ਕੌਣ ਹਨ ਸੁਨੀਲ ਸਾਂਗਵਾਨ ਜਿਨ੍ਹਾਂ ਦੇ ਜੇਲ੍ਹਰ ਰਹਿੰਦਿਆਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲੀ ਤੇ ਹੁਣ ਭਾਜਪਾ ਦੇ ਉਮੀਦਵਾਰ ਬਣੇ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬਲਾਤਕਾਰ ਅਤੇ ਕਤਲ ਮਾਮਲੇ ’ਚ ਬੰਦ ਰਾਮ ਰਹੀਮ ਨੂੰ ਜਦੋਂ 6 ਵਾਰ ਪੈਰੋਲ ਅਤੇ ਫਰਲੋ ਮਿਲੀ ਤਾਂ ਉਸ ਵੇਲੇ ਜੇਲ੍ਹਰ ਰਹੇ, ਸਾਬਕਾ ਜੇਲ੍ਹਰ ਨੂੰ ਭਾਜਪਾ ਨੇ ਦਾਦਰੀ ਤੋਂ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨਿਆ ਹੈ।

ਭਾਜਪਾ ਨੇ ਦਾਦਰੀ ਤੋਂ ‘ਦੰਗਲ ਗਰਲ’ ਬਬੀਤਾ ਫੋਗਾਟ ਦੀ ਟਿਕਟ ਰੱਦ ਕਰਕੇ ਹੁਣ ਸੁਨੀਲ ਸਾਂਗਵਾਨ ਨੂੰ ਮੈਦਾਨ ’ਚ ਉਤਾਰਿਆ ਹੈ।

ਸੁਨੀਲ ਸਾਂਗਵਾਨ ਜੇਲ੍ਹ ਸੁਪਰਡੈਂਟ ਦੇ ਅਹੁਦੇ ਤੋਂ ਵੀਆਰਐੱਸ ਯਾਨੀ ਸਵੈ-ਇੱਛਤ ਸੇਵਾਮੁਕਤੀ ਲੈ ਕੇ ਇਸੇ ਹਫ਼ਤੇ ਭਾਜਪਾ ’ਚ ਸ਼ਾਮਲ ਹੋਏ ਹਨ।

ਸੇਵਾ-ਮੁਕਤੀ ਤੋਂ ਪਹਿਲਾਂ ਸੁਨੀਲ ਸਾਂਗਵਾਨ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ’ਚ ਬਤੌਰ ਜੇਲ੍ਹਰ ਸੇਵਾਵਾਂ ਨਿਭਾ ਰਹੇ ਸਨ ਅਤੇ ਰੋਹਤਕ ਜੇਲ੍ਹ ’ਚ ਉਹ ਤਕਰਬੀਨ 5 ਸਾਲ ਤੱਕ ਜੇਲ੍ਹ ਸੁਪਰਡੈਂਟ ਵੱਜੋਂ ਨਿਯੁਕਤ ਰਹੇ ਸਨ।

2017 ਵਿੱਚ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ। ਆਪਣੀ ਸਜ਼ਾ ਦਾ ਸਮਾਂ ਉਨ੍ਹਾਂ ਨੇ ਹਰਿਆਣਾ ਦੀ ਰੋਹਤਕ ਤੇ ਸੁਨਾਰੀਆ ਜੇਲ੍ਹ ਵਿੱਚ ਬਿਤਾਇਆ।

ਸੁਨੀਲ ਸਾਂਗਵਾਨ ਉਸ ਸਮੇਂ ਰੋਹਤਕ ਜੇਲ੍ਹ ਦੇ ਜੇਲ੍ਹਰ ਸਨ।

ਉਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ’ਚ ਹੋ ਗਿਆ ਅਤੇ ਹੁਣ ਇਸੇ ਮਹੀਨੇ ਦੀ ਇੱਕ ਤਰੀਕ ਨੂੰ ਉਨ੍ਹਾਂ ਨੇ ਆਪਣੀ ਰਹਿੰਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਪਾਰਟੀ ਨੇ ਉਨ੍ਹਾਂ ਨੂੰ ਦਾਦਰੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

