆਂ

ਤਸਵੀਰ ਸਰੋਤ, Getty Images
ਕੇਂਦਰੀ ਤੁਰਕੀ ਵਿੱਚ 5000 ਵਰਗ ਕਿਲੋਮੀਟਰ ਵਿੱਚ ਫੈਲਿਆ ਇੱਕ ਸੁੰਦਰ ਇਲਾਕਾ ਹੈ ਜਿੱਥੇ ਕੋਣ-ਆਕਾਰ ਦੇ ਪੱਥਰ ਦੀਆਂ ਬਣਤਰਾਂ ਦੂਰ-ਦੂਰ ਤੱਕ ਦਿਖਾਈ ਦਿੰਦੀਆਂ ਹਨ। ਇਹ ਲੱਖਾਂ ਸਾਲ ਪਹਿਲਾਂ ਜਵਾਲਾਮੁਖੀ ਦੇ ਫਟਣ ਨਾਲ ਨਿਕਲੀ ਸੁਆਹ ਕਾਰਨ ਬਣੀਆਂ ਸਨ।
ਜੇ ਅਸੀਂ ਇਨ੍ਹਾਂ ਕੁਦਰਤੀ ਚੋਟੀਆਂ ਨੂੰ ਗਹੁ ਨਾਲ ਦੇਖੀਏ, ਤਾਂ ਅਸੀਂ ਉਨ੍ਹਾਂ ਦੇ ਅੱਗੇ ਬਣੇ ਦਰਵਾਜ਼ੇ ਦੇਖ ਸਕਦੇ ਹਾਂ। ਜਿਵੇਂ ਹੀ ਤੁਸੀਂ ਇਨ੍ਹਾਂ ਦੇ ਅੰਦਰ ਦਾਖਲ ਹੁੰਦੇ ਹੋ, ਕਮਰਿਆਂ, ਵਰਾਂਢਿਆਂ ਅਤੇ ਸੁਰੰਗਾਂ ਦਾ ਇੱਕ ਵਿਸ਼ਾਲ ਸੰਸਾਰ ਸਾਡੇ ਸਾਹਮਣੇ ਆਉਂਦਾ ਹੈ।
ਇੱਥੇ ਇੱਕ ਅਜਿਹਾ ਕੰਪਲੈਕਸ ਹੈ - ਡੇਰੇਨਕੁਯੂ ਸਿਟੀ। ਜ਼ਮੀਨ ਤੋਂ 85 ਮੀਟਰ ਹੇਠਾਂ ਕਮਰਿਆਂ, ਵਰਾਂਢਿਆਂ ਅਤੇ ਸੁਰੰਗਾਂ ਦਾ ਇੱਕ ਬਹੁਤ ਵੱਡਾ ਨੈੱਟਵਰਕ ਹੈ।
ਸਦੀਆਂ ਤੋਂ ਲੋਕ ਦੁਸ਼ਮਣਾਂ ਤੋਂ ਬਚਣ ਲਈ ਇਨ੍ਹਾਂ ਥਾਵਾਂ ਦੀ ਵਰਤੋਂ ਕਰਦੇ ਆ ਰਹੇ ਹਨ।
ਇਸ ਸਬੰਧ ਵਿੱਚ ਬੀਬੀਸੀ ਨੇ ਮਾਰਟਿਨ ਡਿਕਸਨ ਨਾਲ ਗੱਲ ਕੀਤੀ, ਜੋ ਸਬਟਰੇਨੀਆ ਬ੍ਰਿਟਾਨਿਕਾ ਨਾਂ ਦੀ ਸੰਸਥਾ ਦੇ ਟਰੱਸਟੀ ਹਨ।
ਇਹ ਸੰਸਥਾ ਮਨੁੱਖਾਂ ਦੇ ਰਹਿਣ ਲਈ ਬਣਾਈਆਂ ਗਈਆਂ ਜ਼ਮੀਨਦੋਜ਼ ਥਾਵਾਂ 'ਤੇ ਖੋਜ ਕਰਦੀ ਹੈ।
ਮਾਰਟਿਨ ਡਿਕਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਨੀਆ ਦੀਆਂ ਕਈ ਅਜਿਹੀਆਂ ਥਾਵਾਂ 'ਤੇ ਖੋਜ ਕੀਤੀ ਹੈ। ਡੇਰੇਨਕੁਯੂ ਦੀਆਂ ਇਨ੍ਹਾਂ ਸੁਰੰਗਾਂ ਦੇ ਮੂੰਹ ਭਾਰੀ ਗੋਲ ਪੱਥਰਾਂ ਨਾਲ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਬਾਹਰੋਂ ਦੁਸ਼ਮਣ ਅੰਦਰ ਨਾ ਵੜ ਸਕੇ।
ਉਹ ਦੱਸਦੇ ਹਨ, “ਇਨ੍ਹਾਂ ਗੋਲਾਕਾਰ ਪੱਥਰਾਂ ਨੂੰ ਅੰਦਰੂਨੀ ਵਰਾਂਢਿਆਂ ਤੋਂ ਸੁਰੰਗ ਦੇ ਮੂੰਹ ਉੱਤੇ ਧੱਕ ਦਿੱਤਾ ਜਾਂਦਾ ਸੀ, ਜਿਸ ਨਾਲ ਇਹਨਾਂ ਨੂੰ ਬਾਹਰੋਂ ਕੱਢਣਾ ਅਸੰਭਵ ਹੁੰਦਾ ਸੀ। ਅਜਿਹੇ ਦਰਵਾਜ਼ਿਆਂ ਦੇ ਦੁਆਲੇ ਸੁਰੰਗਾਂ ਸਨ ਜਿੱਥੋਂ ਬਾਹਰੋਂ ਆਉਣ ਵਾਲੇ ਦੁਸ਼ਮਣਾਂ 'ਤੇ ਬਰਛਿਆਂ ਵਰਗੇ ਹਥਿਆਰਾਂ ਨਾਲ ਹਮਲਾ ਕੀਤਾ ਜਾ ਸਕਦਾ ਸੀ।
