ਅਮਰੀਕਾ 'ਚ ਗੋਲੀਬਾਰੀ: 72 ਸਾਲਾ ਸ਼ੱਕੀ ਹਮਲਾਵਰ ਦੀ ਵੀ ਹੋਈ ਮੌਤ, ਵਾਰਦਾਤ ਦੌਰਾਨ ਚਸ਼ਮਦੀਦਾਂ ਨੇ ਕੀ ਦੇਖਿਆ

ਅਮਰੀਕਾ ਦੇ ਕੈਲੇਫੋਰਨੀਆ 'ਚ ਗੋਲੀਬਾਰੀ ਦੀ ਘਟਨਾ ਵਿੱਚ ਹੁਣ ਤੱਕ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ।

ਗੋਲੀਬਾਰੀ ਦੀ ਇਹ ਘਟਨਾ ਲਾਸ ਏਜ਼ਲਸ ਤੋਂ ਲਗਭਗ 12 ਕਿਲੋਮੀਟਰ ਪੂਰਬ ਵਿੱਚ ਸਥਿਤ ਮੋਂਟੇਰੀ ਪਾਰਕ ਸ਼ਹਿਰ ਵਿੱਚ ਹੋਈ ਹੈ।

ਪੁਲਿਸ ਨੇ 72 ਸਾਲਾ ਹਮਲਾਵਾਰ ਦੇ ਇਸ ਘਟਨਾ ਵਿੱਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਮਲੇ ਦੇ ਕਾਰਨਾਂ ਬਾਰੇ ਪਤਾ ਲਗਾਉਣਾ ਹਾਲੇ ਬਾਕੀ ਹੈ।

ਇੱਥੇ ਚੀਨੀ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਸਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਰਕ 'ਚ ਵੱਡੀ ਗਿਣਤੀ 'ਚ ਪੁਲਿਸ ਬਲ ਮੌਜੂਦ ਹਨ।

ਸਥਾਨਕ ਸਮੇਂ ਅਨੁਸਾਰ, ਇਹ ਘਟਨਾ ਰਾਤ 10:20 ਵਜੇ ਹੋਈ।

ਪੁਲਿਸ ਨੇ ਦੱਸਿਆ ਕਿ ਜਿੱਥੇ ਗੋਲੀਬਾਰੀ ਹੋਈ ਸੀ, ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਲੋਕ "ਚੀਕ ਚਿਹਾੜਾ ਪਾ ਰਹੇ ਸਨ''।

ਸ਼ੱਕੀ ਹਮਲਾਵਰ ਦੀ ਮੌਤ

ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ (ਪੁਲਿਸ ਵਿਭਾਗ) ਦਾਅਵਾ ਹੈ ਕਿ ਸ਼ੱਕੀ ਹਮਲਾਵਰ ਦੀ ਪਛਾਣ ਹੋ ਚੁੱਕੀ ਹੈ। ਪੁਲਿਸ ਮੁਤਾਬਕ ਹਮਲਾ 72 ਸਾਲਾ ਹੂ ਚੈਨ ਤਰਾਨ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਹੂ ਦੀ ਵੀ ਮੌਤ ਹੋ ਗਈ।

ਪੁਲਿਸ ਮੁਤਾਬਕ ਹੋਰ ਕੋਈ ਵੀ ਸ਼ੱਕੀ ਹਮਲਾਵਰ ਨਹੀਂ ਹੈ।

ਹਮਲੇ ਦੇ ਕਾਰਨਾਂ ਦਾ ਪਤਾ ਲੱਗਣਾ ਹਾਲੇ ਬਾਕੀ ਹੈ। ਇਸ ਸਬੰਧੀ ਜਾਂਚ ਚੱਲ ਰਹੀ ਹੈ ਤੇ ਹੂ ਦੀ ਮਾਨਸਿਕ ਸਿਹਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਬੀਤੇ ਸਾਲਾਂ ਵਿੱਚ ਕਿਸੇ ਅਪਰਾਧਿਕ ਮਾਮਲੇ ਵਿੱਚ ਸ਼ਾਮੂਲੀਅਤ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।

ਕੈਪਟਨ ਐਂਡਰਿਊ ਮੇਅਰ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਨੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ, ਘੱਟੋ-ਘੱਟ 10 ਹੋਰ ਜ਼ਖ਼ਮੀ ਹੋਏ ਲੋਕ ਸਥਾਨਕ ਹਸਪਤਾਲਾਂ ਵਿੱਚ ਦਾਖ਼ਲ ਕਰਵਾਏ ਗਏ ਸਨ।

