ਨੇਪਾਲ ’ਚ ਹਿੰਸਕ ਪ੍ਰਦਰਸ਼ਨ, ਸੰਸਦ ਅਤੇ ਕਈ ਮੰਤਰੀਆਂ ਦੇ ਘਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੀਤੀ ਅੱਗਜ਼ਨੀ, ਹੁਣ ਤੱਕ 21 ਮੌਤਾਂ

    • ਲੇਖਕ, ਕੈਲੀ ਐਨਜੀ
    • ਰੋਲ, ਬੀਬੀਸੀ ਪੱਤਰਕਾਰ

ਨੇਪਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੀ ਇਮਾਰਤ ਵਿੱਚ ਅੱਗਜ਼ਨੀ ਕੀਤੀ ਹੈ। ਭ੍ਰਿਸ਼ਟਾਚਾਰ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀ ਕਾਠਮਾਂਡੂ ਵਿੱਚ ਨੇਪਾਲੀ ਸੰਸਦ ਵਿੱਚ ਵੜ੍ਹ ਗਏ।

ਇਮਾਰਤ ਵਿੱਚੋਂ ਧੂੰਆਂ ਉੱਠਦਾ ਵੇਖਿਆ ਜਾ ਸਕਦਾ ਹੈ। ਸੰਸਦ ਦੇ ਬਾਹਰ ਕਾਫੀ ਭੀੜ ਵੇਖੀ ਗਈ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਇਮਾਰਤਾਂ ਨੂੰ ਵੀ ਅੱਗ ਲਗਾਈ ਗਈ ਹੈ।

ਇਸ ਤੋਂ ਪਹਿਲਾਂ ਨੇਪਾਲ ਵਿੱਚ ਵਧ ਰਹੇ ਰੋਸ ਮੁਜ਼ਾਹਰਿਆਂ ਵਿਚਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫ਼ਾ ਦੇ ਦਿੱਤਾ ਹੈ, ਉਨ੍ਹਾਂ ਦੇ ਸਕੱਤਰੇਤ ਨੇ ਇੱਕ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।

ਪ੍ਰਧਾਨ ਮੰਤਰੀ ਓਲੀ ਦੁਆਰਾ ਦਸਤਖ਼ਤ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਮੌਜੂਦਾ ਸੰਕਟ ਦੇ ਸੰਵਿਧਾਨਕ ਹੱਲ ਲਈ ਰਾਹ ਪੱਧਰਾ ਕਰਨ ਲਈ ਅਸਤੀਫ਼ਾ ਦੇ ਦਿੱਤਾ ਹੈ।

ਰਾਜਧਾਨੀ ਕਾਠਮਾਂਡੂ ਅਤੇ ਪੂਰੇ ਨੇਪਾਲ ਵਿੱਚ ਅੱਜ ਵੀ ਸਵੇਰ ਤੋਂ ਹੀ ਗੁੱਸੇ ਵਿੱਚ ਰੋਸ-ਮੁਜ਼ਾਹਰੇ ਹੋਏ।

ਕਈ ਉੱਚ-ਪ੍ਰੋਫਾਈਲ ਸਿਆਸਤਦਾਨਾਂ ਦੇ ਘਰਾਂ 'ਤੇ ਹਮਲਾ ਕੀਤਾ ਗਿਆ ਅਤੇ ਭੰਨਤੋੜ ਕੀਤੀ ਗਈ, ਜਿਨ੍ਹਾਂ ਵਿੱਚ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੇ ਘਰ ਵੀ ਸ਼ਾਮਲ ਸਨ। ਰਾਜਨੀਤਕ ਪਾਰਟੀ ਦੇ ਮੁੱਖ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਸਿਵਲ ਸਰਵਿਸ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਮੋਹਨ ਰੇਗਮੀ ਨੇ ਬੀਬੀਸੀ ਨੂੰ ਦੱਸਿਆ ਕਿ ਮੰਗਲਵਾਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਇਸ ਨਾਲ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਅਤੇ 90 ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਹਾਲਾਂਕਿ, ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ।

