You’re viewing a text-only version of this website that uses less data. View the main version of the website including all images and videos.
ਭਾਰਤ ’ਚ ਪਿਆਰ ਬਾਰੇ ਫੈਲ ਰਿਹਾ ਆਨਲਾਈਨ ਟਰੈਂਡ ਕਿਵੇਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ
- ਲੇਖਕ, ਸ਼ਰੂਤੀ ਮੈਨਨ
- ਰੋਲ, ਬੀਬੀਸੀ ਵੈਰੀਫਾਈ, ਦਿੱਲੀ
ਭਾਰਤ ਵਿੱਚ 'ਲਵ ਜਿਹਾਦ' ਨਾਂਅ ਦੀ ਸਾਜਿਸ਼ੀ ਥਿਊਰੀ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਫੈਲਾਈ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਸਬੂਤਾਂ ਦੀ ਘਾਟ ਹੈ।
ਇਹ ਇੱਕ ਸਾਜਿਸ਼ੀ ਥਿਊਰੀ (ਸਿਧਾਂਤ) ਹੈ ਜਿਸ ਨੂੰ ਕੁਝ ਹਿੰਦੂ ਸੰਗਠਨ ਲਵ-ਜਿਹਾਦ ਦਾ ਨਾਮ ਦਿੰਦੇ ਹਨ।
ਇਹ ਥਿਊਰੀ ਇਹ ਦਾਅਵਾ ਕਰਦੀ ਹੈ ਕਿ ਮੁਸਲਮਾਨ ਮਰਦ ਇੱਕ ਕਥਿਤ ਧਰਮ ਯੁੱਧ (ਜਿਹਾਦ) ਵਿੱਚ ਸ਼ਾਮਲ ਹਨ ਅਤੇ ਹਿੰਦੂ ਔਰਤਾਂ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ।
ਹੁਣ ਇਸ ਦੇ ਜਵਾਬ ‘ਚ ਇੱਕ ਨਵਾਂ ਸਿਧਾਂਤ ਉਭਰਿਆ ਹੈ।
ਇਹ ਕਿਹਾ ਜਾ ਰਿਹਾ ਹੈ ਕਿ ਹਿੰਦੂ ਮਰਦ ਮੁਸਲਮਾਨ ਔਰਤਾਂ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਉਨ੍ਹਾਂ ਨੂੰ ਹਿੰਦੂ ਧਰਮ ਵਿੱਚ ਸ਼ਾਮਲ ਕਰ ਰਹੇ ਹਨ।
ਇਸਦੀ ਸੋਸ਼ਲ ਮੀਡੀਆ ’ਤੇ ਲੋਕ ਚਰਚਾ ਵੀ ਕਰ ਰਹੇ ਹਨ।
ਇਸ ਨੂੰ ਭਗਵਾਂ ਲਵ ਟਰੈਪ (ਭਗਵੇਂ ਪਿਆਰ ਦੀ ਫਾਹੀ) ਕਿਹਾ ਜਾਂਦਾ ਹੈ।
