You’re viewing a text-only version of this website that uses less data. View the main version of the website including all images and videos.
ਹਰਿਆਣਾ ਚੋਣਾਂ: ‘ਆਪ’ ਦੇ ਰਾਘਵ ਚੱਢਾ ਨੇ ਕਿਹਾ, 'ਕਾਂਗਰਸ ਨਾਲ ਗੱਠਜੋੜ ਦੀ ਇੱਛਾ, ਮਨ ਨਾ ਮਿਲੇ ਤਾਂ...’, ਕੀ ਹਨ ਮੁਸ਼ਕਿਲਾਂ?
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹਾਲੇ ਵੀ ਗੱਠਜੋੜ ਲਈ ਗੱਲਬਾਤ ਚੱਲ ਰਹੀ ਹੈ।
ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ਇਸ ਗੱਠਜੋੜ ਲਈ 'ਸਹਿਮਤੀ' ਜਤਾਈ ਹੈ ਪਰ ਇਸ ਰਸਤੇ ਵਿੱਚ ਕਈ ਮੁਸ਼ਕਿਲਾਂ ਵੀ ਹਨ। ਹਲਾਂਕਿ, ਦੋਵੇਂ ਪਾਰਟੀਆਂ ਵਿਰੋਧੀ ਧਿਰਾਂ ਦੇ 'ਇੰਡੀਆ ਗੱਠਜੋੜ' ਦਾ ਹਿੱਸਾ ਵੀ ਹਨ।
ਹਰਿਆਣਾ ਦੀਆਂ 90 ਸੀਟਾਂ ਵਾਲੀ ਵਿਧਾਨ ਸਭਾ ਲਈ ਇੱਕ ਮਹੀਨੇ ਬਾਅਦ 5 ਅਕਤੂਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ ਅਤੇ ਇਸ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਚੋਣਾਂ ਵਿੱਚ ਵੱਧ ਤੋਂ ਵੱਧ ਸੀਟਾਂ 'ਤੇ ਕਬਜ਼ਾ ਕਰਨ ਲਈ ਸੂਬੇ ਦੀਆਂ ਸਿਆਸੀ ਪਾਰਟੀਆਂ ਆਪਣੀ ਰਣਨੀਤੀ ਬਣਾਉਣ ਵਿੱਚ ਜੁੱਟੀਆਂ ਹਨ।
ਸੂਬੇ 'ਚ ਕਾਂਗਰਸ ਅਤੇ 'ਆਪ' ਦੇ ਗੱਠਜੋੜ ਉਪਰ ਕਾਂਗਰਸੀ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਹੈ ਕਿ ਭਾਜਪਾ ਦੇ ਖਿਲਾਫ਼ ਵੋਟਾਂ ਵੰਡਣ ਲਈ ਉਨ੍ਹਾਂ ਦੀ 'ਆਪ' ਸਣੇ ਕੁਝ ਹੋਰ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ।
ਕਾਂਗਰਸ-ਆਪ ਗੱਠਜੋੜ 'ਤੇ ਬੋਲੇ ਰਾਘਵ ਚੱਢਾ
ਕਾਂਗਰਸ ਵੱਲੋਂ 31 ਉਮੀਦਵਾਰਾਂ ਦੀ ਸੂਚੀ ਸ਼ੁੱਕਰਵਾਰ ਰਾਤ ਨੂੰ ਜਾਰੀ ਕੀਤੀ ਗਈ ਸੀ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹਰਿਆਣਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਹੋ ਸਕਦਾ ਹੈ।
