You’re viewing a text-only version of this website that uses less data. View the main version of the website including all images and videos.
ਡੀਡੀ ਨਿਊਜ਼ ਨੇ ਆਪਣੇ ਲੋਗੋ ਦਾ ਰੰਗ ਕਿਉਂ ਕੀਤਾ ਭਗਵਾ ਤੇ ਇਸ ਨੂੰ ਲੈ ਕੇ ਕੀ ਛਿੜਿਆ ਵਿਵਾਦ
ਦੂਰਦਰਸ਼ਨ ਨਿਊਜ਼ ਵੱਲੋਂ ਆਪਣੇ ਲੋਗੋ ਦਾ ਰੰਗ ਲਾਲ ਤੋਂ ਬਦਲ ਕੇ ਭਗਵਾ ਕਰ ਦਿੱਤੇ ਜਾਣ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਆਉਣਾ ਜਾਰੀ ਹੈ।
ਮੰਗਲਵਾਰ ਸ਼ਾਮ ਨੂੰ, ਡੀਡੀ ਨਿਊਜ਼ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇੱਕ ਸੰਦੇਸ਼ ਦੇ ਨਾਲ ਨਵੇਂ ਲੋਗੋ ਦੀ ਵੀਡੀਓ ਪੋਸਟ ਕੀਤੀ।
ਜਿਸ ਵਿੱਚ ਲਿਖਿਆ ਸੀ, “ਆਪਣੀ ਪਸੰਦੀਦਾ ਡੀਡੀ ਨਿਊਜ਼ ਨੂੰ ਇੱਕ ਨਵੇਂ ਅਵਤਾਰ ਵਿੱਚ ਦੇਖੋ, ਦਾਅਵੇ ਨਹੀਂ, ਉਹ ਤੱਥ ਦਿਖਾਉਂਦੇ ਹਨ, ਉਹ ਦਿਖਾਵਾ ਨਹੀਂ ਕਰਦੇ ਪਰ ਸੱਚ ਚੁਣਦੇ ਹਨ। ਡੀਡੀ ਨਿਊਜ਼-ਟਰੱਸਟ ਸੱਚ ਦਾ।''
ਮਮਤਾ ਬੈਨਰਜੀ ਨੇ ਇੱਕ ਪੋਸਟ ਵਿੱਚ ਲਿਖਿਆ ਹੈ, "ਇਹ ਸਪੱਸ਼ਟ ਤੌਰ 'ਤੇ ਭਾਜਪਾ ਵੱਲ ਝੁਕਾਅ ਦੱਸਦਾ ਹੈ।"
ਸਰਕਾਰੀ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਕਹਿਣਾ ਹੈ ਕਿ ਲੋਗੋ ਸਿਰਫ ਸੁੰਦਰਤਾ ਲਈ ਬਦਲਿਆ ਗਿਆ ਹੈ।
ਵਿਰੋਧੀ ਧਿਰ ਨੇ ਚੋਣਾਂ ਦੇ ਦੌਰ ਵਿੱਚ ਇਸ ਤਰ੍ਹਾਂ ਲੋਗੋ ਬਦਲੇ ਜਾਣ ਦਾ ਵਿਰੋਧ ਕੀਤਾ ਹੈ। ਹਾਲਾਂਕਿ ਦੂਰਦਰਸ਼ਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਪਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਕਿਹਾ, "ਲੋਗੋ ਵਿੱਚ ਤਿੱਖੇ ਰੰਗ ਵਰਤਣਾ ਮਹਿਜ਼ ਇੱਕ ਕਾਰੋਬਾਰੀ ਪੈਂਤੜਾ ਹੈ ਅਤੇ ਇਸਦਾ ਕੋਈ ਸਿਆਸੀ ਸਬੰਧ ਨਹੀਂ ਹੈ।"
ਦੂਰਦਰਸ਼ਨ ਅਚਾਨਕ ਵਿਵਾਦਾਂ ਵਿੱਚ ਕਿਉਂ ਘਿਰ ਗਿਆ ਹੈ?