ਮਾਰਟਿਨ ਡਿਕਸਨ ਦਾ ਮੰਨਣਾ ਹੈ ਕਿ ਜਦੋਂ ਜ਼ਮੀਨ 'ਤੇ ਲੜਾਈ ਹੁੰਦੀ ਸੀ ਤਾਂ ਲੋਕ ਅਜਿਹੀਆਂ ਜ਼ਮੀਨਦੋਜ਼ ਥਾਵਾਂ 'ਤੇ ਪਨਾਹ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਇਹ ਸਥਾਈ ਬਸਤੀਆਂ ਨਹੀਂ ਸਨ ਸਗੋਂ ਜ਼ਮੀਨ ਨੂੰ ਲੈ ਕੇ ਟਕਰਾਅ ਤੋਂ ਬਚਣ ਲਈ ਲੋਕ ਇੱਥੇ ਲੰਮੇ ਸਮੇਂ ਤੱਕ ਰਹਿੰਦੇ ਸਨ।

ਤਸਵੀਰ ਸਰੋਤ, Getty Images
ਇਨ੍ਹਾਂ ਜ਼ਮੀਨਦੋਜ਼ ਕੰਪਲੈਕਸਾਂ ਵਿੱਚ ਖੂਹ, ਰੌਸ਼ਨਦਾਨ, ਪਸ਼ੂਆਂ ਲਈ ਵਾੜੇ ਅਤੇ ਤਬੇਲੇ ਸਨ ਜਿੱਥੇ ਲੋਕ ਸੁਰੱਖਿਅਤ ਰਹਿ ਸਕਦੇ ਸਨ।
ਮਨੁੱਖ ਸਦੀਆਂ ਤੋਂ ਆਪਣੇ-ਆਪ ਨੂੰ ਦੁਸ਼ਮਣਾਂ ਅਤੇ ਜੰਗਲੀ ਜਾਨਵਰਾਂ ਦੇ ਨਾਲ-ਨਾਲ ਸਖਤ ਮੌਸਮ ਤੋਂ ਬਚਾਉਣ ਲਈ ਗੁਫਾਵਾਂ ਵਿੱਚ ਸ਼ਰਨ ਲੈਂਦਾ ਰਿਹਾ ਹੈ।
ਲਗਭਗ 100 ਸਾਲ ਪਹਿਲਾਂ, ਦੱਖਣੀ ਆਸਟ੍ਰੇਲੀਆ ਨੇ ਕੂਬਰ ਪੇਡੀ ਖੇਤਰ ਵਿੱਚ ਖਣਿਜਾਂ ਤੇ ਕੀਮਤੀ ਓਪਲ ਪੱਥਰ ਕੱਢਣ ਲਈ ਮਾਈਨਿੰਗ ਸ਼ੁਰੂ ਕੀਤੀ ਸੀ। ਫਿਰ ਝੁਲਸਦੀ ਗਰਮੀ ਤੋਂ ਬਚਣ ਲਈ, ਉਨ੍ਹਾਂ ਨੇ ਜ਼ਮੀਨ ਦੇ ਹੇਠਾਂ ਪੂਰੀ ਦੁਨੀਆ ਬਣਾ ਲਈ।
ਅੱਜ ਕੂਬਰ ਪੇਡੀ ਦੇ ਲਗਭਗ 1500 ਨਿਵਾਸੀ ਜ਼ਮੀਨ ਦੇ ਥੱਲੇ ਰਹਿੰਦੇ ਹਨ। ਉੱਥੇ ਉਹ ਦੁਕਾਨਾਂ ਚਲਾਉਂਦੇ ਹਨ, ਖਰੀਦਦਾਰੀ ਕਰਦੇ ਹਨ ਅਤੇ ਜ਼ਮੀਨਦੋਜ਼ ਚਰਚ ਵਿੱਚ ਦੁਆ ਵੀ ਕਰਦੇ ਹਨ। ਸਥਾਨਕ ਲੋਕ ਇਸ ਨੂੰ 'ਡਗ ਆਊਟ' ਕਹਿੰਦੇ ਹਨ।
ਮਾਰਟਿਨ ਡਿਕਸਨ ਨੇ ਕਿਹਾ, “ਗਰਮੀਆਂ ਵਿੱਚ ਕੂਬਰ ਪੇਡੀ ਵਿੱਚ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੁੰਦਾ ਹੈ, ਜਿਸ ਕਾਰਨ ਲੋਕ ਜ਼ਮੀਨ ਦੇ ਹੇਠਾਂ ਬਣੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਸਾਰਾ ਸਾਲ ਤਾਪਮਾਨ 20 ਡਿਗਰੀ ਦੇ ਆਸ-ਪਾਸ ਰਹਿੰਦਾ ਹੈ। ਇਸ ਲਈ, ਕੂਬਰ ਪੇਡੀ ਦੀ ਕੁੱਲ ਆਬਾਦੀ ਦਾ ਦੋ ਤਿਹਾਈ ਹਿੱਸਾ ਸਾਲ ਭਰ ਜ਼ਮੀਨਦੋਜ਼ ਰਹਿੰਦਾ ਹੈ।
ਜ਼ਮੀਨ ਦੇ ਅੰਦਰ ਰਹਿਣਾ ਕੀ ਹੈ? ਉਨ੍ਹਾਂ ਦੇ ਘਰ ਕਿਹੋ ਜਿਹੇ ਹੁੰਦੇ ਹਨ ਅਤੇ ਸੂਰਜ ਦੀ ਰੌਸ਼ਨੀ ਘਰ ਤੱਕ ਕਿਵੇਂ ਪਹੁੰਚਦੀ ਹੈ?