ਇਸੇ ਦੌਰਾਨ ਹੁਣ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਾਂਗਰਸ ਅਤੇ 'ਆਪ' ਵਿਚਾਲੇ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ।
ਰਾਘਵ ਚੱਢਾ ਨੇ ਕਿਹਾ ਕਿ, "ਗੱਠਜੋੜ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਚਰਚਾ ਜਾਰੀ ਹੈ। ਗੱਲਬਾਤ ਸਕਾਰਾਤਮਕ ਮਾਹੌਲ 'ਚ ਚੱਲ ਰਹੀ ਹੈ। ਦੋਵਾਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਉਮੀਦਵਾਰਾਂ ਦੀਆਂ ਸਾਰੀਆਂ ਸਿਆਸੀ ਖਾਹਿਸ਼ਾਂ ਨੂੰ ਪਾਸੇ ਰੱਖ ਕੇ ਇੱਕਜੁੱਟ ਹੋ ਕੇ ਮਜ਼ਬੂਤੀ ਨਾਲ ਹਰਿਆਣਾ ਦੇ ਹਿੱਤ ਵਿੱਚ ਅਤੇ ਹਰਿਆਣਾ ਦੇ ਲੋਕਾਂ ਦੀ ਮੰਗ ਅਨੁਸਾਰ ਮਿਲ ਕੇ ਚੋਣਾਂ ਲੜੀਆਂ ਜਾਣ।"
ਉਨ੍ਹਾਂ ਨੇ ਕਿਹਾ ਹੈ ਕਿ, "ਕਿਹੜੀਆਂ ਸੀਟਾਂ ਹੋਣਗੀਆਂ, ਕਿੰਨੀਆਂ ਸੀਟਾਂ ਹੋਣਗੀਆਂ ਇਸ ਨੂੰ ਲੈ ਕੇ ਮੈਂ ਕੁਝ ਕਹਿ ਨਹੀਂ ਸਕਦਾ। ਕਮਰੇ ਅੰਦਰ ਜੋ ਵੀ ਚਰਚਾਵਾਂ ਚੱਲ ਰਹੀਆਂ ਹਨ, ਉਸ ਦੇ ਸਿੱਟੇ ਸਾਂਝੇ ਕਰ ਦਿੱਤੇ ਜਾਣਗੇ।"
ਰਾਘਵ ਚੱਢਾ ਨੇ ਕਿਹਾ ਹੈ ਕਿ, "ਗੱਠਜੋੜ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਇੱਛਾ ਵੀ ਹੈ ਅਤੇ ਉਮੀਦ ਵੀ। ਨਾਮਜ਼ਦਗੀ ਤੋਂ ਪਹਿਲਾਂ ਫੈਸਲਾ ਹੋ ਜਾਵੇਗਾ ਅਤੇ ਜੇਕਰ ਮਨ ਨਾ ਮਿਲੇ ਤਾਂ ਛੱਡ ਦਵਾਂਗੇ।"
ਕਾਂਗਰਸ-ਆਪ ਗੱਠਜੋੜ ਦੀਆਂ ਮੁਸ਼ਕਿਲਾਂ
ਮੰਨਿਆ ਜਾਂਦਾ ਹੈ ਕਿ ਹਰਿਆਣਾ ਦੇ ਸਥਾਨਕ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੇ ਬਹੁਤ ਜ਼ਿਆਦਾ ਪੱਖ ਵਿੱਚ ਨਹੀਂ ਹਨ। ਇਹ ਬਿਲਕੁਲ ਦਿੱਲੀ ਵਰਗੀ ਸਥਿਤੀ ਹੈ, ਜਿੱਥੇ ਲੋਕ ਸਭਾ ਚੋਣਾਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਕਈ ਸਥਾਨਕ ਆਗੂ 'ਆਪ' ਨਾਲ ਗੱਠਜੋੜ ਨਹੀਂ ਚਾਹੁੰਦੇ ਸੀ।
ਇਸ ਵਿਚਾਲੇ ਇੱਕ ਸਮੱਸਿਆ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜੇ ਕਿਸੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਅਗਲੇ ਸਾਲ ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀ ਹੋਵੇਗਾ?
