You’re viewing a text-only version of this website that uses less data. View the main version of the website including all images and videos.
ਸੁਸ਼ੀਲਾ ਕਾਰਕੀ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ ਬਣੇ, ਜਾਣੋ ਭਾਰਤ ਤੋਂ ਪੜ੍ਹੇ ਸੁਸ਼ੀਲਾ ਕਾਰਕੀ ਕੌਣ ਹਨ
ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਹੁਣ ਨੇਪਾਲ ਦੀ ਪਹਿਲੀ ਅੰਤਰਿਮ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ।
ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ।
'ਜੈਨ ਜ਼ੀ' ਪ੍ਰਦਰਸ਼ਨਕਾਰੀਆਂ, ਆਗੂਆਂ, ਪ੍ਰਧਾਨ ਪੌਡੇਲ ਅਤੇ ਹੋਰ ਕਾਨੂੰਨੀ ਮਾਹਰਾਂ ਨਾਲ ਕਈ ਦਿਨਾਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ, ਸ਼ੁੱਕਰਵਾਰ ਦੇਰ ਸ਼ਾਮ ਸੁਸ਼ੀਲਾ ਕਾਰਕੀ ਦੇ ਨਾਮ 'ਤੇ ਆਖਰਕਾਰ ਸਹਿਮਤੀ ਬਣ ਗਈ ਸੀ।
ਸੁਸ਼ੀਲਾ ਕਾਰਕੀ ਕੇਪੀ ਸ਼ਰਮਾ ਓਲੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਸੋਸ਼ਲ ਮੀਡੀਆ ਪਾਬੰਦੀ ਵਿਰੁੱਧ ਨੌਜਵਾਨਾਂ ਦੇ ਵੱਡੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਅਸਤੀਫ਼ਾ ਦੇ ਦਿੱਤਾ ਸੀ।
ਪੁਲਿਸ ਅਨੁਸਾਰ, ਵਿਰੋਧ ਪ੍ਰਦਰਸ਼ਨਾਂ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿੱਚ ਹੁਣ ਤੱਕ 51 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸੁਸ਼ੀਲਾ ਕਾਰਕੀ ਨੂੰ ਇੱਕ ਇਮਾਨਦਾਰ ਅਕਸ ਵਾਲੀ ਆਗੂ ਵਜੋਂ ਜਾਣਿਆ ਜਾਂਦਾ ਹੈ। ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਨੌਜਵਾਨ ਪ੍ਰਦਰਸ਼ਨਕਾਰੀਆਂ ਦੇ ਇੱਕ ਹਿੱਸੇ ਦਾ ਸਮਰਥਨ ਪ੍ਰਾਪਤ ਸੀ।
ਜੇਨ ਜ਼ੀ ਅੰਦੋਲਨ ਵਿੱਚ ਨੌਜਵਾਨਾਂ ਵਿੱਚ ਪ੍ਰਸਿੱਧ ਰੈਪਰ ਅਤੇ ਕਾਠਮਾਂਡੂ ਦੇ ਮੇਅਰ ਬਾਲੇਨ ਸ਼ਾਹ ਨੇ ਵੀ ਸੁਸ਼ੀਲਾ ਕਾਰਕੀ ਦੇ ਨਾਮ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਨੇ ਆਪਣੀ ਇੱਕ ਐਕਸ ਪੋਸਟ ਵਿੱਚ ਲਿਖਿਆ ਹੈ, "ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਤੁਸੀਂ (ਨੌਜਵਾਨਾਂ) ਨੇ ਜੋ ਨਾਮ ਦਿੱਤਾ ਹੈ, ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦਾ, ਮੈਂ ਉਸ ਨੂੰ ਪੂਰਾ ਸਮਰਥਨ ਦਿੰਦਾ ਹਾਂ।''