ਹਾਲਾਂਕਿ ਸਬੂਤ ਤਾਂ ਇਸ ਦੇ ਵੀ ਨਹੀਂ ਹਨ ਪਰ ਇਹ ਸਿਧਾਂਤ ਸੋਸ਼ਲ ਮੀਡੀਆ ਵਿੱਚੋਂ ਨਿਕਲ ਕੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਜ਼ਰੂਰ ਘੋਲ਼ ਰਿਹਾ ਹੈ।
ਕਈ ਥਾਈਂ ਹਿੰਸਾ ਦਾ ਕਾਰਨ ਵੀ ਬਣਿਆ ਹੈ।
'ਮੇਰੀ ਪਰਵਰਿਸ਼ ਉੱਤੇ ਸਵਾਲ ਚੁੱਕੇ ਗਏ'
ਉੱਤਰੀ ਭਾਰਤ ਦੀ ਇੱਕ ਮੁਸਲਮਾਨ ਔਰਤ ਮਰੀਅਮ (ਬਦਲਿਆ ਹੋਇਆ ਨਾਮ) ਨੂੰ ਸੋਸ਼ਲ ਮੀਡੀਆ ’ਤੇ ਭੱਦੇ ਸੁਨੇਹੇ ਭੇਜੇ ਗਏ। ਉਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਦੱਸਿਆ, “ਇਹ ਬਹੁਤ ਬੁਰਾ ਸੀ। ਮੈਨੂੰ ਆਪਣੀਆਂ ਨਜ਼ਰਾਂ ’ਤੇ ਯਕੀਨ ਨਹੀਂ ਆਇਆ।“
ਇੰਟਰਨੈੱਟ ਰਾਹੀਂ ਉਨ੍ਹਾਂ ਦੀ ਨਿੱਜਤਾ ਵਿੱਚ ਸੰਨ੍ਹ ਲਾਇਆ ਗਿਆ। ਉਨ੍ਹਾਂ ਦਾ ਨਾਮ ਅਤੇ ਹੋਰ ਵੇਰੇਵੇ ਇੰਟਰਨੈੱਟ ਤੇ ਨਸ਼ਰ ਕੀਤੇ ਗਏ।
ਕਿਸੇ ਹਿੰਦੂ ਆਦਮੀਆਂ ਨਾਲ ਖੜਿਆਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੋਂ ਚੋਰੀ ਕੀਤੀਆਂ ਗਈਆਂ ਅਤੇ ਇਹ ਪ੍ਰਚਾਰ ਕਰਨ ਕੋਸ਼ਿਸ਼ ਕੀਤੀ ਗਈ ਕਿ ਮਰੀਅਮ ਕਿਸੇ ਹਿੰਦੂ ਮਰਦ ਨਾਲ ਰਿਸ਼ਤੇ ਵਿੱਚ ਹਨ।
ਜਿਹੜੇ ਲੋਕ ਸੋਸ਼ਲ ਮੀਡੀਆ ਰਾਹੀਂ ਮਰੀਅਮ ਤੇ ਹਮਲਾ ਕਰ ਰਹੇ ਸਨ, ਉਨ੍ਹਾਂ ਲਈ ਇਹ ਸਹੀ ਨਹੀਂ ਸੀ।
ਤਸਵੀਰਾਂ ਵਿੱਚ ਖੜ੍ਹੇ ਲੋਕ, ਦੋਸਤ ਸਨ ਨਾ ਕਿ ਪ੍ਰੇਮੀ, ਇਸ ਦੇ ਬਾਵਜੂਦ ਉਨ੍ਹਾਂ ਉੱਪਰ ਹਮਲਾ ਕਰਨ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ।