ਸੋਮਵਾਰ ਨੂੰ ਰਾਜਧਾਨੀ ਕਾਠਮੰਡੂ ਵਿੱਚ ਹਜ਼ਾਰਾਂ ਨੌਜਵਾਨ ਸੰਸਦ ਭਵਨ ਵਿੱਚ ਜ਼ਬਰਦਸਤੀ ਦਾਖਲ ਹੋਏ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਫੇਸਬੁੱਕ, ਐਕਸ ਅਤੇ ਯੂਟਿਊਬ ਸਣੇ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਗਈ ਪਾਬੰਦੀ ਹਟਾਏ ਅਤੇ ਭ੍ਰਿਸ਼ਟਾਚਾਰ ਨਾਲ ਨਜਿੱਠੇ।

ਰਿਪੋਰਟਾਂ ਮੁਤਾਬਕ, ਸੰਚਾਰ ਅਤੇ ਸੂਚਨਾ ਮੰਤਰੀ ਪ੍ਰਿਥਵੀ ਸੁਬਾ ਗੁਰੁੰਗ ਨੇ ਕਿਹਾ ਕਿ ਪਾਬੰਦੀ ਹਟਾਉਣ ਦਾ ਫ਼ੈਸਲਾ ਸੋਮਵਾਰ ਦੇਰ ਰਾਤ 'ਜਨਰੇਸ਼ਨ ਜ਼ੀ ਦੀਆਂ ਮੰਗਾਂ ਨੂੰ ਪੂਰਾ ਕਰਨ' ਲਈ ਹੋਈ ਐਮਰਜੈਂਸੀ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

ਸੋਮਵਾਰ ਨੂੰ ਰਾਜਧਾਨੀ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਵਿਰੋਧ ਪ੍ਰਦਰਸ਼ਨ ਹੋਏ ਜਿਨ੍ਹਾਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋਏ।

ਨੇਪਾਲ ਵਿੱਚ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਲੱਖਾਂ ਯੂਜ਼ਰ ਹਨ, ਜੋ ਮਨੋਰੰਜਨ, ਖ਼ਬਰਾਂ ਅਤੇ ਕਾਰੋਬਾਰ ਲਈ ਇਨ੍ਹਾਂ 'ਤੇ ਨਿਰਭਰ ਕਰਦੇ ਹਨ।

ਪਰ ਸਰਕਾਰ ਨੇ ਜਾਅਲੀ ਖ਼ਬਰਾਂ, ਨਫ਼ਰਤ ਭਰੇ ਭਾਸ਼ਣ ਅਤੇ ਆਨਲਾਈਨ ਧੋਖਾਧੜੀ ਨਾਲ ਨਜਿੱਠਣ ਦੇ ਨਾਮ 'ਤੇ ਪਿਛਲੇ ਹਫ਼ਤੇ ਲਾਗੂ ਕੀਤੀ ਗਈ ਆਪਣੀ ਪਾਬੰਦੀ ਨੂੰ ਜਾਇਜ਼ ਠਹਿਰਾਇਆ ਸੀ।

ਸੋਮਵਾਰ ਨੂੰ ਸੜਕਾਂ 'ਤੇ ਉਤਰੇ ਨੌਜਵਾਨਾਂ ਨੇ ਕਿਹਾ ਕਿ ਉਹ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਖ਼ਿਲਾਫ਼ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।

ਕਈਆਂ ਨੇ 'ਬੱਸ ਬਹੁਤ ਹੋ ਗਿਆ' ਅਤੇ 'ਭ੍ਰਿਸ਼ਟਾਚਾਰ ਦਾ ਅੰਤ' ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।

ਸੋਸ਼ਲ ਮੀਡੀਆ 'ਤੇ ਕੀ ਪਾਬੰਦੀ ਲਗਾਈ ਗਈ ਸੀ?