ਮਾਰਟਿਨ ਡਿਕਸਨ ਨੇ ਕਿਹਾ, “ਮੇਰੀ ਰਾਇ ਵਿੱਚ ਉਨ੍ਹਾਂ ਦੀ ਜ਼ਮੀਨਦੋਜ਼ ਜ਼ਿੰਦਗੀ ਬਹੁਤ ਖੂਬਸੂਰਤ ਹੈ। ਪੱਥਰ ਵਿੱਚ ਇੱਕ ਸੰਤਰੀ ਝਿੱਲੀ ਹੈ ਅਤੇ ਇਸਦੀ ਸਤਹ ਦਿਲਕਸ਼ ਦਿਖਾਈ ਦਿੰਦੀ ਹੈ। ਆਮ ਤੌਰ 'ਤੇ ਉਨ੍ਹਾਂ ਦੀ ਬੈਠਕ ਦਾ ਦਰਵਾਜ਼ਾ ਗੁਫਾ ਦੇ ਮੂੰਹ ਦੇ ਨੇੜੇ ਹੁੰਦਾ ਹੈ ਅਤੇ ਇੱਕ ਬਾਰੀ ਹੁੰਦੀ ਹੈ। ਉਹ ਦਿਨ ਦਾ ਜ਼ਿਆਦਾਤਰ ਸਮਾਂ ਇਸ ਕਮਰੇ ਵਿੱਚ ਰਹਿੰਦੇ ਹਨ ਹੈ। ਅੰਦਰਲੇ ਕਮਰਿਆਂ ਨੂੰ ਸਟੋਰੇਜ ਜਾਂ ਬੈੱਡਰੂਮਾਂ ਵਜੋਂ ਵਰਤਿਆ ਜਾਂਦਾ ਹੈ। ਬਾਹਰ ਬਹੁਤ ਗਰਮੀ ਹੈ ਪਰ ਸੂਰਜ ਦੀ ਰੌਸ਼ਨੀ ਅੰਦਰਲੇ ਕਮਰਿਆਂ ਤੱਕ ਨਹੀਂ ਪਹੁੰਚਦੀ, ਇਸ ਲਈ ਇੱਥੇ ਤਾਪਮਾਨ ਆਰਾਮਦਾਇਕ ਹੁੰਦਾ ਹੈ।”
ਕੂਬਰ ਪੇਡੀ ਦੇ ਨਿਵਾਸੀ ਗਰਮੀ ਤੋਂ ਬਚਣ ਲਈ ਜ਼ਮੀਨਦੋਜ਼ ਘਰਾਂ ਦਾ ਹੱਲ ਕੱਢਿਆ ਹੈ। ਦੁਨੀਆ ਵਿੱਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਲੋਕ ਜ਼ਮੀਨ ਦੇ ਉੱਪਰ ਘਰ ਬਣਾਉਂਦੇ ਹਨ ਪਰ ਆਪਣੇ ਰੋਜ਼ਾਨਾ ਦੇ ਕੰਮ ਜ਼ਮੀਨ ਹੇਠਾਂ ਕਰਦੇ ਹਨ।
ਜ਼ਮੀਨਦੋਜ਼ ਸ਼ਹਿਰ ਦੀ ਉਸਾਰੀ

ਤਸਵੀਰ ਸਰੋਤ, Getty Images
ਮੈਟਰੋ ਜਾਂ ਜ਼ਮੀਨਦੋਜ਼ ਰੇਲ ਦੁਨੀਆਂ ਦੇ 60 ਤੋਂ ਵੱਧ ਦੇਸਾਂ ਵਿੱਚ ਚਲਦੀ ਹੈ। ਲੋਕਾਂ ਦੇ ਇਨ੍ਹਾਂ ਅੰਡਰਗਰਾਊਂਡ ਸਟੇਸ਼ਨਾਂ ਦੇ ਅੰਦਰ ਲੋਕਾਂ ਦੇ ਦਫ਼ਤਰ ਵੀ ਹਨ, ਜਿੱਥੇ ਉਹ ਰੇਲਗੱਡੀ ਤੋਂ ਉਤਰ ਕੇ ਸਿੱਧੇ ਆਪਣੇ ਦਫ਼ਤਰ ਜਾ ਸਕਦੇ ਹਨ। ਖਾਣ-ਪੀਣ ਦਾ ਸਮਾਨ ਖਰੀਦ ਸਕਦੇ ਹਨ। ਅਤੇ ਇਸ ਲਈ ਲਿਫਟ ਰਾਹੀਂ ਜ਼ਮੀਨ ਦੇ ਉੱਪਰ ਇਮਾਰਤ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ.
ਜ਼ਮੀਨਦੋਜ਼ ਕੰਪਲੈਕਸ ਬਣਾਉਣ ਦਾ ਇਕ ਹੋਰ ਕਾਰਨ ਹੈ। ਮੌਸਮ। ਮਿਸਾਲ ਵਜੋਂ, ਪੂਰਬੀ ਕੈਨੇਡਾ ਵਿੱਚ ਸਰਦੀਆਂ ਦੌਰਾਨ ਤਾਪਮਾਨ ਮਨਫੀ 30 ਡਿਗਰੀ ਤੱਕ ਪਹੁੰਚ ਜਾਂਦਾ ਹੈ।
ਇਸ ਨੂੰ ਸਮਝਣ ਲਈ, ਬੀਬੀਸੀ ਨੇ ਇਮਾਰਤਸਾਜ਼ ਅਤੇ ਸ਼ਹਿਰੀ ਯੋਜਨਾਕਾਰ ਜੈਕ ਬਾਸਨਰ ਨਾਲ ਗੱਲ ਕੀਤੀ, ਜੋ ਕਿ ਅਰਬਨ ਅੰਡਰਗਰਾਊਂਡ ਸਪੇਸ ਲਈ ਐਸੋਸੀਏਟਿਡ ਰਿਸਰਚ ਸੈਂਟਰ ਦੇ ਸਹਿ-ਸੰਸਥਾਪਕ ਵੀ ਹਨ। 1980 ਦੇ ਦਹਾਕੇ ਵਿੱਚ ਜੈਕ ਬੇਸਨਰ ਨੇ ਮਾਂਟਰੀਅਲ ਸ਼ਹਿਰ ਵਿੱਚ ਜ਼ਮੀਨਦੋਜ਼ ਕੰਪਲੈਕਸਾਂ ਦੇ ਨਿਰਮਾਣ 'ਤੇ ਕੰਮ ਕੀਤਾ ਸੀ।
ਮੌਂਟਰੀਅਲ ਦਾ ਜ਼ਮੀਨਦੋਜ਼ ਸ਼ਹਿਰ 30 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਸੈਂਕੜੇ ਦਫ਼ਤਰ, ਦੁਕਾਨਾਂ ਅਤੇ ਇੱਥੋਂ ਤੱਕ ਕਿ ਅਜਾਇਬ ਘਰ ਵੀ ਹਨ। ਹਰ ਰੋਜ਼ ਤਕਰੀਬਨ ਪੰਜ ਲੱਖ ਲੋਕ ਇੱਥੇ ਜਾਂਦੇ ਹਨ।
