You’re viewing a text-only version of this website that uses less data. View the main version of the website including all images and videos.
ਧਰਤੀ ਤੋਂ 15 ਲੱਖ ਕਿੱਲੋਮੀਟਰ ਦੂਰ ਸਥਾਪਿਤ ਹੋਣ ਵਾਲਾ ਜੇਮਜ਼ ਵੈਬ ਟੈਲੀਸਕੋਪ ਪੁਲਾੜ ਦੇ ਇਹ ਰਾਜ਼ ਉਜਾਗਰ ਕਰ ਸਕਦਾ ਹੈ
- ਲੇਖਕ, ਜੌਨਥਨ ਅਮੋਸ
- ਰੋਲ, ਸਾਇੰਸ ਪੱਤਰਕਾਰ
ਦਸ ਬਿਲੀਅਨ ਡਾਲਰ ਨਾਲ ਬਣੀ ਜੇਮਜ਼ ਵੈਬ ਪੁਲਾੜੀ ਟੈਲੀਸਕੋਪ ਸ਼ਨਿੱਚਰਵਾਰ ਨੂੰ ਦੂਰ ਪੁਲਾੜ ਦੇ ਨਜ਼ਾਰੇ ਸਾਡੇ ਤੱਕ ਪਹੁੰਚਾਉਣ ਦੇ ਮਕਸਦ ਨਾਲ ਧਰਤੀ ਤੋਂ ਵਿਦਾ ਹੋ ਗਈ ਹੈ।
ਇਸ ਮਹਾਂ ਦੂਰਬੀਨ ਨੰ ਫਰੈਂਚ ਗੁਆਨਾ ਦੇ ਕੌਰੂ ਪੁਲਾੜ ਸਟੇਸ਼ਨ ਤੋਂ ਇੱਕ ਰਾਕਟ ਦੀ ਮਦਦ ਨਾਲ ਅੰਬਰਾਂ ਦੇ ਸਫ਼ਰ 'ਤੇ ਰਵਾਨਾ ਕੀਤਾ ਗਿਆ।
ਇਹ ਧਰਤੀ ਤੋਂ ਦਾਗੇ ਜਾਣ ਤੋਂ ਅੱਧੇ ਘੰਟੇ ਦੇ ਵਿੱਚ ਹੀ ਆਪਣੇ ਪਰਿਕਰਮਾਪੱਥ ਵਿੱਚ ਸਥਿਤ ਹੋ ਗਈ ਅਤੇ ਇਸ ਦੀ ਪੁਸ਼ਟੀ ਕੀਨੀਆ ਦੇ ਮਾਲਿੰਡੀ ਵਿੱਚ ਲੱਗੇ ਇੱਕ ਅੰਟੀਨੇ ਵੱਲੋਂ ਹਾਸਲ ਇਸਦੇ ਸੰਕੇਤਾਂ ਤੋਂ ਹੋਈ।
ਜੇਮਜ਼ ਵੈਬ ਚੰਦ ਉੱਪਰ ਜਾਣ ਵਾਲੇ ਪਹਿਲੇ ਅਪੋਲੋ ਮਿਸ਼ਨ ਦੇ ਘਾੜਿਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦੇ ਨਾਮ ’ਤੇ ਇਸ ਟੈਲੀਸਕੋਪ ਦਾ ਨਾਮ ਰੱਖਿਆ ਗਿਆ ਹੈ।
