ਯੂਪੀ ਸਰਕਾਰ ਨੇ ਪਾਸ ਕੀਤਾ 'ਲਵ ਜਿਹਾਦ' ਦੇ ਖ਼ਿਲਾਫ਼ ਆਰਡੀਨੈਂਸ - ਪ੍ਰੈਸ ਰਿਵੀਊ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਲਵ ਜਿਹਾਦ ਦੇ ਖਿਲਾਫ਼ ਸਖ਼ਤ ਕਦਮ ਚੁੱਕਣ ਵੱਲ ਵੱਧ ਗਈ ਹੈ। ਯੂਪੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਲਵ ਜਿਹਾਦ ਦੇ ਖਿਲਾਫ਼ ਇੱਕ ਆਰਡੀਨੈਂਸ ਪਾਸ ਕੀਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਮੁਤਾਬਕ, ਇਸ ਆਰਡੀਨੈਂਸ ਵਿੱਚ ਧਰਮ ਨੂੰ ਧੋਖਾਧੜੀ ਨਾਲ ਬਦਲਣ ਲਈ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ 15,000 ਤੋਂ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਵਿਆਹ ਲਈ ਧਰਮ ਬਦਲਣ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਅਜਿਹੇ ਵਿਆਹ ਨੂੰ ਰੱਦ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ

ਜੇ ਐਸਸੀ-ਐਸਟੀ ਕਮਿਊਨਿਟੀ ਦੀਆਂ ਨਾਬਾਲਗਾਂ ਅਤੇ ਔਰਤਾਂ ਨਾਲ ਅਜਿਹਾ ਹੁੰਦਾ ਹੈ ਤਾਂ 25,000 ਰੁਪਏ ਜੁਰਮਾਨੇ ਦੇ ਨਾਲ 3-10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਯੂਪੀ ਸਰਕਾਰ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਇਹ ਆਰਡੀਨੈਂਸ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਅਤੇ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 100 ਤੋਂ ਵੱਧ ਘਟਨਾਵਾਂ ਵਾਪਰਨ ਦੀ ਖ਼ਬਰ ਮਿਲੀ ਹੈ, ਜਿਸ ਵਿੱਚ ਜ਼ਬਰਦਸਤੀ ਧਰਮ ਬਦਲਿਆ ਗਿਆ ਹੈ।

Nivar ਚੱਕਰਵਾਤ: ਤਾਮਿਲਨਾਡੂ ਨੇ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ

ਚੱਕਰਵਾਤੀ ਤੂਫਾਨ ਨਿਵਾਰ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਿਨਾਰਿਆਂ 'ਤੇ ਮੰਗਲਵਾਰ ਅਤੇ ਵੀਰਵਾਰ ਦੇ ਵਿਚਕਾਰ ਟਕਰਾਏਗਾ।

ਬੰਗਾਲ ਦੀ ਖਾੜੀ ਤੋਂ ਉੱਠ ਰਹੇ ਇਸ ਤੂਫਾਨ ਦੇ ਕਾਰਨ, ਬਹੁਤ ਸਾਰੇ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਬੀਬੀਸੀ ਨਿਊਜ਼ ਹਿੰਦੀ ਦੀ ਖ਼ਬਰ ਮੁਤਾਬਕ, ਭਾਰਤ ਦੇ ਮੌਸਮ ਵਿਭਾਗ ਨੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਇਕਲ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਭਾਰਤ ਦੇ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਚੱਕਰਵਾਤ, ਜੋ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਤੋਂ ਉੱਠਿਆ, ਪੰਜ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ-ਉੱਤਰ ਵੱਲ ਵਧਿਆ ਅਤੇ ਨਿਵਾਰ ਤੂਫਾਨ ਵਿੱਚ ਬਦਲ ਗਿਆ ਹੈ।

ਮੌਸਮ ਵਿਭਾਗ ਨੇ ਤਾਮਿਲਨਾਡੂ ਅਤੇ ਪੁਡੂਚੇਰੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਤੱਟਵਰਤੀ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਕੋਰੋਨਾਵਾਇਰਸ: ਹਿਮਾਚਲ 'ਚ ਸਭ ਤੋਂ ਵੱਧ ਹੋਈ ਲਾਗ ਦੀ ਦਰ

ਹਿਮਾਚਲ ਪ੍ਰਦੇਸ਼ ਹੁਣ ਕੋਰੋਨਾਵਾਇਰਸ ਦੀ ਚਪੇਟ 'ਚ ਬੁਰੀ ਤਰ੍ਹਾਂ ਆ ਰਿਹਾ ਹੈ। ਭਾਰਤ ਵਿੱਚ ਸਭ ਤੋਂ ਵੱਧ ਲਾਗ ਦੀ ਦਰ ਇਸ ਸੂਬੇ 'ਚ ਦਰਜ ਕੀਤੀ ਗਈ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਦਾ ਪੌਜ਼ੀਟਿਵਿਟੀ ਰੇਟ 15.3 ਫ਼ੀਸਦ ਹੋ ਗਿਆ ਹੈ ਜੋ ਕਿ ਭਾਰਤ 'ਚ ਸਭ ਤੋਂ ਵੱਧ ਹੈ। ਮੌਜੂਦਾ ਹਾਲਾਤਾਂ ਕਾਰਨ ਸੂਬੇ ਵਿੱਚ ਸਿਹਤ ਪ੍ਰਣਾਲੀ ਵੀ ਚਰਮਰਾ ਗਈ ਹੈ।

ਦਿੱਲੀ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ।

ਪਿਛਲੇ 15 ਦਿਨਾਂ 'ਚ ਲਾਗ ਦੇ ਮਾਮਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਖ਼ਾਸਕਰ ਸ਼ਿਮਲਾ, ਮੰਡੀ, ਕੁਲੂ ਅਤੇ ਕਾਂਗੜਾ ਜ਼ਿਲ੍ਹੇ ਕੋਰੋਨਾ ਦੀ ਲਾਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)