ਜ਼ਾਇਕ ਦਾ ਕਹਿਣਾ ਹੈ ਕਿ ਇਨ੍ਹਾਂ ਥਾਵਾਂ ਨੂੰ ਡਿਜ਼ਾਈਨ ਕਰਦੇ ਸਮੇਂ ਸੁਰੱਖਿਆ ਅਤੇ ਸੁਵਿਧਾ ਦਾ ਖਾਸ ਧਿਆਨ ਦਿੱਤਾ ਜਾਂਦਾ ਹੈ।
ਉਹ ਕਹਿੰਦਾ ਹੈ, "ਇਨ੍ਹਾਂ ਥਾਵਾਂ 'ਤੇ ਵਰਾਂਢੇ ਬਹੁਤ ਚੌੜੇ ਬਣਾਏ ਗਏ ਹਨ ਅਤੇ ਦੀਵਾਰਾਂ 'ਤੇ ਸਾਫ਼-ਸਾਫ਼ ਸਾਈਨ ਬੋਰਡ ਲੱਗੇ ਹੋਏ ਹਨ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਕੋਈ ਦਿੱਕਤ ਨਾ ਆਵੇ ਅਤੇ ਲੋਕ ਸੁਰੱਖਿਅਤ ਮਹਿਸੂਸ ਕਰਨ।"
ਆਧੁਨਿਕ ਟੈਕਨਾਲੋਜੀ ਅਤੇ ਬਿਲਡਿੰਗ ਸਮਗਰੀ ਦੇ ਨਾਲ, ਸ਼ਾਪਿੰਗ ਮਾਲ ਵਰਗੀਆਂ ਵੱਡੀਆਂ ਇਮਾਰਤਾਂ ਨੂੰ ਹੁਣ ਮੌਜੂਦਾ ਇਮਾਰਤਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਜ਼ਮੀਨਦੋਜ਼ ਕੰਪਲੈਕਸਾਂ ਵਿੱਚ ਬਣਾਇਆ ਜਾ ਸਕਦਾ ਹੈ। 100 ਸਾਲ ਪਹਿਲਾਂ, ਜਦੋਂ ਲੰਡਨ ਵਿੱਚ ਜ਼ਮੀਨਦੋਜ਼ ਮੈਟਰੋ ਰੇਲ ਨੈੱਟਵਰਕ ਵਿਛਾਇਆ ਜਾ ਰਿਹਾ ਸੀ, ਤਾਂ ਮੌਜੂਦਾ ਇਮਾਰਤਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਜ਼ਮੀਨ ਵਿੱਚ ਬਹੁਤ ਡੁੰਘਾਈ ਵਿੱਟ ਸੁਰੰਗਾਂ ਪੁੱਟਣੀਆਂ ਪਈਆਂ ਸਨ।

ਤਸਵੀਰ ਸਰੋਤ, Getty Images
ਪੁਰਾਣੇ ਸ਼ਹਿਰਾਂ ਵਿੱਚ ਇਹ ਕੰਮ ਔਖਾ ਹੈ ਪਰ ਇੱਥੇ ਜ਼ਮੀਨਦੋਜ਼ ਕੰਪਲੈਕਸਾਂ ਲਈ ਵਿਰਾਸਤ ਦੀ ਪੂਰੀ ਵਰਤੋਂ ਕੀਤੀ ਜਾ ਸਕਦੀ ਹੈ।
ਜੈਕ ਬੈਸਨਰ ਦਾ ਮੰਨਣਾ ਹੈ ਕਿ, "ਅਜਿਹੇ 'ਡੱਗਆਊਟ' ਮੱਧ ਯੁੱਗ ਤੋਂ ਸ਼ੀਤ ਯੁੱਧ ਤੱਕ ਬਹੁਤ ਸਾਰੇ ਸ਼ਹਿਰਾਂ ਵਿੱਚ ਬਣਾਏ ਗਏ ਸਨ। "ਲੜਾਈ ਦੌਰਾਨ ਸ਼ਹਿਰਾਂ ਨੂੰ ਬੰਬਾਰੀ ਤੋਂ ਬਚਾਉਣ ਲਈ ਜ਼ਮੀਨਦੋਜ਼ ਕੰਪਲੈਕਸ ਬਣਾਏ ਗਏ ਸਨ।"
“ਇਹ ਇਤਿਹਾਸਕ ਥਾਵਾਂ ਹੁਣ ਸੈਰ-ਸਪਾਟੇ ਲਈ ਵਰਤੀਆਂ ਜਾਂਦੀਆਂ ਹਨ ਕਿਉਂਕਿ ਇਹ ਸਥਾਨ ਬਹੁਤ ਦਿਲਚਸਪ ਹੁੰਦੇ ਹਨ। ਇਨ੍ਹਾਂ ਥਾਵਾਂ ਨੂੰ ਆਧੁਨਿਕ ਸਵਾਦਾਂ ਅਨੁਸਾਰ ਢਾਲ ਕੇ ਇੱਥੇ ਰੈਸਟੋਰੈਂਟ ਅਤੇ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ, ਜੋ ਕਿ ਅੱਜਕੱਲ੍ਹ ਕਾਫ਼ੀ ਫੈਸ਼ਨ ਵਿੱਚ ਹੈ।
ਮੌਜੂਦਾ ਸਮੇਂ ਵਿੱਚ ਲੋਕ ਇਨ੍ਹਾਂ ਜ਼ਮੀਨਦੋਜ਼ ਥਾਵਾਂ ਦੀ ਵਰਤੋਂ ਸੀਮਤ ਸਮੇਂ ਲਈ ਕਰਦੇ ਹਨ। ਪਰ ਕੀ ਅਸੀਂ ਭਵਿੱਖ ਵਿੱਚ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇੱਥੇ ਰਹਿਣ ਲਈ ਲੰਬੇ ਸਮੇਂ ਦੇ ਪ੍ਰਬੰਧ ਬਾਰੇ ਸੋਚ ਸਕਦੇ ਹਾਂ?
