You’re viewing a text-only version of this website that uses less data. View the main version of the website including all images and videos.
ਮਣੀਪੁਰ ਤੋਂ ਵਾਪਸ ਆਈ ਵਿਦਿਆਰਥਣ ਨੇ ਦੱਸਿਆ ਅੱਖੀਂ ਡਿੱਠਾ ਹਾਲ, 'ਘਰਾਂ 'ਚੋਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ'
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
"ਤਿੰਨ ਤਰੀਕ ਸਵੇਰ ਤੱਕ ਤਾਂ ਸਭ ਕੁਝ ਆਮ ਵਾਂਗ ਸੀ। ਜਦੋਂ ਸ਼ਾਮ ਦੇ ਛੇ-ਸੱਤ ਵਜੇ ਤਾਂ ਪੁਲਿਸ ਵੱਲੋਂ ਐਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਸਭ ਲੋਕ ਆਪੋ-ਆਪਣੇ ਘਰਾਂ ’ਚ ਚਲੇ ਜਾਣ। ਸਾਨੂੰ ਵੀ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਹੁਕਮ ਦਿੱਤਾ ਗਿਆ ਕਿ ਸਾਰੇ ਵਿਦਿਆਰਥੀ ਹੋਸਟਲ ’ਚ ਆਪੋ-ਆਪਣੇ ਕਮਰਿਆਂ ਵਿੱਚ ਚਲੇ ਜਾਣ।"
"ਅਸੀਂ ਆਪਣੇ ਹੋਸਟਲ ਦੇ ਕਮਰਿਆਂ ਵਿੱਚ ਸੀ ਤਾਂ ਰਾਤ ਕਰੀਬ ਦਸ ਸਾਢੇ ਦਸ ਵਜੇ ਫਾਇਰਿੰਗ ਤੇ ਬੰਬ ਧਮਾਕਿਆਂ ਦੀ ਆਵਾਜ਼ ਨਾਲ ਅਸੀਂ ਸਾਰੇ ਬੁਰੀ ਤਰ੍ਹਾਂ ਡਰ ਗਏ ਸੀ।"
ਇਹ ਕਹਿਣਾ ਹੈ ਇੰਫਾਲ ’ਚ ਸਥਿਤ ਐੱਨਆਈਟੀ ’ਚ ਮੈਥੇਮੈਟਿਕਸ ’ਚ ਐੱਮਐੱਸਸੀ ਕਰ ਰਹੀ ਸਿਰਸਾ ਦੀ ਵਿਦਿਆਰਥਣ ਨੇਹਾ ਦਾ।
ਸਿਰਸਾ ਦੀ ਐੱਮਏਸੀ ਕਾਲੋਨੀ ਵਾਸੀ ਨੇਹਾ ਨੇ ਮਣੀਪੁਰ ਦੇ ਇੰਫਾਲ ਸਥਿਤ ਐੱਨਆਈਟੀ ਯੂਨੀਵਰਸਿਟੀ ’ਚ ਸਾਲ 2022 ’ਚ ਦਾਖ਼ਲਾ ਲਿਆ ਸੀ। ਅਤੇ ਐੱਮਐਸਸੀ ਮੈਥੇਮੈਟਿਕਸ ਦਾ ਇੱਕ ਸਾਲ ਪੂਰਾ ਕਰ ਲਿਆ ਹੈ।
ਦਰਅਸਲ, ਮਣੀਪੁਰ ਪਿਛਲੇ ਕੁਝ ਦਿਨਾਂ ਦੀ ਹਿੰਸਾ ਤੋਂ ਬਾਅਦ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਸਥਿਤੀ ਅਜੇ ਪੂਰੇ ਤਰੀਕੇ ਨਾਲ ਆਮ ਨਹੀਂ ਹੋਈ ਹੈ।
ਇਸ ਹਿੰਸਾ 'ਚ 60 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇਹ ਹਿੰਸਾ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਵੱਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਸੀ।
ਘਰਾਂ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ
ਇੰਫਾਲ ਤੋਂ ਬੀਤੇ ਦਿਨ ਆਪਣੇ ਘਰ ਆਈ ਨੇਹਾ ਨੇ ਦੱਸਿਆ ਹੈ ਕਿ ਤਿੰਨ ਮਈ ਦੀ ਸਵੇਰੇ ਤੱਕ ਸਭ ਕੁਝ ਆਮ ਵਾਂਗ ਸੀ ਪਰ ਜਿਵੇਂ ਹੀ ਸ਼ਾਮ ਹੋਈ ਤਾਂ ਪੁਲਿਸ ਹਰਕਤ ਵਿੱਚ ਆ ਗਈ।
ਪੁਲਿਸ ਵੱਲੋਂ ਐਨਾਉਂਸਮੈਂਟ ਹੋਣ ਲੱਗੀ ਕਿ ਸਾਰੇ ਲੋਕ ਆਪੋ ਆਪਣੇ ਘਰਾਂ ’ਚ ਚਲੇ ਜਾਣ।
ਨੇਹਾ ਨੇ ਅੱਗੇ ਦੱਸਿਆ, "ਅਸੀਂ ਹੋਸਟਲ 'ਚੋਂ ਹੀ ਪਹਾੜੀ ਵੱਲ ਵੇਖਿਆ ਤਾਂ ਕਈ ਘਰਾਂ 'ਚੋਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ। ਇੰਝ ਲੱਗ ਰਿਹਾ ਸੀ ਜਿਵੇਂ ਪੂਰੀ ਪਹਾੜੀ ਸੜ ਰਹੀ ਹੈ।"
ਨੇਹਾ ਨੇ ਦੱਸਿਆ ਕਿ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵਜਣੇ ਸ਼ੁਰੂ ਹੋ ਗਏ। ਹੋਸਟਲ ’ਚ ਰਹਿੰਦੇ ਵਿਦਿਆਰਥੀ ਇੱਕ ਵਾਰ ਤਾਂ ਬੁਰੀ ਤਰ੍ਹਾਂ ਡਰ ਗਏ ਸਨ ਪਰ ਅਗਲੇ ਦਿਨ ਦੀ ਦੁਪਹਿਰ ਹੁੰਦਿਆਂ-ਹੁੰਦਿਆਂ ਆਰਮੀ ਨੇ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈ ਲਿਆ ਤਾਂ ਵਿਦਿਆਰਥੀਆਂ ਨੇ ਕੁਝ ਸੁਖ ਦਾ ਸਾਹ ਲਿਆ।
ਨੇਹਾ ਅੱਗੇ ਕਹਿੰਦੀ ਹੈ, "ਪਰ ਇਸ ਦੇ ਨਾਲ ਹੀ ਇੰਟਰਨੈੱਟ ਸੇਵਾਵਾਂ ਬੰਦ ਹੋ ਗਈਆਂ। ਤਿੰਨ ਦਿਨ ਤੱਕ ਬਹੁਤ ਪ੍ਰੇਸ਼ਾਨੀ ਰਹੀ। ਅਸੀਂ ਪੰਜ ਦਿਨ ਤੱਕ ਹੋਸਟਲ ’ਚ ਹੀ ਬੰਦ ਰਹੇ। ਅੱਠ ਮਈ ਨੂੰ ਸਵੇਰੇ ਕਰੀਬ ਅੱਠ ਵਜੇ ਕਈ ਵਿਦਿਆਰਥੀਆਂ ਨੂੰ ਸਖ਼ਤ ਸੁਰੱਖਿਆ ਹੇਠ ਯੂਨੀਵਰਸਿਟੀ ਦੀ ਬੱਸ ਦੇ ਰਾਹੀਂ ਏਅਰਪੋਰਟ ਪਹੁੰਚਾਇਆ ਗਿਆ।"
ਇੱਥੋਂ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਆਪੋ-ਆਪਣੇ ਸੂਬਿਆਂ ਲਈ ਰਵਾਨਾ ਹੋਏ। ਉਹ ਹਰਿਆਣਾ ਦੇ ਕਈ ਹੋਰ ਵਿਦਿਆਰਥੀਆਂ ਨਾਲ ਰਾਤ ਕਰੀਬ 11 ਵਜੇ ਦਿੱਲੀ ਪਹੁੰਚੀ, ਜਿਥੋਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਿਰਸਾ ਲੈ ਗਏ ਸਨ।
ਮਣੀਪੁਰ ਵਿੱਚ ਹੋਇਆ ਕੀ ਹੈ
- ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਵਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਹੋਈ ਹਿੰਸਾ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸੇ ਮੁੱਦੇ ਕਾਰਨ ਫੈਲੀ ਹਿੰਸਾ ਵਿੱਚ 60 ਤੋਂ ਵੱਧ ਲੋਕਾਂ ਨੇ ਗੁਆਈ ਜਾਨ