ਸੁਸ਼ੀਲਾ ਕਾਰਕੀ ਨੇ ਇਸ ਬਾਰੇ ਭਾਰਤੀ ਟੀਵੀ ਚੈਨਲ ਸੀਐਨਐਨ-ਨਿਊਜ਼ 18 ਨਾਲ ਗੱਲ ਕਰਦੇ ਹੋਏ ਕਿਹਾ, "ਉਨ੍ਹਾਂ (ਨੌਜਵਾਨਾਂ) ਨੇ ਮੈਨੂੰ ਬੇਨਤੀ ਕੀਤੀ ਅਤੇ ਮੈਂ ਸਵੀਕਾਰ ਕਰ ਲਿਆ।"
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ 'ਤੇ ਵਿਸ਼ਵਾਸ ਹੈ ਅਤੇ ਉਹ ਚਾਹੁੰਦੇ ਹਨ ਕਿ ਚੋਣਾਂ ਕਰਵਾਈਆਂ ਜਾਣ ਅਤੇ ਦੇਸ਼ ਨੂੰ ਅਰਾਜਕਤਾ ਤੋਂ ਬਾਹਰ ਕੱਢਿਆ ਜਾਵੇ।
ਹਾਲਾਂਕਿ, ਨੇਪਾਲ ਦੇ ਰਾਸ਼ਟਰਪਤੀ ਜਾਂ ਫੌਜ ਮੁਖੀ ਵੱਲੋਂ ਅੰਤਰਿਮ ਸਰਕਾਰ ਦੇ ਗਠਨ ਅਤੇ ਇਸਦੀ ਅਗਵਾਈ ਬਾਰੇ ਕੋਈ ਬਿਆਨ ਨਹੀਂ ਆਇਆ ਹੈ।
ਸੀਐਨਐਨ-ਨਿਊਜ਼ 18 ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੁਸ਼ੀਲਾ ਕਾਰਕੀ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ। ਇੰਟਰਵਿਊ ਦੀ ਸ਼ੁਰੂਆਤ ਵਿੱਚ ਉਨ੍ਹਾਂ ਤੋਂ ਨੇਪਾਲ ਦੀ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਗਏ।
ਇਸ 'ਤੇ, ਉਨ੍ਹਾਂ ਕਿਹਾ, "ਜੇਨ ਜ਼ੀ ਸਮੂਹ ਨੇ ਨੇਪਾਲ ਵਿੱਚ ਅੰਦੋਲਨ ਸ਼ੁਰੂ ਕੀਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ ਅਤੇ ਮੈਂ ਥੋੜ੍ਹੇ ਸਮੇਂ ਲਈ ਸਰਕਾਰ ਚਲਾ ਸਕਦੀ ਹਾਂ ਤਾਂ ਜੋ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਅਤੇ ਮੈਂ ਸਵੀਕਾਰ ਕਰ ਲਿਆ।"
ਕਾਰਕੀ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਧਿਆਨ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਨੌਜਵਾਨਾਂ 'ਤੇ ਹੋਵੇਗਾ। "ਮੇਰਾ ਪਹਿਲਾ ਧਿਆਨ ਅੰਦੋਲਨ ਵਿੱਚ ਮਾਰੇ ਗਏ ਮੁੰਡਿਆਂ ਅਤੇ ਕੁੜੀਆਂ 'ਤੇ ਹੋਵੇਗਾ। ਸਾਨੂੰ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੁਝ ਕਰਨਾ ਪਵੇਗਾ, ਜੋ ਡੂੰਘੇ ਦੁੱਖ ਵਿੱਚ ਹਨ।"
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅੰਦੋਲਨ ਦੀ ਪਹਿਲੀ ਮੰਗ ਪ੍ਰਧਾਨ ਮੰਤਰੀ ਦਾ ਅਸਤੀਫਾ ਸੀ, ਜੋ ਕਿ ਪੂਰੀ ਹੋ ਗਈ ਹੈ। ਹੁਣ ਅਗਲੀ ਮੰਗ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, "ਬਾਕੀ ਮੰਗਾਂ ਉਦੋਂ ਹੀ ਪੂਰੀਆਂ ਹੋ ਸਕਦੀਆਂ ਹਨ ਜਦੋਂ ਸਰਕਾਰ ਬਣੇਗੀ।"
ਸੁਸ਼ੀਲਾ ਕਾਰਕੀ ਕੌਣ ਹਨ?
