ਈਰਾਨ ਦਾ ਇਸਫਹਾਨ ਸ਼ਹਿਰ ਕਿਸ ਗੱਲ ਲਈ ਮਸ਼ਹੂਰ ਹੈ, ਇਜ਼ਰਾਈਲ ਨੇ ਇਸ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਕਿਉਂ ਬਣਾਇਆ

    • ਲੇਖਕ, ਬਾਰਨ ਅੱਬਾਸੀ ਅਤੇ ਟੌਮ ਸਪੈਂਡਰ
    • ਰੋਲ, ਬੀਬੀਸੀ ਫ਼ਾਰਸੀ

ਮੀਨਾਰਾਂ, ਮਹਿਲਾਂ ਅਤੇ ਟਾਈਲਦਾਰ ਮੀਨਾਰਾਂ ਲਈ ਮਸ਼ਹੂਰ ਇਸਫਹਾਨ ਫੌਜੀ ਉਦਯੋਗ ਦਾ ਵੱਡਾ ਕੇਂਦਰ ਹੈ।

ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲੇ ਤੋਂ ਬਾਅਦ ਇੱਥੇ ਪੂਰੀ ਰਾਤ ਧਮਾਕੇ ਸੁਣਾਈ ਦਿੱਤੇ ਸਨ।

ਇਹ ਈਰਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ, ਇਸ ਨੂੰ ‘ਨੇਸਫ-ਏ-ਜਹਾਨ’ ਜਾਂ ਅੱਧਾ ਸੰਸਾਰ ਵੀ ਕਿਹਾ ਜਾਂਦਾ ਹੈ।

ਇਹ ਈਰਾਨ ਦੇ ਕੇਂਦਰ ਵਿੱਚ ਸਥਿਤ ਹੈ, ਇਸ ਦੇ ਨੇੜੇ ਹੀ ਜ਼ਾਗਰੋਸ ਪਹਾੜ ਪੈਂਦੇ ਹਨ।

ਇਹ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦਾ ਇਲਾਕਾ ਡਰੋਨ ਅਤੇ ਬੈਲਿਸਟਿਕ ਮਿਜ਼ਾਇਲਾਂ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ।

ਨਾਤਾਂਜ਼ ਨਿਊਕਲੀਅਰ ਕੇਂਦਰ ਵੀ ਇਸ ਦੇ ਨੇੜੇ ਹੀ ਸਥਿਤ ਹੈ ਜੋ ਕਿ ਈਰਾਨ ਦੇ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ।

ਇਸ ਸ਼ਹਿਰ ਦਾ ਨਾਮ ਈਰਾਨ ਵਿੱਚ ਪ੍ਰਮਾਣੂ ਕੇਂਦਰਾਂ ਨਾਲ ਜੁੜਿਆ ਹੋਣ ਕਰਕੇ ਇਸ ਹਮਲੇ ਤੋਂ ਕੀ ਸੁਨੇਹਾ ਮਿਲਦਾ ਹੈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਜੇਕਰ ਇਹ ਇੱਕ ਇਜ਼ਰਾਈਲੀ ਹਮਲਾ ਸੀ ਤਾਂ ਅਜਿਹਾ ਲੱਗਦਾ ਹੈ ਕਿ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਈਰਾਨ ਨੂੰ ਇੱਕ ਸੁਨੇਹਾ ਦੇ ਰਹੀ ਸੀ ਕਿ ਇਸ ਕੋਲ ਇਹ ਸਮਰੱਥਾ ਹੈ ਕਿ ਉਹ ਇਸ ਸੂਬੇ ਵਿਚਲੇ ਸੰਵੇਦਨਸ਼ੀਲ ਟਿਕਾਣਿਆਂ ਨੂੰ ਆਪਣੇ ਆਪ ਨੂੰ ਸੰਕੋਚ ਵਿੱਚ ਰੱਖਦਿਆਂ ਵੀ ਨਿਸ਼ਾਨਾ ਬਣਾ ਸਕਦੀ ਹੈ।

ਈਰਾਨੀ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਕਿ ਈਰਾਨ ਦੇ ਇਸਫਾਹਨ ਸੂਬੇ ਵਿੱਚ ਪ੍ਰਮਾਣੂ ਕੇਂਦਰ “ਪੂਰੀ ਤਰ੍ਹਾਂ ਸੁਰੱਖਿਅਤ ਸਨ।”

ਈਰਾਨ ਦੇ ਕੋਲ ਪ੍ਰਮਾਣੂ ਹਥਿਆਰ ਨਹੀਂ ਹਨ ਅਤੇ ਇਹ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਹ ਪ੍ਰਮਾਣੂ ਹਥਿਆਰਾਂ ਵਾਲਾ ਮੁਲਕ ਬਣਨ ਜਾ ਰਿਹਾ ਹੈ।