ਕੀ ਹੈ ਸੁਨੀਲ ਸਾਂਗਵਾਨ ਦਾ ਪਿਛੋਕੜ

ਦੱਸਣਯੋਗ ਹੈ ਕਿ ਸੁਨੀਲ ਸਾਂਗਵਾਨ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦੇ ਪੁੱਤਰ ਹਨ, ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਨੂੰ ਅਪਣਾਇਆ ਸੀ।

ਸੁਨੀਲ ਸਾਂਗਵਾਨ ਨੂੰ ਭਾਜਪਾ ’ਚ ਸ਼ਾਮਲ ਕਰਨ ਦੀ ਇੰਨੀ ਕਾਹਲੀ ਸੀ ਕਿ ਹਰਿਆਣਾ ਸਰਕਾਰ ਨੇ ਐਤਵਾਰ ਨੂੰ ਗੁਰੂਗ੍ਰਾਮ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਦੇ ਅਹੁਦੇ ਤੋਂ ਸਵੈ-ਇੱਛਾ ਸੇਵਾਮੁਕਤੀ (ਵੀਆਰਐੱਸ) ਲਈ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਬੇਹੱਦ ਤੇਜ਼ੀ ਨਾਲ ਮੁਕੰਮਲ ਕੀਤੀ।

ਜੇਲ੍ਹਾਂ ਦੇ ਡਾਇਰੈਕਟਰ ਜਨਰਲ (ਡੀਜੀ) ਨੇ ਐਤਵਾਰ ਨੂੰ ਸੂਬੇ ਦੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਇੱਕ ਈਮੇਲ ਭੇਜੀ, ਜਿਸ ’ਚ ਉਨ੍ਹਾਂ ਨੇ ਉਸੇ ਦਿਨ ‘ਨੋ ਡਿਊਜ਼’ ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ।

ਡੀਜੀ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ, ਸੁਨੀਲ ਸਾਂਗਵਾਨ, ਸੁਪਰਡੈਂਟ ਜੇਲ੍ਹ, ਜ਼ਿਲ੍ਹਾ ਜੇਲ੍ਹ, ਗੁਰੂਗ੍ਰਾਮ ਨੇ ਸਵੈ-ਇੱਛਾ ਸੇਵਾਮੁਕਤੀ ਦੇ ਲਈ ਗੁਜ਼ਾਰਿਸ਼ ਕੀਤੀ ਹੈ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀ ਸੁਨੀਲ ਸਾਂਗਵਾਨ, ਸੁਪਰਡੈਂਟ ਜੇਲ੍ਹ, ਜ਼ਿਲ੍ਹਾ ਜੇਲ੍ਹ, ਗੁਰੂਗ੍ਰਾਮ ਦੇ ਹੱਕ ’ਚ ‘ਨੋ ਡਿਊਜ਼’ ਪ੍ਰਮਾਣ ਪੱਤਰ ਸ਼ਾਮ 4 ਵਜੇ ਤੱਕ ਜਾਰੀ ਕੀਤਾ ਜਾਵੇ।

ਭਾਜਪਾ ਤੋਂ ਟਿਕਟ ਮਿਲਣ ਤੋਂ ਬਾਅਦ ਹੀ ਸੁਨੀਲ ਸਾਂਗਵਾਨ ਸੋਸ਼ਲ ਮੀਡੀਆ ’ਤੇ ਟ੍ਰੋਲ ਹੋ ਰਹੇ ਹਨ।

ਕਾਂਗਰਸ ਪਾਰਟੀ ਦੀ ਸੋਸ਼ਲ ਮੀਡੀਆ ਐਂਡ ਡਿਜੀਟਲ ਪਲੇਟਫਾਰਮ ਦੀ ਚੇਅਰਪਰਸਨ ਸੁਪ੍ਰੀਆ ਸ਼੍ਰੀਨੇਤ ਨੇ ਟਵੀਟ ਕੀਤਾ ਹੈ,“ਕੌਣ ਇੰਨਾ ਭੋਲਾ ਹੈ ਜੋ ਕਿ ਇਸ ਖ਼ਬਰ ਤੋਂ ਹੈਰਾਨ ਹੈ।”

ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਲਿਖਿਆ ਹੈ, ਭਾਜਪਾ ’ਚ ਬਾਬਾ ਦਾ ਬਹੁਤ ਦਬਦਬਾ ਹੈ।

ਸੁਨੀਲ ਸਾਂਗਵਾਨ 5 ਸਾਲ ਸੁਨਾਰੀਆ ’ਚ ਰਹੇ ਤਾਇਨਾਤ

ਸੁਨੀਲ ਸਾਂਗਵਾਨ ਨੇ 22 ਸਾਲ ਤੋਂ ਵੱਧ ਸਮਾਂ ਜੇਲ੍ਹ ਵਿਭਾਗ ’ਚ ਸੇਵਾਵਾਂ ਨਿਭਾਈਆਂ ਹਨ।

ਉਹ ਸਾਲ 2002 ’ਚ ਹਰਿਆਣਾ ਜੇਲ੍ਹ ਵਿਭਾਗ ’ਚ ਸ਼ਾਮਲ ਹੋਏ ਸਨ।

ਉਨ੍ਹਾਂ ਨੇ ਸੂਬੇ ਦੀਆਂ ਕਈਆਂ ਜੇਲ੍ਹਾਂ ’ਚ ਬਤੌਰ ਜੇਲ੍ਹ ਸੁਪਰਡੈਂਟ ਕੰਮ ਕੀਤਾ ਹੈ। ਜਿਸ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵੀ ਸ਼ਾਮਲ ਹੈ, ਜਿੱਥੇ ਉਨ੍ਹਾਂ ਨੇ 5 ਸਾਲਾਂ ਤੱਕ ਸੇਵਾਵਾਂ ਨਿਭਾਈਆਂ ਹਨ।

ਇਹ ਉਹੀ ਜੇਲ੍ਹ ਹੈ ਜਿੱਥੇ ਰਾਮ ਰਹੀਮ ਸਿੰਘ ਆਪਣੀਆਂ ਮਹਿਲਾ ਸ਼ਰਧਾਲੂਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਹਨ।

12 ਅਗਸਤ ਨੂੰ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਲਈ ਫਰਲੋ ’ਤੇ ਬਾਹਰ ਆਏ ਸੀ।

5 ਸਤੰਬਰ ਨੂੰ ਰਾਮ ਰਹੀਮ ਦੀ ਫਰਲੋ ਦਾ ਸਮਾਂ ਪੂਰਾ ਹੋ ਗਿਆ ਅਤੇ ਉਹ ਮੁੜ ਜੇਲ੍ਹ ’ਚ ਚਲੇ ਗਏ ਹਨ।

ਦੱਸ ਦਈਏ ਕਿ ਜਿਨ੍ਹਾਂ 10 ਮੌਕਿਆਂ ’ਤੇ ਰਾਮ ਰਹੀਮ ਪੈਰੋਲ ਜਾਂ ਫਰਲੋ ’ਤੇ ਸਨ, ਉਨ੍ਹਾਂ ’ਚੋਂ 6 ਮੌਕੇ ਅਜਿਹੇ ਸਨ ਜਦੋਂ ਸੁਨੀਲ ਸਾਂਗਵਾਨ ਉਸ ਜੇਲ੍ਹ ਦੇ ਸੁਪਰਡੈਂਟ ਸਨ, ਜਿੱਥੇ ਕਿ ਰਾਮ ਰਹੀਮ ਨੂੰ ਹਿਰਾਸਤ ’ਚ ਰੱਖਿਆ ਗਿਆ ਸੀ।

ਮੌਕੇ ਜਦੋਂ ਰਾਮ ਰਹੀਮ ਸਿੰਘ ਦੀ ਰਿਹਾਈ ਹੋਈ:

