ਹਿਮਾਚਲ ਵਿੱਚ ਤਬਾਹੀ: 'ਮੇਰੇ ਪਿਤਾ ਨੇ ਉਮਰ ਭਰ ਦੀ ਕਮਾਈ ਨਾਲ ਘਰ ਬਣਾਇਆ, ਹੁਣ ਉਹ ਮਿੱਟੀ ਹੋ ਗਿਆ'

- ਲੇਖਕ, ਨਵੀਨ ਸਿੰਘ ਖੜਗਾ
- ਰੋਲ, ਵਾਤਾਵਰਨ ਪੱਤਰਕਾਰ
ਇਸ ਮਹੀਨੇ ਭਾਰਤ ਦੇ ਹਿਮਾਲਿਆ ਵਿੱਚ ਹੜ੍ਹਾਂ ਨੇ ਦਰਜਨਾਂ ਜਾਨਾਂ ਲਈਆਂ, ਮੌਤਾਂ ਦਾ ਇੱਕ ਕਾਰਨ ਜ਼ਮੀਨ ਖਿਸਕਣਾ ਵੀ ਰਿਹਾ। ਕਈ ਲੋਕ ਆਪਣੇ ਹੀ ਘਰਾਂ ਦੀਆਂ ਇਮਾਰਤਾਂ ਹੇਠ ਦੱਬੇ ਗਏ। ਨੇਪਾਲ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਵੀ ਨੁਕਸਾਨ ਹੋਇਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਲਾਕਿਆਂ, ਜੋ ਵਾਤਾਵਰਣ ਪੱਖੋਂ ਨਾਜ਼ੁਕ ਮੰਨੇ ਜਾਂਦੇ ਹਨ ਵਿੱਚ ਬੇਰੋਕ ਉਸਾਰੀਆਂ ਤੇ ਉਸ ਤੋਂ ਬਾਅਦ ਭਾਰੀ ਮੀਂਹ ਤਬਾਹੀ ਦਾ ਕਾਰਨ ਬਣ ਰਹੇ ਹਨ।
ਪਰ ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਮੀਂਹ ਵਿੱਚ ਵੀ ਇੱਕ ਅਸਾਧਾਰਨ ਵਾਧਾ ਹੈ, ਜੋ ਇਨ੍ਹਾਂ ਇਲਾਕਿਆਂ ਨੂੰ ਹੋਰ ਵੀ ਖਤਰਨਾਕ ਬਣਾ ਰਿਹਾ ਹੈ।
ਇਸ ਰਿਪੋਰਟ ਵਿੱਚ ਅਸੀਂ ਹਿਮਾਚਲ ’ਚ ਹੋਈ ਤਬਾਹੀ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।

ਤਸਵੀਰ ਸਰੋਤ, Getty Images
ਵਾਤਾਵਰਣ ਬਦਲਾਅ ਦਾ ਪ੍ਰਭਾਵ
ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਹਿਮਾਲਿਆ ਸਣੇ ਦੁਨੀਆਂ ਭਰ ਦੇ ਪਹਾੜਾਂ ਵਿੱਚ ਹੁਣ ਉੱਚਾਈ 'ਤੇ ਪਹਿਲਾਂ ਦੇ ਮੁਕਾਬਲੇ ਵਧੇਰੇ ਮੀਂਹ ਵਰ੍ਹ ਰਿਹਾ ਹੈ।
ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਜ਼ਿਆਦਾਤਰ ਬਰਫ਼ਬਾਰੀ ਹੀ ਹੁੰਦੀ ਸੀ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਤਬਦੀਲੀ ਨੇ ਪਹਾੜਾਂ ਨੂੰ ਹੋਰ ਖ਼ਤਰਨਾਕ ਬਣਾ ਦਿੱਤਾ ਹੈ, ਕਿਉਂਕਿ ਤਾਪਮਾਨ ਵਧਣ ਨਾਲ ਨਾ ਸਿਰਫ਼ ਮੀਂਹ ਪੈਂਦਾ ਹੈ ਸਗੋਂ ਬਰਫ਼ ਦੇ ਪਿਘਲਣ ਵਿੱਚ ਵੀ ਤੇਜ਼ੀ ਆਉਂਦੀ ਹੈ।