ਇੱਕ ਪਾਸੇ ਜਿੱਥੇ ਦਿੱਲੀ ਵਿੱਚ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਬਹੁਤ ਤਾਕਤਵਰ ਹੈ, ਉੱਥੇ ਹੀ ਦਿੱਲੀ ਵਿੱਚ ਕਾਂਗਰਸ ਦਾ ਇੱਕ ਵੀ ਵਿਧਾਇਕ ਨਹੀਂ ਹੈ।
ਸੀਨੀਅਰ ਪੱਤਰਕਾਰ ਪ੍ਰਮੋਦ ਜੋਸ਼ੀ ਦਾ ਕਹਿਣਾ ਹੈ, "ਹਰਿਆਣਾ ਵਿੱਚ ਕਾਂਗਰਸ ਦੀ ਲੜ੍ਹਾਈ ਬਹੁਤੀ ਸੌਖੀ ਨਹੀਂ ਜਾਪਦੀ। ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਬਰਾਬਰੀ 'ਤੇ ਸਨ, ਇਸ ਲਈ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਨੂੰ ਲੈ ਕੇ ਬਹੁਤੀ ਆਸਵੰਦ ਨਹੀਂ ਦਿਖਾਈ ਦੇ ਰਹੀ।"
ਹਰਿਆਣਾ ਵਿੱਚ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ 43 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 46 ਫੀਸਦੀ ਵੋਟਾਂ ਮਿਲੀਆਂ ਸਨ। ਜਿਸ ਦਾ ਮਤਲਬ ਹੈ ਦੋਵਾਂ ਵੱਡੀਆਂ ਪਾਰਟੀਆਂ ਵਿਚਕਾਰ ਵੋਟਾਂ ਦਾ ਅੰਤਰ ਬਹੁਤ ਘੱਟ ਸੀ।
ਪ੍ਰਮੋਦ ਜੋਸ਼ੀ ਦਾ ਮੰਨਣਾ ਹੈ ਕਿ ਹਰਿਆਣਾ 'ਚ ਕਈ ਵਾਰ ਵਿਧਾਇਕ ਜਿੱਤਣ ਤੋਂ ਬਾਅਦ ਪਾਰਟੀ ਛੱਡ ਜਾਂਦੇ ਹਨ ਅਤੇ ਇਸੇ ਲਈ ਕਾਂਗਰਸ ਇੱਥੇ ਵੱਡੀ ਜਿੱਤ ਚਾਹੁੰਦੀ ਹੈ, ਤਾਂ ਜੋ ਭਵਿੱਖ 'ਚ ਸਰਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦੋਵਾਂ ਪਾਰਟੀਆਂ ਵਿਚਾਲੇ ਰੁਕਾਵਟ ਆ ਸਕਦੀ ਹੈ।
ਖਬਰਾਂ ਮੁਤਾਬਕ 'ਆਪ' ਹਰਿਆਣਾ 'ਚ 10 ਤੋਂ ਵੱਧ ਸੀਟਾਂ ਦੀ ਮੰਗ ਕਰ ਸਕਦੀ ਹੈ ਪਰ ਕਾਂਗਰਸ 4 ਤੋਂ ਵੱਧ ਸੀਟਾਂ ਛੱਡਣ ਲਈ ਤਿਆਰ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਨਿਸ਼ਚਿਤ ਤੌਰ 'ਤੇ ਭਾਜਪਾ ਨੂੰ ਹਰਾਉਣਾ ਹੀ ਸਾਡੀ ਤਰਜੀਹ ਹੈ, ਇਸ ਬਾਰੇ ਅੰਤਿਮ ਫੈਸਲਾ ਹਰਿਆਣਾ ਨਾਲ ਜੁੜੇ ਆਗੂ ਅਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਰਨਗੇ।"
ਇਸ ਮਾਮਲੇ 'ਤੇ ਸੰਜੇ ਸਿੰਘ ਨੇ ਸੀਟਾਂ ਦੀ ਵੰਡ ਅਤੇ ਹੋਰ ਮੁੱਦਿਆਂ ਬਾਰੇ ਕੁਝ ਨਹੀਂ ਕਿਹਾ।
ਕਾਂਗਰਸ ਨੂੰ 'ਆਪ' ਤੋਂ ਵੱਡਾ ਨੁਕਸਾਨ ਹੋ ਚੁਕਿਆ ਹੈ
ਆਮ ਆਦਮੀ ਪਾਰਟੀ ਨੇ ਕਈ ਸੂਬਿਆਂ ਵਿੱਚ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਸਾਲ 2022 'ਚ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਸਿਰਫ 28 ਫੀਸਦੀ ਵੋਟਾਂ ਅਤੇ 17 ਸੀਟਾਂ 'ਤੇ ਸਿਮਟ ਗਈ ਸੀ। ਆਮ ਆਦਮੀ ਪਾਰਟੀ ਦੀ ਇਸ ਵਿੱਚ ਵੱਡੀ ਭੂਮਿਕਾ ਰਹੀ ਸੀ, ਜਿਸ ਨੇ ਕਰੀਬ 13 ਫੀਸਦੀ ਵੋਟਾਂ ਨਾਲ 5 ਸੀਟਾਂ ਜਿੱਤੀਆਂ ਸਨ।