ਜਾਂਚਕਰਤਾਵਾਂ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਅੰਜਾਮ ਦਿੱਤਾ ਗਿਆ ਹੈ।

ਮੋਂਟੇਰੀ ਪਾਰਕ ਦੀ ਆਬਾਦੀ ਲਗਭਗ 60,000 ਹੈ ਅਤੇ ਇੱਥੇ ਏਸ਼ੀਅਨ ਭਾਈਚਾਰੇ ਦੇ ਵਧੇਰੇ ਲੋਕ ਰਹਿੰਦੇ ਹਨ।

  • ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਮੋਂਟੇਰੀ ਪਾਰਕ 'ਚ ਇੱਕ ਕਾਰੋਬਾਰੀ ਇਮਾਰਤ ਵਿੱਚ ਹੋਈ ਗੋਲੀਬਾਰੀ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ
  • ਪੁਲਿਸ ਮੁਤਾਬਕ, ਇਸ ਘਟਨਾ 'ਚ ਘੱਟੋ-ਘੱਟ 10 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ
  • ਘਟਨਾ ਵੇਲੇ ਮੋਂਟੇਰੀ ਪਾਰਕ ਵਿੱਚ ਚੀਨੀ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜਿਸ 'ਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ
  • ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਕਰਨ ਵਾਲਾ ਸ਼ੱਕੀ ਵਿਅਕਤੀ ਅਜੇ ਵੀ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ਼ ਕਰ ਰਹੀ ਹੈ

ਚਸ਼ਮਦੀਦਾਂ ਨੇ ਕੀ ਦੱਸਿਆ

ਇੱਕ ਚਸ਼ਮਦੀਦ ਨੇ ਲਾਸ ਏਜਲਸ ਟਾਈਮਜ਼ ਨੂੰ ਦੱਸਿਆ ਕਿ ਤਿੰਨ ਲੋਕ ਉਸ ਦੇ ਰੈਸਟੋਰੈਂਟ ਵਿੱਚ ਭੱਜ ਕੇ ਆਏ ਅਤੇ ਉਨ੍ਹਾਂ ਨੇ ਉਸ ਨੂੰ ਤੁਰੰਤ ਦਰਵਾਜ਼ਾ ਬੰਦ ਕਰਨ ਲਈ ਕਿਹਾ ਕਿਉਂਕਿ ਇਲਾਕੇ ਵਿੱਚ ਇੱਕ ਵਿਅਕਤੀ ਸੀ, ਜਿਸ ਕੋਲ ਮਸ਼ੀਨ ਗੰਨ ਸੀ।

ਇਸ ਅਖ਼ਬਾਰ ਦੇ ਪੱਤਰਕਾਰ ਜੀਓਂਗ ਪਾਰਕ ਨੇ ਬੀਬੀਸੀ ਨੂੰ ਦੱਸਿਆ, "ਇਹ ਨੇੜੇ ਦੇ ਇੱਕ ਡਾਂਸ ਸਟੂਡੀਓ ਵਿੱਚ ਵਾਪਰਿਆ ਲਗਦਾ ਹੈ, ਜਿੱਥੇ ਇੱਕ ਬੰਦੂਕਧਾਰੀ ਆਇਆ, ਜਿਸ ਨੇ ਜ਼ਿਆਦਾਤਰ ਏਸ਼ੀਅਨ-ਅਮਰੀਕੀ ਲੋਕਾਂ 'ਤੇ ਕਈ ਗੋਲ਼ੀਆਂ ਫਾਇਰ ਕੀਤੇ। ਇੱਕ ਚਸ਼ਮਦੀਦ ਗਵਾਹ ਨੇ ਵੀ ਇੱਕ ਵਿਅਕਤੀ ਨੂੰ ਮਸ਼ੀਨ ਗਨ ਨਾਲ ਦੇਖਣ ਦੇ ਗੱਲ ਕਹੀ ਹੈ।''

ਪੱਤਰਕਾਰ ਮੁਤਾਬਕ, ਇਕ ਚਸ਼ਮਦੀਦ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਮਿੰਟਾਂ ਬਾਅਦ ਕੋਈ ਵਿਅਕਤੀ ਕਾਰ ਵਿੱਚ ਬੈਠ ਕੇ ਭੱਜ ਗਿਆ।