ਮੀਂਹ ਦਾ ਪਾਣੀ, ਜ਼ਮੀਨ ਖਿਸਕਣ, ਚੱਟਾਨਾਂ ਦੇ ਡਿੱਗਣ, ਹੜ੍ਹਾਂ ਅਤੇ ਮਲਬੇ ਦੇ ਵਹਾਅ ਦੇ ਨਤੀਜੇ ਵਜੋਂ ਮਿੱਟੀ ਦੀ ਮਜ਼ਬੂਤੀ ਤੇ ਪਕੜ ਨੂੰ ਵੀ ਘਟਾ ਦਿੰਦਾ ਹੈ।
ਜੂਨ ਮਹੀਨੇ ‘ਨੇਚਰ’ ਨਾਂ ਦੇ ਰਸਾਲੇ ਵਿੱਚ ਛਪੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ, "ਸਾਡੀਆਂ ਖੋਜਾਂ ਵਿੱਚ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਉੱਚਾਈ ਉੱਤੇ ਵੱਧਦੇ ਤਾਪਮਾਨ ਤੇ ਵੱਧ ਮੀਂਹ ਬਾਰੇ ਚੇਤਾਵਨੀ ਦਿੰਦੇ ਹਨ। ਖ਼ਾਸ ਤੌਰ 'ਤੇ ਉੱਤਰੀ ਅਰਧ ਗੋਲੇ ਵਿਚਲੇ ਵਧੇਰੇ ਬਰਫ਼ ਵਾਲੇ ਖੇਤਰਾਂ ਵਿੱਚ।"

ਮੌਜੂਦਾ ਰਿਪੋਰਟ ਦੇ ਤੱਥ 2019 ਵਿੱਚ ਵਾਤਾਵਰਣ ਬਦਾਲਅ ਬਾਰੇ ਬਣੇ ਅੰਤਰ-ਸਰਕਾਰੀ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ) ਦੀ ਵਿਸ਼ੇਸ਼ ਰਿਪੋਰਟ ਨਾਲ ਮੇਲ ਖਾਂਦੇ ਹਨ।
ਪਹਿਲੀ ਰਿਪੋਰਟ ਵਿੱਚ ਵੀ ਕਿਹਾ ਗਿਆ ਸੀ ਕਿ ਬਰਫ਼ਬਾਰੀ ਵਿੱਚ ਕਮੀ ਆਈ ਹੈ, ਜਿਸਦਾ ਮੁੱਢਲਾ ਕਾਰਨ ਉੱਚ ਤਾਪਮਾਨ ਦੱਸਿਆ ਗਿਆ ਸੀ, ਖ਼ਾਸ ਕਰਕੇ ਪਹਾੜੀ ਖੇਤਰਾਂ ਦੇ ਹੇਠਲੇ ਇਲਾਕਿਆਂ ਵਿੱਚ।
ਫ਼ਰਾਂਸ ਵਿੱਚ ਨੈਸ਼ਨਲ ਸੈਂਟਰ ਫ਼ਾਰ ਮੈਟਰੋਲੋਜੀਕਲ ਰਿਸਰਚ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਆਈਪੀਸੀਸੀ ਦੀ ਵਿਸ਼ੇਸ਼ ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਸੈਮੂਅਲ ਮੋਰਿਨ ਦਾ ਕਹਿਣਾ ਹੈ ਕਿ ਹੁਣ ਉੱਚਾਈਆਂ 'ਤੇ ਅਤੇ ਹਰ ਵਾਰ ਮੀਂਹ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਵੱਧ ਮੀਂਹ ਦਰਜ ਕੀਤਾ ਗਿਆ ਹੈ।
ਇਹ ਮੁੱਖ ਤੌਰ 'ਤੇ ਇਸ ਲਈ ਹੈ ਕਿਉਂਕਿ ਜ਼ੀਰੋ-ਡਿਗਰੀ ਆਈਸੋਥਰਮ, ਉਹ ਪੱਧਰ ਜਿਸ ਉੱਤੇ ਪਾਣੀ ਬਰਫ਼ ਦਾ ਰੂਪ ਧਾਰਨ ਕਰਨ ਤੋਂ ਬਾਅਦ ਬਰਫ਼ਬਾਰੀ ਦੇ ਰੂਪ ਵਿੱਚ ਵਰ੍ਹਦਾ ਹੈ ਉਹ ਹੋਰ ਉਚਾਈ ਵੱਲ ਚਲਾ ਗਿਆ ਹੈ।
