ਕੌਣ ਸਨ ਨਫੇ ਸਿੰਘ ਰਾਠੀ, ਜਿਨ੍ਹਾਂ ਨੂੰ ਹਰਿਆਣਾ ਵਿੱਚ ਦਿਨ-ਦਿਹਾੜੇ ਗੋਲੀਆਂ ਨਾਲ ਮਾਰ ਦਿੱਤਾ ਗਿਆ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਨੂੰ ਦਿਨ ਦਿਹਾੜੇ ਬਹਾਦਰਗੜ੍ਹ ਵਿੱਚ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਦੋ ਵਾਰੀ ਬਹਾਦਰਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਰਹਿ ਚੁੱਕੇ ਨਫੇ ਸਿੰਘ ਦੀ ਐੱਸਯੂਵੀ ਗੱਡੀ ਬਹਾਦਰਗੜ੍ਹ ਵਿੱਚ ਬਰਾਹੀ ਰੇਲਵੇ ਗੇਟ ਉੱਤੇ ਰੋਕੀ ਗਈ ਸੀ ।

ਇਸੇ ਮੌਕੇ ਗੱਡੀ ਵਿੱਚ ਆਏ ਹਮਲਾਵਰ ਰਾਠੀ ਨੂੰ ਨਮਸਕਾਰ ਬੁਲਾਉਣ ਦੇ ਬਹਾਨੇ ਨਾਲ ਗੱਡੀ ਵੱਲ ਵਧੇ।

ਇਸ ਮਗਰੋਂ ਉਨ੍ਹਾਂ ਨੇ ਰਾਠੀ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਰਾਠੀ ਉੱਤੇ ਹਮਲਾਵਰਾਂ ਨੇ ਕਰੀਬ 40 ਤੋਂ 50 ਬੰਦੂਕ ਦੇ ਰਾਊਂਡ ਫਾਇਰ ਕੀਤੇ ਗਏ।

ਇਹ ਘਟਨਾ ਐਤਵਾਰ ਸ਼ਾਮ ਪੰਜ ਵਜੇ ਦੇ ਕਰੀਬ ਵਾਪਰੀ।

ਰਾਠੀ ਦੇ ਸਰੀਰ ਉੱਤੇ ਕਰੀਬ ਛੇ ਗੋਲੀਆਂ ਲੱਗੀਆਂ, ਇਹ ਗੋਲੀਆਂ ਉਨ੍ਹਾਂ ਦੇ ਗਲੇ ਅਤੇ ਪਿੱਠ ਉੱਤੇ ਵੀ ਲੱਗੀਆਂ।

ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਾਰਟੀ ਵਿੱਚ ਹੀ ਕੰਮ ਕਰਦੇ ਜੈ ਕਿਸ਼ਨ ਦਲਾਲ ਵੀ ਸਨ ਜਿਨ੍ਹਾਂ ਦੀ ਵੀ ਇਸ ਹਮਲੇ ਵਿੱਚ ਮੌਤ ਹੋ ਗਈ।

ਨਫੇ ਸਿੰਘ ਰਾਠੀ ਦੀ ਸੁਰੱਖਿਆ ਵਿੱਚ ਤੈਨਾਤ ਦੋ ਮੁਲਾਜ਼ਮਾਂ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ।

ਨਫੇ ਸਿੰਘ ਰਾਠੀ ਨੂੰ ਜਿਸ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਉੱਥੋਂ ਦੇ ਡਾਕਟਰ ਮੁਤਾਬਕ ਨਫੇ ਸਿੰਘ ਰਾਠੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਪੁਲਿਸ ਨੇ ਨਫੇ ਸਿੰਘ ਰਾਠੀ ਬਾਰੇ ਕੇਸ ਦਰਜ ਕਰ ਲਿਆ ਹੈ ਜਿਸ ਵਿੱਚ ਸਾਬਕਾ ਭਾਜਪਾ ਐੱਮਐਲਏ ਸਣੇ ਹੋਰ ਲੋਕਾਂ ਦੇ ਨਾਮ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਗਏ ਹਨ।

ਨਫੇ ਸਿੰਘ ਰਾਠੀ ਕੌਣ ਸਨ?