- ਲਗਭਗ 13 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ
- ਹਾਲਾਂਕਿ, ਸ਼ਨੀਵਾਰ ਤੋਂ ਸੂਬੇ ਵਿੱਚ ਜੀਵਨ ਆਮ ਸਥਿਤੀ ਵੱਲ ਮੁੜ ਰਿਹਾ ਹੈ
ਇੱਕ ਦਿਨ ਖਾਣ-ਪੀਣ ਨੂੰ ਨਹੀਂ ਮਿਲਿਆ ਸੀ
ਨੇਹਾ ਨੇ ਦੱਸਿਆ ਕਿ ਤਿੰਨ ਮਈ ਤੋਂ ਪੰਜ ਮਈ ਤੱਕ ਤਿੰਨ ਦਿਨ ਹਾਲਾਤ ਕਾਫੀ ਖ਼ਰਾਬ ਰਹੇ। ਉਹ ਹੋਸਟਲ ’ਚ ਬੰਦ ਰਹੇ। ਇੱਕ ਦਿਨ ਤਾਂ ਹੋਸਟਲ ’ਚ ਉਨ੍ਹਾਂ ਨੂੰ ਖਾਣਾ ਵੀ ਨਹੀਂ ਮਿਲਿਆ ਤੇ ਨਾ ਪੀਣ ਦਾ ਪਾਣੀ। ਬਸ ਬ੍ਰੈਡ ਤੇ ਚਾਵਲ ਖਾ ਕੇ ਹੀ ਗੁਜ਼ਾਰਾ ਕਰਨਾ ਪਿਆ ਸੀ। ਨੈੱਟ ਬੰਦ ਹੋਣ ਕਾਰਨ ਘਰ ਪਰਿਵਾਰ ਨਾਲ ਸੰਪਰਕ ਕਰਨਾ ਔਖਾ ਹੋ ਗਿਆ ਸੀ।
ਨੇਹਾ ਨੇ ਦੱਸਿਆ ਕਿ ਉਨ੍ਹਾਂ ਨਾਲ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ ਦੇ 16 ਹੋਰ ਵਿਦਿਆਰਥੀ ਸਨ, ਜਿਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਸੁਰੱਖਿਅਤ ਘਰੋਂ-ਘਰੀ ਪਹੁੰਚਾਇਆ ਹੈ।
ਹਰਿਆਣਾ ਤੋਂ ਇਲਾਵਾ ਦੇਸ਼ ਭਰ ਤੋਂ ਵਿਦਿਆਰਥੀ ਐੱਨਆਈਟੀ ’ਚ ਪੜ੍ਹਾਈ ਕਰਦੇ ਹਨ ਜਿਸ ਵਿੱਚ ਦੱਖਣੀ ਭਾਰਤ ਦੇ ਸੂਬਿਆਂ ਤੋਂ ਇਲਾਵਾ ਝਾਰਖੰਡ ਤੇ ਬਿਹਾਰ ਸਣੇ ਕਈ ਸੂਬਿਆਂ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ।
ਹਰਿਆਣਾ ਸਰਕਾਰ ਨੂੰ ਮਣੀਪੁਰ ਤੋਂ ਬਾਹਰ ਕੱਢਣ ਦੀ ਕੀਤੀ ਸੀ ਬੇਨਤੀ
ਨੇਹਾ ਨੇ ਦੱਸਿਆ ਹੈ ਕਿ ਯੂਨੀਵਰਸਿਟੀ ’ਚ ਪੜ੍ਹਦੇ ਕਈ ਸੂਬਿਆਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਨੇ ਪੰਜ ਮਈ ਨੂੰ ਵਾਪਿਸ ਸੱਦ ਲਿਆ ਸੀ।
ਉਨ੍ਹਾਂ ਦੇ ਸੀਨੀਅਰ ਵਿਦਿਆਰਥੀਆਂ ਨੇ ਹੀ ਹਰਿਆਣਾ ਸਰਕਾਰ ਨਾਲ ਸੰਪਰਕ ਕੀਤਾ ਸੀ।
ਹਰਿਆਣਾ ਦੇ ਵਿਦਿਆਰਥੀਆਂ ਦੀ ਮੰਗ ਮਗਰੋਂ ਸਰਕਾਰ ਨੇ ਇਹ ਕਦਮ ਚੁੱਕਿਆ ਤੇ ਉਹ ਵਾਪਿਸ ਆ ਸਕੇ ਹਨ।
ਨੇਹਾ ਨੇ ਦੱਸਿਆ, "ਮਣੀਪੁਰ ’ਚ ਵਾਪਰੀਆਂ ਹਿੰਸਕ ਵਾਰਦਾਤਾਂ ਦੀ ਪਹਿਲੇ ਦਿਨ ਤੱਕ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਸ ਪਰਿਵਾਰ ਨੂੰ ਏਨਾ ਹੀ ਦੱਸਿਆ ਸੀ ਕਿ ਇੰਟਰਨੈੱਟ ਸੇਵਾਵਾਂ ਬੰਦ ਹਨ ਤੇ ਕੋਈ ਗੱਲਬਾਤ ਨਹੀਂ ਹੋ ਸਕੇਗੀ।"