ਇਸ ਦੇ ਬਾਵਜੂਦ ਉਸ ਰਾਤ ਨੂੰ ਕੀ ਹੋਇਆ ਇਸ ਬਾਰੇ ਵੱਖ-ਵੱਖ ਜਾਣਕਾਰੀ ਸਾਹਮਣੇ ਆਈ ਹੈ।

ਈਰਾਨ ਪੁਲਾੜ ਏਜੰਸੀ ਦੇ ਬੁਲਾਰੇ ਹੋਸੇਨੇ ਦਾਲੀਰੀਅਨ ਨੇ ਕਿਹਾ “ਕਈ” ਡਰੋਨਾਂ ਨੂੰ “ਸਫ਼ਲਤਾਪੂਰਵਕ ਫੰਡ ਦਿੱਤਾ ਗਿਆ ਹੈ” ਅਤੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਕਿ ਕੋਈ ਮਿਜ਼ਾਇਲ ਹਮਲਾ ਹੋਇਆ ਹੈ।

ਇਸ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਹੋਸੇਨ, ਅਮੀਰ- ਅਬਦੁੱਲਾਹੀਅਨ ਨੇ ਸਟੇਟ ਟੀਵੀ ਨੂੰ ਕਿਹਾ ਕਿ “ਮਿੰਨੀ ਡਰੋਨਾਂ” ਨੇ ਇਸਫਹਾਨ ਵਿੱਚ ਕੋਈ ਨੁਕਸਾਨ ਨਹੀਂ ਕੀਤਾ ਹਾਲਾਂਕਿ ‘ਇਜ਼ਰਾਈਲ’ ਪੱਖੀ ਮੀਡੀਆ ਇਸ ਦੇ ਉਲਟ ਖ਼ਬਰਾਂ ਦੇ ਰਿਹਾ ਹੈ।

ਕਈ ਈਰਾਨੀ ਮੀਡੀਆ ਅਦਾਰਿਆਂ ਵੱਲੋਂ ਇਹ ਖ਼ਬਰਾਂ ਦਿਖਾਈਆਂ ਗਈਆਂ ਸਨ ਕਿ ਇਸਫਹਾਨ ਹਵਾਈ ਅੱਗੇ ਅਤੇ ਇੱਕ ਮਿਲਟਰੀ ਏਅਰ ਬੇਸ ਦੇ ਨੇੜੇ ਤਿੰਨ ਧਮਾਕੇ ਹੋਏ ਸਨ।

ਈਰਾਨ ਦੀ ਫੌਜ ਦੇ ਕਮਾਂਡਰ ਅਬਦੋਲਰਹੀਮ ਮੌਸਾਵੀ ਨੇ ਇਨ੍ਹਾਂ ਧਮਾਕਿਆਂ ਦਾ ਕਾਰਨ “ਏਅਰ ਕਰਾਫਟ ਵਿਰੋਧੀ ਡਿਫੈਂਸ ਸਿਸਟਮ ਦੀ ਕਿਸੇ ਸ਼ੱਕੀ ਚੀਜ਼ ਉੱਤੇ ਗੋਲੀਬਾਰੀ ਕਰਨਾ ਦੱਸਿਆ ਸੀ।”

ਹੋਰ ਈਰਾਨੀ ਮੀਡੀਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ “ਘੁਸਪੈਠੀਆਂ” ਵੱਲੋਂ ਦਾਗ਼ੇ ਗਏ ਸਨ।

ਈਰਾਨੀ ਹਵਾਈ ਫੌਜ ਦਾ ਇਸਫਹਾਨ ਹਵਾਈ ਅੱਡੇ ਉੱਤੇ ਬੇਸ ਹੈ ਜਿੱਥੇ ਇਸ ਦੇ ਕਈ ਐੱਫ 14 ਫਾਈਟਰ ਜੈੱਟ ਰੱਖੇ ਗਏ ਹਨ।

ਈਰਾਨ ਨੇ ਪਹਿਲਾਂ ਅਮਰੀਕੀ ਐੱਫ 14 1970ਵਿਆਂ ਵਿੱਚ ਸ਼ਾਹ ਦੇ ਰਾਜ ਹੇਠ ਹਾਸਲ ਕੀਤੇ ਸਨ।

ਟੌਪ ਗੰਨ ਮੈਵਰਿਕ ਫ਼ਿਲਮ ਵਿੱਚ ਦਿਖਾਏ ਗਏ ਐੱਫ 14 ਜਹਾਜ਼ਾਂ ਨੂੰ ਉਡਾਉਣ ਵਾਲਾ ਈਰਾਨ ਇਕੱਲਾ ਹੀ ਦੇਸ਼ ਹੈ।