ਨਫੇ ਸਿੰਘ ਰਾਠੀ ਬਹਾਦਰਗੜ੍ਹ ਵਿਧਾਨ ਸਭਾ ਤੋਂ 2 ਵਾਰ ਐੱਮਐੱਲਏ ਰਹਿ ਚੁੱਕੇ ਹਨ।

ਉਹ 1996 ਤੋਂ ਲੈ ਕੇ 2004 ਤੱਕ ਐੱਮਐੱਲਏ ਰਹੇ ਸਨ।

ਨਫੇ ਸਿੰਘ ਰਾਠੀ 2009 ਵਿੱਚ ਲੋਕ ਸਭਾ ਚੋਣਾਂ ਵਿੱਚ ਵੀ ਖੜ੍ਹੇ ਹੋਏ ਸਨ।

ਨਫੇ ਸਿੰਘ ਰਾਠੀ ਨੂੰ ਇਲਾਕੇ ਵਿੱਚ ਤਾਕਤਵਰ ਆਗੂ ਵਜੋਂ ਜਾਣਿਆ ਜਾਂਦਾ ਸੀ।

ਚੋਣ ਹਲਫ਼ਨਾਮੇ ਮੁਤਾਬਕ ਨਫੇ ਸਿੰਘ ਰਾਠੀ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਸੀ ।

ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਦਾ ਸੂਬਾ ਪ੍ਰਧਾਨ ਦੋ ਸਾਲ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੇ ਬਣਾਇਆ ਸੀ।

ਉਹ ਬਹਾਦਰਗੜ੍ਹ ਨਗਰ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਨਫੇ ਸਿੰਘ ਰਾਠੀ ਕੁਸ਼ਤੀ ਸੰਘ(ਇੰਡੀਅਨ ਸਟਾਈਲ) ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ।

ਨਫੇ ਸਿੰਘ ਰਾਠੀ ਵੱਲੋਂ ਦਾਇਰ ਕੀਤੇ ਗਏ ਚੋਣ ਹਲਫਨਾਮੇ ਮੁਤਾਬਕ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਕੁਲ ਜਾਇਦਾਦ ਦਾ ਮੁੱਲ 18 ਕਰੋੜ ਦੇ ਕਰੀਬ ਹੈ।

ਪੁਲਿਸ ਕੀ ਕਹਿ ਰਹੀ

ਪੁਲਿਸ ਨੇ ਨਫੇ ਸਿੰਘ ਰਾਠੀ ਦੇ ਭਾਣਜੇ ਸੰਜੇ ਦੀ ਸ਼ਿਕਾਇਤ ਉੱਤੇ ਸਾਬਕਾ ਵਿਧਾਇਕ ਭਾਜਪਾ ਸਣੇ ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ, ਸਾਬਕਾ ਚੇਅਰਮੈਨ ਕਰਮਬੀਰ ਰਾਠੀ, ਸਾਬਕਾ ਮੰਤਰੀ ਮੰਗੇਰਾਮ ਰਾਠੀ ਦੇ ਪੁੱਤਰ ਸਤੀਸ਼ ਨੰਬਰਦਾਰ, ਰਾਹੁਲ, ਕਮਲ, ਅਤੇ ਗੌਰਵ ਦੇ ਨਾਮ ਮੁਲਜ਼ਮਾਂ ਵਜੋਂ ਸ਼ਾਮਲ ਕੀਤੇ ਹਨ।

ਝੱਜਰ ਦੇ ਸੁਪਰੀਟੈਂਡੈਂਟ ਆਫ ਪੁਲਿਸ ਅਰਪਿਤ ਜੈਨ ਨੇ ਦੱਸਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ 5 ਵੱਖ-ਵੱਖ ਟੀਮਾਂ ਬਣਾਈਆਂ ਹਨ।