ਅਧਿਐਨ ਮੁਤਾਬਕ, "ਨਤੀਜੇ ਵਜੋਂ, ਇਨ੍ਹਾਂ ਖੇਤਰਾਂ ਨੂੰ ਹੌਟਸਪੌਟ ਮੰਨਿਆ ਜਾਂਦਾ ਹੈ, ਜਿੱਥੇ ਭਾਰੀ ਮੀਂਹ, ਹੜ੍ਹਾਂ, ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦਾ ਜੋਖ਼ਮ ਵਧੇਰੇ ਹੁੰਦਾ ਹੈ।"

ਤਸਵੀਰ ਸਰੋਤ, Getty Images
ਲੋੜੀਂਦੇ ਢਾਂਚੇ ਦੀ ਘਾਟ
ਅਧਿਐਨ ਦੇ ਪ੍ਰਮੁੱਖ ਲੇਖਕ ਮੁਹੰਮਦ ਓਮਬਾਦੀ ਨੇ ਬੀਬੀਸੀ ਨੂੰ ਦੱਸਿਆ ਕਿ ਉੱਤਰੀ ਅਰਧ ਗੋਲੇ ਵਿੱਚ ਐਲਪਸ ਅਤੇ ਰੌਕੀਜ਼ ਵਰਗੇ ਪਹਾੜੀ ਖੇਤਰਾਂ ਦੇ ਮੁਕਾਬਲੇ ਹਿਮਾਲਿਆ ਵਿੱਚ ਖ਼ਤਰਾ ਵੱਧ ਹੈ।
"ਇਸ ਦਾ ਕਾਰਨ ਹੈ ਵਾਧੂ ਗਰਮੀ ਸਬੰਧਤ ਗਤੀਵਿਧੀਆਂ ਦਾ ਵਧਣਾ ਜੋ ਹਵਾ ਦੇ ਤਰੀਕਿਆਂ ਨੂੰ ਬਦਲਦੀਆਂ ਹਨ ਅਤੇ ਤੂਫ਼ਾਨ ਦੀ ਰੂਪ-ਰੇਖਾ ਵਿੱਚ ਤਬਦੀਲੀ ਦਾ ਕਾਰਨ ਬਣਦੀਆਂ ਹਨ, ਜਿਸ ਨਾਲ ਤੂਫਾਨਾਂ ਦੀ ਤੀਬਰਤਾ ਵਿੱਚ ਵਾਧਾ ਹੁੰਦਾ ਹੈ।"
ਹਿਮਾਲਿਆ ਦੇ ਪਹਾੜ, ਜੋ ਭਾਰਤ, ਭੂਟਾਨ ਨੇਪਾਲ ਅਤੇ ਪਾਕਿਸਤਾਨ ਤੱਕ ਫ਼ੈਲੇ ਹੋਏ ਹਨ, ਵਿੱਚ ਮੌਸਮ ਸਟੇਸ਼ਨਾਂ ਦੀ ਘਾਟ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਸਹੀ ਅਨੁਮਾਨ ਦੇ ਸਕਣ। ਇਸ ਤਰ੍ਹਾਂ ਮੀਂਹ ਦੇ ਪੱਧਰ ਸਬੰਧੀ ਲੋੜੀਂਦੇ ਅੰਕੜਿਆ ਦੀ ਵੀ ਘਾਟ ਰਹਿੰਦੀ ਹੈ।
ਪਹਾੜਾਂ ਦੀਆਂ ਨੀਵੀਆਂ ਉੱਚਾਈਆਂ ਵਿੱਚ ਸਥਿਤ ਕੁਝ ਸਟੇਸ਼ਨ ਹਨ ਪਰ ਉਹ ਇਹ ਨਹੀਂ ਦਰਸਾਉਂਦੇ ਹਨ ਕਿ ਅੰਕੜਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ ਜਾਂ ਬਰਫ਼ਬਾਰੀ।

ਤਸਵੀਰ ਸਰੋਤ, Getty Image
ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਇੱਕ ਮੌਸਮ ਸਟੇਸ਼ਨ ਹੈ ਜਿਸ ਦੇ ਅੰਦਾਜ਼ੇ ਸਨ ਕਿ ਇਸ ਸਾਲ 1 ਜੂਨ ਤੋਂ 10 ਅਗਸਤ ਦਰਮਿਆਨ ਪਹਾੜ 'ਤੇ ਵਰਣ ਵਾਲੇ 245.5 ਮਿਲੀਮੀਟਰ ਪਾਣੀ ਦਾ 75 ਫ਼ੀਸਦ ਹਿੱਸਾ ਮੀਂਹ ਦੇ ਰੂਪ ਵਿੱਚ ਡਿੱਗੇਗਾ ਸੀ। ਜਦਕਿ ਬਾਕੀ ਬਰਫ਼ ਜਾਂ ਮੀਂਹ ਅਤੇ ਬਰਫ਼ ਦਾ ਸੁਮੇਲ ਹੋਵੇਗਾ।
ਜ਼ਿਕਰਯੋਗ ਹੈ ਕਿ ਇਹ ਬੀਤੇ ਵਰਿਆਂ ਦੇ ਮੁਕਾਬਲੇ ਬਹੁਤ ਵੱਡਾ ਉਛਾਲ ਸੀ।
2022 ਵਿੱਚ ਜੂਨ ਅਤੇ ਸਤੰਬਰ ਦੇ ਵਿਚਕਾਰ 32 ਫ਼ੀਸਦ, 2021 ਵਿੱਚ 43 ਫ਼ੀਸਦ ਅਤੇ 2020 ਵਿੱਚ 41 ਫ਼ੀਸਦ ਮੀਂਹ ਰਿਕਾਰਡ ਕੀਤਾ ਗਿਆ ਸੀ।
ਇਥੇ ਸਟੇਸ਼ਨ ਲਗਾਉਣ ਵਾਲੇ ਨੈਸ਼ਨਲ ਜਿਓਗ੍ਰਾਫ਼ਿਕ ਅਤੇ ਰੋਲੇਕਸ ਪਰਪੈਚੁਅਲ ਪਲੈਨੇਟ ਐਕਸਪੀਡੀਸ਼ਨਸ ਨਾਲ ਸਬੰਧਤ ਬੈਕਰ ਪੈਰੀ ਤੇ ਟੌਮ ਮੈਥਿਊਜ਼ ਕਹਿੰਦੇ ਹਨ, "ਸਾਡਾ ਮੰਨਣਾ ਹੈ ਕਿ ਬਰਫ਼ ਦੇ ਮੁਕਾਬਲੇ ਮੀਂਹ ਦਾ ਵਧਣਾ ਇੱਕ ਨਵਾਂ ਵਰਤਾਰਾ ਹੈ ਪਰ ਇਸ ਬਾਰੇ ਪਰਪੱਖਤਾ ਨਾਲ ਕੁਝ ਕਹਿਣਾ ਆਲੇ ਜਲਦਬਾਜ਼ੀ ਹੋਵੇਗਾ ਕਿਉਂਕਿ ਲੰਬੇ ਸਮੇਂ ਦੇ ਅੰਕੜੇ ਮੌਜੂਦ ਨਹੀਂ ਹਨ।"

ਹਿਮਾਲਿਆ ਵਿੱਚ ਵੱਧ ਮੀਂਹ ਤੇ ਘੱਟ ਬਰਫ਼ਬਾਰੀ
- ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਹਿਮਾਲਿਆ ਸਣੇ ਦੁਨੀਆਂ ਭਰ ਦੇ ਪਹਾੜਾਂ ਵਿੱਚ ਹੁਣ ਉੱਚਾਈ 'ਤੇ ਪਹਿਲਾਂ ਦੇ ਮੁਕਾਬਲੇ ਵਧੇਰੇ ਮੀਂਹ ਵਰ੍ਹ ਰਿਹਾ ਹੈ। ਜਦਕਿ ਪਹਿਲਾਂ ਇਥੇ ਬਰਫ਼ ਪੈਂਦੀ ਸੀ
- ਵਾਤਾਵਰਣ ਤਬਦੀਲੀ ਤੇ ਵੱਧਦੇ ਤਾਪਨਾਮ ਨਾਲ ਨਾ ਸਿਰਫ਼ ਮੀਂਹ ਪੈਂਦਾ ਹੈ ਸਗੋਂ ਬਰਫ਼ ਦੇ ਪਿਘਲਣ ਵਿੱਚ ਵੀ ਤੇਜ਼ੀ ਆਉਂਦੀ ਹੈ।
- ਮੀਂਹ ਦਾ ਪਾਣੀ ਜ਼ਮੀਨ ਖਿਸਕਣ, ਚਟਾਨਾਂ ਦੇ ਡਿੱਗਣ, ਹੜ੍ਹਾਂ ਅਤੇ ਮਲਬੇ ਦੇ ਵਹਾਅ ਦੇ ਨਤੀਜੇ ਵਜੋਂ ਮਿੱਟੀ ਦੀ ਮਜ਼ਬੂਤੀ ਤੇ ਪਕੜ ਨੂੰ ਵੀ ਘਟਾ ਦਿੰਦਾ ਹੈ।
- ਜੋਖ਼ਮ ਲੈ ਕੇ ਕੀਤੀਆਂ ਉਸਾਰੀਆਂ ਵੀ ਤਬਾਹੀ ਪਿੱਛੇ ਇੱਕ ਕਾਰਨ ਹਨ


ਮੌਸਮੀ ਬਦਲਾਅ
