ਨੇਪਾਲ ਵਿੱਚ ਅਜਿਹਾ ਕੀ ਹੋਇਆ, ਜੋ ਰਾਜਸ਼ਾਹੀ ਦੇ ਹੱਕ ਵਿੱਚ ਲੋਕ ਸੜਕਾਂ 'ਤੇ ਉਤਰ ਆਏ

ਕਾਠਮਾਂਡੂ 'ਚ ਰਾਜਸ਼ਾਹੀ ਸਮਰਥਕਾਂ ਨੇ ਇੱਕ ਪ੍ਰਦਰਸ਼ਨ ਕੀਤਾ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਕਾਠਮਾਂਡੂ 'ਚ ਰਾਜਸ਼ਾਹੀ ਸਮਰਥਕਾਂ ਨੇ ਇੱਕ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਹਿੰਸਾ ਭੜਕ ਗਈ

ਨੇਪਾਲ ਵਿੱਚ ਸ਼ੁੱਕਰਵਾਰ ਨੂੰ ਰਾਜਸ਼ਾਹੀ ਦੇ ਹਮਾਇਤੀਆਂ ਨੇ ਇੱਕ ਵੱਡਾ ਪ੍ਰਦਰਸ਼ਨ ਆਯੋਜਿਤ ਕੀਤਾ ਸੀ। ਇਸ ਦੌਰਾਨ ਕਾਠਮਾਂਡੂ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਉੱਤੇ ਭੰਨਤੋੜ ਕੀਤੀ ਅਤੇ ਕਾਰਾਂ ਨੂੰ ਅੱਗ ਵੀ ਲਾਈ।

ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ ਵਿੱਚ ਇੱਕ ਪੱਤਰਕਾਰ ਸਣੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।

ਇਹ ਪ੍ਰਦਰਸ਼ਨ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਨੇ ਆਯੋਜਿਤ ਕੀਤਾ ਸੀ, ਜਿਸ ਨੂੰ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਦੀ ਹਮਾਇਤ ਹਾਸਲ ਹੈ। ਇਹ ਪਾਰਟੀ ਦੇਸ਼ ਵਿੱਚ ਰਾਜਸ਼ਾਹੀ ਸਥਾਪਿਤ ਕਰਨ ਦੀ ਮੰਗ ਕਰ ਰਹੀ ਹੈ।

ਬੀਬੀਸੀ ਨੇਪਾਲੀ ਸੇਵਾ ਦੇ ਅਨੁਸਾਰ ਕਾਠਮਾਂਡੂ ਪੁਲਿਸ ਨੇ ਆਰਪੀਪੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਧਵਲ ਸ਼ਮਸ਼ੇਰ ਰਾਣਾ ਅਤੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਰਵਿੰਦਰ ਮਿਸ਼ਰ ਸਣੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨੇਪਾਲੀ ਪੁਲਿਸ ਦੇ ਡੀਆਈਜੀ ਦਿਨੇਸ਼ ਆਚਾਰਿਆ ਨੇ ਦੱਸਿਆ ਕਿ ਰਾਜਸ਼ਾਹੀ ਹਮਾਇਤੀ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਕਾਠਮਾਂਡੂ ਦੇ ਤਿਨਕੁਨੇ ਵਿੱਚ ਭਾਰੀ ਹਿੰਸਾ ਹੋਈ ਸੀ।

ਸਰਕਾਰ ਨੇ ਰਾਜਸ਼ਾਹੀ ਹਮਾਇਤੀ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਬੀਬੀਸੀ ਨੇਪਾਲ ਸੇਵਾ ਅਨੁਸਾਰ ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਦਰਸ਼ਨ ਦੌਰਾਨ ਹੋਈ ਭੰਨਤੋੜ, ਅਗਜ਼ਨੀ, ਲੁੱਟ ਅਤੇ ਮੌਤ ਦੀ ਜਾਂਚ ਦਾ ਕਰਵਾਉਣ ਦਾ ਫੈਸਲਾ ਲਿਆ ਹੈ।