ਨੇਪਾਲ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਸੁਸ਼ੀਲਾ ਕਾਰਕੀ ਦਾ ਜਨਮ 7 ਜੂਨ 1952 ਨੂੰ ਨੇਪਾਲ ਦੇ ਬਿਰਾਟਨਗਰ ਵਿੱਚ ਹੋਇਆ ਸੀ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੇ ਸਾਲ 1972 ਵਿੱਚ ਮਹਿੰਦਰ ਮੋਰੰਗ ਕੈਂਪਸ, ਬਿਰਾਟਨਗਰ ਤੋਂ ਗ੍ਰੈਜੂਏਸ਼ਨ ਕੀਤੀ। ਸਾਲ 1975 ਵਿੱਚ ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਅਤੇ 1978 ਵਿੱਚ ਤ੍ਰਿਭੁਵਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 1979 ਵਿੱਚ ਬਿਰਾਟਨਗਰ ਵਿੱਚ ਵਕਾਲਤ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ 1985 ਵਿੱਚ ਧਰਾਨ ਦੇ ਮਹਿੰਦਰ ਮਲਟੀਪਲ ਕੈਂਪਸ ਵਿੱਚ ਇੱਕ ਸਹਾਇਕ ਅਧਿਆਪਕਾ ਵਜੋਂ ਵੀ ਕੰਮ ਕੀਤਾ।
ਉਨ੍ਹਾਂ ਦੀ ਨਿਆਂਇਕ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ 2009 ਵਿੱਚ ਆਇਆ, ਜਦੋਂ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਇੱਕ ਅਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ।
ਉਹ 2010 ਵਿੱਚ ਸਥਾਈ ਜੱਜ ਬਣ ਗਏ। ਸਾਲ 2016 ਵਿੱਚ ਉਹ ਕੁਝ ਸਮੇਂ ਲਈ ਕਾਰਜਕਾਰੀ ਚੀਫ਼ ਜਸਟਿਸ ਰਹੇ ਅਤੇ 11 ਜੁਲਾਈ 2016 ਤੋਂ 6 ਜੂਨ 2017 ਤੱਕ ਨੇਪਾਲ ਦੇ ਪਹਿਲੇ ਮਹਿਲਾ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ।
ਸੁਸ਼ੀਲਾ ਕਾਰਕੀ ਨੂੰ ਆਪਣੇ ਸਖ਼ਤ ਰਵੱਈਏ ਕਾਰਨ ਸਿਆਸਤ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਅਪ੍ਰੈਲ 2017 ਵਿੱਚ ਉਸ ਸਮੇਂ ਦੀ ਸਰਕਾਰ ਨੇ ਸੰਸਦ ਵਿੱਚ ਉਨ੍ਹਾਂ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ 'ਤੇ ਪੱਖਪਾਤੀ ਹੋਣ ਅਤੇ ਸਰਕਾਰ ਦੇ ਕੰਮ ਵਿੱਚ ਦਖਲ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ। ਪ੍ਰਸਤਾਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਪੂਰੀ ਹੋਣ ਤੱਕ ਮੁੱਖ ਜੱਜ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਜਨਤਾ ਨੇ ਨਿਆਂਪਾਲਿਕਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਸੁਪਰੀਮ ਕੋਰਟ ਨੇ ਸੰਸਦ ਨੂੰ ਅੱਗੇ ਦੀ ਕਾਰਵਾਈ ਕਰਨ ਤੋਂ ਰੋਕ ਦਿੱਤਾ।
ਵਧਦੇ ਦਬਾਅ ਦੇ ਵਿਚਕਾਰ ਸੰਸਦ ਨੂੰ ਕੁਝ ਹਫ਼ਤਿਆਂ ਦੇ ਅੰਦਰ ਪ੍ਰਸਤਾਵ ਵਾਪਸ ਲੈਣਾ ਪਿਆ। ਇਸ ਘਟਨਾ ਨੇ ਸੁਸ਼ੀਲਾ ਕਾਰਕੀ ਦੀ ਪਛਾਣ ਇੱਕ ਅਜਿਹੀ ਜੱਜ ਵਜੋਂ ਸਥਾਪਿਤ ਕੀਤੀ ਜੋ ਸੱਤਾ ਦੇ ਦਬਾਅ ਅੱਗੇ ਨਹੀਂ ਝੁਕਦੀ।
ਭਾਰਤ ਨਾਲ ਸਬੰਧਾਂ 'ਤੇ ਸੁਸ਼ੀਲਾ ਕਾਰਕੀ
ਇੰਟਰਵਿਊ ਵਿੱਚ ਜਦੋਂ ਕਾਰਕੀ ਨੂੰ ਭਾਰਤ ਨਾਲ ਉਨ੍ਹਾਂ ਦੇ ਸਬੰਧ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਹਾਂ, ਮੈਂ ਬੀਐਚਯੂ ਵਿੱਚ ਪੜ੍ਹਾਈ ਕੀਤੀ ਹੈ। ਮੈਨੂੰ ਉੱਥੋਂ ਦੀਆਂ ਬਹੁਤ ਸਾਰੀਆਂ ਯਾਦਾਂ ਹਨ। ਮੈਂ ਅਜੇ ਵੀ ਆਪਣੇ ਅਧਿਆਪਕਾਂ, ਦੋਸਤਾਂ ਨੂੰ ਯਾਦ ਕਰਦੀ ਹਾਂ। ਗੰਗਾ ਨਦੀ, ਇਸਦੇ ਕੰਢੇ 'ਤੇ ਹੋਸਟਲ ਅਤੇ ਗਰਮੀਆਂ ਦੀਆਂ ਰਾਤਾਂ ਨੂੰ ਛੱਤ 'ਤੇ ਬੈਠ ਕੇ ਵਗਦੀ ਗੰਗਾ ਨੂੰ ਦੇਖਦੇ ਰਹਿਣਾ ਮੈਨੂੰ ਅੱਜ ਵੀ ਯਾਦ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਉਹ ਬਿਰਾਟਨਗਰ ਦੇ ਰਹਿਣ ਵਾਲੇ ਹਨ, ਜੋ ਕਿ ਭਾਰਤੀ ਸਰਹੱਦ ਦੇ ਬਹੁਤ ਨੇੜੇ ਹੈ। "ਸਰਹੱਦ ਮੇਰੇ ਘਰ ਤੋਂ ਸਿਰਫ਼ 25 ਮੀਲ ਦੀ ਦੂਰੀ 'ਤੇ ਹੈ। ਮੈਂ ਨਿਯਮਿਤ ਤੌਰ 'ਤੇ ਸਰਹੱਦੀ ਬਾਜ਼ਾਰ ਜਾਂਦੀ ਸੀ। ਮੈਂ ਹਿੰਦੀ ਬੋਲ ਸਕਦੀ ਹਾਂ, ਓਨੀ ਚੰਗੀ ਨਹੀਂ ਪਰ ਮੈਂ ਬੋਲ ਸਕਦੀ ਹਾਂ।"
