You’re viewing a text-only version of this website that uses less data. View the main version of the website including all images and videos.
ਆਸਟ੍ਰੇਲੀਆ ਨੇ ਸਮੁੰਦਰ ਕੰਢੇ ਮਿਲੇ ਰਾਕੇਟ ਮਲਬੇ ਨੂੰ ਲੈ ਕੇ ਭਾਰਤ ਦਾ ਨਾਮ ਕਿਵੇਂ ਆਇਆ
ਆਸਟ੍ਰੇਲੀਆ ਵਿੱਚ ਸਮੁੰਦਰ ਕੰਢੇ ਮਿਲੀ ਇੱਕ ਗੁਬੰਦਨੁਮਾ ਧਾਤੂ ਦੀ ਵਸਤੂ ਨੂੰ ਲੈ ਕੇ ਹੁਣ ਆਸਟ੍ਰੇਲੀਆ ਸਪੇਸ ਏਜੰਸੀ ਨੇ ਨਵਾਂ ਦਾਅਵਾ ਕੀਤਾ ਹੈ।
ਆਸਟ੍ਰੇਲੀਆ ਦੀ ਸਪੇਸ ਏਜੰਸੀ ਨੇ ਕਿਹਾ ਹੈ ਕਿ ਸਮੁੰਦਰ ਕੰਢੇ ਮਿਲੀ ਵਸਤੂ ਦਾ ਭਾਰਤ ਨਾਲ ਤਾਅਲੁਕ ਹੋ ਸਕਦਾ ਹੈ।
ਦੱਸਣਯੋਗ ਹੈ ਕਿ 14 ਜੁਲਾਈ ਨੂੰ ਭਾਰਤ ਦੀ ਸਪੇਸ ਏਜੰਸੀ ਇਸਰੋ ਨੇ ਚੰਦਰਯਾਨ-3 ਸਫ਼ਲਤਾ ਨਾਲ ਲੌਂਚ ਕੀਤਾ ਸੀ। ਇਸ ਲੌਂਚਿੰਗ ਵਿੱਚ ਪੀਐਸਐਲਵੀ ਰਾਕੇਟ ਦਾ ਇਸਤੇਮਾਲ ਕੀਤਾ ਗਿਆ ਸੀ।
ਕੁਝ ਦਿਨਾਂ ਬਾਅਦ ਹੀ ਆਸਟ੍ਰੇਲੀਆ ਦੇ ਕੰਢੇ ਉੱਤੇ ਇੱਕ ਧਾਤੂ ਵਰਗੀ ਚੀਜ਼ ਮਿਲੀ ਸੀ ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਇਹ ਪੀਐਸਐਲਵੀ ਰਾਕੇਟ ਦਾ ਹੀ ਟੁਕੜਾ ਹੈ।
ਹਾਲਾਂਕਿ ਉਸ ਸਮੇਂ ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਇਸ ਦੇ ਭਾਰਤ ਨਾਲ ਜੁੜੇ ਹੋਣ ਦੀ ਪੁਸ਼ਟੀ ਨਹੀਂ ਕੀਤੀ ਸੀ।
ਉਸ ਸਮੇਂ ਆਸਟ੍ਰੇਲੀਆ ਦੀ ਸਪੇਸ ਏਜੰਸੀ ਨੇ ਕਿਹਾ ਸੀ ਕਿ ਇਹ ਮਲਬਾ ਕਿਸੇ ਵਿਦੇਸ਼ੀ ਸਪੇਸ ਲੌਂਚ ਵਾਹਨ ਦਾ ਹੋ ਸਕਦਾ ਹੈ ਜੋ ਸਮੁੰਦਰ ਵਿੱਚ ਡਿੱਗ ਗਿਆ ਹੋਵੇ ਪਰ ਏਜੰਸੀ ਅੱਗੇ ਦਾ ਵਿਸ਼ਲੇਸ਼ਣ ਕਰਨ ਲਈ ਦੁਨੀਆਂ ਦੀਆਂ ਬਾਕੀ ਪੁਲਾੜ ਏਜੰਸੀਆਂ ਦੇ ਰਾਬਤੇ ਵਿੱਚ ਹਨ।
ਇਹ ਵੀ ਪੜ੍ਹੋ:
ਆਸਟ੍ਰੇਲੀਆ ਨੇ ਹੁਣ ਕੀ ਕਿਹਾ
ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਸਮੁੰਦਰ ਕੰਢੇ ਉੱਤੇ ਮਿਲੀ ਵਸਤੂ ਦਾ ਸਬੰਧ ਭਾਰਤ ਨਾਲ ਹੋ ਸਕਦਾ ਹੈ।