ਜੈਕ ਬੇਸਨਰ ਦਾ ਕਹਿਣਾ ਹੈ, “ਜਲਵਾਯੂ ਪਰਿਵਰਤਨ ਹੜ੍ਹਾਂ ਅਤੇ ਅੱਗਾਂ ਦੀਆਂ ਘਟਨਾਵਾਂ ਨੂੰ ਵਧਾਏਗਾ ਅਤੇ ਜ਼ਮੀਨ ਦੇ ਉੱਪਰ ਦੀ ਗਰਮੀ ਇੰਨੀ ਤੇਜ਼ ਹੋ ਜਾਵੇਗੀ ਕਿ ਲੋਕ ਨਿਸ਼ਚਿਤ ਤੌਰ 'ਤੇ ਜ਼ਮੀਨਦੋਜ਼ ਠੰਢੀਆਂ ਥਾਵਾਂ 'ਤੇ ਰਹਿਣ ਬਾਰੇ ਸੋਚਣਗੇ। "ਗਰਮੀ ਅਤੇ ਨਮੀ ਤੋਂ ਬਚਣ ਲਈ ਜ਼ਮੀਨਦੋਜ਼ ਇਮਾਰਤ ਇੱਕ ਚੰਗਾ ਹੱਲ ਹੋ ਸਕਦੀ ਹੈ।"
ਮੌਂਟਰੀਅਲ ਦਾ ਜ਼ਮੀਨਦੋਜ਼ ਸ਼ਹਿਰ 60 ਸਾਲ ਪਹਿਲਾਂ ਬਣਾਇਆ ਗਿਆ ਸੀ। ਭਵਿੱਖ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, 21ਵੀਂ ਸਦੀ ਦੇ ਇਮਾਰਤਸਾਜ਼ ਹੁਣ ਨਵੇਂ ਕਿਸਮ ਦੇ ਜ਼ਮੀਨਦੋਜ਼ ਕੰਪਲੈਕਸ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਰੋਸ਼ਨੀ ਦੀ ਕਿਰਨ

ਤਸਵੀਰ ਸਰੋਤ, Getty Images
ਦੱਖਣੀ ਕੋਰੀਆ ਵਿੱਚ ਜ਼ਮੀਨਦੋਜ਼ ਨਿਰਮਾਣ ਦੇ ਖੇਤਰ ਵਿੱਚ ਇੱਕ ਦਲੇਰਾਨਾ ਯੋਜਨਾ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਰਾਜਧਾਨੀ ਸੋਲ ਦੇ ਗੰਗਨਮ ਇਲਾਕੇ ਵਿੱਚ ਅੱਧਾ ਕਿਲੋਮੀਟਰ ਲੰਬਾ ਜ਼ਮੀਨਦੋਜ਼ ਪਾਰਕ ਜਾਂ 'ਲਾਈਟ ਵਾਕ' ਬਣਾਇਆ ਜਾ ਰਿਹਾ ਹੈ, ਜਿਸ 'ਤੇ ਸ਼ੀਸ਼ੇ ਦੀ ਛੱਤ ਹੋਵੇਗੀ, ਜਿਸ ਰਾਹੀਂ ਰੌਸ਼ਨੀ ਜ਼ਮੀਨਦੋਜ਼ ਪਾਰਕ ਅਤੇ ਉਥੇ ਬਣੇ ਕੰਪਲੈਕਸ ਤੱਕ ਪਹੁੰਚੇਗੀ।
ਐਂਟੋਨੀਆ ਕੋਰਨਾਰੋ, ਸਵਿਟਜ਼ਰਲੈਂਡ ਦੀ ਐਂਬਰਗ ਇੰਜੀਨੀਅਰਿੰਗ ਕੰਪਨੀ ਦੀ ਪ੍ਰੋਜੈਕਟ ਮੈਨੇਜਰ ਅਤੇ ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੀ ਜ਼ਮੀਨਦੋਜ਼ ਪੁਲਾੜ ਕਮੇਟੀ ਦੀ ਸਹਿ-ਚੇਅਰ, ਨੇ ਬੀਬੀਸੀ ਨੂੰ ਸੋਲ ਦੇ ਲਾਈਟ ਵਾਕ ਪ੍ਰੋਜੈਕਟ ਬਾਰੇ ਵੇਰਵੇ ਨਾਲ ਦੱਸਿਆ।
ਉਹ ਕਹਿੰਦੇ ਹਨ, “ਇੱਥੇ ਜ਼ਮੀਨਦੋਜ਼ ਦੋ ਆਧੁਨਿਕ ਪਾਰਕ ਬਣਾਏ ਜਾਣਗੇ। ਜਿਵੇਂ ਨਿਊਯਾਰਕ ਦੇ ਸੈਂਟਰਲ ਪਾਰਕ ਅਤੇ ਲੰਡਨ ਦੇ ਹਾਈਡ ਪਾਰਕ ਦੀ ਤਰ੍ਹਾਂ ਇਹ ਲਾਈਟ ਵਾਕ ਪਾਰਕ ਸੋਲ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਸੋਲ ਦੀ ਮੈਟਰੋ ਰੇਲ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਇੱਥੇ ਲੋਕਾਂ ਲਈ ਮਨ-ਪ੍ਰਚਾਵੇ ਦੇ ਕਈ ਸਾਧਨ ਹੋਣਗੇ। ਜੇਕਰ ਜ਼ਮੀਨ 'ਤੇ ਜ਼ਿਆਦਾ ਗਰਮੀ ਅਤੇ ਨਮੀ ਹੁੰਦੀ ਹੈ, ਤਾਂ ਲੋਕ ਹੇਠਾਂ ਪਾਰਕ ਦੇ ਠੰਢੇ ਮੌਸਮ ਵਿੱਚ ਸਮਾਂ ਲੰਘਾ ਸਕਣਗੇ।