  • 24 ਅਕਤੂਬਰ, 2000 ਨੂੰ ਇੱਕ ਦਿਨ ਦੀ ਐਮਰਜੈਂਸੀ ਪੈਰੋਲ,
  • 21 ਮਈ, 2021 ਨੂੰ ਇੱਕ ਦਿਨ ਦੀ ਐਮਰਜੈਂਸੀ ਪੈਰੋਲ,
  • 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਤੋਂ 28 ਫਰਵਰੀ ਤੱਕ 21 ਦਿਨਾਂ ਦੀ ਫਰਲੋ ਮਿਲੀ ਸੀ।
  • 2022 ਦੀਆਂ ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ 17 ਜੂਨ ਤੋਂ 16 ਜੁਲਾਈ ਤੱਕ 30 ਦਿਨਾਂ ਦੀ ਪੈਰੋਲ
  • 2022 ਦੀ ਆਦਮਪੁਰ ਵਿਧਾਨ ਸਭਾ ਉਪ-ਚੋਣ ਤੋਂ ਪਹਿਲਾਂ 15 ਅਕਤੂਬਰ ਤੋਂ 25 ਨਵੰਬਰ ਤੱਕ 40 ਦਿਨਾਂ ਦੀ ਪੈਰੋਲ
  • ਅਯੁੱਧਿਆ ਰਾਮ ਮੰਦਿਰ ਉਦਘਾਟਨ ਸਮਾਗਮ ਤੋਂ ਪਹਿਲਾਂ 21 ਜਨਵਰੀ ਤੋਂ 3 ਮਾਰਚ, 2023 ਤੱਕ 40 ਦਿਨਾਂ ਦੀ ਪੈਰੋਲ ਸ਼ਾਮਲ ਹੈ।

ਹਾਲ ਹੀ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 5 ਸਤੰਬਰ ਨੂੰ ਰਾਮ ਰਹੀਮ 21 ਦਿਨਾਂ ਦੀ ਪੈਰੋਲ ਤੋਂ ਵਾਪਸ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਪਰਤੇ ਹਨ।

ਹਰਿਆਣਾ ਦੇ ਜੇਲ੍ਹ ਨਿਯਮ ਕੀ ਕਹਿੰਦੇ ਹਨ

ਹਰਿਆਣਾ ਦੇ ਗੁਡ ਕੰਡਕਟ ਪ੍ਰਿਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ 2022 ਵਿੱਚ ਕੈਦੀਆਂ ਨੂੰ ਪੈਰੋਲ ਦੇਣ ਸਬੰਧੀ ਜਾਣਕਾਰੀ ਲਿਖੀ ਹੈ।

ਜੇਲ੍ਹ ਸੁਪਰਡੈਂਟ ਨੂੰ ਜ਼ਿਲ੍ਹਾ ਮੈਜਿਸਟਰੈਟ ਨੂੰ ਪੈਰੋਲ ਜਾਂ ਫਰਲੋ ਦੇ ਲਈ ਕੈਦੀਆਂ ਦੇ ਮਾਮਲੇ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਹੁੰਦਾ ਹੈ, ਪਰ ਰਿਹਾਈ ਦਾ ਹੁਕਮ ਸਿਰਫ਼ ਸਮਰੱਥ/ਯੋਗ ਅਧਿਕਾਰੀ ਵੱਲੋਂ ਹੀ ਜਾਰੀ ਕੀਤਾ ਜਾਂਦਾ ਹੈ, ਜੋ ਕਿ ਕੈਦੀ ਸਜ਼ਾ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਜਾਂ ਡਿਵੀਜ਼ਨਲ ਕਮਿਸ਼ਨਰ ਹੋ ਸਕਦਾ ਹੈ।