ਏਜੰਸੀ ਨੇ ਟਵੀਟ ਕੀਤਾ ਹੈ, ‘‘ਪੱਛਮੀ ਆਸਟ੍ਰੇਲੀਆ ਦੇ ਜੂਰੀਅਨ ਬੇਅ ਦੇ ਨੇੜੇ ਸਮੰਦਰ ਕੰਢੇ ਉੱਤੇ ਮਿਲੀ ਵਸਤੂ ਨੂੰ ਲੈ ਕੇ ਅਸੀਂ ਨਤੀਜਾ ਕੱਢਿਆ ਹੈ। ਅਜਿਹਾ ਅੰਦਾਜ਼ਾ ਹੈ ਕਿ ਇਹ ਪੋਲਰ ਸੈਟੇਲਾਈਟ ਲੌਂਚ ਵਹੀਕਲ (ਪੀਐਸਐਲਵੀ) ਦੇ ਥਰਡ ਸਟੇਜ ਦਾ ਮਲਬਾ ਹੋ ਸਕਦਾ ਹੈ। ਪੀਐਸਐਲਵੀ ਮੀਡੀਅਮ ਲਿਫ਼ਟ ਲੌਂਚ ਵਹੀਕਲ ਹੈ ਜਿਸ ਨੂੰ ਇਸਰੋ ਸੰਚਾਲਿਤ ਕਰਦਾ ਹੈ।’’
ਇਸ ਤੋਂ ਬਾਅਦ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਲਬੇ ਨੂੰ ਲੈ ਕੇ ਉਹ ਇਸਰੋ ਦੇ ਨਾਲ ਕੰਮ ਰਹੇ ਹਨ ਅਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਅੱਗੇ ਨਿਕਲ ਕੇ ਆਏਗੀ, ਨਾਲ ਹੀ ਸੰਯੁਕਤ ਰਾਸ਼ਟਰ ਦੀਆਂ ਪੁਲਾੜ ਸੰਧੀਆਂ ਦੀ ਜ਼ਿੰਮੇਵਾਰੀ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਆਸਟ੍ਰੇਲੀਆਈ ਸਪੇਸ ਏਜੰਸੀ ਨੇ ਅਗਲੇ ਟਵੀਟ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇ ਕੋਈ ਹੋਰ ਸ਼ੱਕੀ ਕਚਰਾ ਦੇਖਣ ਤਾਂ ਸਥਾਨਕ ਪ੍ਰਸ਼ਾਸਨ ਨੂੰ ਅਤੇ ਆਸਟ੍ਰੇਲੀਆਈ ਸਪੇਸ ਏਜੰਸੀ ਨੂੰ ਵੈੱਬਸਾਈਟ ਉੱਤੇ ਜਾਣਕਾਰੀ ਦੇਣ।
ਏਜੰਸੀ ਨੇ ਕਿਹਾ ਹੈ ਕਿ ਉਹ ਬਾਹਰੀ ਪੁਲਾੜ ਗਤੀਵਿਧੀਆਂ ਦੀ ਲੰਮਾ ਸਮਾਂ ਸਥਿਰਤਾ ਤੋਂ ਲੈ ਕੇ ਮਲਬੇ ਦਾ ਨਿਪਟਾਰਾ ਅਤੇ ਅੰਤਰਰਾਸ਼ਟਰੀ ਪੱਤਰ ਉੱਤੇ ਇਸ ਬਾਰੇ ਵਿੱਚ ਦੱਸਣਾ ਜਾਰੀ ਰੱਖਣ ਨੂੰ ਲੈ ਕੇ ਉਹ ਵਚਨਬੱਧ ਹਨ।
ਇਸਰੋ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਮਾਮਲਾ ਕੀ ਹੈ
ਆਸਟ੍ਰੇਲੀਆ ਦੇ ਪਰਥ ਤੋਂ 250 ਕਿਲੋਮੀਟਰ ਦੂਰ ਸਮੰਦਰ ਤੱਟ ਉੱਤੇ 15 ਤੋਂ 16 ਜੁਲਾਈ ਵਿਚਾਲੇ ਇਹ ਵਸਤੂ ਮਿਲੀ ਸੀ। ਉਦੋਂ ਤੋਂ ਹੀ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਹਨ।
ਇਹ ਬੇਲਨਾਕਾਰ ਵਸਤੂ ਕਰੀਬ ਢਾਈ ਮੀਟਰ ਚੌੜੀ ਸੀ ਅਤੇ ਤਿੰਨ ਮੀਟਰ ਲੰਬੀ ਸੀ। ਜਦੋਂ ਤੋਂ ਇਹ ਵਸਤੂ ਸਮੰਦਰ ਕੰਢੇ ਮਿਲੇ ਸੀ, ਸਥਾਨਕ ਵਾਸੀ ਇਸ ਨੂੰ ਦੇਖਣ ਲਈ ਉਤਸ਼ਾਹਿਤ ਸਨ।
ਸ਼ੁਰੂਆਤ ਵਿੱਚ ਇਹ ਕਿਆਸ ਲਗਾਏ ਗਏ ਸਨ ਕਿ ਇਹ ਲਾਪਤਾ ਹੋਏ ਜਹਾਜ਼ ਐੱਚਐੱਮ 370 ਦਾ ਮਲਬਾ ਹੋ ਸਕਦਾ ਹੈ। ਇਹ ਜਹਾਜ਼ ਸਾਲ 2014 ਵਿੱਚ ਪੱਛਮੀ ਆਸਟ੍ਰੇਲੀਆ ਦੇ ਤੱਟੀ ਇਲਾਕੇ ਤੋਂ ਦੂਰ ਸਮਦਰ ਦੇ ਕਰੀਬ ਲਾਪਤਾ ਹੋ ਗਿਆ ਸੀ, ਇਸ ਵਿੱਚ 239 ਯਾਤਰੀ ਸਵਾਰ ਸਨ।