ਜਦਕਿ ਇਸ ਤੋਂ ਪਹਿਲਾਂ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਸੂਬੇ 'ਚ ਕਰੀਬ 43 ਫੀਸਦੀ ਵੋਟਾਂ ਅਤੇ 77 ਸੀਟਾਂ ਮਿਲੀਆਂ ਸਨ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਖੋਹ ਲਈਆਂ ਸਨ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਖ਼ੁਦ ਕਾਂਗਰਸ ਨੂੰ ਹਰਾ ਨਹੀਂ ਸਕੀ ਸੀ।
ਅਜਿਹੇ ਵਿੱਚ ਜਿਹੜੇ ਸੂਬੇ 'ਚ ਭਾਜਪਾ ਖੁਦ ਇੱਕ ਤਾਕਤ ਹੈ ਉੱਥੇ ਕਾਂਗਰਸ ਦੇ ਸਾਹਮਣੇ ਆਮ ਆਦਮੀ ਪਾਰਟੀ ਵੀ ਖੜ੍ਹੀ ਹੋਵੇ ਤਾਂ ਉਸ ਲਈ ਮੁਕਾਬਲਾ ਕਰਨਾ, ਘੱਟੋ-ਘੱਟ ਚੋਣ ਅੰਕੜਿਆਂ ਦੇ ਲਿਹਾਜ਼ ਨਾਲ ਸੌਖਾ ਨਹੀਂ ਜਾਪਦਾ ਹੈ।
ਵਿਨੇਸ਼ ਫੋਗਾਟ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ
ਭਾਰਤੀ ਭਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ 6 ਸਤੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਨੇ ਵਿਨੇਸ਼ ਫੋਗਾਟ ਨੂੰ ਜੁਲਾਣਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਪ੍ਰਮੋਦ ਜੋਸ਼ੀ ਇਹ ਮੰਨਦੇ ਹਨ ਕਿ, "ਵਿਨੇਸ਼ ਫੋਗਾਟ ਦੇ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡੀ ਤਾਕਤ ਵੀ ਮਿਲ ਸਕਦੀ ਹੈ ਕਿਉਂਕਿ ਵਿਨੇਸ਼ ਫੋਗਾਟ ਨੂੰ ਓਲੰਪਿਕ ਕਰਕੇ ਕਾਫ਼ੀ ਹਮਦਰਦੀ ਮਿਲੀ ਹੈ।"
ਵਿਨੇਸ਼ ਫੋਗਾਟ ਨੇ ਪਾਰਟੀ ਵਿਚ ਸ਼ਾਮਿਲ ਹੋਣ ਮਗਰੋਂ ਕਿਹਾ, "ਜਿਸ ਤਰ੍ਹਾਂ ਖੇਡ ਵਿੱਚ ਕਦੇ ਹਾਰ ਨਹੀਂ ਮੰਨੀ ਤਾਂ ਇਸ ਨਵੇਂ ਪਲੇਟਫਾਰਮ 'ਤੇ ਵੀ ਪੂਰੇ ਦਿਲ ਨਾਲ ਕੰਮ ਕਰਾਂਗੇ। ਜੋ ਵੀ ਅਸੀਂ ਆਪਣੇ ਲੋਕਾਂ ਦਾ ਭਲਾ ਕਰ ਸਕਦੇ ਹਾਂ। ਮੈਂ ਆਪਣੀਆਂ ਭੈਣਾਂ ਦੇ ਨਾਲ ਖੜ੍ਹੀ ਹਾਂ।"
ਵਿਨੇਸ਼ ਨੇ ਕਾਂਗਰਸ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਬੂਰੇ ਸਮੇਂ ਵਿੱਚ ਹੀ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ। ''ਜਦੋਂ ਅਸੀਂ ਸੜਕਾਂ 'ਤੇ ਸੰਘਰਸ਼ ਕਰ ਰਹੇ ਸੀ ਉਦੋਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਸਾਡੇ ਨਾਲ ਖੜ੍ਹੀਆਂ ਸਨ।''