ਪਿਤਾ ਨੇ ਵੀ ਸਰਕਾਰੀ ਅਹੁਦੇ ਤੋਂ ਅਸਤੀਫਾ ਦੇ ਕੇ ਲੜੀ ਸੀ ਚੋਣ

ਸੁਨੀਲ ਸਾਂਗਵਾਨ ਦੇ ਪਿਤਾ ਸਤਪਾਲ ਸਾਂਗਵਾਨ ਵੀ 1996 ’ਚ ਸਿਆਸਤ ’ਚ ਆਉਣ ਤੋਂ ਪਹਿਲਾਂ ਬੀਐਸਐਨਐਲ ’ਚ ਉਪ ਮੰਡਲ ਅਧਿਕਾਰੀ (ਐਸਡੀਓ) ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੇ ਸਨ।

ਬਾਅਦ ’ਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਸਿਆਸੀ ਸਫ਼ਰ ਸ਼ੁਰੂ ਕੀਤਾ।

ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਹਰਿਆਣਾ ਵਿਕਾਸ ਪਾਰਟੀ (ਐੱਚਵੀਪੀ) ਦੇ ਉਮੀਦਵਾਰ ਵਜੋਂ ਚਰਖੀ ਦਾਦਰੀ ਸੀਟ ਤੋਂ ਚੋਣ ਲੜੀ ਅਤੇ ਜਿੱਤ ਦਰਜ ਕੀਤੀ। ਬਾਅਦ ’ਚ ਉਨ੍ਹਾਂ ਨੇ ਹੋਰ ਚੋਣਾਂ ਵੀ ਲੜੀਆਂ।

2009 ’ਚ ਉਨ੍ਹਾਂ ਨੇ ਹਰਿਆਣਾ ਜਨਹਿਤ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਅਤੇ ਜਿੱਤ ਦਾ ਪਰਚਮ ਲਹਿਰਾਇਆ।

ਉਹ ਭੂਪੇਂਦਰ ਹੁੱਡਾ ਦੀ ਵਜ਼ਾਰਤ ਦਾ ਹਿੱਸਾ ਵੀ ਬਣੇ।

2014 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੇ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਫਿਰ ਜਦੋਂ ਸਾਲ 2019 ’ਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲੀ ਤਾਂ ਉਨ੍ਹਾਂ ਨੇ ਜਨਨਾਇਕ ਜਨਤਾ ਪਾਰਟੀ (ਜਜਪਾ) ਦਾ ਹੱਥ ਫੜਿਆ ਅਤੇ ਚੋਣ ਲੜੀ, ਪਰ ਉਨ੍ਹਾਂ ਦੀ ਝੋਲੀ ਮੁੜ ਹਾਰ ਹੀ ਪਈ।

6 ਵਾਰ ਰਾਮ ਰਹੀਮ ਨੂੰ ਪੈਰੋਲ ਮਿਲਣ ਬਾਰੇ ਕੀ ਕਿਹਾ ਸੁਨੀਲ ਸਾਂਗਵਾਨ ਨੇ?

ਬੀਬੀਸੀ ਨਾਲ ਗੱਲਬਾਤ ਕਰਦਿਆਂ ਸੁਨੀਲ ਸਾਂਗਵਾਨ ਨੇ ਬਾਬਾ ਰਾਮ ਰਹੀਮ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਦਾਦਰੀ ਤੋਂ ਟਿਕਟ ਮਿਲਣ ਵਾਲੀ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ, “ ਮੈਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਮੇਰੇ ਕਾਰਜਕਾਲ ਦੌਰਾਨ ਬਾਬਾ ਨੂੰ 6 ਵਾਰ ਪੈਰੋਲ ਜਾਂ ਫਰਲੋ ਮਿਲੀ ਹੈ।”

“ਇਸ ਬਾਰੇ ਪਹਿਲੀ ਗੱਲ ਤਾਂ ਇਹ ਹੈ ਕਿ ਪੈਰੋਲ ਜੇਲ੍ਹ ਸੁਪਰਡੈਂਟ ਦੇ ਦਸਤਖ਼ਤ ਨਾਲ ਨਹੀਂ ਮਿਲਦੀ ਹੈ, ਸਗੋਂ ਇਸ ਦੀ ਇਜਾਜ਼ਤ ਲਈ ਡਿਵੀਜ਼ਨਲ ਕਮਸ਼ਿਨਰ ਦੇ ਦਸਤਖ਼ਤਾਂ ਦੀ ਜ਼ਰੂਰਤ ਪੈਂਦੀ ਹੈ।”