ਇਸੇ ਸਾਲ ਜਨਵਰੀ ਵਿੱਚ ਦੂਰਦਰਸ਼ਨ ਨੇ ਆਪਣੇ ਪੋਥੋਗਈ ਚੈਨਲ ਦਾ ਨਾਮ ਬਦਲ ਕੇ ਡੀਡੀ ਤਮਿਲ ਕਰ ਦਿੱਤਾ ਸੀ।
ਇਸਦੇ ਨਾਲ ਹੀ ਇਸਦਾ ਲੋਗੋ ਵੀ ਭਗਵਾ ਰੰਗ ਵਿੱਚ ਬਦਲ ਦਿੱਤਾ ਗਿਆ ਸੀ।
ਇਸੇ ਮਹੀਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰੀ ਵਿਜੇਅਨ ਨੇ ਦੂਰਦਰਸ਼ਨ ਉੱਪਰ ਵਿਵਾਦਿਤ ਫਿਲਮ ਕੇਰਲਾ ਸਟੋਰੀ ਦਿਖਾਏ ਜਾਣ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ, "ਦੂਰਦਰਸ਼ਨ ਨੂੰ ਤੁਰੰਤ ਕੇਰਲਾ ਸਟੋਰੀ ਦੇ ਪ੍ਰਸਾਰਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ,ਜਿਸਦਾ ਮਕਸਦ ਕੇਰਲ ਸੂਬੇ ਖਿਲਾਫ਼ ਨਫ਼ਰਤ ਫੈਲਾਉਣਾ ਸੀ। ਕੇਰਲਾ ਇੱਕ ਅਜਿਹਾ ਸੂਬਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਭਰਾਵਾਂ ਵਾਂਗ ਰਹਿੰਦੇ ਹਨ। ਦੂਰਦਰਸ਼ਨ ਨੂੰ ਸੰਘ ਪਰਿਵਾਰ ਦੇ ਫਿਰਕੂ ਏਜੰਡੇ ਲਈ ਕਠਪੁਤਲੀ ਵਜੋਂ ਕੰਮ ਨਹੀਂ ਕਰਨਾ ਚਾਹੀਦਾ।"
ਇਸਦੇ ਬਾਵਜੂਦ ਫਿਲਮ ਪੰਜ ਅਪ੍ਰੈਲ ਨੂੰ ਸ਼ਾਮ ਅੱਠ ਵਜੇ ਦਿਖਾਈ ਗਈ।
ਦੂਰਦਰਸ਼ਨ ਅਚਾਨਕ ਵਿਵਾਦਾਂ ਵਿੱਚ ਕਿਉਂ ਘਿਰ ਗਿਆ ਹੈ? ਕੀ ਵਿਰੋਧੀਆਂ ਦੇ ਕਹਿਣ ਵਾਂਗ ਦੂਰਦਰਸ਼ਨ ਦਾ ਭਗਵਾਕਰਣ ਹੋ ਗਿਆ ਹੈ?
ਦੂਰਦਰਸ਼ਨ ਦਾ ਐਲਾਨ
ਦੂਰਦਰਸ਼ਨ ਭਾਰਤ ਸਰਕਾਰ ਦਾ ਸਰਕਾਰੀ ਪ੍ਰਸਾਰਕ ਹੈ। ਇਸ ਨੇ ਆਪਣੇ ਨਿਸ਼ਾਨ ਦੇ ਰੰਗ ਵਿੱਚ ਬਦਲਾਅ ਦਾ ਐਲਾਨ ਇੱਕ ਟਵਿੱਟਰ ਪੋਸਟ ਜ਼ਰੀਏ ਕੀਤਾ।
ਪੋਸਟ ਵਿੱਚ ਲਿਖਿਆ ਗਿਆ, "ਸਾਡੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਹੀਂ ਹੈ, ਹੁਣ ਅਸੀਂ ਇੱਕ ਨਵਾਂ ਅਵਤਾਰ ਲਿਆ ਹੈ। ਤਿਆਰ ਹੋ ਜਾਓ ਖ਼ਬਰਾਂ ਦੇ ਇੱਕ ਲਾਮਿਸਾਲ ਸਫਰ ਲਈ ਅਤੇ ਸਭ ਤੋਂ ਨਵੇਂ ਡੀਡੀ ਨਿਊਜ਼ ਨੂੰ ਅਨੁਭਵ ਕਰੋ!"