ਉਹ ਕਹਿ ਰਹੇ ਹਨ, “ਹਿੰਦੂ ਬੰਦਿਆਂ ਨਾਲ ਸੌਂ ਜਾ। ਉਹ ਮੇਰੇ ਮਾਪਿਆਂ ਨੂੰ ਗਾਲ਼ਾਂ ਕੱਢ ਰਹੇ ਸਨ। ਉਹ ਮੇਰੀ ਪਰਵਰਿਸ਼ ਉੱਪਰ ਸਵਾਲ ਚੁੱਕ ਰਹੇ ਸਨ।”
ਭਾਰਤ ਦੇ ਰੂੜ੍ਹੀਵਾਦੀ ਪਰਿਵਾਰਾਂ ਵਿੱਚ ਅੰਤਰ-ਧਰਮ ਵਿਆਹ ਅਜੇ ਵੀ ਚੰਗੇ ਨਹੀਂ ਸਮਝੇ ਜਾਂਦੇ।
ਮਰੀਅਮ ਕਹਿੰਦੇ ਹਨ ਮੁਸਲਮਾਨ ਮਰਦ ਹੀ ਇਹ ਪ੍ਰਚਾਰ ਰਹੇ ਸਨ ਕਿ ਉਹ ਭਗਵਾਂ ਪਿਆਰ ਦੀ ਫਾਹੀ ਵਿੱਚ ਫਸ ਚੁੱਕੇ ਸਨ। ਮਰੀਅਮ ਇਹ ਦਾਅਵਾ ਉਨ੍ਹਾਂ ਬਾਰੇ ਲਿਖਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਦੇ ਪਿਛਲੇ ਲੋਕਾਂ ਦੀ ਪਛਾਣ ਦੇ ਅਧਾਰ ਤੇ ਕਹਿ ਰਹੇ ਹਨ।
ਭਗਵਾਂ ਰੰਗ ਨੂੰ ਹਿੰਦੁਤਵਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਿੰਦੁਤਵਾ ਨੂੰ ਇੱਕ ਕੱਟੜ ਰਾਸ਼ਟਰਵਾਦੀ ਵਿਚਾਰਧਾਰਾ ਵਜੋਂ ਵੀ ਦੇਖਿਆ ਜਾਂਦਾ ਹੈ। ਭਗਵੇਂ ਨੂੰ ਹਿੰਦੁਤਵਾ ਦੇ ਸਮਾਨ ਅਰਥੀ ਵਜੋਂ ਵੀ ਵਰਤਿਆ ਜਾਂਦਾ ਹੈ।
'ਭਗਵਾਂ ਪਿਆਰ ਦੀ ਫਾਹੀ' ਦੇ ਸਿਧਾਂਤ ਮੁਤਾਬਕ ਹਿੰਦੁਤਵਾ ਵਿੱਚ ਯਕੀਨ ਰੱਖਣ ਵਾਲੇ ਮਰਦ ਮੁਸਲਮਾਨ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਂਦੇ ਹਨ। ਉਨ੍ਹਾਂ ਨੂੰ ਆਪਣੇ ਭਾਈਚਾਰੇ ਤੋਂ ਦੂਰ ਕਰਦੇ ਹਨ।
ਮੁੱਢਲੇ ਤੌਰ ’ਤੇ ਇਸ ਵਿਚਾਰ ਨੂੰ ਮੁਸਲਮਾਨ ਮਰਦਾਂ ਵੱਲੋਂ ਹੀ ਹਵਾ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕਈ ਤਾਂ ਸੱਚੀਂ-ਮੁੱਚੀਂ ਇਹ ਯਕੀਨ ਕਰਦੇ ਹਨ ਕਿ ਅਜਿਹਾ ਵਾਕਈ ਹੋ ਰਿਹਾ ਹੈ।