“ਮੇਰੀ ਤਾਂ ਇਸ ਗੱਲ ਲਈ ਸ਼ਲਾਘਾ ਹੋਣੀ ਚਾਹੀਦੀ ਹੈ ਕਿ ਮੈਂ ਤਿੰਨ ਵਾਰ ਬਾਬਾ ਰਾਮ ਰਹੀਮ ਸਿੰਘ ਦੀ ਪੈਰੋਲ ਰੱਦ ਕੀਤੀ ਹੈ ਜਿਸ ’ਚ 29 ਜੁਲਾਈ, 2019, 30 ਅਕਤੂਬਰ, 2019 ਅਤੇ 20 ਅਪ੍ਰੈਲ, 2020 ਨੂੰ, ਤਿੰਨੇ ਵਾਰ ਬਾਬਾ ਨੇ ਆਪਣੀ ਬੀਮਾਰ ਮਾਂ ਦੀ ਗਰਾਊਂਡ ’ਤੇ ਪੈਰੋਲ ਮੰਗੀ ਸੀ।”

“ਜੋ ਕਿ ਮੈਂ ਹੀ ਰੱਦ ਕਰ ਦਿੱਤਾ ਸੀ। ਜਦਕਿ ਕੋਈ ਵੀ ਆਮ ਕੈਦੀ ਸਜ਼ਾ ਭੁਗਤਣ ਦੇ ਇੱਕ ਸਾਲ ਤੋਂ ਬਾਅਦ ਕਾਨੂੰਨੀ ਤੌਰ ’ਤੇ ਪੈਰੋਲ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਤੇ ਬਾਬਾ ਦੇ ਮਾਮਲੇ ਵਿੱਚ ਉਨ੍ਹਾਂ ਨੂੰ 3 ਸਾਲ ਤੱਕ ਪੈਰੋਲ ਹੀ ਨਹੀਂ ਮਿਲੀ ਸੀ।”

ਸੁਨੀਲ ਸਾਂਗਵਾਨ ਨੇ ਅੱਗੇ ਦੱਸਿਆ ਕਿ ਰਾਮ ਰਹੀਮ ਨੇ 3 ਵਾਰ ਐਮਰਜੈਂਸੀ ਪੈਰੋਲ ਮੰਗੀ ਸੀ, ਜਿਸ ਨੂੰ ਕਿ ਉਨ੍ਹਾਂ ਨੇ ਰੱਦ ਕਰ ਦਿੱਤਾ ਸੀ, ਕਿਉਂਕਿ ਇਹ ਜੇਲ ਸੁਪਰਡੈਂਟ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ।

“ਜੋ ਰੂਟੀਨ ਪੈਰੋਲ ਹੁੰਦੀ ਹੈ ਉਹ ਡਿਵੀਜ਼ਨਲ ਕਮਿਸ਼ਨਰ ਵੱਲੋਂ ਮਨਜ਼ੂਰ ਕੀਤੀ ਜਾਂਦੀ ਹੈ। ਬਾਬਾ ਨੇ ਜਦੋਂ ਵੀ ਉਹ ਅਰਜ਼ੀ ਦਿੱਤੀ ਤਾਂ ਉਹ ਕਾਨੂੰਨੀ ਪ੍ਰੀਕਿਰਿਆ ਜ਼ਰੀਏ ਪੈਰੋਲ ਲੈ ਵੀ ਸਕੇ।”