"ਸਟੀਕ ਖ਼ਬਰ ਨੂੰ ਤੇਜ਼ ਖ਼ਬਰ ਨਾਲੋਂ ਪਹਿਲ ਦਿੱਤੀ ਜਾਂਦੀ ਹੈ ਅਤੇ ਸੱਚੀ ਖ਼ਬਰ ਨੂੰ ਸਨਸਨੀਖੇਜ਼ ਖ਼ਬਰ ਤੋਂ ਉੱਪਰ ਰੱਖਿਆ ਜਾਂਦਾ ਹੈ। ਦੂਰਦਰਸ਼ਨ ਨਿਊਜ਼ ਸੱਚ ਹੈ।"
ਜਵਾਹਰ ਸ੍ਰੀਕਰ 2012 ਤੋਂ 2014 ਤੱਕ ਪ੍ਰਸਾਰ ਭਾਰਤੀ ਦੇ ਸੀਈਓ ਸਨ। ਫਿਲਹਾਲ ਉਹ ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਦੇ ਮੈਂਬਰ ਹਨ।
ਡੀਡੀ ਨਿਊਜ਼ ਵੱਲੋਂ ਲੋਗੋ ਬਦਲੇ ਜਾਣ ਦੀਆਂ ਖ਼ਬਰਾਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ, "ਦੂਰਦਰਸ਼ਨ ਦਾ ਇਤਿਹਾਸਕ ਨਿਸ਼ਾਨ, ਭਾਰਤ ਸਰਕਾਰ, ਭਗਵਾ ਰੰਗ ਦਿੱਤਾ ਗਿਆ ਹੈ। ਸਾਬਕਾ ਸੀਈਓ ਵਜੋਂ ਮੈਂ ਦੂਰਦਰਸ਼ਨ ਦੇ ਭਗਵਾਕਰਨ ਨੂੰ ਚਿੰਤਤ ਮਨ ਨਾਲ ਦੇਖ ਰਿਹਾ ਹਾਂ। ਹੁਣ ਇਹ ਪ੍ਰਸਾਰ ਭਾਰਤੀ ਨਹੀਂ ਸਗੋਂ ਇੱਕ ਖਾਸ ਪਾਰਟੀ ਦਾ ਪ੍ਰਸਾਰ ਭਾਰਤੀ ਬਣ ਗਿਆ ਹੈ।"
"ਦੂਰਦਰਸ਼ਨ ਨਾਲ ਜੁੜੀ ਹਰ ਚੀਜ਼ ਹੁਣ ਭਗਵਾ ਹੋ ਗਈ ਹੈ। ਇੱਥੇ ਸਭ ਤੋਂ ਜ਼ਿਆਦਾ ਏਅਰਟਾਈਮ ਸੱਤਾਧਾਰੀ ਪਾਰਟੀ ਨੂੰ ਦਿੱਤਾ ਜਾਂਦਾ ਹੈ। ਇੱਥੇ ਵਿਰੋਧੀ ਪਾਰਟੀਆਂ ਲਈ ਹੁਣ ਕੋਈ ਸਮਾਂ ਨਹੀਂ ਹੈ।"
"ਸੱਤਾਧਾਰੀ ਬੀਜੇਪੀ ਇਹ ਕਰ ਰਹੀ ਹੈ। ਸੰਸਦ ਦੀ ਨਵੀਂ ਇਮਾਰਤ ਵਿੱਚ ਰਾਜ ਸਭਾ ਆਡੀਟੋਰੀਅਮ ਦਾ ਰੰਗ ਵੀ ਬਦਲ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਸਟਾਫ਼ ਦੀ ਵਰਦੀ ਵੀ ਭਗਵਾ ਕਰ ਦਿੱਤੀ ਗਈ ਹੈ।"