ਇਸਫਹਾਨ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ। ਜਨਵਰੀ 2023 ਵਿੱਚ ਈਰਾਨ ਨੇ ਇਜ਼ਰਾਈਲ ਉੱਤੇ ਇਹ ਇਲਜ਼ਾਮ ਲਗਾਇਆ ਸ਼ਹਿਰ ਦੇ ਕੇਂਦਰੀ ਭਾਗ ਵਿੱਚ ਸਥਿਤ ਇੱਕ ਹਥਿਆਰਾਂ ਦੀ ਫੈਕਟਰੀ ਉੱਤੇ ਡਰੋਨ ਹਮਲਾ ਕੀਤਾ।

ਇਹ ਹਮਲਾ ਕੁਆਡਕੋਪਟਸ ਨਾਮ ਦੇ ਡਰੋਨਾਂ ਰਾਹੀਂ ਕੀਤਾ ਗਿਆ ਸੀ।

ਅਜਿਹੇ ਹੀ ਡਰੋਨ ਹਮਲੇ ਈਰਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਹੋ ਚੁੱਕੇ ਹਨ।

ਇਜ਼ਰਾਈਲ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਹਮਲੇ ਉਸ ਵੱਲੋਂ ਕੀਤੇ ਗਏ ਸਨ।

ਹੈਮਿਸ਼ ਡੇ ਬ੍ਰੇਟਨ ਗੌਰਦੋਨ ਰਸਾਇਣਕ ਹਥਿਆਰਾਂ ਦੇ ਮਾਹਰ ਹਨ ਉਹ ਯੂਕੇ ਅਤੇ ਨਾਟੋ ਦੇ ਸੁਰੱਖਿਆਂ ਬਲਾਂ ਦੇ ਸਾਬਕਾ ਮੁਖੀ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸਫਹਾਨ ਨੂੰ ਨਿਸ਼ਾਨਾ ਬਣਾਉਣਾ ਬਹੁਤ ਅਹਿਮ ਸੀ ਕਿਉਂਕਿ ਇਸ ਦੇ ਆਲੇ ਦੁਆਲੇ ਕਈ ਮਿਲਟਰੀ ਬੇਸ ਮੌਜੂਦ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਕਥਿਤ ਮਿਜ਼ਾੲਲਿ ਹਮਲਾ “ਉਸ ਥਾਂ ਦੇ ਕਰੀਬ ਸੀ ਜਿੱਥੇ ਸਾਨੂੰ ਯਕੀਨ ਹੈ ਕਿ ਈਰਾਨ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”

ਇਜ਼ਰਾਈਲ ਦਾ ਹਮਲਾ ਉਸ ਦੀ ਸਮਰੱਥਾ ਅਤੇ ਮੰਸ਼ਾ ਦਾ ਇੱਕ ਵਿਖਾਵਾ ਸੀ।

ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਦਾਗੇ ਗਏ 300 ਦੇ ਕਰੀਬ ਡਰੋਨ ਅਤੇ ਮਿਜ਼ਾਇਲਾਂ ਨੂੰ ਅਸਮਾਨ ਵਿੱਚ ਹੀ ਰੋਕ ਦਿੱਤਾ ਗਿਆ ਸੀ ਜਦਕਿ ਇਜ਼ਰਾਈਲ ਨੇ ਆਪਣੇ ਨਿਸ਼ਾਨੇ ਉੱਤੇ ਇੱਕ ਜਾਂ ਦੋ ਮਿਜ਼ਾਇਲਾਂ ਦਾਗੀਆਂ ਅਤੇ ਨੁਕਸਾਨ ਕੀਤਾ।

ਈਰਾਨ ਅਧਿਕਾਰੀ ਇਸ ਹਮਲੇ ਨੂੰ ਘੱਟ ਕਰਕੇ ਦਿਖਾ ਰਹੇ ਸਨ ਕਿਉਂਕਿ ਉਹ ਈਰਾਨ ਦੇ ਪੁਰਾਣੇ ਸੁਰੱਖਿਆ ਢਾਂਚੇ ਨੂੰ ਤੋੜਨ ਵਿੱਚ ਇਜ਼ਰਾਈਲ ਨੂੰ ਸਫ਼ਲ ਨਹੀਂ ਦਰਸਾਉਣਾ ਚਾਹੁੰਦੇ ਸਨ।

ਉਹ ਕਹਿੰਦੇ ਹਨ, “ਇਜ਼ਰਾਈਲ ਦੀ ਫੌਜੀ ਸਮਰੱਥਾ ਈਰਾਨ ਨਾਲੋਂ ਕਿਤੇ ਵੱਧ ਹੈ ਅਤੇ ਇਹ ਉਸ ਦਾ ਹੀ ਇੱਕ ਪ੍ਰਦਰਸ਼ਨ ਸੀ।”