ਉਤਰਾਖੰਡ ਸੂਬੇ ਮੌਸਮ ਵਿਭਾਗ ਦੇ ਮੁਖੀ ਬਿਕਰਮ ਸਿੰਘ ਦਾ ਕਹਿਣਾ ਹੈ ਕਿ ਪਹਾੜਾਂ 'ਤੇ ਮੀਂਹ ਦੀ ਮਾਤਰਾ ਤੇ ਉਸ ਦੇ ਮੌਸਮ ਵਿੱਚ ਬਦਲਾਅ ਸਪੱਸ਼ਟ ਤੌਰ ’ਤੇ ਨਜ਼ਰ ਆਉਂਦੇ ਹਨ।
"ਅਸੀਂ ਯਕੀਨੀ ਤੌਰ 'ਤੇ ਕਹਿ ਸਕਦੇ ਹਾਂ ਕਿ ਬਰਫ਼ਬਾਰੀ ਦੀ ਬਾਰੰਬਾਰਤਾ ਘੱਟ ਗਈ ਹੈ ਅਤੇ ਇਹ ਆਮ ਤੌਰ 'ਤੇ 6,000 ਮੀਟਰ ਤੱਕ ਦੀ ਉੱਚਾਈ 'ਤੇ ਹੁੰਦੀ ਸੀ। ਪਰ ਮਾਨਸੂਨ ਦੌਰਾਨ ਹੇਠਲੇ ਇਲਾਕਿਆਂ ਵਿੱਚ ਭਾਰੀ ਮੀਂਹ ਹੀ ਪੈਂਦਾ ਹੈ।"
ਕੁਮਾਊਂ ਯੂਨੀਵਰਸਿਟੀ ਦੇ ਭੂਗੋਲ ਵਿਭਾਗ ਦੇ ਸਾਬਕਾ ਮੁਖੀ ਪ੍ਰੋਫ਼ੈਸਰ ਜੇਐੱਸ ਰਾਵਤ ਦਾ ਕਹਿਣਾ ਹੈ ਕਿ ਘੱਟ ਰਹੀ ਬਰਫ਼ਬਾਰੀ ਅਤੇ ਵੱਧ ਰਹੇ ਮੀਂਹ ਦਾ ਮਤਲਬ ਹੈ ਕਿ ਇਨ੍ਹਾਂ ਇਲਾਕਿਆਂ ਦੇ ਦਰਿਆਵਾਂ, ਨਦੀਆਂ ਦੀ ਪ੍ਰਕਿਰਤੀ ਵੀ ਬਦਲ ਗਈ ਹੈ।
"ਭਾਰੀ ਮੀਂਹ ਤੋਂ ਬਾਅਦ ਹੁਣ ਹੜ੍ਹ ਆ ਰਹੇ ਹਨ ਅਤੇ ਨਦੀਆਂ ਜੋ ਕਦੇ ਇਸ ਖੇਤਰ ਵਿੱਚ ਗਲੇਸ਼ੀਅਰਾਂ ਨਾਲ ਭਰੀਆਂ ਹੁੰਦੀਆਂ ਸਨ, ਹੁਣ ਮੀਂਹ ਦੇ ਪਾਣੀ ਨਾਲ ਭਰ ਗਈਆਂ ਹਨ।"
ਵਧਦੇ ਤਾਪਮਾਨ ਨੇ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਦੀ ਪ੍ਰੀਕਿਰਿਆ ਨੂੰ ਤੇਜ਼ ਕਰ ਦਿੱਤਾ ਹੈ।
ਇਸ ਤਰ੍ਹਾਂ ਝੀਲਾਂ ਤੇਜ਼ੀ ਨਾਲ ਭਰ ਜਾਂਦੀਆਂ ਹਨ ਤੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ। ਇਹ ਹੀ ਹੜਾਂ ਦਾ ਕਾਰਨ ਬਣਿਆ। ਗਲੇਸ਼ੀਅਰਾਂ ਦਾ ਕਮਜ਼ੋਰ ਹੋਣਾ ਪਹਾੜੀ ਢਲਾਣਾਂ ਨੂੰ ਵੀ ਅਸਥਿਰ ਕਰਦਾ ਹੈ।
ਅੰਦਾਜ਼ਾ ਹੈ ਕਿ ਹਿਮਾਲਿਆ ਦੇ ਗਲੋਬਲ ਔਸਤ ਦੀ ਦਰ ਤੋਂ ਤਿੰਨ ਗੁਣਾ ਵੱਧ ਗਰਮ ਹੋ ਰਿਹਾ ਹੈ। ਅਜਿਹੇ ਵਿੱਚ ਇਥੇ ਮੀਂਹ ਦਾ ਪੱਧਰ ਵਧੇਗਾ ਤਾਂ ਸਹੀ ਪਰ ਇਹ ਖ਼ਤਰਨਾਕ ਵੀ ਹੋ ਸਕਦਾ ਹੈ।

ਸਥਾਨਕ ਲੋਕ ਹੋਏ ਘਰੋਂ ਬੇਘਰ
ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਮਾਨਸੂਨ ਦੌਰਾਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਬਾਰੰਬਾਰਤਾ ਅਤੇ ਤੀਬਰਤਾ ਵਧ ਗਈ ਹੈ।