ਨੇਪਾਲ ਸਰਕਾਰ ਦੇ ਬੁਲਾਰੇ ਪ੍ਰਿਥਵੀ ਸੁੱਬਾ ਗੁਰੂੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ ਇਸ ਮੀਟਿੰਗ ਵਿੱਚ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ।

ਕਾਠਮਾਂਡੂ ਵਿੱਚ ਕੁਝ ਥਾਵਾਂ 'ਤੇ ਸ਼ਨੀਵਾਰ ਸਵੇਰ ਤੱਕ ਕਰਫਿਊ ਲਗਾ ਦਿੱਤਾ ਗਿਆ।

ਪੁਲਿਸ ਨੇ ਕਿਹਾ ਹੈ ਕਿ ਸ਼ਨੀਵਾਰ ਸਵੇਰ ਤੋਂ ਹੀ ਕਾਠਮਾਂਡੂ ਘਾਟੀ ਵਿੱਚ ਸਥਿਤੀ ਆਮ ਹੈ।

ਹੁਣ ਹਾਲਾਤ ਕਿਵੇਂ ਹਨ?

ਬੀਬੀਸੀ ਨੇਪਾਲੀ ਸੇਵਾ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਕਾਠਮਾਂਡੂ ਵਿੱਚ ਸਥਿਤੀ ਸ਼ਨੀਵਾਰ ਸਵੇਰ ਤੱਕ ਆਮ ਵਾਂਗ ਹੋ ਰਹੀ ਸੀ।

ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਬੀਬੀਸੀ ਨੇਪਾਲੀ ਸੇਵਾ ਨੂੰ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ ਕਰਫਿਊ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਕੀਤਾ ਜਾਵੇਗਾ। ਇਹ ਇੱਕ ਸੁਚੇਤ ਫੈਸਲਾ ਹੈ।

ਪ੍ਰਸ਼ਾਸਨ ਸ਼ੁੱਕਰਵਾਰ ਦੀ ਹਿੰਸਾ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ।

ਪੁਲਿਸ ਦੇ ਅਨੁਸਾਰ, ਸ਼ੁੱਕਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ 53 ਪੁਲਿਸ ਕਰਮਚਾਰੀ ਅਤੇ 24 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ-

ਨੇਪਾਲੀ ਪੁਲਿਸ ਦਾ ਕਹਿਣਾ ਹੈ ਕਿ 'ਪ੍ਰਦਰਸ਼ਨਕਾਰੀਆਂ ਨੇ ਅਗਜ਼ਨੀ, ਭੰਨਤੋੜ ਅਤੇ ਲੁੱਟਮਾਰ ਕੀਤੀ।'

ਹਾਲਾਂਕਿ, ਰਾਜਸ਼ਾਹੀ ਦੀ ਬਹਾਲੀ ਦੇ ਸਮਰਥਕਾਂ ਦੁਆਰਾ ਬਣਾਈ ਗਈ ਯੂਨਾਈਟਿਡ ਪੀਪਲਜ਼ ਮੂਵਮੈਂਟ ਕਮੇਟੀ ਨੇ ਪੁਲਿਸ 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ।

ਕਮੇਟੀ ਦੇ ਕਨਵੀਨਰ ਨਵਰਾਜ ਸੁਬੇਦੀ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ "ਇਹ ਅਣਸੁਖਾਵੀਂ ਘਟਨਾ ਪੁਲਿਸ ਜਬਰ ਕਾਰਨ ਵਾਪਰੀ।"

ਨਵਰਾਜ ਸੁਬੇਦੀ ਨੇ ਕਿਹਾ ਕਿ ਉਸਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਕਾਠਮਾਂਡੂ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਾਠਮਾਂਡੂ ਵਿੱਚ ਕਈ ਘਰਾਂ ਵਿੱਚ ਅਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ।