  • ਵੀਰਵਾਰ ਨੂੰ ਨੇਪਾਲ ਦੀ ਸਰਕਾਰ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਕਥਿਤ ਤੌਰ 'ਤੇ ਅਸਫ਼ਲ ਰਹਿਣ ਦਾ ਹਵਾਲਾ ਦਿੰਦਿਆਂ 26 ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀ।

ਅਧਿਕਾਰੀਆਂ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੇਪਾਲ ਦੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਕੋਲ ਰਜਿਸਟਰ ਕਰਨ ਲਈ ਸਮਾਂ ਸੀਮਾ ਦਿੱਤੀ ਸੀ।

ਜਿਨ੍ਹਾਂ ਸੇਵਾਵਾਂ 'ਤੇ ਪਾਬੰਦੀ ਲਗਾਈ ਗਈ ਉਨ੍ਹਾਂ ਵਿੱਚ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਸ਼ਾਮਲ ਸਨ।

ਕੁਝ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ, ਜਿਵੇਂ ਕਿ ਟਿਕਟਾਕ ਸੋਮਵਾਰ ਨੂੰ ਵੀ ਦੇਸ਼ ਵਿੱਚ ਚੱਲ ਰਹੇ ਸਨ।

ਸਰਕਾਰ ਨੇ ਕਿਹਾ ਹੈ ਕਿ ਜਾਅਲੀ ਖ਼ਬਰਾਂ, ਨਫ਼ਰਤ ਭਰੇ ਭਾਸ਼ਣ ਅਤੇ ਆਨਲਾਈਨ ਧੋਖਾਧੜੀ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਯਮਤ ਕਰਨ ਦੀ ਲੋੜ ਹੈ।

ਆਲੋਚਕਾਂ ਦਾ ਤਰਕ ਹੈ ਕਿ ਲਾਗੂ ਕੀਤੇ ਜਾ ਰਹੇ ਨਿਯਮ ਅਧਿਕਾਰੀਆਂ ਨੂੰ ਅਣਉਚਿਤ ਜਾਂ ਆਲੋਚਨਾਤਮਕ ਮੰਨੀ ਜਾਂਦੀ ਆਨਲਾਈਨ ਸਮੱਗਰੀ ਨੂੰ ਕੰਟਰੋਲ ਕਰਨ ਅਤੇ ਹਟਾਉਣ ਲਈ ਵਿਆਪਕ ਯੋਗਦਾਨ ਪਾ ਸਕਦੇ ਸਨ।

ਨੇਪਾਲ ਵਿੱਚ ਤਕਰੀਬਨ 17 ਮਿਲੀਅਨ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ, ਇਸ ਪਾਬੰਦੀ ਦਾ ਕਾਰੋਬਾਰਾਂ ਅਤੇ ਸੰਚਾਰ 'ਤੇ ਗੰਭੀਰ ਪ੍ਰਭਾਵ ਪਿਆ।

ਭਾਵੇਂ ਸੋਸ਼ਲ ਮੀਡੀਆ ’ਤੇ ਪਾਬੰਦੀ ਇੰਨੇ ਵੱਡੇ ਪੱਧਰ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਰਹੀ ਹੈ, ਪਰ ਨੌਜਵਾਨਾਂ ਵਿੱਚ ਦੇਸ਼ ਦੇ ਵਧ ਰਹੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਲੈ ਕੇ ਬੇਚੈਨੀ ਵਧ ਰਹੀ ਹੈ।

ਕੌਣ ਵਿਰੋਧ ਕਰ ਰਿਹਾ ਹੈ?

ਸੋਮਵਾਰ ਨੂੰ ਹੋਏ ਇਹ ਪ੍ਰਦਰਸ਼ਨ ਨੇਪਾਲ ਵਿੱਚ ਪਹਿਲਾਂ ਦੇਖੇ ਗਏ ਪ੍ਰਦਰਸ਼ਨਾਂ ਨਾਲੋਂ ਵੱਖਰੇ ਸਨ। ਇਹ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਏ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੇ ਇਨ੍ਹਾਂ ਦੀ ਅਗਵਾਈ ਕੀਤੀ ਸੀ।

ਪ੍ਰਦਰਸ਼ਨਕਾਰੀ ਆਪਣੀ ਪਛਾਣ ਜੈਨ ਜ਼ੀ ਵਜੋਂ ਕਰਦੇ ਹਨ, ਇਹ ਸਾਲ 1997 ਅਤੇ 2012 ਦੇ ਵਿਚਕਾਰ ਪੈਦਾ ਹੋਏ ਬੱਚੇ ਹਨ।