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜਦੋਂ ਦੇਸ ਵਿੱਚ ਚੋਣਾਂ ਹੋ ਰਹੀਆਂ ਹਨ ਤਾਂ ਅਜਿਹਾ ਕਰਨਾ ਅਨੈਤਿਕ ਹੈ ਅਤੇ ਚੋਣ ਕਮਿਸ਼ਨ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਮਮਤਾ ਬੈਨਰਜੀ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਇੱਕ ਪੋਸਟ ਵਿੱਚ ਲਿਖਿਆ ਹੈ, "ਦੇਸ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ,ਉਦੋਂ ਦੂਰਦਰਸ਼ਨ ਲੋਗੋ ਦੇ ਅਚਾਨਕ ਭਗਵਾਕਰਨ ਅਤੇ ਰੰਗ ਬਦਲਣ ਤੋਂ ਮੈਂ ਹੈਰਾਨ ਹਾਂ। ਇਹ ਬਿਲਕੁਲ ਅਨੈਤਿਕ, ਪੂਰੀ ਤਰ੍ਹਾਂ ਗੈਰ-ਕਨੁੂੰਨੀ ਅਤੇ ਕੌਮੀ ਪ੍ਰਸਾਰਕ ਦੇ ਭਾਜਪਾ ਵੱਲ ਝੁਕਾਅ ਨੂੰ ਜ਼ੋਰ-ਸ਼ੋਰ ਨਾਲ ਦੱਸਦਾ ਹੈ।"
ਮਮਤਾ ਬੈਨਰਜੀ ਨੇ ਪੁੱਛਿਆ ਕਿ ਜਦੋਂ ਦੇਸ ਚੋਣ ਮੋਡ ਵਿੱਚ ਹੈ ਤਾਂ ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦੀ ਇਸ ਭਗਵਾ ਸਮਰਥਕ ਉਲੰਘਣਾ ਨੂੰ ਕਿਵੇਂ ਮਨਜ਼ੂਰੀ ਦੇ ਸਕਦਾ ਹੈ?
ਮਮਤਾ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਅਤੇ ਦੂਰਦਰਸ਼ਨ ਦੇ ਲੋਗੋ ਨੂੰ ਮੂਲ ਨੀਲੇ ਰੰਗ ਵਿੱਚ ਬਦਲਣਾ ਚਾਹੀਦਾ ਹੈ।
ਕੀ ਦੂਰਦਰਸ਼ਨ ਦਾ ਭਗਵਾਕਰਨ ਹੋਇਆ ਹੈ?
ਦੂਰਦਰਸ਼ਨ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਬੀਬੀਸੀ ਨਾਲ ਗੱਲਬਾਤ ਕੀਤੀ।