ਪੁਲਿਸ ਨੂੰ ਦੁਰਗਾ ਪ੍ਰਸਾਈ ਦੀ ਤਲਾਸ਼

ਬੀਬੀਸੀ ਨੇਪਾਲ ਸੇਵਾ ਦੇ ਅਨੁਸਾਰ, ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜਸ਼ਾਹੀ ਪੱਖੀ ਪ੍ਰਦਰਸ਼ਨ ਵਿੱਚ ਅੰਦਾਜ਼ਨ 10,000 ਤੋਂ 12,000 ਲੋਕ ਇਕੱਠੇ ਹੋਏ ਸਨ।

ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਛਬੀ ਰਿਜਲ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਉਸੇ ਦਿਨ ਭ੍ਰਿਕੁਟੀਮੰਡਪ ਵਿੱਚ ਹੋਏ ਸਮਾਜਵਾਦੀ ਮੋਰਚੇ ਦੇ ਪ੍ਰਦਰਸ਼ਨ ਵਿੱਚ ਲਗਭਗ 35,000 ਲੋਕ ਇਕੱਠੇ ਹੋਏ ਸਨ।

ਸ਼ੁੱਕਰਵਾਰ ਨੂੰ ਤਿਨਕੁਨੇ ਅਤੇ ਭ੍ਰਿਕੁਟੀ ਮੰਡਪਾਂ 'ਤੇ 5,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਤਿਨਕੁਨੇ ਵਿੱਚ ਕਈ ਘਰਾਂ ਦੀ ਭੰਨਤੋੜ ਕੀਤੀ, ਇੱਕ ਘਰ ਨੂੰ ਅੱਗ ਲਗਾ ਦਿੱਤੀ ਅਤੇ ਆਲੋਕਨਗਰ ਵਿੱਚ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਯੂਨਾਈਟਿਡ ਸੋਸ਼ਲਿਸਟ) ਦੇ ਪਾਰਟੀ ਦਫ਼ਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਰਿਜਲ ਨੇ ਕਿਹਾ, "ਕਿਉਂਕਿ ਦੁਰਗਾ ਪ੍ਰਸਾਈ ਨੇ ਅੰਦੋਲਨ ਦੀ ਅਗਵਾਈ ਕੀਤੀ ਸੀ, ਇਸ ਲਈ ਉਹ ਮੁੱਖ ਤੌਰ 'ਤੇ ਇਸ ਘਟਨਾ ਲਈ ਜ਼ਿੰਮੇਵਾਰ ਹਨ। ਪ੍ਰਬੰਧਕਾਂ ਨੂੰ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।"

ਦੁਰਗਾ ਪ੍ਰਸਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੇਪਾਲ ਦੇ ਗ੍ਰਹਿ ਮੰਤਰਾਲਾ ਨੇ ਪ੍ਰਦਰਸ਼ਨ ਲਈ ਦੁਰਗਾ ਪ੍ਰਸਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ

ਉਨ੍ਹਾਂ ਕਿਹਾ ਕਿ 'ਰਾਜਸ਼ਾਹੀ ਸਮਰਥਕਾਂ ਨੇ ਤਿਨਕੁਨੇ ਖੇਤਰ ਵਿੱਚ ਕਈ ਨਿੱਜੀ ਘਰਾਂ ਦੀ ਭੰਨਤੋੜ ਕੀਤੀ ਅਤੇ ਇੱਕ ਹਰਬਲ ਦੀ ਪ੍ਰੋਸੈਸਿੰਗ ਫੈਕਟਰੀ ਅਤੇ ਇਸ ਦੇ ਅਹਾਤੇ ਵਿੱਚ ਮੌਜੂਦ ਵਾਹਨਾਂ ਨੂੰ ਅੱਗ ਲਗਾ ਦਿੱਤੀ।'