ਜਦੋਂ ਸੁਨੀਲ ਸਾਂਗਵਾਨ ਤੋਂ ਉਨ੍ਹਾਂ ਦੇ ਅਤੇ ਰਾਮ ਰਹੀਮ ਦੇ ਆਪਸੀ ਸੰਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਇੱਕ ਜੇਲ੍ਹਰ ਅਤੇ ਕੈਦੀ ਦਰਮਿਆਨ ਹੁੰਦੇ ਹਨ, ਉਹੀ ਰਿਸ਼ਤਾ ਸਾਡੇ ਦੋਵਾਂ ਵਿਚਾਲੇ ਵੀ ਰਿਹਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈ।

ਬੀਬੀਸੀ ਨੇ ਜਦੋਂ ਇਹ ਸਵਾਲ ਕੀਤਾ ਕਿ ਜਿਸ ਤਰ੍ਹਾਂ ਨਾਲ ਰਾਮ ਰਹੀਮ ਸਿੰਘ ਨੂੰ ਪੈਰੋਲ ਦਿੱਤੀ ਗਈ, ਕੀ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਬੰਦ ਹੋਰ ਕੈਂਦੀਆਂ ਨੂੰ ਵੀ ਇਸੇ ਤਰ੍ਹਾਂ ਹੀ ਪੈਰੋਲ ਮਿਲਦੀ ਹੈ ਤਾਂ ਸੁਨੀਲ ਸਾਂਗਵਾਨ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ’ਚ ਰੂਟੀਨ ਪੈਰੋਲ ਮਿਲ ਹੀ ਜਾਂਦੀ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਸੁਨੀਲ ਸਾਂਗਵਾਨ ਜੇਲ੍ਹ ਸੁਪਰਡੈਂਟ ਦੀ ਨੌਕਰੀ ਨਹੀਂ ਛੱਡਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਪਿਤਾ ਸਤਪਾਲ ਸਾਂਗਵਾਨ ਦੀ ਵਡੇਰੀ ਉਮਰ ਦੇ ਕਾਰਨ ਭਾਜਪਾ ਨੂੰ ਦਾਦਰੀ ਤੋਂ ਕਿਸੇ ਅਜਿਹੇ ਨੌਜਵਾਨ ਚਿਹਰੇ ਦੀ ਭਾਲ ਸੀ, ਜੋ ਜਾਟ ਭਾਈਚਾਰੇ ਦੀਆਂ ਵੋਟਾਂ ਆਪਣੇ ਹੱਕ ’ਚ ਭੁਗਤਾ ਸਕੇ ਅਤੇ ਦਾਦਰੀ ਖੇਤਰ ਦੀ ਸਿਆਸੀ ਪਛਾਣ ’ਚ ਵੀ ਵਾਧਾ ਹੋਵੇ।

ਅਜਿਹੀ ਸਥਿਤੀ ’ਚ ਸੁਨੀਲ ਸਾਂਗਵਾਨ ਨੂੰ ਤੁਰੰਤ ਅਸਤੀਫੇ ਲਈ ਤਿਆਰ ਕੀਤਾ ਗਿਆ ਅਤੇ ਪਾਰਟੀ ’ਚ ਸ਼ਾਮਲ ਕਰਕੇ ਦਾਦਰੀ ਤੋਂ ਉਮੀਦਵਾਰ ਐਲਾਨਿਆ ਗਿਆ।

ਇਸੇ ਸੀਟ ਤੋਂ ਬਬੀਤਾ ਫੋਗਾਟ ਪਿਛਲੀਆਂ 2019 ਦੀਆ ਚੋਣਾਂ ’ਚ ਪਾਰਟੀ ਦੀ ਉਮੀਦਵਾਰ ਸਨ, ਪਰ ਉਹ ਤੀਜੇ ਨੰਬਰ ’ਤੇ ਰਹੇ ਸਨ। ਜਦਕਿ ਸਤਪਾਲ ਸਾਂਗਵਾਨ ਜੋ ਕਿ ਜਜਪਾ ਦੇ ਉਮੀਦਵਾਰ ਸਨ, ਉਹ ਦੂਜੇ ਸਥਾਨ ’ਤੇ ਆਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)