'ਜੈਨ ਜ਼ੀ' ਸ਼ਬਦ ਪੂਰੇ ਅੰਦੋਲਨ ਵਿੱਚ ਇੱਕ ਰੈਲੀ ਪ੍ਰਤੀਕ ਬਣਿਆ ਰਿਹਾ।

ਭਾਵੇਂ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਨਿਰਦੇਸ਼ਤ ਕਰਨ ਵਾਲੀ ਕੋਈ ਕੇਂਦਰੀ ਲੀਡਰਸ਼ਿਪ ਨਹੀਂ ਸੀ, ਪਰ ਕਈ ਨੌਜਵਾਨ ਸਮੂਹ ਲਾਮਬੰਦ ਤਾਕਤਾਂ ਵਜੋਂ ਉੱਭਰੇ। ਉਹ ਵਿਰੋਧ ਪ੍ਰਦਰਸ਼ਨ ਲਈ ਸੱਦਾ ਜਾਰੀ ਕਰਕੇ ਅਤੇ ਆਨਲਾਈਨ ਅੱਪਡੇਟ ਦਿੰਦੇ ਸਨ।

ਨੇਪਾਲ ਦੇ ਪ੍ਰਮੁੱਖ ਸ਼ਹਿਰਾਂ ਕਾਠਮੰਡੂ, ਪੋਖਰਾ ਅਤੇ ਇਟਾਹਾਰੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓਜ਼ ਵਿੱਚ ਸਕੂਲੀ ਬੱਚਿਆਂ ਨੂੰ ਰੋਸ ਮਾਰਚਾਂ ਵਿੱਚ ਹਿੱਸਾ ਲੈਂਦੇ ਹੋਏ ਦਿਖਾਇਆ ਗਿਆ।

ਪ੍ਰਬੰਧਕ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀਆਂ ਵਰਦੀਆਂ ਪਹਿਨਣ ਅਤੇ ਆਪਣੀਆਂ ਕਿਤਾਬਾਂ ਨਾਲ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਕੀ ਸਨ?

19 ਸਾਲਾ ਕਾਲਜ ਵਿਦਿਆਰਥੀ ਬੀਨੂ ਕੇਸੀ ਨੇ ਬੀਬੀਸੀ ਨਿਊਜ਼ ਨੇਪਾਲੀ ਨੂੰ ਦੱਸਿਆ, "ਅਸੀਂ ਨੇਪਾਲ ਵਿੱਚ ਭ੍ਰਿਸ਼ਟਾਚਾਰ ਦਾ ਅੰਤ ਦੇਖਣਾ ਚਾਹੁੰਦੇ ਹਾਂ।"

"ਆਗੂ ਚੋਣਾਂ ਦੌਰਾਨ ਇੱਕ ਗੱਲ ਦਾ ਵਾਅਦਾ ਕਰਦੇ ਹਨ ਪਰ ਕਦੇ ਵੀ ਪੂਰਾ ਨਹੀਂ ਕਰਦੇ। ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹਨ।"

ਉਸ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪਾਬੰਦੀ ਨੇ ਉਸ ਦੀ ਪੜ੍ਹਾਈ ਵਿੱਚ ਵਿਘਨ ਪਾਇਆ ਹੈ, ਜਿਸ ਨਾਲ ਆਨਲਾਈਨ ਕਲਾਸਾਂ ਅਤੇ ਅਧਿਐਨ ਸਰੋਤਾਂ ਤੱਕ ਪਹੁੰਚ ਸੀਮਤ ਹੋ ਗਈ ਹੈ।

ਇੱਕ ਕੰਟੈਂਟ ਕਰੀਏਟਰ ਸੁਬਾਨਾ ਬੁਧਾਥੋਕੀ ਨੇ ਨਿਰਾਸ਼ਾ ਨੂੰ ਦੁਹਰਾਇਆ, "ਜੈਨ ਜ਼ੀ ਹੁਣ ਨਹੀਂ ਰੁਕੇਗਾ।"

"ਇਹ ਵਿਰੋਧ ਸਿਰਫ਼ ਸੋਸ਼ਲ ਮੀਡੀਆ ਤੋਂ ਵੱਧ ਹੈ, ਇਹ ਸਾਡੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਹੈ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।"