ਸੂਰਜ ਦੀ ਰੌਸ਼ਨੀ ਦੀ ਘਾਟ ਜ਼ਮੀਨਦੋਜ਼ ਕੰਪਲੈਕਸਾਂ ਦੀ ਕਮੀ ਰਹੀ ਹੈ ਪਰ ਇਸ ਨੂੰ ਕੱਚ ਦੀ ਛੱਤ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਆਧੁਨਿਕ ਇਮਾਰਤਸਾਜ਼ੀ ਵਿੱਚ, ਰਿਫਲੈਕਸ਼ਨ ਅਤੇ ਫਾਈਬਰ ਆਪਟਿਕ ਕੇਬਲਾਂ ਦੀ ਵਰਤੋਂ ਕਰਕੇ ਜ਼ਮੀਨਦੋਜ਼ ਕੰਪਲੈਕਸਾਂ ਵਿੱਚ ਸੂਰਜ ਦੀ ਰੌਸ਼ਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਲਾਂਕਿ ਇੱਥੇ ਦੂਸਰੀ ਵੱਡੀ ਸਮੱਸਿਆ ਇਹ ਹੈ ਕਿ ਜ਼ਮੀਨ ਹੇਠਾਂ ਪੁੱਟਣਾ ਬਹੁਤ ਮਹਿੰਗਾ ਕੰਮ ਹੈ।
ਨਿਊਯਾਰਕ ਵਿੱਚ ਅਜਿਹੇ ਇੱਕ ਜ਼ਮੀਨਦੋਜ਼ 'ਲੋਅਲਾਈਨ' ਪਾਰਕ ਦਾ ਨਿਰਮਾਣ 2019 ਵਿੱਚ ਸ਼ੁਰੂ ਹੋਇਆ ਸੀ ਪਰ ਫੰਡਾਂ ਦੀ ਘਾਟ ਕਾਰਨ ਇੱਕ ਸਾਲ ਬਾਅਦ ਰੁਕ ਗਿਆ ਸੀ। ਉਮੀਦ ਹੈ ਕਿ ਇਹ ਦੁਬਾਰਾ ਸ਼ੁਰੂ ਹੋ ਜਾਵੇਗਾ।
ਐਂਟੋਨੀਆ ਕੋਰਨਾਰੋ ਨੇ ਦੱਸਿਆ ਕਿ ਇਸ ਪਾਰਕ ਵਿੱਚ ਜ਼ਮੀਨ ਹੇਠਾਂ ਕਈ ਤਰ੍ਹਾਂ ਦੇ ਪੌਦੇ ਉਗਾਉਣ ਦੀ ਪਰਖ ਕੀਤੀ ਗਈ ਹੈ। ਇਹ ਇੱਕ ਬਹੁਤ ਹੀ ਸੁੰਦਰ ਜਨਤਕ ਪਾਰਕ ਬਣ ਸਕਦਾ ਹੈ ਜਿੱਥੇ ਲੋਕ ਸਾਲ ਦੇ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਦੇਖ ਸਕਣਗੇ। ਉੱਥੇ ਫਾਈਬਰ ਆਪਟਿਕ ਕੇਬਲ ਰਾਹੀਂ ਸੂਰਜ ਦੀ ਰੌਸ਼ਨੀ ਪਹੁੰਚਾਈ ਜਾਵੇਗੀ ਤਾਂ ਜੋ ਉੱਥੇ ਰੁੱਖ ਅਤੇ ਬੂਟੇ ਵਧ-ਫੁੱਲ ਸਕਣ।
ਜੇਕਰ 'ਲੋਅਲਾਈਨ' ਪਾਰਕਾਂ ਵਿੱਚ ਬੂਟੇ ਉਗਾਏ ਜਾ ਸਕਦੇ ਹਨ ਤਾਂ ਫਿਰ ਅਜਿਹੀਆਂ ਖਾਲੀ ਜ਼ਮੀਨਦੋਜ਼ ਥਾਵਾਂ 'ਤੇ ਪੌਦੇ ਉਗਾਉਣ ਜਾਂ ਖੇਤੀ ਕਰਨ ਬਾਰੇ ਗੰਭੀਰਤਾ ਨਾਲ ਕਿਉਂ ਨਹੀਂ ਸੋਚਿਆ ਜਾਂਦਾ ਤਾਂ ਜੋ ਪ੍ਰਤੀਕੂਲ ਹਾਲਤਾਂ ਵਿਚ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ?
ਅਜਿਹੀਆਂ ਖੇਤੀ ਸਾਈਟਾਂ ਮੌਜੂਦ ਹਨ ਅਤੇ ਐਂਟੋਨੀਆ ਕੋਰਨਾਰੋ ਨੇ ਅਜਿਹੀਆਂ ਦੋ ਸਾਈਟਾਂ ਦਾ ਦੌਰਾ ਕੀਤਾ ਹੈ।
ਐਂਟੋਨੀਆ ਕੋਰਨਾਰੋ ਨੇ ਕਿਹਾ, "ਮੈਂ ਲੰਡਨ ਵਿੱਚ ਇੱਕ ਜ਼ਮੀਨਦੋਜ਼ ਖੇਤੀ ਪ੍ਰੋਜੈਕਟ ਦੇਖਿਆ ਜੋ ਦੋ ਨੌਜਵਾਨ ਕਾਰੋਬਾਰੀਆਂ ਨੇ ਪੁਰਾਣੇ ਜ਼ਮੀਨਦੋਜ਼ ਬੰਕਰਾਂ ਵਿੱਚ ਸ਼ੁਰੂ ਕੀਤਾ ਸੀ। ਖੇਤੀ ਦਾ ਇਹ ਧੰਦਾ ਕਾਫੀ ਸਫਲ ਰਿਹਾ ਹੈ। ਇੱਥੇ ਐਲਈਡੀ ਲਾਈਟਾਂ ਨਾਲ ਰੋਸ਼ਨੀ ਕੀਤੀ ਗਈ ਹੈ। ਅਜਿਹਾ ਹੀ ਇੱਕ ਪ੍ਰੋਜੈਕਟ ਸਵਿਟਜ਼ਰਲੈਂਡ ਵਿੱਚ ਵੀ ਚੱਲ ਰਿਹਾ ਹੈ ਅਤੇ ਇੱਥੇ ਵੀ ਇਹੀ ਪੈਂਤੜਾ ਅਪਣਾਇਆ ਗਿਆ ਹੈ। ਕਈ ਜ਼ਮੀਨਦੋਜ਼ ਥਾਵਾਂ 'ਤੇ ਖੁੰਭਾਂ ਉਗਾਈਆਂ ਜਾ ਰਹੀਆਂ ਹਨ।
"ਸੋਲ ਵਿੱਚ ਇੱਕ ਭੂਮੀਗਤ ਸਬਵੇਅ ਸਟੇਸ਼ਨ ਵਿੱਚ ਸਲਾਦ ਉਗਾਇਆ ਜਾਂਦਾ ਹੈ ਅਤੇ ਯਾਤਰੀਆਂ ਨੂੰ ਵੇਚਿਆ ਜਾਂਦਾ ਹੈ।"