ਬੀਬੀਸੀ ਨੇ ਇਸ ਸਿਧਾਂਤ ਦੀ ਵਕਾਲਤੀਆਂ ਨਾਲ ਗੱਲਬਾਤ ਕੀਤੀ। ਬੀਬੀਸੀ ਨੇ ਉਨ੍ਹਾਂ ਲੋਕਾਂ ਵੱਲੋਂ ਦਿੱਤੀਆਂ ਗਈਆਂ ਮਿਸਾਲਾਂ ਦੀ ਵੀ ਪੁਣਛਾਣ ਕੀਤੀ।
ਬੀਬੀਸੀ ਨੂੰ ਆਪਣੀ ਪੜਤਾਲ ਵਿੱਚ ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ। ਹਾਲਾਂਕ ਇਸੇ ਮਾਰਚ ਤੋਂ ਲਗਭਗ ਦੋ ਲੱਖ ਵਾਰ ਇਸ ਸ਼ਬਦ ਦੀ ਵਰਤੋਂ ਇੰਟਰਨੈੱਟ ਉੱਪਰ ਕੀਤੀ ਜਾ ਚੁੱਕੀ ਹੈ।
ਦੋ ਮੁਸਲਮਾਨ ਵਿਦਿਆਰਥੀਆਂ ਨਾਲ ਕੀ ਵਾਪਰਿਆ
ਸੋਸ਼ਲ ਮੀਡੀਆ ਤੋਂ ਬਾਹਰ ਅਸਲੀ ਦੁਨੀਆਂ ਵਿੱਚ ਵੀ ਇਸਦਾ ਅਸਰ ਨਜ਼ਰ ਆ ਰਿਹਾ ਹੈ।
ਮਈ ਵਿੱਚ ਮੱਧ ਪ੍ਰਦੇਸ਼ ਵਿੱਚ ਫਿਲਮਾਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀ ਗਈ। ਇਸ ਵਿੱਚ ਮੈਡੀਕਲ ਦੇ ਦੋ ਮੁਸਲਮਾਨ ਵਿਦਿਆਰਥੀ ਹਨ।
ਮੁਸਲਮਾਨ ਕੁੜੀ ਅਤੇ ਹਿੰਦੂ ਮੁੰਡਾ ਯੂਨੀਵਰਸਿਟੀ ਤੋਂ ਵਾਪਸ ਆ ਰਹੇ ਹਨ।
ਦੋਵਾਂ ਨੂੰ ਮੁਸਲਮਾਨ ਲੱਗਣ ਵਾਲੇ ਕੁਝ ਮਰਦਾਂ ਦੇ ਸਮੂਹ ਨੇ ਘੇਰ ਲਿਆ। ਉਹ ਕੁੜੀ ਨੂੰ ਕਹਿੰਦੇ ਹਨ ਕਿ ਉਸ ਨੇ ਧਰਮ ਦਾ ਨਾਮ ਖ਼ਰਾਬ ਕਰ ਦਿੱਤਾ ਹੈ।
ਉਹ ਕੁੜੀ ਨੂੰ ਕਹਿੰਦੇ ਹਨ, “ਕੋਈ ਵੀ ਤੈਨੂੰ ਇਸਲਾਮ ਦਾ ਨਿਰਾਦਰ ਕਰਨ ਨਹੀਂ ਦੇਵੇਗਾ।”
ਬੀਬੀਸੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈਆਂ ਅਜਿਹੀਆਂ ਬਹਿਸਾਂ ਦੀਆਂ ਕੋਈ 15 ਵੀਡੀਓ ਦੇਖੀਆਂ ਹਨ। ਸਾਰੀਆਂ ਵਿੱਚ ਇੱਕੋ ਜਿਹਾ ਘਟਨਾਕ੍ਰਮ ਹੈ।
ਐਕਸ (ਪੁਰਾਣਾ ਟਵਿੱਟਰ), ਯੂਟਿਊਬ ਅਤੇ ਇੰਸਟਾਗ੍ਰਾਮ ਵਗੈਰਾ ਉੱਪਰ ਇਨ੍ਹਾਂ ਵੀਡੀਓਜ਼ ਨੂੰ ਇੱਕ ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ। ਇਨ੍ਹਾਂ ਦੇ ਨਾਲ ਭਗਵਾ ਲਵ ਟਰੈਪ ਦਾ ਹੈਸ਼ਟੈਗ ਵੀ ਹੈ।