ਨੱਬੇਵਿਆਂ ਵਿੱਚ ਜਦੋਂ ਦੂਰਦਸ਼ਨ ਜਾਰੀ ਕੀਤਾ ਗਿਆ ਤਾਂ ਇਸ ਨੂੰ ਸਰਕਾਰੀ ਚੈਨਲ ਦੱਸਿਆ ਗਿਆ। ਪਰ ਜਦੋਂ ਇਹ ਜਾਰੀ ਕੀਤਾ ਗਿਆ ਤਾਂ ਅਧਿਕਾਰੀਆਂ ਨੂੰ ਇਸਦੇ ਮੰਤਵ ਅਤੇ ਅਗਲੇ ਵਿਕਾਸ ਦੀ ਕੋਈ ਸਮਝ ਨਹੀਂ ਸੀ।"
"ਦੂਰਦਰਸ਼ਨ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਸੀ ਕਿਉਂਕਿ ਉਦੋਂ ਕੋਈ ਹੋਰ ਵੱਡਾ ਚੈਨਲ ਨਹੀਂ ਸੀ। ਪਰ 2000 ਦੇ ਦਹਾਕੇ ਦੌਰਾਨ ਨਿੱਜੀ ਚੈਨਲਾਂ ਵਿੱਚ ਵਾਧਾ ਹੋਣ ਲੱਗਿਆ। ਉਦੋਂ ਵੀ ਕਿਸੇ ਨੇ ਇਸ ਵਿੱਚ ਬਦਲਾਅ ਕਰਨ ਬਾਰੇ ਨਹੀਂ ਸੋਚਿਆ। ਸਗੋਂ ਮਗਰਲੀਆਂ ਸਰਕਾਰਾਂ ਨੇ ਇਸ ਪਾਸਿਓਂ ਅੱਖਾਂ ਬੰਦ ਕਰੀ ਰੱਖੀਆਂ।"
"ਜਿਸ ਤਰ੍ਹਾਂ ਬੀਐੱਸਐੱਨਐੱਲ ਵਰਗੀਆਂ ਸਰਕਾਰੀ ਕੰਪਨੀਆਂ ਬਰਬਾਦ ਕਰ ਦਿੱਤੀਆਂ ਗਈਆਂ, ਦੂਰਦਰਸ਼ਨ ਨਾਲ ਵੀ ਅਜਿਹਾ ਹੀ ਹੋਇਆ। ਇੱਥੇ ਕੁਝ ਵੀ ਹੋਵੇ, ਕੋਈ ਨਹੀਂ ਸੁਣਦਾ। ਸ਼ਕਤੀ ਕੁਝ ਲੋਕਾਂ ਦੇ ਹੱਥਾਂ ਵਿੱਚ ਸੀਮਤ ਹੋ ਗਈ ਹੈ।"
"ਮਿਸਾਲ ਵਜੋਂ ਜੇ ਦੂਰਦਰਸ਼ਨ ਉੱਤੇ ਚੋਣ ਪ੍ਰਚਾਰ ਬਾਰੇ ਵੀਡੀਓ ਹੈ ਤਾਂ ਸਾਰਿਆਂ ਨੂੰ ਬਰਾਬਰ ਹੱਕ ਮਿਲਣਾ ਚਾਹੀਦਾ ਹੈ। ਪਰ ਜੇ ਕਿਸੇ ਸੂਬੇ ਵਿੱਚ ਚੋਣ ਪ੍ਰਚਾਰ ਦੀ ਵੀਡੀਓ ਦਿਖਾਈ ਜਾਂਦੀ ਹੈ ਤਾਂ ਉੱਥੋਂ ਦਾ ਮੁੱਖ ਮੰਤਰੀ ਜੋ ਵਿਰੋਧੀ ਧਿਰ ਦਾ ਹੈ ਤਾਂ ਉਸ ਨੂੰ ਸੱਤਵਾਂ ਥਾਂ ਦਿੱਤਾ ਜਾਂਦਾ ਹੈ ਅਤੇ ਉਸੇ ਸੂਬੇ ਦਾ ਭਾਜਪਾ ਆਗੂ ਜਿਸ ਕੋਲ ਕੋਈ ਅਹੁਦਾ ਨਹੀਂ ਹੈ, ਉਸ ਨੂੰ ਤੀਜਾ ਸਥਾਨ ਦਿੱਤਾ ਜਾਂਦਾ ਹੈ। ਇਸ ਵਿੱਚ ਬਰਾਬਰੀ ਕਿੱਥੇ ਹੈ?"