ਇਹ ਵੀ ਪੜ੍ਹੋ-

'ਗੋਲੀਬਾਰੀ ਦਾ ਸਬੰਧ ਜਸ਼ਨ ਨਾਲ ਨਹੀਂ ਲਗਦਾ'

ਪੱਤਰਕਾਰ ਜੀਓਂਗ ਪਾਰਕ ਦੇ ਅਨੁਸਾਰ, ਗੋਲੀਬਾਰੀ ਦੀ ਇਸ ਘਟਨਾ ਦਾ ਨਵੇਂ ਸਾਲ ਦੇ ਜਸ਼ਨਾਂ ਨਾਲ ਸਬੰਧ ਨਹੀਂ ਲੱਗਦਾ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਸਾਨੂੰ ਪਤਾ ਲੱਗਿਆ ਹੈ ਕਿ ਜੋ ਕੁਝ ਵੀ ਮੋਂਟੇਰੀ ਪਾਰਕ ਵਿੱਚ ਹੋਇਆ ਉਸ ਦਾ ਚੀਨੀ ਨਵੇਂ ਸਾਲ ਦੇ ਜਸ਼ਨਾਂ ਨਾਲ ਕੋਈ ਸਬੰਧ ਨਹੀਂ ਜਾਪਦਾ।''

“ਮੈਂ ਸ਼ਨੀਵਾਰ ਦੁਪਹਿਰ ਨੂੰ ਜਸ਼ਨਾਂ ਵਿੱਚ ਸ਼ਾਮਲ ਸੀ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇਸ ਦਾ ਉਸ ਨਾਲ ਕੋਈ ਸਬੰਧ ਨਹੀਂ ਜਾਪਦਾ।''

"ਲੱਗਦਾ ਹੈ ਕਿ ਇਹ ਨੇੜੇ ਦੇ ਇੱਕ ਡਾਂਸ ਸਟੂਡੀਓ ਵਿੱਚ ਵਾਪਰਿਆ ਹੈ, ਜਿੱਥੇ ਇੱਕ ਬੰਦੂਕਧਾਰੀ ਆਇਆ ਸੀ। ਜਿਸ ਨੂੰ ਇੱਕ ਚਸ਼ਮਦੀਦ ਨੇ ਵੀ ਦੇਖਣ ਦੀ ਗੱਲ ਕਹੀ ਹੈ।''

''ਜੋ ਚਸ਼ਮਦੀਦ ਨੇ ਦੱਸਿਆ ਅਤੇ ਜੋ ਅਸੀਂ ਮੰਨ ਰਹੇ ਹਨ ਉਸ ਮੁਤਾਬਕ, ਹਮਲਾਵਰ ਨੇ ਜ਼ਿਆਦਾਤਰ ਏਸ਼ੀਅਨ-ਅਮਰੀਕੀ ਲੋਕਾਂ 'ਤੇ ਕਈ ਰਾਉਂਡ ਫਾਇਰ ਕੀਤੇ ਹਨ।

ਸ਼ੂਟਿੰਗ ਤੋਂ ਬਾਅਦ ਜਸ਼ਨ ਹੋਏ ਰੱਦ

ਮੋਂਟੇਰੀ ਪਾਰਕ ਸ਼ਹਿਰ ਦੇ ਅਧਿਕਾਰੀਆਂ ਨੇ ਚੀਨੀ ਨਵੇਂ ਸਾਲ ਦੇ ਬਾਕੀ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ, ਜੋ ਕਿ ਅੱਜ ਮਨਾਏ ਜਾਣੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਘਟਨਾ ਜਸ਼ਨ ਵਿੱਚ ਨਹੀਂ ਹੋਈ ਹੈ ਅਤੇ ਇਸ ਸਬੰਧੀ ਜਾਂਚ ਜਾਰੀ ਹੈ, ਇਸ ਲਈ ਫਿਲਹਾਲ ਆਲੇ-ਦੁਆਲੇ ਦਾ ਖੇਤਰ ਪ੍ਰਭਾਵਿਤ ਹੈ।

ਉਨ੍ਹਾਂ ਮੁਤਾਬਕ, ਇਹ ਫੈਸਲਾ ਸਾਵਧਾਨੀ ਵਜੋਂ ਅਤੇ ਸਾਰਿਆਂ ਦੀ ਸੁਰੱਖਿਆ ਲਈ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)