ਉਹ ਕਹਿੰਦੇ ਹਨ, “ਈਰਾਨ ਪ੍ਰੌਕਸੀ ਸੰਗਠਨਾਂ ਰਾਹੀਂ ਇਜ਼ਰਾਈਲ ਨਾਲ ਅਸਿੱਧੀ ਜੰਗ ਨੂੰ ਤਰਜੀਹ ਦੇਵੇਗਾ ਬਜਾਏ ਕਿ ਸਿੱਧਾ ਟਾਕਰਾ ਲੈਣ ਦੇ ਜਿੱਥੇ ਇਸ ਨੂੰ ਪਤਾ ਹੈ ਕਿ ਉਨ੍ਹਾਂ ਦਾ ਨੁਕਸਾਨ ਹੋਵੇਗਾ।”

ਰੂਸ ਦੇ ਵਿਦੇਸ਼ ਮੰਤਰੀ ਸਰਗਈ ਲੈਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੇ ਇਜ਼ਰਾਈਲ ਤੱਕ ਇਹ ਸੁਨੇਹਾ ਪਹੁੰਚਾਇਆ ਸੀ ਕਿ ਈਰਾਨ “ਇਸ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ।”

ਰੂਸ ਦੇ ਈਰਾਨ ਦੇ ਨਾਲ ਫੌਜੀ ਸਬੰਧ ਹਨ।

ਲੈਵਰੋਵ ਨੇ ਕਿਹਾ, “ਰੂਸ ਅਤੇ ਈਰਾਨ ਦੇ ਲੀਡਰਾਂ, ਸਾਡੇ ਨੁਮਾਇੰਦਿਆਂ ਅਤੇ ਇਜ਼ਰਾਈਲੀ ਲੋਕਾਂ ਦਾ ਫੋਨ ਉੱਤੇ ਸੰਪਰਕ ਹੋ ਚੁੱਕਿਆ ਹੈ, ਅਸੀਂ ਆਪਣੀ ਗੱਲਬਾਤ ਵਿੱਚ ਇਹ ਕਾਫੀ ਸਪੱਸ਼ਟ ਕੀਤਾ, ਅਸੀਂ ਇਜ਼ਰਾਈਲੀਆਂ ਨੂੰ ਕਿਹਾ ਕਿ ਈਰਾਨ ਇਸ ਤਣਾਅ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ।''

ਬ੍ਰਿਟਨ-ਗੋਰਡਨ ਨੇ ਕਿਹਾ ਕਿ ਈਰਾਨ ਨੇ ਪਿਛਲੇ ਹਫਤੇ ਇਜ਼ਰਾਈਲ 'ਤੇ ਹਮਲਾ ਕਰਕੇ ਥੋੜ੍ਹਾ ਜਿਹਾ ਮਾਣ ਮਹਿਸੂਸ ਕੀਤਾ ਸੀ, ਪਰ ਉਹ ਇਸ ਨੂੰ ਹੋਰ ਨਹੀਂ ਲੈਣਾ ਚਾਹੁੰਦਾ ਸੀ। ਈਰਾਨ ਨੇ ਇਹ ਹਮਲਾ 1 ਅਪ੍ਰੈਲ ਨੂੰ ਸੀਰੀਆ 'ਚ ਆਪਣੇ ਵਣਜ ਦੂਤਘਰ 'ਤੇ ਇਜ਼ਰਾਈਲੀ ਮਿਜ਼ਾਈਲ ਹਮਲੇ ਤੋਂ ਬਾਅਦ ਕੀਤਾ ਸੀ।

"ਉਹ ਜਾਣਦਾ ਹੈ ਕਿ ਇਜ਼ਰਾਈਲ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਜਾਪਦਾ ਹੈ ਕਿ ਉਸ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਦਾ ਸਮਰਥਨ ਵੀ ਹੈ। ਈਰਾਨ ਇਸ ਗੱਲ 'ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰ ਸਕਦਾ ਕਿ ਉਸ ਨੂੰ ਯੂਕਰੇਨ ਦੀ ਬਜਾਏ ਮੱਧ ਪੂਰਬ ਵਿੱਚ ਰੂਸ ਤੋਂ ਕਿੰਨੀ ਥੋੜ੍ਹੀ ਮਦਦ ਮਿਲਦੀ ਹੈ।"

"ਆਖਰੀ ਚੀਜ਼ ਜੋ ਉਹ ਕਰਨਾ ਚਾਹੁੰਦੇ ਹਨ, ਉਹ ਹੈ ਕੁਝ ਪ੍ਰਮੁੱਖ ਕੇਂਦਰਾਂ ਨੂੰ ਪ੍ਰਭਾਵਿਤ ਕਰਨਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)