"ਪੱਕੇ ਅਧਿਕਾਰੀ ਇੱਥੇ ਪ੍ਰੀਖਿਆ ਦੇਕੇ ਆਉਂਦੇ ਹਨ। ਪਰ ਠੇਕੇ ਉੱਤੇ ਆਉਣ ਵਾਲੇ ਇੱਥੇ ਅਧਿਕਾਰੀਆਂ ਅਤੇ ਲੀਡਰਾਂ ਦੀ ਸਿਫਾਰਿਸ਼ ਨਾਲ ਆਉਂਦੇ ਹਨ। ਉਹ ਉਨ੍ਹਾਂ ਦੇ ਦਬਾਅ ਹੇਠ ਕੰਮ ਕਰਦੇ ਹਨ।"
"ਦੂਰਦਰਸ਼ਨ ਵਿੱਚ ਸਿਰਫ਼ ਪਾਰਟੀ ਪੱਖੀਆਂ ਨੂੰ ਹੀ ਨੌਕਰੀ ਮਿਲੇਗੀ। ਉਹੀ ਹਾਲ ਤਮਿਲ ਦੂਰਦਰਸ਼ਨ ਵਿੱਚ ਹੋ ਰਿਹਾ ਹੈ। ਹਾਲ ਹੀ ਵਿੱਚ ਇੱਕ ਉੱਘੀ ਹਸਤੀ ਨੂੰ ਦੂਰਦਰਸ਼ਨ ਲਈ ਵੱਡਾ ਲੜੀਵਾਰ ਬਣਾਉਣ ਦਾ ਠੇਕਾ ਦਿੱਤਾ ਗਿਆ। ਉਹ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।"
"ਮੁਲਾਜ਼ਮ ਵੀ ਅਜਿਹੇ ਬਦਲਾਅ ਦਾ ਵਿਰੋਧ ਕਰ ਰਹੇ ਹਨ ਪਰ ਉਨ੍ਹਾਂ ਦੀ ਅਵਾਜ਼ ਤਾਕਤ ਮੂਹਰੇ ਟਿਕਦੀ ਨਹੀਂ। ਦੂਰਦਰਸ਼ਨ ਨੂੰ ਵਿਕਸਿਤ ਕਰਨ ਦੇ ਕਈ ਸਿਰਜਣਾਤਮਿਕ ਰਸਤੇ ਹਨ। ਉਸ ਨੂੰ ਪਾਸੇ ਰੱਖ ਕੇ ਅਜਿਹੇ ਭਗਵੇਕਰਣ ਦੀ ਕੋਈ ਤੁਕ ਨਹੀਂ ਹੈ।"
'ਭਾਰਤੀ ਮੀਡੀਆ ਦਾ ਭਗਵਾਕਰਣ ਜਾਰੀ ਹੈ'
ਤਾਮਿਲ ਨਾਡੂ ਪ੍ਰਗਤੀਵਾਦ ਲੇਖੇ ਅਤੇ ਕਲਾਕਾਰ ਸੰਘ ਦੇ ਜਨਰਲ ਸਕੱਤਰ ਆਧਵਨ ਦੀਕਸ਼ਨਿਆ ਕਹਿੰਦੇ ਹਨ, "ਭਾਰਤੀ ਮੀਡੀਆ ਦਾ ਭਗਵਾਕਰਨ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਜੇ ਤੁਸੀਂ ਦੂਰਦਰਸ਼ਨ ਦੇ ਪ੍ਰਗੋਰਾਮ ਨਿਯਮਤ ਦੇਖਦੇ ਹੋ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਾਂ ਬਹੁਤ ਪਹਿਲਾਂ ਭਗਵਾ ਹੋ ਚੁੱਕਿਆ ਹੈ। ਹੁਣ ਤਾਂ ਬਸ ਸਪਸ਼ਟ ਹੋ ਗਿਆ ਹੈ।"
ਉਹ ਕਹਿੰਦੇ ਹਨ, ਆਈਆਰਸੀਟੀਸੀ ਦੀ ਐਪ, ਵੰਦੇ ਭਾਰਤ ਰੇਲ ਗੱਡੀਆਂ ਤਾਂ ਕੁਝ ਮਿਸਾਲਾਂ ਹਨ। ਉਹ ਹਰ ਥਾਂ ਭਗਵਾ ਲਿਆ ਕੇ ਇਸ ਨੂੰ ਆਮ ਅਤੇ ਸਵੀਕਾਰਨਯੋਗ ਬਣਾ ਰਹੇ ਹਨ।
''ਇਹ ਕਿਤਾਬਾਂ ਵਿੱਚ ਨਰੇਟਿਵ ਘੜਨ ਅਤੇ ਸਰਕਾਰੀ ਅਧਿਕਾਰੀਆਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਉਣ ਵਰਗਾ ਹੈ। ਨਜ਼ਰ ਘੁਮਾ ਕੇ ਦੇਖੋ ਪਿਛਲੇ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਹੈ।"
"ਪ੍ਰਧਾਨ ਮੰਤਰੀ ਚੋਣ ਰੈਲੀਆਂ ਵਿੱਚ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਵਿਰੋਧੀ ਪਾਰਟੀਆਂ ਮਾਸ ਖਾਂਦੀਆਂ ਹਨ ਅਤੇ ਉਹ ਮੰਦਰ ਦੇ ਉਦਘਾਟਨ ਵਿੱਚ ਸ਼ਾਮਲ ਨਹੀਂ ਹੋਏ। ਅਜਿਹਾ ਕਰਦੇ ਹੋਏ ਇਹ ਪ੍ਰਧਾਨ ਮੰਤਰੀ ਦੀ ਬਿਲਕੁਲ ਮਰਿਆਦਾ ਨਹੀਂ ਰੱਖਦੇ। ਅਜਿਹੇ ਹਾਲਤ ਵਿੱਚ ਜੇ ਦੂਰਦਰਸ਼ਨ ਭਗਵਾ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ।"
ਦੂਰਦਰਸ਼ਨ ਮੈੇਨੇਜਮੈਂਟ ਦਾ ਕੀ ਕਹਿਣਾ ਹੈ?
ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਭਗਵਾਕਰਨ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵੇਂ ਲੋਗੋ ਦਾ ਰੰਗ ਸੰਤਰੀ ਹੈ ਅਤੇ ਇਹ ਬਦਲਾਅ ਸਿਰਫ਼ ਸੁੰਦਰਤਾ ਲਈ ਕੀਤਾ ਗਿਆ ਸੀ।
"ਇਹ ਸੰਤਰੀ ਹੈ। ਛੇ-ਸੱਤ ਮਹੀਨੇ ਪਹਿਲਾਂ, ਜੀ-20 ਤੋਂ ਵੀ ਪਹਿਲਾਂ ਅਸੀਂ ਡੀਡੀ-ਇੰਡੀਆ (ਅੰਗਰੇਜ਼ੀ ਖ਼ਬਰਾਂ ਦਾ ਚੈਨਲ) ਦਾ ਲੋੋਗੋ ਵੀ ਇਸੇ ਰੰਗ ਵਿੱਚ ਜਾਰੀ ਕੀਤਾ ਸੀ। ਇਸੇ ਕਰਕੇ ਅਸੀਂ ਚੈਨਲ ਲਈ ਇਨ੍ਹਾਂ ਗਰਾਫਿਕਸ ਦੀ ਚੋਣ ਕੀਤੀ।"
"ਅਸੀਂ ਡੀਡੀ ਨਿਊਜ਼ ਨੂੰ ਨਵੇਂ ਅਵਤਾਰ ਵਿੱਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਦਿੱਖ ਅਨੁਭਵ ਵਜੋਂ ਵੀ ਅਤੇ ਤਕਨੀਕ ਪੱਖੋਂ ਵੀ। ਸਿਰਫ਼ ਲੋਗੋ ਨਹੀਂ ਸਗੋਂ ਨਵੇਂ ਹਾਲ ਅਤੇ ਉਪਕਰਣ ਵੀ।"
ਉਨ੍ਹਾਂ ਨੇ ਕਿਹਾ, "ਇਸ ਤੋਂ ਪਹਿਲਾਂ ਅਸੀਂ ਦੂਰਦਰਸ਼ਨ ਦੇ ਨਿਸ਼ਾਨ ਵਿੱਚ ਨੀਲਾ ਅਤੇ ਪੀਲਾ ਵਰਤਦੇ ਸੀ। ਨਿਸ਼ਾਨ ਵਿੱਚ ਤਿੱਖੇ ਰੰਗਾਂ ਨੂੰ ਵਰਤਣਾ ਪ੍ਰਚਾਰ ਪੈਂਤੜੇ ਦਾ ਹਿੱਸਾ ਹੈ। ਇਹ ਸਿਰਫ਼ ਚੈਨਲ ਦੇ ਵਿਕਾਸ ਲਈ ਹੈ। ਇਸ ਦਾ ਕੋਈ ਸਿਆਸੀ ਕਨੈਕਸ਼ਨ ਨਹੀਂ ਹੈ।"