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਇਆਪੁਰ ਪਿੰਡ ਦੇ ਵਾਸੀ 25 ਸਾਲਾ ਪ੍ਰਭਾਕਰ ਭੱਟਾ ਦਾ ਕਹਿਣਾ ਹੈ, "ਪਹਾੜਾਂ 'ਤੇ ਵੱਧ ਰਹੇ ਮੀਂਹ ਕਾਰਨ ਸਾਡੇ ਪਿੰਡ ਗਨਈ ਵਿੱਚ ਜ਼ਮੀਨ ਖਿਸਕਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਤੇ ਸਾਨੂੰ ਪਿੰਡ ਛੱਡ ਕੇ ਜਾਣਾ ਪਿਆ।"
"ਹੁਣ ਅਸੀਂ ਬੇਘਰ ਹੋ ਗਏ ਹਾਂ।"
14 ਅਗਸਤ, ਅੱਧੀ ਰਾਤ ਨੂੰ ਹੜ੍ਹ ਆਇਆ ਤੇ ਨੇ ਭੱਟਾ ਦਾ ਦੋ ਮੰਜ਼ਿਲਾ ਘਰ ਚੱਟਾਨਾਂ, ਗਾਰ ਅਤੇ ਮਲਬੇ ਹੇਠ ਦੱਬ ਗਿਆ।
ਉਹ ਕਹਿੰਦੇ ਹਨ, "ਪਿੰਡ ਵਿੱਚ ਹੜ੍ਹਾਂ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਗਈ ਸੀ। ਅਸੀਂ ਉੱਚੀਆਂ ਥਾਵਾਂ 'ਤੇ ਆ ਗਏ ਸੀ ਜਿਸ ਨਾਲ ਸਾਡੀ ਜਾਨ ਬਚ ਗਈ। ਪਰ ਹਾਲੇ ਰਾਹ ਵਿੱਚ ਹੀ ਸੀ ਜਦੋਂ ਅਚਾਨਕ ਹੜ੍ਹ ਆ ਗਿਆ"
ਭੱਟਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਸ ਰਾਤ ਜਾਗਦਾ ਰਿਹਾ, ਕੁਝ ‘ਅਜੀਬ ਜਿਹੀਆਂ ਆਵਾਜ਼ਾਂ’ ਸਾਡੇ ਕੰਨਾਂ ’ਚ ਪੈਂਦੀਆਂ ਰਹੀਆਂ ਸਨ।
"ਮੇਰੇ ਪਿਤਾ ਨੇ ਆਪਣੀ ਉਮਰ ਭਰ ਦੀ ਕਮਾਈ ਨਾਲ ਘਰ ਬਣਵਾਇਆ ਸੀ ਅਤੇ ਹੁਣ ਉਹ ਢਹਿ-ਢੇਰੀ ਹੋ ਚੁੱਕਿਆ ਹੈ, ਮਿੱਟੀ ਹੋ ਗਿਆ ਹੈ।"
ਉਨ੍ਹਾਂ ਦੇ ਗੁਆਂਢੀ ਦੀਪਕ ਸਿੰਘ ਦਾ ਤਜੁਰਬਾ ਹੋਰ ਵੀ ਭਿਆਨਕ ਹੈ।
ਉਹ ਦੱਸਦੇ ਹਨ, “ਜਦੋਂ ਭਾਰੀ ਮੀਂਹ ਪੈਣ ਲੱਗਾ ਤਾਂ ਮੇਰੇ ਪਿਤਾ ਜੀ ਇਹ ਦੇਖਣ ਲਈ ਬਾਹਰ ਗਏ ਕਿ ਕੀ ਕੋਈ ਹੜ੍ਹ ਆਇਆ ਹੈ ਅਤੇ ਉਸੇ ਸਮੇਂ ਮਲਬੇ ਦੇ ਵਹਾਅ ਨੇ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਵਹਾਅ ਦਿੱਤਾ ਅਤੇ ਉਹ ਮਰ ਗਏ।”
ਦੀਪਕ ਨੇ ਕਿਹਾ ਕਿ ਉਨ੍ਹਾਂ ਕੋਲ ਕਿਤੇ ਹੋਰ ਵਸਣ ਲਈ ਲਈ ਕੋਈ ਹੋਰ ਜ਼ਮੀਨ ਨਹੀਂ ਸੀ ਅਤੇ ਜਿਸ ਘਰ ਵਿੱਚ ਉਹ ਅਤੇ ਪਰਿਵਾਰ ਰਹਿ ਰਹੇ ਸਨ, ਉਹ ਹੁਣ ਚੱਟਾਨਾਂ ਅਤੇ ਮਿੱਟੀ ਦੇ ਮਲਬੇ ਹੇਠ ਦੱਬਿਆ ਹੋਇਆ ਹੈ।