ਵਿਨੇਸ਼ ਫੋਗਾਟ ਇਸ ਤੋਂ ਪਹਿਲਾਂ ਪਿਛਲੇ ਸਾਲ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਹੋਏ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਸਨ।
ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ। ਸਾਲ 2023 ਵਿਚ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਉਹ ਦੇਖਣ ਨੂੰ ਮਿਲਿਆ ਜੋ ਕਿ ਖੇਡ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।
ਭਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਦਿੱਲੀ ਦੇ ਫੁੱਟਪਾਥ 'ਤੇ ਆਪਣੇ ਸਰਕਾਰੀ ਪੁਰਸਕਾਰ 'ਖੇਡ ਰਤਨ' ਅਤੇ 'ਅਰਜੁਨ ਐਵਾਰਡ' ਛੱਡ ਦਿੱਤੇ ਅਤੇ ਦੋਵਾਂ ਭਲਵਾਨਾਂ ਨੇ ਪੁਲਿਸ ਨੂੰ ਇਹ ਪ੍ਰਧਾਨ ਮੰਤਰੀ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਸੀ।
ਇਸ ਤੋਂ ਇਲਾਵਾ ਦੋਵੇਂ ਭਲਵਾਨ ਕਿਸਾਨ ਅੰਦੋਲਨਾਂ ਵਿਚ ਵੀ ਹਿੱਸਾ ਲੈਂਦੇ ਰਹੇ ਹਨ ਅਤੇ ਕੇਂਦਰ ਸਰਕਾਰ ਦੇ ਖਿਲਾਫ ਖੜ੍ਹੇ ਚਿਹਰਿਆਂ ਦੇ ਰੂਪ ਵਿਚ ਨਜ਼ਰ ਆ ਰਹੇ ਹਨ।
ਆਪ-ਕਾਂਗਰਸ ਗੱਠਜੋੜ 'ਤੇ ਭਾਜਪਾ ਨੇ ਕੀ ਕਿਹਾ
ਹਰਿਆਣਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ 'ਤੇ ਭਾਜਪਾ ਆਗੂ ਵੀ ਪ੍ਰਤੀਕਿਰਿਆ ਦੇ ਰਹੇ ਹਨ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜੋ ਹਾਸ਼ੀਏ 'ਤੇ ਆ ਗਈ ਹੈ ਅਤੇ ਆਮ ਆਦਮੀ ਪਾਰਟੀ ਆਪਣਾ ਵਜੂਦ ਲੱਭ ਰਹੀ ਹੈ, ਤਾਂ ਇਹ ਇਨ੍ਹਾਂ ਦਾ ਇੱਕ-ਦੂਜੇ ਨੂੰ ਸਹਾਰਾ ਹੈ।"
ਉਨ੍ਹਾਂ ਕਿਹਾ ਕਿ, "ਇਨ੍ਹਾਂ ਦੋਵਾਂ ਪਾਰਟੀਆਂ ਕੋਲ ਨਾ ਤਾਂ ਕੋਈ ਏਜੰਡਾ ਹੈ ਅਤੇ ਨਾ ਹੀ ਸੂਬੇ ਲਈ ਕੋਈ ਪਾਲਿਸੀ ਹੈ। ਇਨ੍ਹਾਂ ਦਾ ਮੁੱਖ ਮਕਸਦ ਤਾਂ ਕਿਸੇ ਤਰੀਕੇ ਹਰਿਆਣਾ 'ਤੇ ਕਬਜ਼ਾ ਕਰਨਾ ਹੈ।"
ਮਨਜਿੰਦਰ ਸਿਰਸਾ ਨੇ ਅੱਗੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਗੱਠਜੋੜ ਤੋਂ ਇਲਾਵਾ ਕੋਈ ਚਾਰ ਨਹੀਂ ਹੈ, ਦੋਵਾਂ ਨੂੰ ਪਤਾ ਹੈ ਇਨ੍ਹਾਂ ਦੀ ਕਿਸ਼ਤੀ ਡੁੱਬ ਰਹੀ ਹੈ ਅਤੇ ਹਰਿਆਣਾ ਵਿੱਚ ਲੋਕ ਇਨ੍ਹਾਂ ਨੂੰ ਵੋਟ ਨਹੀਂ ਪਾ ਰਹੇ।
ਉਹ ਕਹਿੰਦੇ ਹਨ ਕਿ ਭਾਵੇਂ ਇਹ ਗੱਠਜੋੜ ਹੋ ਵੀ ਜਾਵੇ ਪਰ ਰਾਹੁਲ ਗਾਂਧੀ ਦੀ ਇਹ ਕਿਸ਼ਤੀ ਹਰਿਆਣਾ ਵਿੱਚ ਵੀ ਡੁੱਬ ਕੇ ਹੀ ਰਹੇਗੀ।