ਅਜਿਹੀ ਹੀ ਇੱਕ ਯੋਜਨਾ ਫਰਾਂਸ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ। ਯੂਕੇ ਵਿੱਚ ਬੰਦ ਕੋਲਾ ਖਾਣਾਂ ਦੇ ਅੰਦਰ ਖੇਤੀ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਜ਼ਮੀਨਦੋਜ਼ ਥਾਵਾਂ 'ਤੇ ਖੇਤੀ ਕਰਨ ਦਾ ਇੱਕ ਫਾਇਦਾ ਇਹ ਹੈ ਕਿ ਇੱਥੇ ਕੋਈ ਕੀੜੇ-ਮਕੌੜੇ ਅਤੇ ਪੰਛੀ ਨਹੀਂ ਹਨ ਜੋ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਦੇ ਨਾਲ ਹੀ ਖੇਤਾਂ ਤੋਂ ਸ਼ਹਿਰਾਂ ਤੱਕ ਅਨਾਜ ਲਿਜਾਣ ਵਿੱਚ ਆਵਾਜਾਈ ਤੋਂ ਹੋਣ ਵਾਲੀ ਕਾਰਬਨ ਨਿਕਾਸੀ ਨੂੰ ਵੀ ਘਟਾਇਆ ਜਾ ਸਕਦਾ ਹੈ।
ਜ਼ਮੀਨਦੋਜ਼ ਫਸਲਾਂ ਉਗਾਉਣ ਲਈ ਜ਼ਮੀਨ ਉੱਤੇ ਉਗਾਈਆਂ ਗਈਆਂ ਫਸਲਾਂ ਨਾਲੋਂ ਘੱਟ ਪਾਣੀ ਅਤੇ ਜਗ੍ਹਾ ਦੀ ਲੋੜ ਹੁੰਦੀ ਹੈ।
ਐਂਟੋਨੀਆ ਕੋਰਨਾਰੋ ਦਾ ਕਹਿਣਾ ਹੈ ਕਿ ਜ਼ਮੀਨਦੋਜ਼ ਕੰਪਲੈਕਸਾਂ ਵਿੱਚ ਤਾਪਮਾਨ ਸਥਿਰ ਰਹਿੰਦਾ ਹੈ, ਇਸ ਲਈ ਇਨ੍ਹਾਂ ਨੂੰ ਠੰਢਾ ਕਰਨ ਲਈ ਬਾਲਣ ਦੀ ਲੋੜ ਨਹੀਂ ਪੈਂਦੀ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਸਸਤੀ ਹੁੰਦੀ ਹੈ।
ਖੁਦਾਈ ਦੀ ਚੁਣੌਤੀ

ਤਸਵੀਰ ਸਰੋਤ, Getty Images
ਅਮਰੀਕਾ ਦੀ ਯੂਨੀਵਰਸਿਟੀ ਆਫ ਮੈਰੀਲੈਂਡ ਵਿੱਚ ਸ਼ਹਿਰੀ ਯੋਜਨਾਬੰਦੀ ਸਟੱਡੀ ਪ੍ਰੋਗਰਾਮ ਦੀ ਡਾਇਰੈਕਟਰ ਪ੍ਰੋਫੈਸਰ ਕਲਾਰਾ ਇਰਾਜ਼ਾਬੇਲ ਦਾ ਮੰਨਣਾ ਹੈ ਕਿ ਹੁਣ ਦੁਨੀਆ ਦੀ ਬਹੁਗਿਣਤੀ ਆਬਾਦੀ ਸ਼ਹਿਰਾਂ ਵਿੱਚ ਰਹਿਣ ਲੱਗ ਪਈ ਹੈ।
ਅਜਿਹੀ ਸਥਿਤੀ ਵਿੱਚ, ਜ਼ਮੀਨਦੋਜ਼ ਕੰਪਲੈਕਸਾਂ ਦੀ ਉਸਾਰੀ ਜਗ੍ਹਾ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਚੰਗਾ ਪਰ ਦਲੇਰ ਵਿਕਲਪ ਹੋ ਸਕਦਾ ਹੈ।
ਉਨ੍ਹਾਂ ਦੇ ਅਨੁਸਾਰ, "ਜ਼ਮੀਨਦੋਜ਼ ਇਮਾਰਤਾਂ ਦੇ ਨਿਰਮਾਣ ਦੀ ਲਾਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਪ੍ਰਕਿਰਿਆ ਗੁੰਝਲਦਾਰ ਹੋਵੇਗੀ। ਫਿਰ ਇਮਾਰਤ ਦੇ ਢਾਂਚੇ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ, ਵਾਟਰਪ੍ਰੂਫਿੰਗ, ਹਵਾਦਾਰ ਅਤੇ ਮੁਰੰਮਤ ਕਰਨਾ ਵੀ ਵਧੇਰੇ ਚੁਣੌਤੀ ਪੂਰਨ ਹੋਵੇਗਾ। "ਇਸ ਸਭ ਲਈ ਆਧੁਨਿਕ ਤਕਨੀਕ ਦੀ ਲੋੜ ਹੋਵੇਗੀ."
ਜ਼ਮੀਨਦੋਜ਼ ਇਮਾਰਤਾਂ ਨੂੰ ਡਿਜ਼ਾਈਨ ਕਰਦੇ ਸਮੇਂ ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ ਉੱਥੇ ਰਹਿਣ ਨਾਲ ਸਾਡੇ ਮਨ 'ਤੇ ਕੀ ਪ੍ਰਭਾਵ ਪਵੇਗਾ ਕਿਉਂਕਿ ਹੜ੍ਹ ਜਾਂ ਅੱਗ ਦੇ ਖ਼ਤਰੇ ਵਾਲੀ ਅਜਿਹੀ ਥਾਂ 'ਤੇ ਰਹਿਣਾ ਸੁਖਾਲਾ ਨਹੀਂ ਹੈ।
ਪ੍ਰੋਫੈਸਰ ਕਲਾਰਾ ਇਰਾਜ਼ਾਬੇਲ ਦਾ ਮੰਨਣਾ ਹੈ ਕਿ ਅਸਮਾਨ ਅਤੇ ਸੂਰਜ ਦੀ ਰੌਸ਼ਨੀ ਤੋਂ ਬਿਨਾਂ ਕੁਦਰਤੀ ਸੰਸਾਰ ਤੋਂ ਅਲੱਗ ਰਹਿਣ ਦਾ ਨਿਸ਼ਚਤ ਹੀ ਮਨੋਵਿਗਿਆਨਕ ਅਸਰ ਹੋਵੇਗਾ। ਇਸ ਨਕਾਰਾਤਮਕ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਜ਼ਮੀਨਦੋਜ਼ ਜੀਵਨ ਦੀ ਅਗਲੀ ਸਮੱਸਿਆ ਇਸ ਨਾਲ ਜੁੜੀਆਂ ਧਾਰਨਾਵਾਂ ਹਨ।