ਇਹ ਟੀਮਾਂ ਦੋ ਅਫ਼ਸਰਾਂ ਹੇਠ ਕੰਮ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਸੀਆਈਏ ਅਤੇ ਐੱਸਟੀਐੱਫ ਮੁਲਾਜ਼ਮ ਵੀ ਇਸ ਕੇਸ ਦੀ ਜਾਂਚ ਕਰ ਰਹੇ ਹਨ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਕੀ ਇਲਜ਼ਾਮ ਲਗਾ ਰਹੇ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਇਹ ਘਟਨਾ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦਰਸਾਉਂਦੀ ਹੈ।

ਉੱਥੇ ਹੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਰਕਾਰ ਇਸ ਕਤਲ ਲਈ ਜ਼ਿੰਮੇਵਾਰ ਹੈ।

ਚੌਟਾਲਾ ਨੇ ਦਾਅਵਾ ਕੀਤਾ ਕਿ ਨਫੇ ਸਿੰਘ ਰਾਠੀ ਪਿਛਲੇ ਛੇ ਮਹੀਨਿਆਂ ਤੋਂ ਪੁਲਿਸ ਸੁਰੱਖਿਆ ਦੀ ਮੰਗ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਨਫੇ ਸਿੰਘ ਕਹਿ ਰਹੇ ਸਨ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ, ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ।

ਚੌਟਾਲਾ ਨੇ ਅੱਗੇ ਦਾਅਵਾ ਕੀਤਾ ਕਿ ਨਫੇ ਸਿੰਘ ਰਾਠੀ ਨੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਹਰਿਆਣਾ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਕਮਿਸ਼ਨਰ ਨੂੰ ਆਪਣੀ ਜਾਨ ਨੂੰ ਖ਼ਤਰਾ ਹੋਣ ਬਾਰੇ ਲਿਖਿਆ ਸੀ ਪਰ ਉਸ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।

ਭਾਜਪਾ ਆਗੂ ਕੀ ਕਹਿ ਰਹੇ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਆਪਣੇ 'ਐਕਸ' ਅਕਾਊਂਟ ਉੱਤੇ ਲਿਖਿਆ, "ਇਸ ਮਾਮਲੇ ਵਿੱਚ ਸ਼ਾਮਲ ਇੱਕ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪੁਲਿਸ ਨੂੰ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।"

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਬਹੁਤ ਦੁੱਖ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਹੈ।

ਪਰਿਵਾਰ ਕੀ ਮੰਗ ਕਰ ਰਿਹਾ

ਨਫੇ ਸਿੰਘ ਰਾਠੀ ਦੇ ਪੁੱਤਰ ਜਿਤੇਂਦਰ ਰਾਠੀ ਨੇ ਕਿਹਾ ਕਿ ਉਹ ਉਦੋਂ ਤੱਕ ਆਪਣੇ ਪਿਤਾ ਦੀ ਲਾਸ਼ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।

ਰਾਠੀ ਦੇ ਸਮਰਥਕਾਂ ਨੇ ਬਹਾਦਰਗੜ੍ਹ ਸ਼ਹਿਰ ਵਿੱਚੋਂ ਲੰਘਦੀ ਦਿੱਲੀ ਰੋਹਤਕ ਸੜਕ ਨੂੰ ਜਾਮ ਕਰ ਦਿੱਤਾ ਹੈ।

ਬਹਾਦਰਗੜ੍ਹ ਵਿੱਚ ਸਿਵਲ ਹਸਪਤਾਲ ਦੇ ਬਾਹਰ ਨਫੇ ਸਿੰਘ ਰਾਠੀ ਦੇ ਸਮਰਥਕਾਂ ਵੱਲੋਂ ਰਸਤਾ ਰੋਕ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)