ਨੇਹਾ ਦਾ ਪਰਿਵਾਰ
ਐੱਮਏਸੀ ਕਾਲੋਨੀ ’ਚ ਨੇਹਾ ਦੇ ਪਿਤਾ ਸਿਲਾਈ-ਕੱਢਾਈ ਦਾ ਕੰਮ ਕਰਦੇ ਹਨ ਜਦਕਿ ਉਨ੍ਹਾਂ ਦੇ ਮਾਤਾ ਏਐੱਨਐੱਮ ਦੇ ਅਹੁਦੇ ’ਤੇ ਚੱਤਰਗੜ੍ਹਪਟੀ ’ਚ ਸਥਿਤ ਸਿਹਤ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਨੇਹਾ ਦੇ ਪਿਤਾ ਭਜਨ ਲਾਲ ਨੇ ਗੱਲ ਕਰਦਿਆਂ ਕਿਹਾ, "ਜਦੋਂ ਸਾਨੂੰ ਪਤਾ ਲੱਗਾ ਉੱਥੇ ਹਿੰਸਾ ਹੋ ਰਹੀ ਹਾਂ ਅਸੀਂ ਘਬਰਾ ਗਏ। ਪਰ ਜਦੋਂ ਸਾਡੀ ਨੇਹਾ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਹ ਠੀਕ ਹੈ ਤੇ ਫੌਜ ਇੱਥੇ ਹੈ। ਅਸੀਂ ਹਰਿਆਣਾ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਡਾ ਬੱਚਾ ਸਹੀ-ਸਲਾਮਤ ਘਰ ਪਹੁੰਚ ਗਿਆ ਹੈ।"
ਨੇਹਾ ਦੀ ਛੋਟੀ ਭੈਣ ਨਕਿਤਾ ਵੀ ਐੱਮਐੱਸਸੀ ਮੈਥੇਮੈਟਿਕਸ ਕਰ ਰਹੀ ਹੈ।
ਨਿਕਿਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਇੱਕ ਵਾਰ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਇਥੇ ਇੰਟਰਨੈੱਟ ਬੰਦ ਹੋ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਪੁੱਛਿਆ ਕਿ ਇੰਟਰਨੈੱਟ ਕਿਉਂ ਬੰਦ ਹੋਇਆ ਹੈ ਤਾਂ ਉਸ ਨੇ ਦੱਸਿਆ ਕਿ ਇਥੇ ਕੁਝ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਪਹਿਲਾਂ ਤਾਂ ਅਸੀਂ ਜ਼ਿਆਦਾ ਚਿੰਤਾ ਨਹੀਂ ਕੀਤੀ ਪਰ ਜਦੋਂ ਸਾਨੂੰ ਖ਼ਬਰਾਂ ਤੋਂ ਪਤਾ ਲੱਗਿਆ ਕਿ ਹਿੰਸਾ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਅਸੀਂ ਇਥੇ ਸਾਰਾ ਟੱਬਰ ਘਬਰਾ ਗਏ ਸੀ।"
"ਸਾਡੇ ਪਿਤਾ ਤਾਂ ਜ਼ਿਆਦਾ ਹੀ ਟੈਨਸ਼ਨ ਵਿੱਚ ਆ ਗਏ ਸਨ। ਪਰ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਹਰਿਆਣਾ ਸਰਕਾਰ ਉਥੇ ਫਸੇ ਵਿਦਿਆਰਥੀਆਂ ਨੂੰ ਕੱਢ ਕੇ ਲਿਆ ਰਹੀ ਹੈ ਤਾਂ ਸਾਨੂੰ ਕੁਝ ਹੌਂਸਲਾ ਹੋਇਆ।"
"ਜਦੋਂ ਨੇਹਾ ਦਿੱਲੀ ਪਹੁੰਚ ਗਈ ਤਾਂ ਫਿਰ ਅਸੀਂ ਉਸ ਨੂੰ ਅੱਗੋਂ ਲੈਣ ਲਈ ਚਲੇ ਗਏ। ਨੇਹਾ ਦੇ ਹੁਣ ਘਰ ਠੀਕ ਠਾਕ ਪਹੁੰਚਣ ’ਤੇ ਸਾਨੂੰ ਖੁਸ਼ੀ ਹੈ ਤੇ ਅਸੀਂ ਹਰਿਆਣਾ ਸਰਕਾਰ ਦਾ ਧੰਨਵਾਦ ਕਰਦੇ ਹਾਂ।"