ਇਸ ਟੈਲੀਸਕੋਪ ਨੂੰ ਅਮਰੀਕੀ, ਕੈਨੇਡੀ ਅਤੇ ਯੂਰਪੀ ਇੰਜੀਨੀਅਰਾਂ ਨੇ ਮਿਲ ਕੇ ਬਣਾਇਆ ਹੈ ਅਤੇ ਇਹ ਹਬਲ ਟੈਲੀਸਕੋਪ ਤੋਂ 100 ਗੁਣਾਂ ਜ਼ਿਆਦਾ ਤਾਕਤਵਰ ਹੈ।
ਲਾਂਚ ਤੋਂ ਅਗਲੇ ਪੜਾਅ
ਲਾਂਚ ਤਾਂ ਅਗਲੇ ਛੇ ਮਹੀਨਿਆਂ ਦੀਆਂ ਸਰਗਮੀਆਂ ਦੀ ਸ਼ੁਰੂਆਤ ਹੈ। ਇਸ ਤੋਂ ਬਾਅਦ ਇਸ ਟੈਲੀਸਕੋਪ ਨੂੰ ਧਰਤੀ ਤੋਂ 15 ਲੱਖ ਕਿੱਲੋਮੀਟਰ ਦੂਰ ਇਸ ਦੇ ਪਰਿਕਰਮਾ ਪੱਥ 'ਤੇ ਸਥਿਤ ਕੀਤਾ ਜਾਵੇਗਾ।
ਰਸਤੇ ਵਿੱਚ ਟੈਲੀਸਕੋਪ ਆਪਣੀ ਪੈਕਿੰਗ ਤੋਂ ਇਸ ਤਰ੍ਹਾਂ ਮੁਕਤ ਹੋਵੇਗੀ ਜਿਵੇਂ ਕੋਈ ਤਿਤਲੀ ਆਪਣੇ ਖੋਲ੍ਹ ਵਿੱਚੋਂ ਬਾਹਰ ਨਿਕਲਦੀ ਹੈ।
ਨਾਸਾ ਦੇ ਮੁਖੀ ਬਿਲ ਨੈਲਸਨ ਮੁਤਾਬਕ, "ਅਜੇ ਅਸੰਖ ਚੀਜ਼ਾਂ ਬਾਰੇ ਕੰਮ ਕੀਤਾ ਜਾਣਾ ਬਾਕੀ ਹੈ", ਫਿਰ ਵੀ ਉਹ ਕਹਿੰਦੇ ਹਨ ਕਿ "ਇਹ ਇੱਕ ਵੱਡਾ ਖ਼ਤਰਾ ਚੁੱਕ ਕੇ ਮਿਲਣ ਵਾਲਾ ਵੱਡਾ ਇਨਾਮ ਹੈ।"
ਖੂਬੀਆਂ
ਇਸ ਦੀ ਮੁੱਖ ਖੂਬੀ ਹੈ ਇਸ ਦਾ ਸਾਢੇ ਛੇ ਮੀਟਰ ਵਿਆਸ ਦਾ ਪਰਾਵਰਤਕ ਸੁਨਿਹਰੀ ਸ਼ੀਸ਼ਾ। ਇਹ ਸ਼ੀਸ਼ਾ ਹਬਲ ਟੈਲੀਸਕੋਪ ਵਿੱਚ ਲੱਗੇ ਸ਼ੀਸ਼ੇ ਨਾਲੋਂ ਤਿੰਨ ਗੁਣਾਂ ਵੱਡਾ ਹੈ।
ਇਸ ਰਾਹੀਂ ਸਾਇੰਸਦਾਨਾਂ ਦੀ ਨਿਗ੍ਹਾ ਹੋਰ ਵੀ ਦੂਰੇਡੇ ਪੁਲਾੜਾਂ ਦੇ ਦਰਸ਼ਨ ਕਰ ਸਕੇਗੀ। ਇੰਨਾ ਦੂਰ ਜਿੰਨਾ ਪਹਿਲਾਂ ਕਦੇ ਸੰਭਵ ਨਹੀਂ ਹੋ ਸਕਿਆ।
ਕਿੱਥੇ ਟਿਕਾਵੇਗੀ ਨਿਗ੍ਹਾ?