ਭਾਰਤ ਤੋਂ ਉਮੀਦਾਂ 'ਤੇ ਉਨ੍ਹਾਂ ਕਿਹਾ, "ਭਾਰਤ ਅਤੇ ਨੇਪਾਲ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਸਰਕਾਰਾਂ ਵੱਖਰੀਆਂ-ਵੱਖਰੀਆਂ ਹੋ ਸਕਦੀਆਂ ਹਨ, ਪਰ ਲੋਕਾਂ ਦਾ ਰਿਸ਼ਤਾ ਬਹੁਤ ਡੂੰਘਾ ਹੈ। ਮੇਰੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਜਾਣਕਾਰ ਭਾਰਤ ਵਿੱਚ ਹਨ। ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਸਾਡੀਆਂ ਵੀ ਅੱਖਾਂ ਨਮ ਹੁੰਦੀਆਂ ਹਨ।''
''ਸਾਡੇ ਵਿਚਕਾਰ ਡੂੰਘੀ ਨੇੜਤਾ ਅਤੇ ਪਿਆਰ ਹੈ। ਭਾਰਤ ਨੇ ਹਮੇਸ਼ਾ ਨੇਪਾਲ ਦੀ ਮਦਦ ਕੀਤੀ ਹੈ। ਅਸੀਂ ਬਹੁਤ ਕਰੀਬੀ ਹਾਂ। ਹਾਂ, ਜਿਵੇਂ ਰਸੋਈ ਦੇ ਚਾਰ ਭਾਂਡੇ ਵੀ ਕਦੇ-ਕਦਾਈਂ ਆਪਸ 'ਚ ਟਕਰਾਅ ਜਾਂਦੇ ਹਨ, ਉਸੇ ਤਰ੍ਹਾਂ ਛੋਟੇ-ਮੋਟੇ ਮਤਭੇਦ ਹੋ ਸਕਦੇ ਹਨ, ਪਰ ਰਿਸ਼ਤਾ ਮਜ਼ਬੂਤ ਹੈ।"
ਦੱਸ ਦੇਈਏ ਕਿ ਸੁਸ਼ੀਲਾ ਕਾਰਕੀ ਦੇ ਨਾਲ ਹੀ ਕਾਠਮਾਂਡੂ ਦੇ ਮੇਅਰ ਬਾਲੇਨ ਸ਼ਾਹ ਦਾ ਨਾਮ ਵੀ ਇਸ ਅੰਦੋਲਨ ਵਿੱਚ ਸੁਰਖੀਆਂ ਵਿੱਚ ਰਿਹਾ ਹੈ।
ਜਦੋਂ ਬਾਲੇਨ ਸ਼ਾਹ ਮਈ 2022 ਵਿੱਚ ਪਹਿਲੀ ਵਾਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਮੇਅਰ ਬਣੇ ਤਾਂ ਇਹ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਸੀ।
ਬਾਲੇਨ ਸ਼ਾਹ ਨੇ ਨੇਪਾਲੀ ਕਾਂਗਰਸ ਦੀ ਸ੍ਰੀਜਨਾ ਸਿੰਘ ਨੂੰ ਹਰਾਇਆ ਸੀ। ਸ਼ਾਹ ਨੂੰ 61,767 ਵੋਟਾਂ ਮਿਲੀਆਂ ਸਨ ਅਤੇ ਸ੍ਰੀਜਨਾ ਸਿੰਘ ਨੂੰ 38,341 ਵੋਟਾਂ ਮਿਲੀਆਂ ਸਨ।
ਜਦੋਂ ਨੇਪਾਲ ਵਿੱਚ ਜੇਨ ਜ਼ੀ ਅੰਦੋਲਨ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ 'ਤੇ ਲੋਕ ਬਾਲੇਨ ਸ਼ਾਹ ਨੂੰ ਅਪੀਲ ਕਰ ਰਹੇ ਸਨ ਕਿ ਉਹ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਗਵਾਈ ਕਰਨ। ਮਹਿਜ਼ 35 ਸਾਲ ਦੇ ਬਾਲੇਨ ਸ਼ਾਹ ਨੇਪਾਲ ਵਿੱਚ ਜੇਨ ਜ਼ੀ ਦੇ ਅੰਦੋਲਨ ਦਾ ਸਮਰਥਨ ਕਰ ਰਹੇ ਸਨ ਪਰ ਉਹ ਸੜਕਾਂ 'ਤੇ ਨਹੀਂ ਉਤਰੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