ਉਨ੍ਹਾਂ ਕਿਹਾ, "ਨੇਪਾਲ ਦੇ ਸੰਵਿਧਾਨ ਵਿੱਚ ਦਿੱਤੇ ਗਏ ਆਜ਼ਾਦੀ ਦੇ ਅਧਿਕਾਰ ਦੀ ਉਨ੍ਹਾਂ (ਰਾਜਸ਼ਾਹੀ ਹਮਾਇਤੀ) ਨੇ ਦੁਰਵਰਤੋਂ ਕੀਤੀ। ਅਜਿਹਾ ਲੱਗਦਾ ਸੀ ਕਿ ਉਨ੍ਹਾਂ ਦਾ ਇਰਾਦਾ ਸੁਰੱਖਿਆ ਬਲਾਂ ਨੂੰ ਮਾਰਨ ਦਾ ਸੀ। ਇਸ ਤੋਂ ਬਾਅਦ ਹੀ ਸਥਿਤੀ ਵਿਗੜੀ।"

ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੁਰਗਾ ਪ੍ਰਸਾਈ ਤੇਜ਼ ਕਾਰ ਨੂੰ ਚਲਾਉਂਦੇ ਹੋਏ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਵਿੱਚ ਉਹ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਵੀ ਦਿਖਾਈ ਦਿੱਤੇ।

ਇਸ ਵਿਰੋਧ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ, ਪ੍ਰਸਾਈ ਨੇ ਵੀਰਵਾਰ ਨੂੰ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਰਾਜਸ਼ਾਹੀ ਅਤੇ 'ਹਿੰਦੂ ਰਾਜ ਦੀ ਸਥਾਪਨਾ' ਨੂੰ ਆਪਣਾ 'ਧਰਮ' ਦੱਸਿਆ ਸੀ।

ਫੌਜਾਂ ਰਾਜਸ਼ਾਹੀ ਸਮਰਥਕਾਂ ਦੇ ਕਮਾਂਡਰ, ਪ੍ਰਸਾਈ ਦੀ ਭਾਲ ਕਰ ਰਹੀਆਂ ਹਨ, ਪਰ ਉਹ ਲਾਪਤਾ ਹੈ।

ਰਾਜਸ਼ਾਹੀ ਦੀ ਬਹਾਲੀ ਲਈ ਅੰਦੋਲਨ ਕਿਉਂ ਸ਼ੁਰੂ ਹੋਇਆ?

ਰਾਜਨੀਤਿਕ ਅਸਥਿਰਤਾ ਦੇ ਵਿਚਕਾਰ, ਪਿਛਲੇ ਕੁਝ ਸਮੇਂ ਤੋਂ ਨੇਪਾਲ ਵਿੱਚ ਰਾਜਸ਼ਾਹੀ ਦੀ ਬਹਾਲੀ ਲਈ ਸਰਗਰਮੀ ਵਧ ਰਹੀ ਹੈ।

ਪਿਛਲੇ ਕੁਝ ਦਿਨਾਂ ਵਿੱਚ, ਅਜਿਹੀਆਂ ਕਈ ਰੈਲੀਆਂ ਅਤੇ ਪ੍ਰਦਰਸ਼ਨ ਹੋਏ ਜਿਨ੍ਹਾਂ ਵਿੱਚ ਰਾਜਸ਼ਾਹੀ ਦੀ ਬਹਾਲੀ ਦੀ ਮੰਗ ਕੀਤੀ ਗਈ ਸੀ। ਹਾਲ ਹੀ ਵਿੱਚ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਦੀ ਸਰਗਰਮੀ ਵੀ ਦੇਖੀ ਗਈ ਹੈ।

ਇਸ ਮਹੀਨੇ 5 ਮਾਰਚ ਨੂੰ, ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇ ਕਾਠਮਾਂਡੂ ਵਿੱਚ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੇ ਨੇਪਾਲ ਦੇ ਰਾਸ਼ਟਰੀ ਝੰਡੇ ਨਾਲ ਹਿੱਸਾ ਲਿਆ।