ਇਹ ਸਿਧਾਂਤ ਪੁਰਾਣੇ ਅਤੇ ਜਾਣੇ ਪਛਾਣੇ ਵਿਚਾਰ ਲਵ ਜਿਹਾਦ ਦੇ ਜਵਾਬ ਵਜੋਂ ਘੜਿਆ ਗਿਆ ਹੈ। ਲਵ ਜਿਹਾਦ ਦੇ ਵਕਾਲਤੀ ਦਾਅਵਾ ਕਰਦੇ ਹਨ ਕਿ ਮੁਸਲਮਾਨ ਮਰਦ ਹਿੰਦੂ ਔਰਤਾਂ ਨੂੰ ਪਿਆਰ ਵਿੱਚ ਫਸਾ ਕੇ ਧਰਮ ਬਦਲੀ ਲਈ ਵਰਗਲਾਉਂਦੇ ਹਨ।
ਲਵ ਜਿਹਾਦ ਨੂੰ ਹਿੰਦੂ ਰਾਸ਼ਟਰਵਾਦੀ ਪਿਛਲੇ ਕਈ ਸਾਲਾਂ ਤੋਂ ਹਵਾ ਦਿੰਦੇ ਆ ਰਹੇ ਹਨ। ਭਗਵਾ ਲਵ ਟਰੈਪ ਵਾਂਗ ਹੀ ਇਹ ਦਾਅਵੇ ਵੀ ਬਿਨਾਂ ਕਿਸੇ ਸਬੂਤ ਦੇ ਹੀ ਫੈਲਦੇ ਰਹੇ ਹਨ ਅਤੇ ਹਿੰਸਾ ਦਾ ਕਾਰਨ ਵੀ ਬਣੇ ਹਨ।
ਭਾਰਤ ਵਿੱਚ ਜ਼ਿਆਦਾਤਰ ਲੋਕ ਘਰ ਦਿਆਂ ਵੱਲੋਂ ਤੈਅ ਕੀਤੇ ਵਿਆਹ ਹੀ ਕਰਵਾਉਂਦੇ ਹਨ ਅਤੇ ਅੰਤਰ-ਧਰਮ ਵਿਆਹ ਬਹੁਤ ਥੋੜ੍ਹੇ ਹਨ।
ਦੋ ਭਾਰਤੀ ਖ਼ਬਰ ਅਦਾਰਿਆਂ ਦੀ ਤਫ਼ਤੀਸ਼ ਵਿੱਚ ਵੀ ਇਨ੍ਹਾਂ ਦੋਵਾਂ ਦਾਵਿਆਂ ਬਾਰੇ ਕੋਈ ਸਬੂਤ ਨਹੀਂ ਮਿਲ ਸਕਿਆ ਸੀ।
ਇਸ ਦੇ ਬਾਵਜੂਦ ਲਵ ਜਿਹਾਦ ਦਾ ਸ਼ਬਦ ਭਾਰਤ ਸਿਆਸਤ ਵਿੱਚ ਆਪਣੀ ਪਕੜ ਜਮਾਂ ਚੁੱਕਿਆ ਹੈ।
ਅਜਿਹੀ ਹੀ ਸਾਲ 2017 ਦੀ ਇੱਕ ਵੀਡੀਓ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਯੋਗੀ ਆਦਿਤਿਆ ਨਾਥ ਕਹਿ ਰਹੇ ਹਨ ਜੇ ਮੁਸਲਮਾਨ ਇੱਕ ਹਿੰਦੂ ਕੁੜੀ ਲਿਜਾਂਦੇ ਹਨ ਤਾਂ ਸਾਨੂੰ ਸੈਂਕੜੇ ਮੁਸਲਮਾਨ ਕੁੜੀਆਂ ਲੈ ਆਉਣੀਆਂ ਚਾਹੀਦੀਆਂ ਹਨ।
ਯੋਗੀ ਦੇ ਅਜਿਹਾ ਕਹਿਣ ਤੋਂ ਬਾਅਦ ਪੰਡਾਲ ਵਿੱਚ ਬੈਠੀ ਭੀੜ ਜੋਸ਼ ਨਾਲ ਭਰ ਜਾਂਦੀ ਹੈ।