ਕਾਠਮੰਡੂ ਵਿੱਚ ਬਹੁਤ ਸਾਰੇ ਮੁਜ਼ਾਹਰਾਕਰੀ ਬੈਨਰ ਲੈ ਕੇ ਮਾਰਚ ਰਹੇ ਹਨ ਅਤੇ ਬਦਲਾਅ ਦੀ ਮੰਗ ਕਰਦੇ ਹੋਏ ਨਾਅਰੇ ਲਗਾ ਰਹੇ ਹਨ।

ਉਨ੍ਹਾਂ ਦੀਆਂ ਦੋ ਮੁੱਖ ਮੰਗਾਂ ਸਪੱਸ਼ਟ ਹਨ, ਸਰਕਾਰ ਨੂੰ ਸੋਸ਼ਲ ਮੀਡੀਆ 'ਤੇ ਪਾਬੰਦੀ ਹਟਾਉਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਚੀਜ਼ਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀ ਭ੍ਰਿਸ਼ਟ ਕਹਿੰਦੇ ਹਨ।

ਮੁਜ਼ਾਹਰਾਕੀਰਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਲਜ ਦੇ ਵਿਦਿਆਰਥੀ ਹਨ ਨੇ ਸੋਸ਼ਲ ਮੀਡੀਆ ֹਦੀ ਪਾਬੰਦੀ ਨੂੰ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਅਤੇ ਸਿਆਸਤਦਾਨਾਂ ਵਿੱਚ ਭ੍ਰਿਸ਼ਟਾਚਾਰ ਦੇ ਵਿਆਪਕ ਇਲਜ਼ਾਮਾਂ ਨਾਲ ਜੋੜਿਆ ਹੈ।

'ਨੇਪੋ ਬੇਬੀਜ਼' ਟਰੈਂਡ ਕੀ ਹੈ ਅਤੇ ਇਹ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨਾਲ ਕਿਵੇਂ ਸੰਬੰਧਿਤ ਹੈ?

ਇਸ ਵਿਰੋਧ ਪ੍ਰਦਰਸ਼ਨ ਵਿੱਚ ਦੋ ਹੈਸ਼ਟੈਗ ਵਿਆਪਕ ਤੌਰ 'ਤੇ ਵਰਤੇ ਗਏ ਹਨ "ਨੇਪੋ ਬੇਬੀ" ਅਤੇ "ਨੇਪੋ ਕਿਡਜ਼"।

'ਨੇਪੋ' ਭਾਈ-ਭਤੀਜਾਵਾਦ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ, ਜੋ ਕਿ ਕੁਲੀਨ ਵਰਗ ਦੇ ਆਪਣੇ ਪਰਿਵਾਰਾਂ ਦੇ ਹਿੱਤਾਂ ਦੀ ਦੇਖਭਾਲ ਕਰਨ ਦੇ ਤਰੀਕੇ ਨੂੰ ਦਰਸਾਉਂਦਾ ਹੈ।

ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਾਨਦਾਰ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਕਈ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ 'ਤੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਵਧੀ।

ਪ੍ਰਦਰਸ਼ਨਕਾਰੀਆਂ ਦਾ ਤਰਕ ਹੈ ਕਿ ਇਹ ਵਿਅਕਤੀ ਯੋਗਤਾ ਤੋਂ ਬਿਨ੍ਹਾਂ ਸਫਲਤਾ ਅਤੇ ਐਸ਼ੋ-ਆਰਾਮ ਦਾ ਆਨੰਦ ਮਾਣਦੇ ਹਨ, ਜਨਤਕ ਪੈਸੇ ਦੀ ਵਰਤੋਂ ਕਰਦੇ ਹਨ ਜਦੋਂ ਕਿ ਆਮ ਨੇਪਾਲੀ ਸੰਘਰਸ਼ ਕਰਦੇ ਹਨ।