ਪਰ ਮਾਹਰਾਂ ਨੇ ਇਸ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਇਹ ਕਿਸੇ ਕਮਰਸ਼ੀਅਲ ਜਹਾਜ਼ ਦਾ ਹਿੱਸਾ ਨਹੀਂ ਹੈ ਅਤੇ ਸੰਭਾਵਨਾ ਹੈ ਕਿ ਇਹ ਕਿਸੇ ਰਾਕੇਟ ਦਾ ਹਿੱਸਾ ਹੋ ਸਕਦਾ ਹੈ ਜੋ ਕਦੇ ਹਿੰਦ ਮਹਾਸਾਗਰ ਵਿੱਚ ਡਿੱਗਿਆ ਹੋਵੇਗਾ।
ਇਸ ਤੋਂ ਬਾਅਦ ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਹ ਕਿਸੇ ਵਿਦੇਸ਼ੀ ਸਪੇਸ ਲੌਂਚ ਵਹੀਕਲ ਤੋਂ ਡਿੱਗਿਆ ਹੋਵੇਗਾ।
ਇਸਰੋ ਨੇ ਕੀ ਕਿਹਾ ਸੀ
ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾਣ ਲੱਗੇ ਕਿ ਇਹ ਪੀਐਸਐਲਵੀ ਦਾ ਫਊਲ ਟੈਂਕ ਹੋ ਸਕਦਾ ਹੈ।
ਭਾਰਤ ਦੀ ਪੁਲਾੜ ਸੰਸਥਾ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ) ਨਿਯਮਿਤ ਤੌਰ ਉੱਤੇ ਪੋਲਰ ਸੈਟੇਲਾਈਟ ਲੌਂਚ ਵਹੀਕਲ (ਪੀਐਸਐਲਵੀ) ਦਾ ਇਸਤੇਮਾਲ ਕਰਦੀ ਹੈ।
ਇਸ ਤੋਂ ਬਾਅਦ ਚਰਚਾ ਹੋਣ ਲੱਗੀ ਕਿ ਇਹ ਚੰਦਰਯਾਨ ਦੇ ਲੌਂਚ ਰਾਕੇਟ ਦਾ ਹਿੱਸਾ ਹੋ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਮੰਨਣਾ ਸੀ ਕਿ ਇਹ ਚੀਜ਼ ਕਈ ਮਹੀਨਿਆਂ ਤੱਕ ਪਾਣੀ ਦੇ ਅੰਦਰ ਰਹੀ ਹੈ।
ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਉਹ ਵੀ ਇਸ ਤਰਕ ਦਾ ਸਮਰਥਨ ਕਰਦੀਆਂ ਸਨ ਕਿਉਂਕਿ ਇਸ ਦੀ ਧਰਾਤਲ ਉੱਤੇ ਕਈ ਸ਼ੰਖ ਦਿਖ ਰਹੇ ਸਨ।
ਇਸਰੋ ਦੇ ਮੁਖੀ ਐਸ ਸੋਮਨਾਥ ਨੇ ਬੀਬੀਸੀ ਨੂੰ ਕਿਹਾ ਸੀ ਕਿ ਇਸ ਚੀਜ਼ ਨੂੰ ਲੈ ਕੇ ਕੋਈ ਰਹੱਸ ਨਹੀਂ ਹੈ ਅਤੇ ਇਹ ਸਪਸ਼ਟ ਹੈ ਕਿ ਇਹ ਕਿਸੇ ਰਾਕੇਟ ਦਾ ਹੀ ਹਿੱਸਾ ਹੈ।
‘‘ਇਹ ਪੀਐਸਐਲਵੀ ਦਾ ਹਿੱਸਾ ਹੋ ਸਕਦਾ ਹੈ ਜਾਂ ਕਿਸੇ ਹੋਰ ਰਾਕੇਟ ਦਾ, ਜਦੋਂ ਤੱਕ ਅਸੀਂ ਇਸ ਨੂੰ ਦੇਖਾਂਗੇ ਨਹੀਂ ਅਤੇ ਇਸ ਦਾ ਪ੍ਰੀਖਣ ਨਹੀਂ ਕਰਾਂਗੇ, ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।’’
ਆਸਟ੍ਰੇਲੀਆ ਦੇ ਪ੍ਰਸ਼ਾਸਨ ਨੇ ਵੀ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀਆਂ ਜਾਰੀ ਨਹੀਂ ਕੀਤੀਆਂ ਸਨ।