ਭਗਵਾਂ ਪਿਆਰ ਦੀ ਫਾਹੀ ਦੇ ਸਿਧਾਂਤ ਦੇ ਕਈ ਵਕਾਲਤੀਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਸਿਧਾਂਤ ਦੇ ਸਬੂਤ ਵਜੋਂ ਸਾਂਝੀ ਕੀਤੀ ਹੈ।
ਇਸ ਬਿਆਨ ਤੋਂ ਬਾਅਦ ਯੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਗਏ।
ਬੀਬੀਸੀ ਨੇ ਉਨ੍ਹਾਂ ਨੂੰ ਪੁੱਛਿਆ ਕੀ ਉਹ ਆਪਣੇ ਉਸ ਬਿਆਨ ਨਾਲ ਖੜ੍ਹੇ ਹਨ। ਯੋਗੀ ਨੇ ਬੀਬੀਸੀ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।
ਅਸੀਂ ਭਗਵਾਂ ਪਿਆਰ ਫਾਹੀ ਦੇ ਸਿਧਾਂਤ ਦੇ ਹਮਾਇਤੀਆਂ ਵੱਲੋਂ ਸਾਡੇ ਨਾਲ ਸਾਂਝੇ ਕੀਤੇ 10 ਉਦਾਹਰਨਾਂ ਦੀ ਜਾਂਚ ਕੀਤੀ।
ਇਨ੍ਹਾਂ ਮਿਸਾਲਾਂ ਰਾਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਧਾਂਤ ਸਹੀ ਹੈ।
ਥਿਊਰੀ ਦੇ ਹਮਾਇਤੀ ਇਹ ਮੰਨਦੇ ਹਨ ਕਿ ਇਹ ਮਿਸਾਲਾਂ ਇਹ ਦਰਸਾਉਂਦੀਆਂ ਹਨ ਕਿ ਹਿੰਦੂ ਮਰਦ ਮੁਸਲਮਾਨ ਕੁੜੀਆਂ ਨੂੰ ਜਾਣ-ਬੁੱਝ ਕੇ ਆਪਣੇ ਪਿਆਰ ਦੀ ਫਾਹੀ ਵਿੱਚ ਫਸਾ ਰਹੇ ਹਨ ਜਾਂ ਵਿਆਹ ਕਰਵਾ ਰਹੇ ਹਨ ਤਾਂ ਜੋ ਧਰਮ ਬਦਲੀ ਕਰਵਾਇਆ ਜਾ ਸਕੇ।
ਮੁਸਲਮਾਨ ਔਰਤਾਂ ਨਾਲ ਅਜਿਹਾ ਉਨ੍ਹਾਂ ਦੀ ਧਾਰਮਿਕ ਪਛਾਣ ਕਾਰਨ ਕੀਤਾ ਜਾ ਰਿਹਾ ਹੈ।
ਹਾਲਾਂਕਿ ਸਾਡੇ ਨਾਲ ਸਾਂਝੀਆਂ ਕੀਤੀਆਂ ਸਾਰੀਆਂ ਮਿਸਾਲਾਂ ਵਿੱਚ ਹੀ ਮੁਸਲਮਾਨ ਔਰਤਾਂ ਹਿੰਦੂ ਮਰਦਾਂ ਨਾਲ ਰਿਸ਼ਤੇ ਵਿੱਚ ਸਨ। ਜਦਕਿ ਦੋ ਮਾਮਲਿਆਂ ਵਿੱਚ ਔਰਤਾਂ ਨੇ ਆਪਣਾ ਧਰਮ ਨਹੀਂ ਬਦਲਿਆ ਸੀ।