ਟਿਕਟੌਕ ਅਤੇ ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓਜ਼ ਨੇ ਸਿਆਸੀ ਪਰਿਵਾਰਾਂ ਦੀ ਸ਼ਾਨਦਾਰ ਜੀਵਨ ਸ਼ੈਲੀ ਡਿਜ਼ਾਈਨਰ ਕੱਪੜਿਆਂ, ਵਿਦੇਸ਼ੀ ਯਾਤਰਾਵਾਂ ਅਤੇ ਲਗਜ਼ਰੀ ਕਾਰਾਂ ਦਾ ਆਨੰਦ ਮਾਣਦਿਆਂ ਦੀ ਤੁਲਨਾ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਦਰਪੇਸ਼ ਕਠੋਰ ਹਕੀਕਤਾਂ ਨਾਲ ਕੀਤੀ ਹੈ, ਜਿਸ ਵਿੱਚ ਬੇਰੁਜ਼ਗਾਰੀ ਅਤੇ ਜ਼ਬਰਦਸਤੀ ਪ੍ਰਵਾਸ ਸ਼ਾਮਲ ਹੈ।

ਇਹ ਨਾਅਰੇ ਅਸਮਾਨਤਾ ਪ੍ਰਤੀ ਡੂੰਘੀ ਨਿਰਾਸ਼ਾ ਦੇ ਪ੍ਰਤੀਕ ਬਣਕੇ ਸਾਹਮਣੇ ਆਏ ਹਨ।

ਸੰਸਦ ਅਤੇ ਨੇਪਾਲ ਦੇ ਆਲੇ-ਦੁਆਲੇ ਕੀ ਹੋਇਆ?

ਕਾਠਮੰਡੂ ਵਿੱਚ ਕੁਝ ਪ੍ਰਦਰਸ਼ਨਕਾਰੀ ਸੰਸਦ ਭਵਨ ਦੇ ਸੁਰੱਖਿਆ ਘੇਰੇ ਨੂੰ ਤੋੜਨ ਵਿੱਚ ਕਾਮਯਾਬ ਹੋ ਗਏ ਸਨ।

ਸੋਮਵਾਰ ਨੂੰ ਸੰਘੀ ਸੰਸਦ ਕੰਪਲੈਕਸ ਤੋਂ ਭੰਨਤੋੜ ਅਤੇ ਅੱਗਜ਼ਨੀ ਦੀਆਂ ਰਿਪੋਰਟਾਂ ਆਈਆਂ।

ਨੇਪਾਲ ਦੇ ਸੰਚਾਰ ਮੰਤਰੀ, ਪ੍ਰਿਥਵੀ ਸੁਬਾ ਨੇ ਬੀਬੀਸੀ ਨਿਊਜ਼ ਨੇਪਾਲੀ ਨੂੰ ਦੱਸਿਆ ਕਿ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ।

ਸੁਰੱਖਿਆ ਬਲਾਂ ਵੱਲੋਂ ਵਿਵਸਥਾ ਬਹਾਲ ਕਰਨ ਦੀ ਕੋਸ਼ਿਸ਼ ਦੌਰਾਨ ਮੁਜ਼ਾਹਰਾਕਾਰੀ ਮਾਰੇ ਗਏ ਅਤੇ ਜ਼ਖਮੀ ਹੋ ਗਏ।

ਬਹੁਤ ਸਾਰੇ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿੱਥੇ ਆਮ ਨਾਗਰਿਕ ਇਕੱਠੇ ਹੋ ਗਏ ਸਨ।

ਬੀਬੀਸੀ ਨਿਊਜ਼ ਨੇਪਾਲੀ ਨੇ ਡਾਕਟਰਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਗੋਲੀਆਂ ਦੇ ਜ਼ਖ਼ਮਾਂ ਅਤੇ ਰਬੜ ਦੀਆਂ ਗੋਲੀਆਂ ਨਾਲ ਹੋਈਆਂ ਸੱਟਾਂ ਲਈ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਕਈ ਅਧਿਕਾਰੀ ਵੀ ਜ਼ਖਮੀ ਹੋਏ ਹਨ।

ਅਧਿਕਾਰੀਆਂ ਨੇ ਮੁੱਖ ਸਰਕਾਰੀ ਇਮਾਰਤਾਂ ਦੇ ਆਲੇ-ਦੁਆਲੇ ਕਰਫ਼ਿਊ ਲਗਾ ਦਿੱਤਾ ਅਤੇ ਸੁਰੱਖਿਆ ਸਖ਼ਤ ਕਰ ਦਿੱਤੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)