ਇਸ ਟੇਲੀਸਕੋਪ ਦੇ ਮੁੱਖ ਨਿਸ਼ਾਨੇ ਉਹ ਤਾਰੇ ਹੋਣਗੇ ਜਿਨ੍ਹਾਂ ਬਾਰੇ ਮੰਨਿਆਂ ਜਾਂਦਾ ਹੈ ਕਿ ਉਹ 13.5 ਬਿਲੀਅਨ ਸਾਲ ਪਹਿਲਾਂ ਮਹਾਂ ਧਮਾਕੇ ਤੋਂ ਤੁਰੰਤ ਮਗਰੋਂ ਹੋਂਦ ਵਿੱਚ ਆਏ ਅਤੇ ਉਨ੍ਹਾਂ ਨੇ ਹਨੇਰੇ ਵਿੱਚ ਡੁੱਬੇ ਬ੍ਰਹਿਮੰਡ ਨੂੰ ਪ੍ਰਕਾਸ਼ਮਾਨ ਕੀਤਾ।
ਇਨ੍ਹਾਂ ਤੋਂ ਹੋਈ ਪਰਮਾਣੂ ਪ੍ਰਤੀਕਿਰਿਆ ਦੌਰਾਨ ਹੀ ਮੰਨਿਆ ਜਾਂਦਾ ਹੈ ਕਿ ਅਜਿਹੇ ਭਾਰੇ ਐਟਮ ਹੋਂਦ ਵਿੱਚ ਆਏ ਜੋ ਜੀਵਨ ਦੀ ਸ਼ੁਰੂਆਤ ਲਈ ਜ਼ਰੂਰੀ ਸੀ।
ਜਿਵੇਂ- ਕਾਰਬਨ, ਨਾਈਟਰੋਜਨ, ਆਕਸੀਜਨ, ਫ਼ਾਸਫ਼ੋਰਸ ਅਤੇ ਸਲਫ਼ਰ।
ਇਸ ਤੋਂ ਇਲਾਵਾ ਇਹ ਦੂਰਬੀਨ ਸਾਡੇ ਤੋਂ ਦੂਰ ਵਸਦੇ ਗ੍ਰਹਿਆਂ ਦੇ ਵਾਤਾਵਰਣ ਵਿੱਚ ਝਾਕਣ ਦੀ ਕੋਸ਼ਿਸ਼ ਕਰੇਗੀ। ਉੱਥੋਂ ਸਾਇੰਸਦਾਨ ਅੰਦਾਜ਼ਾ ਲਗਾਉਣਗੇ ਕਿ ਕੀ ਕਿਤੇ ਜ਼ਿੰਦਗੀ ਮੌਜੂਦ ਹੈ? ਅਸੀਂ ਕਿਤੇ ਹੋਰ ਜਾ ਕੇ ਰਹਿ ਸਕਦੇ ਹਾਂ?
ਸਾਂਇੰਸਦਾਨ ਉਹ ਤਾਰੇ ਕਿਉਂ ਦੇਖਣਾ ਚਾਹੁੰਦੇ ਹਨ?
ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਬ੍ਰਹਿਮੰਡ ਇੱਕ ਮਹਾਂ ਧਮਾਕੇ ਤੋਂ ਬਾਅਹ ਹੋਂਦਵਾਨ ਹੋਇਆ। ਹਾਲਾਂਕਿ ਉਸ ਸਮੇਂ ਇਸ ਵਿੱਚ ਤਿੰਨ ਹੀ ਤੱਤ ਸਨ- ਹਾਈਡਰੋਜਨ, ਹੀਲੀਅਮ ਅਤੇ ਥੋੜ੍ਹਾ-ਬਹੁਤ ਲੀਥੀਅਮ।
ਉਸ ਤੋਂ ਬਾਅਦ ਜ਼ਿੰਦਗੀ ਲਈ ਜ਼ਰੂਰੀ ਦੂਜੇ ਤੱਤ ਹੋਂਦ ਵਿੱਚ ਆਏ। ਜਿਵੇਂ- ਕਾਰਬਨ ਤੇ ਆਕਸੀਜ਼ਨ।
ਇਹ ਟੈਲੀਸਕੋਪ ਸਾਡੀ ਮਦਦ ਕਰੇਗੀ ਕਿ ਅਸੀਂ ਆਪਣੇ ਆਲੇ-ਦੁਆਲੇ ਦ੍ਰਿਸ਼ਮਾਨ ਜਗਤ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਦੀ ਕੋਈ ਥਾਹ ਪਾ ਸਕੀਏ।
ਹੋਰ ਦੂਰਬੀਨਾਂ ਤੋਂ ਕਿਵੇਂ ਵੱਖਰੀ ਹੈ?