ਦੀਪਕ ਕਹਿੰਦੇ ਹਨ, "ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਸਾਨੂੰ ਨਹੀਂ ਪਤਾ ਕਿ ਹੁਣ ਸਾਡੇ ਸਿਰਾਂ ਉੱਤੇ ਇੱਕ ਹੋਰ ਛੱਤ ਕਿਵੇਂ ਹੋਵੇਗੀ।"
ਮਾਹਰਾਂ ਦਾ ਕਹਿਣਾ ਹੈ ਕਿ ਵਾਤਾਵਰਣਕ ਤੌਰ 'ਤੇ ਸੰਵੇਦਨਸ਼ੀਲ ਇਲਾਕਿਆਂ 'ਚ ਸੜਕਾਂ, ਸੁਰੰਗਾਂ ਅਤੇ ਪਣ-ਬਿਜਲੀ ਪ੍ਰਾਜੈਕਟਾਂ ਵਰਗੇ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਵੀ ਇਨ੍ਹਾਂ ਤਬਾਹੀਆਂ ਦਾ ਕਾਰਨ ਬਣਦਾ ਹੈ।
ਅਜਿਹੇ ਇਲਾਕਿਆਂ ਵਿੱਚ ਭੂਚਾਲ ਆਉਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਵਾਡੀਆ ਇੰਸਟੀਚਿਊਟ ਆਫ ਹਿਮਾਲਿਅਨ ਜਿਓਲੋਜੀ ਦੇ ਸਾਬਕਾ ਵਿਗਿਆਨੀ ਡਾਕਟਰ ਪੀਐਸ ਨੇਗੀ ਦਾ ਕਹਿਣਾ ਹੈ ਕਿ ਮਾਨਸੂਨ ਦੇ ਮੀਂਹ ਤੋਂ ਇਲਾਵਾ ਅਰਬ ਸਾਗਰ ਅਤੇ ਮੈਡੀਟੇਰੀਅਨ ਤੋਂ ਪੱਛਮੀ ਗੜਬੜੀ ਹੁਣ ਭਾਰਤ ਤੱਕ ਪਹੁੰਚ ਰਹੀ ਹੈ।
ਨੇਗੀ ਦੱਸਦੇ ਹਨ, “ਅਤੀਤ ਵਿੱਚ ਇਹ ਬਹੁਤ ਘੱਟ ਹੁੰਦਾ ਸੀ, ਪਰ ਹੁਣ ਸਾਨੂੰ ਇੱਕ ਸਾਲ ਵਿੱਚ ਪੰਜ ਤੋਂ ਛੇ ਵਾਰ ਅਜਿਹੀਆਂ ਗੜਬੜੀਆਂ ਮਿਲ ਰਹੀਆਂ ਹਨ।”
ਉਹ ਅੱਗੇ ਕਹਿੰਦੇ ਹਨ ਕਿ ਜਦੋਂ ਅਜਿਹੀਆਂ ਗੜਬੜੀਆਂ ਪਹਾੜਾਂ ਤੱਕ ਪਹੁੰਚਦੀਆਂ ਹਨ ਤਾਂ ਨਤੀਜੇ ਵਜੋਂ ਉਚਾਈ 'ਤੇ ਮੀਂਹ ਪੈਂਦਾ ਹੈ ਜਿੱਥੇ ਪਹਿਲਾਂ ਜ਼ਿਆਦਾਤਰ ਬਰਫ ਡਿੱਗਦੀ ਸੀ।

ਸਰਹੱਦ ਪਾਰ ਅਸਰ
ਮੀਂਹ ਦੀ ਬਰੰਬਾਰਤਾ ਵੱਧਣ ਦਾ ਅਸਰ ਭਾਰਤੀ ਸਰਹੱਦ ਦੇ ਪਾਰ ਵੀ ਨਜ਼ਰ ਆਉਂਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਪਾਕਿਸਤਾਨ ਵਿੱਚ, ਜਿੱਥੇ ਹਿਮਾਲਿਆ ਕਾਰਾਕੋਰਮ ਅਤੇ ਹਿੰਦੂਕੁਸ਼ ਪਹਾੜ ਆਪਸ ਵਿੱਚ ਮਿਲਦੇ ਹਨ ਉਥੇ ਵੀ ਢਿੱਗਾਂ ਡਿੱਗਣਾ ਤੇ ਅਚਾਨਕ ਹੜ੍ਹ ਆਉਣਾ ਆਮ ਹੋ ਗਿਆ ਹੈ।
ਖੇਤਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਡਾਇਰੈਕਟਰ ਜਨਰਲ, ਕਮਲ ਕਮਰ ਦਾ ਕਹਿਣਾ ਹੈ ਕਿ ਪਿਛਲੀ ਮੌਨਸੂਨ ਦੌਰਾਨ ਇਲਾਕੇ ਦੇ ਗਿਲਗਿਤ ਬਲਤਿਸਤਾਨ ਵਿੱਚ ਪਿਛਲੇ 10-20 ਸਾਲ ਦੇ ਮੁਕਾਬਲੇ ਹੜ੍ਹ ਆਉਣ ਦੀਆਂ ਘਟਨਾਵਾਂ ਵਧੀਆਂ ਸਨ।
ਉਹ ਕਹਿੰਦੇ ਹਨ,"ਗਰਮੀਆਂ ਅਤੇ ਸਰਦੀਆਂ ਦੋਵਾਂ ਵਿੱਚ ਤਕਰੀਬਨ 4,000 ਮੀਟਰ ਦੀ ਉੱਚਾਈ 'ਤੇ ਮੀਂਹ ਪੈ ਰਿਹਾ ਹੈ, ਜਦੋਂ ਕਿ ਉੱਥੇ ਤਾ ਬਰਫ਼ਬਾਰੀ ਹੋਣੀ ਚਾਹੀਦੀ ਸੀ।"
ਨੇਪਾਲ ਵਿੱਚ ਪੂਰਬੀ ਹਿਮਾਲਿਆ ਵਿੱਚ, ਅਚਾਨਕ ਹੜ੍ਹ ਅਤੇ ਮਲਬੇ ਦੇ ਵਹਾਅ ਨਾਲ ਸਥਾਨਕ ਬਸਤੀਆਂ, ਸੜਕਾਂ ਅਤੇ ਪੁਲਾਂ ਤੋਂ ਇਲਾਵਾ ਪਣ-ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਪਲਾਂਟਾਂ ਵਰਗੇ ਅਹਿਮ ਬੁਨਿਆਦੀ ਢਾਂਚੇ ਦਾ ਗੰਭੀਰ ਨੁਕਸਾਨ ਹੋਇਆ ਸੀ।
ਦੇਸ਼ ਦੇ ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਮੁਤਾਬਕ, ਪੂਰਬੀ ਨੇਪਾਲ ਵਿੱਚ ਇਸ ਮਾਨਸੂਨ ਵਿੱਚ 30 ਪਣਬਿਜਲੀ ਪਲਾਂਟਾਂ ਨੂੰ ਨੁਕਸਾਨ ਪਹੁੰਚਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਹਿਮਾਲੀਅਨ ਖੇਤਰਾਂ ਦੇ ਪਹਾੜਾਂ ਦੇ ਖ਼ਿਸਕਨ ਦੀਆਂ ਘਟਨਾਵਾਂ ਵੀ ਲਗਾਤਾਰ ਵੱਧ ਰਹੀਆਂ ਹਨ ਤੇ ਇਨ੍ਹਾਂ ਦੀ ਤੀਬਰਤਾ ਵੀ ਵੱਧ ਰਹੀ ਹੈ।
ਕਾਠਮੰਡੂ ਸਥਿਤ ਇੰਟਰਨੈਸ਼ਨਲ ਸੈਂਟਰ ਫ਼ਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ ਦੇ ਖੋਜਕਰਤਾ ਜੈਕਬ ਸਟੀਨਰ ਦਾ ਕਹਿਣਾ ਹੈ ਕਿ ਅਜਿਹਾ ਉਸ ਸਮੇਂ ਹੁੰਦਾ ਹੈ ਪਹਿਲਾਂ ਤੋਂ ਹੀ ਖਿਸਕ ਰਹੀ ਥਾਂ ਨੂੰ ਹੋਰ ਹੇਠਾਂ ਧੱਕਿਆ ਜਾਵੇ।
"ਅਤੇ ਮੀਂਹ ਦੀ ਵੱਧ ਤੀਬਰਤਾ ਅਕਸਰ ਹੜ੍ਹਾਂ, ਢਿੱਗਾ ਡਿੱਗਣ ਤੇ ਜ਼ਮੀਨ ਖਿਸਕਣ ਦੀ ਲੜੀ ਦੀ ਸ਼ੁਰੂਆਤ ਹੁੰਦੀ ਹੈ।"