6 ਮਾਰਚ ਨੂੰ, ਗਿਆਨੇਂਦਰ ਨੇ ਪੋਖਰਾ ਵਿੱਚ ਸਾਬਕਾ ਰਾਜਾ ਬੀਰੇਂਦਰ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਮੌਜੂਦ ਸੈਂਕੜੇ ਲੋਕਾਂ ਨੇ ਰਾਜਸ਼ਾਹੀ ਦਾ ਰਾਸ਼ਟਰੀ ਗੀਤ ਗਾਇਆ।

ਨੇਪਾਲ ਵਿੱਚ ਲੋਕਤੰਤਰ ਆਉਣ ਤੋਂ ਬਾਅਦ ਗਿਆਨੇਂਦਰ ਬੀਰ ਬਿਕਰਮ ਸ਼ਾਹ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਘੱਟ ਹੀ ਦੇਖਿਆ ਗਿਆ ਸੀ। ਕੁਝ ਖਾਸ ਮੌਕਿਆਂ 'ਤੇ ਉਹ ਬਹੁਤ ਹੀ ਰਸਮੀ ਬਿਆਨ ਜਾਰੀ ਕਰਦੇ ਸਨ।

9 ਮਾਰਚ ਨੂੰ, ਉਹ ਪੋਖਰਾ ਤੋਂ ਕਾਠਮਾਂਡੂ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ ਸੀ।

ਉਸੇ ਭੀੜ ਵਿੱਚ ਇੱਕ ਵਿਅਕਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਫੋਟੋ ਦੇ ਨਾਲ ਗਿਆਨੇਂਦਰ ਦੀ ਫੋਟੋ ਲੈ ਕੇ ਖੜ੍ਹਾ ਸੀ।

ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਦੀ ਕੇਂਦਰੀ ਕਮੇਟੀ ਦੇ ਮੈਂਬਰ ਵਿਸ਼ਨੂੰ ਰਿਜਾਲ ਨੇ ਗਿਆਨੇਂਦਰ 'ਤੇ "ਰਾਜਾ ਬਣਨ ਲਈ ਵਿਦੇਸ਼ੀਆਂ ਦੀ ਦਲਾਲੀ ਕਰਨ" ਦਾ ਇਲਜ਼ਾਮ ਲਗਾਇਆ।

ਕਿਹਾ ਜਾ ਰਿਹਾ ਹੈ ਕਿ ਨੇਪਾਲ ਦੇ ਲੋਕ ਸਰਕਾਰ ਤੋਂ ਬਹੁਤ ਨਿਰਾਸ਼ ਹਨ ਅਤੇ ਇਸ ਨਾਲ ਰਾਜਸ਼ਾਹੀ ਦੇ ਸਮਰਥਕਾਂ ਨੂੰ ਮੌਕਾ ਮਿਲਿਆ ਹੈ।

ਹਿੰਦੂ ਰਾਸ਼ਟਰ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਵਿੱਚ ਹਲਚਲ ਮਚੀ ਹੋਈ ਹੈ। ਮਾਰਚ 2023 ਵਿੱਚ, ਨੇਪਾਲ ਦੇ ਜਨਕਪੁਰ ਵਿੱਚ ਰਾਮ ਨੌਮੀ ਦੇ ਮੌਕੇ 'ਤੇ ਇੱਕ ਜਲੂਸ ਦੌਰਾਨ ਹੰਗਾਮਾ ਹੋਣ ਤੋਂ ਬਾਅਦ ਫਿਰਕੂ ਤਣਾਅ ਫੈਲ ਗਿਆ ਸੀ।

ਦਰਅਸਲ, ਜਾਨਕੀ ਮੰਦਰ ਦੇ ਨੇੜੇ ਇੱਕ ਮਸਜਿਦ ਹੈ ਜਿੱਥੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਹੰਗਾਮਾ ਕੀਤਾ। ਇਹ ਨੇਪਾਲ ਵਿੱਚ ਪਹਿਲੀ ਵਾਰ ਹੋਇਆ। ਪ੍ਰਸ਼ਾਸਨ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਆਯੋਜਿਤ ਕੀਤੀ ਗਈ ਸੀ।

ਰਾਜਸ਼ਾਹੀ ਹਮਾਇਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਠਮਾਂਡੂ ਵਿੱਚ ਰਾਜਸ਼ਾਹੀ ਸਮਰਥਕਾਂ ਨੇ ਰਾਜਾ ਦੀ ਤਸਵੀਰ ਨਾਲ ਪ੍ਰਦਰਸ਼ਨ ਕੀਤਾ

ਮਾਰਚ 2023 ਵਿੱਚ ਬੀਬੀਸੀ ਪੱਤਰਕਾਰ ਰਜਨੀਸ਼ ਕੁਮਾਰ ਦੀ ਇੱਕ ਰਿਪੋਰਟ ਦੇ ਅਨੁਸਾਰ, ਸੀਨੀਅਰ ਨੇਪਾਲੀ ਪੱਤਰਕਾਰ ਸੀਕੇ ਲਾਲ ਕਹਿੰਦੇ ਹਨ ਕਿ 2014 ਤੋਂ ਬਾਅਦ ਨੇਪਾਲ ਦੇ ਮਧੇਸ ਖੇਤਰ ਵਿੱਚ ਆਰਐਸਐਸ ਅਤੇ ਹਿੰਦੂਤਵ ਰਾਜਨੀਤੀ ਨੇ ਹੋਰ ਮਜ਼ਬੂਤੀ ਹਾਸਲ ਕੀਤੀ ਹੈ।

ਇਸ ਰਿਪੋਰਟ ਦੇ ਅਨੁਸਾਰ, ਜਨਕਪੁਰ ਡਿਵੀਜ਼ਨ ਵਿੱਚ ਹਿੰਦੂ ਸਵੈਮਸੇਵਕ ਸੰਘ ਦੇ ਕਾਰਜਕਾਰੀ ਰਣਜੀਤ ਸਾਹ ਨੇ ਦਾਅਵਾ ਕੀਤਾ ਸੀ ਕਿ ਉਹ ਨੇਪਾਲ ਨੂੰ 'ਦੁਬਾਰਾ ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦੇ ਹਨ।

ਯੋਗੀ ਆਦਿੱਤਿਆਨਾਥ ਦਾ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਪ੍ਰਭਾਵ ਹੈ ਕਿਉਂਕਿ ਉਨ੍ਹਾਂ ਦਾ ਹਲਕਾ ਗੋਰਖਪੁਰ ਨੇਪਾਲ ਦੀ ਸਰਹੱਦ ਦੇ ਨੇੜੇ ਪੈਂਦਾ ਹੈ।

ਸਾਲ 2018 ਵਿੱਚ, ਯੋਗੀ ਆਦਿੱਤਿਆਨਾਥ ਜਨਕਪੁਰ ਬਰਾਤ ਲੈ ਕੇ ਪਹੁੰਚੇ ਸਨ।

ਪਿਛਲੇ ਕੁਝ ਸਾਲਾਂ ਵਿੱਚ, ਭਾਜਪਾ ਅਤੇ ਆਰਐਸਐਸ ਦੇ ਨੇਤਾਵਾਂ ਦੇ ਕਾਠਮਾਂਡੂ ਦੇ ਕਈ ਦੌਰੇ ਹੋਏ ਹਨ।

ਮਾਰਚ 2023 ਵਿੱਚ, ਭਾਜਪਾ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਵਿਜੇ ਚੌਥਾਈਵਾਲੇ ਨੇ ਕਾਠਮਾਂਡੂ ਅਤੇ ਨੇਪਾਲ ਦੇ ਸੁਦੂਰ ਇਲਾਕੇ ਦਾ ਦੌਰਾ ਕੀਤਾ ਸੀ। ਉਹ ਕਾਠਮਾਂਡੂ ਵਿੱਚ ਚੋਟੀ ਦੇ ਨੇਤਾਵਾਂ ਨੂੰ ਮਿਲੇ।

ਭਾਜਪਾ ਵਿਦੇਸ਼ਾਂ ਵਿੱਚ 'ਬੀਜੇਪੀ ਨੂੰ ਜਾਣੋ' ਨਾਮਕ ਇੱਕ ਪ੍ਰੋਗਰਾਮ ਚਲਾ ਰਹੀ ਹੈ ਅਤੇ 2022 ਵਿੱਚ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਅਜਿਹੇ ਹੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਮਾਓਵਾਦੀਆਂ ਨਾਲ ਦਸ ਸਾਲਾਂ ਦੇ ਸੰਘਰਸ਼ ਦੌਰਾਨ ਨੇਪਾਲ ਵਿੱਚ ਘਰੇਲੂ ਯੁੱਧ ਵਰਗੀ ਸਥਿਤੀ ਸੀ।

2007 ਵਿੱਚ, ਰਾਜਨੀਤਿਕ ਪਾਰਟੀਆਂ ਵਿੱਚ 240 ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰਨ ਅਤੇ ਲੋਕਤੰਤਰ ਅਪਣਾਉਣ ਲਈ ਸਹਿਮਤੀ ਬਣੀ।

ਹਾਲਾਂਕਿ, ਘਰੇਲੂ ਯੁੱਧ ਦੇ ਅੰਤ ਤੋਂ ਬਾਅਦ, ਸੰਵਿਧਾਨ ਨਿਰਮਾਣ ਦੀ ਪ੍ਰਕਿਰਿਆ ਅੱਠ ਸਾਲਾਂ ਤੱਕ ਚੱਲੀ ਅਤੇ ਇਸਦੇ ਪ੍ਰਸਤਾਵਾਂ 'ਤੇ ਇੱਕ ਲੰਮਾ ਡੈੱਡਲਾਕ ਰਿਹਾ।

ਇਸ ਸਮੇਂ ਦੌਰਾਨ, ਸੰਵਿਧਾਨਕ ਪ੍ਰਸਤਾਵਾਂ ਦੇ ਵਿਰੁੱਧ ਵੱਡੇ ਪੱਧਰ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ। 20 ਸਤੰਬਰ, 2015 ਨੂੰ ਵੀ, ਜਦੋਂ ਨਵਾਂ ਧਰਮ ਨਿਰਪੱਖ ਸੰਵਿਧਾਨ ਲਾਗੂ ਹੋਇਆ, ਕਾਠਮੰਡੂ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ ਅਤੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।

ਅੰਤ ਵਿੱਚ, ਨਵਾਂ ਸੰਵਿਧਾਨ ਸਾਲ 2015 ਵਿੱਚ ਲਾਗੂ ਹੋਇਆ ਅਤੇ ਇਸ ਦੇ ਨਾਲ ਨੇਪਾਲ ਇੱਕ ਧਰਮ ਨਿਰਪੱਖ ਰਾਸ਼ਟਰ ਬਣ ਗਿਆ।

ਪਰ ਜਦੋਂ ਤੋਂ ਨੇਪਾਲ ਇੱਕ ਧਰਮ ਨਿਰਪੱਖ ਰਾਸ਼ਟਰ ਬਣਿਆ ਹੈ, ਨੇਪਾਲੀ ਕਾਂਗਰਸ ਦੇ ਕੁਝ ਨੇਤਾ ਹਿੰਦੂ ਰਾਸ਼ਟਰ ਦੀ ਬਹਾਲੀ ਲਈ ਮੁਹਿੰਮ ਚਲਾ ਰਹੇ ਹਨ।

ਪਿਛਲੇ ਸਾਲ ਨੇਪਾਲੀ ਕਾਂਗਰਸ ਦੀ ਜਨਰਲ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ, ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਦੇ ਮੁੱਦੇ ਨੇ ਹੋਰ ਜ਼ੋਰ ਫੜ ਲਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)