ਹਬਲ ਦੂਰਬੀਨ ਸਾਲ 1990 ਤੋਂ ਧਰਤੀ ਦੀ ਪਰਿਕਰਮਾ ਕਰ ਰਹੀ ਹੈ। ਵੈਬਰ ਉਸ ਤੋਂ ਕਿਤੇ ਵੱਡੀ ਹੈ।
ਹਬਲ ਦਾ ਪਰਵਰਤਕ ਸ਼ੀਸ਼ਾ ਜਿਸ ਨਾਲ ਉਹ ਰੌਸ਼ਨੀ ਇਕੱਠੀ ਕਰਦੀ ਹੈ 2.4 ਮੀਟਰ ਵਿਆਸ (7.8ਫੁੱਟ) ਦਾ ਹੈ ਜਦਕਿ ਵੈਬ ਵਿੱਚ ਅਜਿਹੇ ਸ਼ੀਸ਼ੇ ਦਾ ਵਿਆਸ 6.5 ਮੀਟਰ ਹੈ।
ਆਪਣੇ ਸਮੁੱਚੇ ਰੂਪ ਵਿੱਚ ਵੈਬ ਇੱਕ ਟੈਨਿਸ ਕੋਰਟ ਜਿੰਨੀ ਵੱਡੀ ਹੈ। ਇਹ ਇੰਨੀ ਵੱਡੀ ਹੈ ਕਿ ਇਸ ਨੂੰ ਰਾਕਟ ਵਿੱਚ ਬੰਦ ਕਰਨ ਲਈ ਤਹਿ ਕਰਨਾ ਪਿਆ। ਠੀਕ ਉਵੇਂ ਜਿਵੇਂ ਕੋਈ ਤਿਤਲੀ ਆਪਣੇ ਖੋਲ੍ਹ ਵਿੱਚ ਖੰਭ ਸਮੇਟ ਕੇ ਪਈ ਹੁੰਦੀ ਹੈ।
ਇਸ ਦੀ ਸਭ ਤੋਂ ਵੱਡੀ ਖੂਬੀ ਤਾਂ ਇਹ ਹੈ ਕਿ ਇਹ ਇਨਫਰਾ-ਰੈਡ ਰੌਸ਼ਨੀ ਦਾ ਪਤਾ ਲਗਾ ਸਕਦੀ ਹੈ। ਮਨੁੱਖੀ ਅੱਖ ਇਹ ਰੌਸ਼ਨੀ ਨਹੀਂ ਦੇਖ ਸਕਦੀ।
ਜਦਕਿ ਸਭ ਤੋਂ ਦੂਰ ਦੇ ਤਾਰੇ ਇਹੀ ਰੌਸ਼ਨੀ ਛੱਡਦੇ ਹਨ।
ਕੀ ਇਸ ਦੀ ਮੁਰੰਮਤ ਹੋ ਸਕੇਗੀ?
ਨਹੀਂ, ਇਹ ਧਰਤੀ ਤੋਂ ਇੰਨੀ ਦੂਰ ਸਥਾਪਿਤ ਕੀਤੀ ਜਾਣੀ ਹੈ ਕਿ, ਜਿੱਥੇ ਤੱਕ ਪਹੁੰਚ ਸੰਭਵ ਨਹੀਂ ਹੈ।
ਜੇ ਤੁਸੀਂ ਪਹੁੰਚ ਵੀ ਗਏ ਤਾਂ ਇਸ ਦੀ ਬਣਤਰ ਅਜਿਹੀ ਹੈ ਕਿ ਘਸੇ-ਪੁਰਾਣੇ ਪੁਰਜ਼ਿਆਂ/ਹਿੱਸਿਆਂ ਨੂੰ ਬਦਲਿਆ ਨਹੀ ਜਾ ਸਕੇਗਾ।
ਵੈਬ ਵਿੱਚ ਇੰਨਾ ਈਂਧਣ ਹੈ ਕਿ ਜਿਸ ਨਾਲ ਇਹ 10 ਸਾਲ ਤੱਕ ਕੰਮ ਕਰ ਸਕੇਗੀ। ਉਮੀਦ ਹੈ ਕਿ ਭਵਿੱਖ ਵਿੱਚ ਹੋ ਸਕਦਾ ਹੈ ਕਿ ਕਿਸੇ ਸਮੇਂ ਇਸ ਵਿੱਚ ਈਂਧਣ ਪਾਉਣਾ ਸੰਭਵ ਹੋ ਸਕੇ ਪਰ ਸੰਭਾਵਨਾ ਮੱਧਮ ਤੋਂ ਵੀ ਮੱਧਮ ਹੀ ਹੈ।
ਕਿੰਨਾ ਖ਼ਰਚਾ ਆਇਆ ਅਤੇ ਕਿਉਂ ਆਇਆ?