ਆਸਕਰ ਪੁਰਸਕਾਰ ਜੇਤੂ ਕੋਰੀਅਨ ਫਿਲਮ 'ਪੈਰਾਸਾਈਟ' ਬੇਸਮੈਂਟ ਵਿੱਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ।ਸੋਲ ਵਿੱਚ ਅਜਿਹੇ 'ਬਨਜੀਆ' ਘਰਾਂ 'ਚ ਕਰੀਬ ਦੋ ਲੱਖ ਲੋਕ ਰਹਿੰਦੇ ਹਨ। ਹੜ੍ਹਾਂ ਅਤੇ ਕੀੜਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ।
ਭਾਵੇਂ ਇਹ ਸਮੱਸਿਆਵਾਂ ਹੱਲ ਹੋ ਜਾਣ, ਫਿਰ ਵੀ ਇਸ ਕਿਸਮ ਦੇ ਜੀਵਨ ਨਾਲ ਜੁੜੀ ਨਕਾਰਾਤਮਕ ਧਾਰਨਾ ਦਾ ਹੱਲ ਕਰਨਾ ਮੁਸ਼ਕਲ ਹੈ।

ਤਸਵੀਰ ਸਰੋਤ, KIM I MOTT
ਪ੍ਰੋਫੈਸਰ ਕਲਾਰਾ ਇਰਾਜ਼ਾਬੇਲ ਦਾ ਵਿਚਾਰ ਹੈ ਕਿ ਜ਼ਮੀਨਦੋਜ਼ ਜੀਵਨ ਹਮੇਸ਼ਾ ਗਰੀਬੀ ਨਾਲ ਜੁੜਿਆ ਰਿਹਾ ਹੈ। ਅਤੇ ਇਹ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਕੋਲ ਜ਼ਮੀਨ ਤੋਂ ਉੱਪਰ ਰਹਿਣ ਦੇ ਸਾਧਨ ਨਹੀਂ ਹਨ ਉਹ ਜ਼ਮੀਨਦੋਜ਼ ਘਰਾਂ ਵਿੱਚ ਰਹਿੰਦੇ ਹਨ।
ਉਹ ਕਹਿੰਦੇ ਹਨ, “ਇਸ ਤੋਂ ਇਲਾਵਾ, ਦੂਜੀ ਗੱਲ ਇਹ ਹੈ ਕਿ ਇਨਸਾਨ ਜ਼ਮੀਨ ਤੋਂ ਉੱਪਰ ਰਹਿਣ ਦੇ ਆਦੀ ਹਨ, ਉਹ ਰੀਤੀ-ਰਿਵਾਜਾਂ ਨਾਲ ਰਹਿੰਦੇ ਹਨ, ਇਸ ਲਈ ਸਾਡੇ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਸੌਖਾ ਨਹੀਂ ਹੈ। ਪਰ ਸਾਨੂੰ ਹਿੰਮਤੀ ਅਤੇ ਰਚਨਾਤਮਕ ਸੋਚ ਅਪਣਾਉਣੀ ਪਵੇਗੀ।”
ਪ੍ਰੋਫੈਸਰ ਕਲਾਰਾ ਇਰਾਜ਼ਾਬੇਲ ਦਾ ਕਹਿਣਾ ਹੈ ਕਿ ਕਈ ਸ਼ਹਿਰਾਂ ਵਿੱਚ ਮਾਲ, ਕੈਸੀਨੋ ਅਤੇ ਰੇਲ ਗੱਡੀਆਂ ਜ਼ਮੀਨਦੋਜ਼ ਹਨ। ਸਾਨੂੰ ਉਸ ਪ੍ਰਣਾਲੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣਾ ਹੋਵੇਗਾ ਤਾਂ ਜੋ ਰਿਹਾਇਸ਼ੀ ਕੰਪਲੈਕਸ ਵੀ ਜ਼ਮੀਨਦੋਜ਼ ਬਣਾਏ ਜਾ ਸਕਣ।
ਹੁਣ ਸਾਡੇ ਮੁੱਖ ਸਵਾਲ 'ਤੇ ਵਾਪਸ ਆਉਂਦੇ ਹਾਂ - ਕੀ ਸਾਡਾ ਭਵਿੱਖ ਜ਼ਮੀਨਦੋਜ਼ ਹੋਵੇਗਾ?
ਜਿਵੇਂ-ਜਿਵੇਂ ਵੱਧ ਤੋਂ ਵੱਧ ਲੋਕ ਸ਼ਹਿਰਾਂ ਵੱਲ ਜਾ ਰਹੇ ਹਨ, ਸ਼ਹਿਰਾਂ ਵਿੱਚ ਥਾਂ ਦੀ ਘਾਟ ਵਧਦੀ ਜਾ ਰਹੀ ਹੈ। ਫਿਰ ਜ਼ਮੀਨ ਦੇ ਹੇਠਾਂ ਤਾਪਮਾਨ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਤਕਨੀਕ ਦੀ ਮਦਦ ਨਾਲ ਅਸੀਂ ਉੱਥੇ ਕੁਦਰਤੀ ਰੌਸ਼ਨੀ ਲਿਆ ਸਕਦੇ ਹਾਂ ਅਤੇ ਸਬਜ਼ੀਆਂ ਵੀ ਉਗਾ ਸਕਦੇ ਹਾਂ।
ਅਸਲ ਵਿੱਚ, ਸਾਡੇ ਸਾਹਮਣੇ ਅਸਲ ਚੁਣੌਤੀ ਜ਼ਮੀਨਦੋਜ਼ ਜੀਵਨ ਨਾਲ ਸੰਬੰਧਿਤ ਧਾਰਨਾ ਨੂੰ ਬਦਲਣ ਅਤੇ ਜ਼ਮੀਨਦੋਜ਼ ਇਮਾਰਤਾਂ ਬਣਾਉਣ ਲਈ ਵਸੀਲੇ ਇਕੱਠੇ ਕਰਨ ਦੀ ਹੈ।
ਆਧੁਨਿਕ ਸੰਸਾਰ ਨੂੰ ਦਰਪੇਸ਼ ਜਲਵਾਯੂ ਪਰਿਵਰਤਨ ਅਤੇ ਵਧਦੀ ਆਬਾਦੀ ਦੀ ਸਮੱਸਿਆ ਦੇ ਮੱਦੇਨਜ਼ਰ, ਸਾਡੇ ਕੋਲ ਸ਼ਾਇਦ ਡੂੰਘਾਈ ਵਿੱਚ ਜਾਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।