ਬਾਕੀ ਛੇ ਮਿਸਾਲਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁਸਲਮਾਨ ਔਰਤਾਂ ਦੇ ਕਥਿਤ ਹਿੰਦੂ ਪ੍ਰੇਮੀਆਂ ਵਗੈਰਾ ਨੇ ਉਨ੍ਹਾਂ ਔਰਤਾਂ ਨੂੰ ਧਾਰਮਿਕ ਪਛਾਣ ਕਾਰਨ ਕਤਲ ਕਰ ਦਿੱਤਾ ਸੀ।
ਜਦਕਿ ਚਾਰ ਵਿੱਚ ਪੁਲਿਸ ਦੇ ਬਿਆਨ ਮੁਤਾਬਕ ਕਤਲ ਦੀ ਵਜ੍ਹਾ ਪਰਿਵਾਰਕ ਕਲੇਸ਼, ਆਰਥਿਕ ਤੰਗੀਆਂ ਸਨ। ਇਨ੍ਹਾਂ ਰਿਸ਼ਤਿਆਂ ਵਿੱਚ ਭਗਵਾਂ ਪਿਆਰ ਦੀ ਫਾਹੀ ਵਰਗੀ ਕੋਈ ਗੱਲ ਨਹੀਂ ਸੀ।
ਭਗਵਾਂ ਪਿਆਰ ਦੀ ਫਾਹੀ ਬਾਰੇ ਅਜਿਹੀਆਂ ਕੁਝ ਵੀਡੀਓ ਨੂੰ ਭਾਰਤੀ ਤੱਥ ਪੜਤਾਲ ਵੈਬਸਾਈਟ ਬੂਮ ਲਾਈਵ ਨੇ ਝੂਠਾ ਸਾਬਤ ਕੀਤਾ ਹੈ।
ਹਿੰਦੁਤਵਾ ਆਗੂ ਭਗਵਾਂ ਪਿਆਰ ਦੀ ਫਾਹੀ ਦੀ ਹੋਂਦ ਤੋਂ ਇਨਕਾਰ ਕਰਦੇ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਅਲੋਕ ਕੁਮਾਰ ਕਹਿੰਦੇ ਹਨ, “ਹਿੰਦੂਆਂ ਵੱਲੋਂ ਅਜਿਹੀ ਕੋਈ ਵੀ ਫਾਹੀ ਚਲਾਏ ਜਾਣ ਦੇ ਕੋਈ ਸਬੂਤ ਨਹੀਂ ਹਨ।“
ਉਨ੍ਹਾਂ ਦਾ ਕਹਿਣਾ ਹੈ ਕਿ ਜਮਾਈ ਵਰਗੇ ਵਿਦਵਾਨਾਂ ਦੇ ਦਾਅਵਿਆਂ ਵਿੱਚ ਕੋਈ ਦਮ ਨਹੀਂ ਹੈ।
ਹਾਲਾਂਕਿ ਅਲੋਕ ਕੁਮਾਰ ਨੂੰ ਲਗਦਾ ਹੈ ਕਿ ਲਵ ਜਿਹਾਦ ਜ਼ਰੂਰ ਸੱਚ ਹੈ।
ਉਹ ਕਹਿੰਦੇ ਹਨ, “ਅਜਿਹੇ ਬਹੁਤ ਸਾਰੇ ਮੁਸਲਮਾਨ ਮਰਦ ਹਨ ਜੋ ਹਿੰਦੂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ।”
ਦੇਖਿਆ ਜਾਵੇ ਤਾਂ ਇਹ ਦੋਵੇਂ ਸਾਜਿਸ਼ੀ ਸਿਧਾਂਤ ਇੱਕ-ਦੂਜੇ ਦੇ ਕੱਟੜ ਵਿਰੋਧੀ ਹਨ।
ਫਾਤਿਮਾ ਖ਼ਾਨ ਭਗਵਾਂ ਲਵ ਟਰੈਪ ਬਾਰੇ ਲਿਖਣ ਵਾਲੇ ਮੁਢੱਲੇ ਪੱਤਰਕਾਰਾਂ ਵਿੱਚੋਂ ਇੱਕ ਹਨ।
ਉਹ ਕਹਿੰਦੇ ਹਨ, “ਲਵ ਜਿਹਾਦ ਨੂੰ ਭਾਰੀ ਸਿਆਸੀ ਹਮਾਇਤ ਹੈ। ਖ਼ਾਸਕਰ ਸੱਤਾਧਾਰੀ ਭਾਜਪਾ ਵੱਲੋਂ। ਦੂਜੇ ਪਾਸੇ ਭਗਵਾਂ ਲਵ ਟਰੈਪ ਅਜੇ ਉੱਭਰ ਰਿਹਾ ਸਾਜਿਸ਼ੀ ਸਿਧਾਂਤ ਹੈ। ਇਸ ਨੂੰ ਕੋਈ ਸਿਆਸੀ ਹਮਾਇਤ ਹਾਸਲ ਨਹੀਂ ਹੈ।”
ਭਾਰਤ ਵਿੱਚ ਸਮਾਂਤਰ ਚੱਲ ਰਹੀਆਂ ਹੋਰ ਕਈ ਚਰਚਾਵਾਂ ਵਾਂਗ ਇਹ ਚਰਚਾ ਵੀ ਗਰਮ ਹੈ।
ਫਿਰ ਵੀ ਇੱਕ ਗੱਲ ਜ਼ਰੂਰ ਸਪਸ਼ਟ ਹੈ ਕਿ ਭਾਰਤੀ ਸਮਾਜ ਦੀਆਂ ਫਿਰਕੂ ਵੰਡੀਆਂ ਅਜਿਹੇ ਸਾਜਿਸ਼ੀ ਸਿਧਾਂਤਾਂ ਨੂੰ ਵਧਣ-ਫੁੱਲਣ ਲਈ ਪੂਰਨ ਉਪਜਾਊ ਜ਼ਮੀਨ ਦਿੰਦੀਆਂ ਹਨ।
ਅਜਿਹੇ ਪਹਿਲਾਂ ਇੰਟਰਨੈੱਟ ਉੱਪਰ ਫੈਲਦੇ ਹਨ ਫਿਰ ਇਨ੍ਹਾਂ ਦਾ ਅਸਰ ਆਮ ਲੋਕ ਜੀਵਨ ਵਿੱਚ ਵੀ ਦੇਖਣ ਨੂੰ ਮਿਲਦਾ ਹੈ।
ਮਰੀਅਮ ਵਰਗੀਆਂ ਮੁਸਲਮਾਨ ਔਰਤਾਂ ਜਿਨ੍ਹਾਂ ਦੀ ਨਿੱਜਤਾ ਵਿੱਚ ਘੁਸਪੈਠ ਕੀਤੀ ਗਈ।
ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਮਿਲੇ ਨਫ਼ਰਤੀ ਸੁਨੇਹਿਆਂ ਤੋਂ ਬਾਅਦ ਕਿਸੇ ਸੰਭਾਵੀ ਹਿੰਸਕ ਆਹਮੋ-ਸਾਹਮਣੇ ਨੂੰ ਟਾਲਣ ਲਈ ਕੰਮ ਤੋਂ ਛੁੱਟੀ ਲੈਣੀ ਪਈ।
ਉਹ ਕਹਿੰਦੇ ਹਨ, “ਪਹਿਲੀ ਵਾਰ, ਮੈਨੂੰ ਆਪਣੇ ਗਲੀ-ਗੁਆਂਢ ਵਿੱਚ ਅਸੁਰੱਖਿਅਤ ਮਹਿਸੂਸ ਹੋਇਆ ਅਤੇ ਮੈਨੂੰ ਬਾਹਰ ਨਿਕਲਣ ਤੋਂ ਡਰ ਲਗਦਾ ਸੀ।”
ਖ਼ੁਦ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਨੂੰ ਇਹ ਕਹਿੰਦੇ ਹਨ, “ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਔਰਤਾਂ ਦੀ ਰਾਖੀ ਕਰ ਰਹੇ ਹੋ। ਅਸਲ ਵਿੱਚ ਤੁਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਨਰਕ ਬਣਾ ਰਹੇ ਹੋ।”