ਨਾਸਾ ਨੇ ਇਸ ਦੇ ਡ਼ਿਜ਼ਾਇਨ ਉੱਪਰ 8.8 ਬਿਲੀਅਨ ਡਾਲਰ ਖ਼ਰਚ ਕੀਤੇ ਹਨ ਅਤੇ ਮਿਸ਼ਨ ਦੇ ਕੰਮ ਕਾਜ ਨੂੰ ਚਲਦਾ ਰੱਖਣ ਲਈ 860 ਮਿਲੀਅਨ ਡਾਲਰ ਵੱਖਰੇ ਖ਼ਰਚ ਕੀਤੇ ਹਨ।
ਮਤਲਬ ਅਮਰੀਕਾ ਨੇ ਇਸ ਉੱਪਰ ਕੁੱਲ 9.7 ਬਿਲੀਅਨ ਡਾਲਰ ਖ਼ਰਚ ਕੀਤੇ ਹਨ।
ਯੂਰਪੀ ਪੁਲਾੜ ਏਜੰਸੀ ਨੇ ਇਸ ਪ੍ਰੋਜੈਕਟ ਉੱਪਰ 590 ਪੌਂਡ ਖ਼ਰਚੇ ਹਨ। ਉਸੇ ਨੇ ਇਸ ਨੂੰ ਪੁਲਾੜ ਵਿੱਚ ਲਿਜਾਣ ਵਾਲਾ ਰਾਕਟ ਮੁਹੱਈਆ ਕਰਵਾਇਆ ਹੈ।
ਕੈਨੇਡਾ ਦੀ ਪੁਲਾੜ ਏਜੰਸੀ ਨੇ ਵੀ ਇਸ ਉੱਪਰ 200 ਮਿਲੀਅਨ ਡਾਲਰ ਖ਼ਰਚ ਕੀਤੇ ਹਨ।
ਇਹ ਸਾਰੀ ਰਕਮ ਜੁੜ ਕੇ ਕੁੱਲ 10 ਬਿਲੀਅਨ ਡਾਲਰ ਬਣਦੀ ਹੈ।
ਇਹ ਠੀਕ ਹੈ ਕਿ ਵੈਬ ਨੂੰ ਤੈਅ ਸਮੇਂ ਤੋਂ ਪਛੜ ਕੇ ਛੱਡਿਆ ਗਿਆ ਹੈ ਪਰ ਜ਼ਿਆਦਾਤਰ ਖ਼ਰਚ ਤਾਂ ਤਕਨੀਕੀ ਵਿਕਾਸ ਉੱਪਰ ਕੀਤਾ ਗਿਆ ਹੈ।
ਇਸ ਦੇ ਵਿਕਾਸ ਦੌਰਾਨ ਵਿਕਸਿਤ ਇੱਕ ਤਕਨੀਕ ਦੀ ਵਰਤੋਂ ਤਾਂ ਅੱਖਾਂ ਦੀ ਸਰਜਰੀ ਵਿੱਚ ਵਰਤਣੀ ਸ਼ੁਰੂ ਵੀ ਹੋ ਚੁੱਕੀ ਹੈ।
ਕੁੱਲ ਮਿਲਾ ਕੇ ਹੁਣ ਤੱਕ ਇਸ ਦੂਰਬੀਨ ਉੱਪਰ ਹੁਣ ਦੇ ਹਿਸਾਬ ਨਾਲ 15 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਖ਼ਰਚ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: