ਗੋਮਤੀ ਦੀ ਇੱਕ ਬਾਂਹ, ਦੂਜੀ ਬਾਂਹ ਤੋਂ 14 ਸੈ.ਮੀ. ਛੋਟੀ ਸੀ, ਜਾਣੋ ਫਿਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕਿਵੇਂ ਬਦਲੀ ਉਸ ਦੀ ਜ਼ਿੰਦਗੀ

    • ਲੇਖਕ, ਨੰਦਿਨੀ ਵੇਲਾਸਵਾਮੀ
    • ਰੋਲ, ਬੀਬੀਸੀ ਤਮਿਲ

ਜੋ ਲੋਕ ਗੋਮਤੀ ਦੇ ਬਚਪਨ ਤੋਂ ਹੀ ਉਨ੍ਹਾਂ ਦੇ ਖੱਬੇ ਹੱਥ ਨੂੰ ਦੇਖ ਰਹੇ ਹਨ, ਉਹ ਹੁਣ ਉਨ੍ਹਾਂ ਦੀ ਬਾਂਹ ਵਿੱਚ ਆਏ ਫ਼ਰਕ ਨੂੰ ਆਸਾਨੀ ਨਾਲ ਦੇਖ ਸਕਣਗੇ।

ਦਰਅਸਲ ਗੋਮਤੀ ਦੀ ਖੱਬੀ ਬਾਂਹ ਉਨ੍ਹਾਂ ਦੀ ਸੱਜੀ ਬਾਂਹ ਵਾਂਗ ਆਮ ਨਹੀਂ ਸੀ। ਉਨ੍ਹਾਂ ਦੀ ਖੱਬੀ ਬਾਂਹ ਦਾ ਜੋੜ ਬਹੁਤ ਉੱਪਰ ਉੱਠਿਆ ਹੋਇਆ ਹੈ ਅਤੇ ਹੱਥ ਲੰਬਾ ਹੋਣ ਦੀ ਬਜਾਏ ਬਹੁਤ ਛੋਟਾ ਹੈ। ਨਤੀਜੇ ਵਜੋਂ, ਉਨ੍ਹਾਂ ਦੀ ਖੱਬੀ ਬਾਂਹ, ਸੱਜੀ ਨਾਲੋਂ ਛੋਟੀ ਸੀ।

ਹਾਲਾਂਕਿ ਇਸ ਸਮੱਸਿਆ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਇੱਕ ਸਾਲ ਦੀ ਬੱਚੀ ਸੀ, ਪਰ ਕਈ ਡਾਕਟਰਾਂ ਅਤੇ ਹਸਪਤਾਲਾਂ ਦੇ ਚੱਕਰ ਲਾਉਣ ਦੇ ਬਾਵਜੂਦ ਗੋਮਤੀ ਨੂੰ ਸਹੀ ਇਲਾਜ ਨਾ ਮਿਲ ਸਕਿਆ।

ਫਿਰ ਜਦੋਂ ਉਨ੍ਹਾਂ ਦੇ ਪਿਤਾ ਨੂੰ ਇੱਕ ਹਾਦਸੇ ਤੋਂ ਬਾਅਦ ਤਿੰਦੀਵਨਮ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਤਾਂ ਗੋਮਤੀ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ। ਇਸ ਸਮੇਂ ਤੱਕ, ਗੋਮਤੀ 22 ਸਾਲਾਂ ਦੇ ਹੋ ਚੁੱਕੇ ਸਨ।

ਜਿਸ ਸਮੱਸਿਆ ਨੂੰ ਉਹ ਬਚਪਨ ਤੋਂ ਝੱਲਦੇ ਆ ਰਹੇ ਸਨ, ਉਹ ਹੱਲ ਹੋਣ ਵਾਲੀ ਸੀ।

ਅਤੇ ਇਹ ਚਮਤਕਾਰ ਕੀਤਾ ਤਿੰਦੀਵਨਮ ਦੇ ਸਰਕਾਰੀ ਡਾਕਟਰਾਂ ਨੇ, ਜਿਨ੍ਹਾਂ ਨੇ ਗੋਮਤੀ ਦੀ ਖੱਬੀ ਬਾਂਹ ਦੀ ਹੱਡੀ ਨੂੰ 14 ਸੈਂਟੀਮੀਟਰ ਵਧਾ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ।

ਡਾਕਟਰਾਂ ਨੇ ਇਹ ਆਪ੍ਰੇਸ਼ਨ ਇੱਕ ਸਰਕਾਰੀ ਹਸਪਤਾਲ ਵਿੱਚ ਹੀ ਕੀਤਾ ਅਤੇ ਇੱਕ ਅਜਿਹੇ ਵਿਅਕਤੀ ਵਿੱਚ ਹੱਡੀ ਨੂੰ ਦੁਬਾਰਾ ਬਣਾਉਣ ਲਈ ਸਫਲ ਹੋਏ ਜੋ ਬਚਪਨ ਤੋਂ ਇਸ ਸਮੱਸਿਆ ਨਾਲ ਪੀੜਤ ਸੀ।

ਤਾਮਿਲਨਾਡੂ ਦੇ ਡਾਕਟਰੀ ਭਾਈਚਾਰੇ ਵਿੱਚ ਇਹ ਇੱਕ ਮਹੱਤਵਪੂਰਨ ਤਰੱਕੀ ਮੰਨੀ ਜਾ ਰਹੀ ਹੈ।

ਹੁਣ, ਸਵਾਲ ਇਹ ਉੱਠਦਾ ਹੈ ਕਿ ਇੱਕ ਸਖ਼ਤ, ਠੋਸ ਹੱਡੀ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਇਹ ਕਿਵੇਂ ਸੰਭਵ ਹੈ?

'ਮੈਨੂੰ ਮਜ਼ਾਕ ਅਤੇ ਤੰਜ ਝੱਲਣੇ ਪੈਂਦੇ ਸਨ'

ਗੋਮਤੀ ਵਿਲੂਪੁਰਮ ਜ਼ਿਲ੍ਹੇ ਦੇ ਤਿੰਦੀਵਨਮ ਦੇ ਕਾਵੇਰੀਪੱਕਮ ਪਿੰਡ ਦੇ ਰਹਿਣ ਵਾਲੇ ਹਨ।

ਉਨ੍ਹਾਂ ਕਿਹਾ, "ਇੱਕ ਸਾਲ ਦੀ ਉਮਰ ਤੋਂ ਹੀ ਮੇਰੀ ਖੱਬੀ ਬਾਂਹ ਛੋਟੀ ਹੈ। ਇਸਦਾ ਜੋੜ ਉੱਚਾ ਅਤੇ ਛੋਟਾ ਹੈ। ਜਦੋਂ ਮੈਂ ਪੰਜਵੀਂ ਜਮਾਤ ਵਿੱਚ ਸੀ ਤਾਂ ਅਸੀਂ ਸੋਚਿਆ ਸੀ ਕਿ ਪਲੱਸਤਰ ਲਗਾਉਣ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ, ਇਸ ਲਈ ਅਸੀਂ ਅਜਿਹਾ ਹੀ ਕੀਤਾ, ਪਰ ਹੱਡੀ ਨਹੀਂ ਵਧੀ।''

''ਅਸੀਂ ਚੇੱਨਈ ਅਤੇ ਤਿੰਦੀਵਨਮ ਵਿੱਚ ਲਗਭਗ 10 ਡਾਕਟਰਾਂ ਨੂੰ ਦਿਖਾਇਆ। ਅਸੀਂ ਕੋਈ ਵੀ ਇਲਾਜ ਕਰਵਾਉਣ ਲਈ ਤਿਆਰ ਸੀ ਪਰ ਉਨ੍ਹਾਂ ਨੇ ਕਿਹਾ ਕਿ ਹੱਡੀ ਸਿਰਫ਼ ਇੱਕ ਇੰਚ ਵਧੇਗੀ, ਇਸ ਤੋਂ ਵੱਧ ਨਹੀਂ।''

ਇਸ ਸਮੱਸਿਆ ਕਾਰਨ ਗੋਮਤੀ ਆਮ ਲੋਕਾਂ ਵਾਂਗ ਸਾਰੇ ਕੰਮ ਆਸਾਨੀ ਨਾਲ ਨਹੀਂ ਕਰ ਸਕਦੇ। ਉਹ ਭਾਰ ਨਹੀਂ ਚੁੱਕ ਸਕਦੇ ਅਤੇ ਸਮੇਂ-ਸਮੇਂ 'ਤੇ ਉਸ ਬਾਂਹ ਵਿੱਚ ਦਰਦ ਵੀ ਮਹਿਸੂਸ ਕਰਦੇ ਹਨ।

ਬੈਚਲਰ ਡਿਗਰੀ ਪੂਰੀ ਕਰਨ ਵਾਲੇ ਗੋਮਤੀ ਕਹਿੰਦੇ ਹਨ, "ਮੈਨੂੰ ਸਕੂਲ ਅਤੇ ਕਾਲਜ ਵਿੱਚ ਇਸ ਕਰਕੇ ਮਜ਼ਾਕ ਅਤੇ ਤਾਅਨਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਮੈਂ ਦੁਪੱਟਾ ਜਾਂ ਪੂਰੀ ਬਾਹਾਂ ਵਾਲਾ ਪਹਿਰਾਵਾ ਪਾ ਕੇ ਆਪਣੇ ਹੱਥ ਢੱਕ ਲੈਂਦੀ ਸੀ।''

ਗੋਮਤੀ ਦੇ ਪਿਤਾ, ਕੁਮਾਰ ਇੱਕ ਆਟੋ ਡਰਾਈਵਰ ਹਨ। ਸਾਲ 2023 ਵਿੱਚ ਇੱਕ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤਿੰਦੀਵਨਮ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਦੋਂ ਹੀ ਹਸਪਤਾਲ ਦੇ ਆਰਥੋਪੀਡਿਕ ਡਾਕਟਰ ਸੁਰੇਸ਼ ਨੂੰ ਅਚਾਨਕ ਗੋਮਤੀ ਦੇ ਖੱਬੇ ਹੱਥ ਵਿੱਚ ਸਮੱਸਿਆ ਨਜ਼ਰ ਆਈ।

ਡਾਕਟਰ ਨੇ ਖੁਦ ਪਛਾਣੀ ਕੁੜੀ ਦੀ ਸਮੱਸਿਆ ਤੇ ਇਲਾਜ ਲਈ ਮਨਾਇਆ

ਡਾਕਟਰ ਸੁਰੇਸ਼ ਕਹਿੰਦੇ ਹਨ, ''ਅਜਿਹੀ ਸਮੱਸਿਆ ਆਮ ਤੌਰ 'ਤੇ ਜਨਮ ਸਮੇਂ ਤੋਂ ਹੀ ਹੁੰਦੀ ਹੈ। ਗੋਮਤੀ ਦੀ ਖੱਬੀ ਬਾਂਹ ਦੀ ਉੱਪਰਲੀ ਹੱਡੀ (ਹਿਊਮਰਸ) ਜਨਮ ਤੋਂ ਹੀ ਵਿਕਸਤ ਨਹੀਂ ਹੋਈ ਸੀ। ਉਨ੍ਹਾਂ ਦੀ ਕੂਹਣੀ ਅਤੇ ਗੁੱਟ ਚੰਗੀ ਤਰ੍ਹਾਂ ਵਿਕਸਤ ਹਨ।''

ਡਾਕਟਰ ਸੁਰੇਸ਼, ਜੋ ਕਹਿੰਦੇ ਹਨ ਕਿ ਹੱਡੀਆਂ ਦਾ ਵਿਕਾਸ ਆਮ ਤੌਰ 'ਤੇ 14 ਸਾਲ ਦੀ ਉਮਰ ਵਿੱਚ ਰੁਕ ਜਾਂਦਾ ਹੈ, ਕਹਿੰਦੇ ਹਨ ਕਿ ਸਰੀਰ ਦੀ ਹਰ ਹੱਡੀ ਵਿੱਚ ਇੱਕ ਫਿਜ਼ਿਅਲ ਸੈਂਟਰ (ਗ੍ਰੋਥ ਪਲੇਟ) ਹੁੰਦਾ ਹੈ। ਉਹ ਕਹਿੰਦੇ ਹਨ ਕਿ ਉਹ ਕੇਂਦਰ ਇੱਕ ਖਾਸ ਉਮਰ ਵਿੱਚ 'ਲਾਕ' ਹੋ ਜਾਂਦਾ ਹੈ, ਜਿਸ ਤੋਂ ਬਾਅਦ ਹੱਡੀ ਨਹੀਂ ਵਧਦੀ।

ਉਨ੍ਹਾਂ ਕਿਹਾ, "ਗੋਮਤੀ ਨੂੰ ਜਮਾਂਦਰੂ ਤੌਰ 'ਤੇ ਛੋਟਾ ਹਿਊਮਰਸ ਹੈ, ਜੋ ਕਿ ਸਰੀਰਕ ਨੁਕਸਾਨ ਵਾਲੀ ਸਮੱਸਿਆ ਹੈ। ਉਨ੍ਹਾਂ ਦੀ ਬਾਂਹ ਦੀ ਹੱਡੀ ਸਿਰਫ਼ ਇੱਕ ਸਾਲ ਦੇ ਬੱਚੇ ਜਿੰਨੀ ਲੰਬੀ ਸੀ ਅਤੇ ਉਸ ਦਾ ਵਿਕਾਸ ਵੀ ਇੱਕ ਸਾਲ ਦੇ ਬੱਚੇ ਦੇ ਹਿਸਾਬ ਨਾਲ ਹੀ ਹੋਇਆ ਸੀ।''

ਡਾਕਟਰ ਸੁਰੇਸ਼ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਹਸਪਤਾਲ ਜਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਬਚਪਨ ਤੋਂ ਉਨ੍ਹਾਂ ਨੂੰ ਆਈ ਸਮੱਸਿਆ ਨੂੰ ਠੀਕ ਨਹੀਂ ਕੀਤਾ ਜਾ ਸਕਦਾ।

ਡਾਕਟਰ ਸੁਰੇਸ਼ ਨੇ ਹੀ ਗੋਮਤੀ ਦੀ ਸਮੱਸਿਆ ਦਾ ਪਤਾ ਲਗਾਇਆ ਅਤੇ ਐਕਸ-ਰੇ ਵਰਗੇ ਮੁੱਢਲੇ ਡਾਕਟਰੀ ਟੈਸਟ ਕੀਤੇ। ਉਨ੍ਹਾਂ ਨੇ ਗੋਮਤੀ ਨੂੰ ਕੁਝ ਉਦਾਹਰਣਾਂ ਦਿੱਤੀਆਂ ਅਤੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਇੱਕ ਛੋਟੀ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ, ਗੋਮਤੀ ਸਰਜਰੀ ਲਈ ਸਹਿਮਤ ਹੋ ਗਏ।

ਗੋਮਤੀ ਕਹਿੰਦੇ ਹਨ, ਮੈਂ ਖੁਸ਼ ਹਾਂ ਕਿ ਇਸ ਦਿੱਕਤ ਨੂੰ ਹੱਲ ਮਿਲ ਗਿਆ। ਪਹਿਲਾਂ, ਮਜ਼ਾਕ ਅਤੇ ਤਾਅਨਿਆਂ ਬਾਰੇ ਸੋਚ ਕੇ ਬੁਰਾ ਲੱਗਦਾ ਸੀ, ਪਰ ਹੁਣ ਅਜਿਹਾ ਨਹੀਂ ਹੈ।

ਡਾਕਟਰ ਸੁਰੇਸ਼ ਦੀ ਅਗਵਾਈ ਵਾਲੀ ਇੱਕ ਟੀਮ ਵਿੱਚ ਇੱਕ ਹੋਰ ਆਰਥੋਪੈਡਿਕ ਸਰਜਨ, ਸ਼੍ਰੀਨਿਵਾਸਨ, ਤਿੰਨ ਅਨੇਸਥੀਸੀਓਲੋਜਿਸਟ ਅਤੇ ਨਰਸਾਂ ਸ਼ਾਮਲ ਸਨ।

ਇਸ ਇਲਾਜ ਦੀ ਖੋਜ ਕਿਵੇਂ ਹੋਈ ਸੀ?

ਡਾਕਟਰ ਸੁਰੇਸ਼ ਨੇ ਦੱਸਿਆ ਕਿ ਇਹ ਸਰਜਰੀ ਕਿਵੇਂ ਕੀਤੀ ਜਾਂਦੀ ਸੀ ਅਤੇ ਇਲਾਜ ਦੇ ਤਰੀਕੇ ਕੀ ਸਨ। ਪਰ ਇਲਾਜ ਦੇ ਤਰੀਕੇ ਬਾਰੇ ਜਾਣਨ ਤੋਂ ਪਹਿਲਾਂ ਇਸਦੀ ਖੋਜ ਬਾਰੇ ਵੀ ਜਾਣ ਲੈਂਦੇ ਹਾਂ, ਜੋ ਕਿ ਕਾਫ਼ੀ ਦਿਲਚਸਪ ਹੈ।

ਇਹ ਸਰਜਰੀ ਇਲੀਜ਼ਾਰੋਵ ਸਿਧਾਂਤ ਵਜੋਂ ਜਾਣੇ ਜਾਂਦੇ ਡਾਕਟਰੀ ਸਿਧਾਂਤ ਦੇ ਤਹਿਤ ਕੀਤੀ ਗਈ ਹੈ।

ਰੂਸੀ ਆਰਥੋਪੀਡਿਕ ਮਾਹਰ ਗੈਵਰਿਲ ਅਬਰਾਮੋਵਿਚ ਇਲੀਜ਼ਾਰੋਵ ਉਹ ਵਿਅਕਤੀ ਸਨ, ਜਿਨ੍ਹਾਂ ਨੇ ਇਸ ਸਿਧਾਂਤ ਅਤੇ ਇਸ 'ਤੇ ਅਧਾਰਤ ਇਲਾਜ ਵਿਧੀ ਦੀ ਖੋਜ ਕੀਤੀ ਸੀ। ਇਸ ਲਈ, ਇਲਾਜ ਵਿਧੀ ਦਾ ਨਾਮ ਵੀ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ।

ਇਲੀਜ਼ਾਰੋਵ, ਯੁੱਧ ਦੇ ਸਾਬਕਾ ਫੌਜੀਆਂ ਲਈ ਇੱਕ ਹਸਪਤਾਲ ਵਿੱਚ ਕੰਮ ਕਰਦੇ ਸਨ। 1950 ਦੇ ਦਹਾਕੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਖੋਜ ਕੀਤੀ ਕਿ ਕੀ ਹੱਡੀਆਂ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ।

ਦਰਅਸਲ ਇਸ ਖੋਜ ਪਿੱਛੇ ਉਨ੍ਹਾਂ ਦਾ ਵਿਚਾਰ ਇਹ ਸੀ ਕਿ ਕੀ ਉਹ ਉਨ੍ਹਾਂ ਲੋਕਾਂ ਦਾ ਇਲਾਜ ਕਰ ਸਕਦੇ ਹਨ ਜੋ ਲੜਾਈ ਵਿੱਚ ਸਨ ਅਤੇ ਜਿਨ੍ਹਾਂ ਦੀਆਂ ਹੱਡੀਆਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਨੇ ਆਪਣੀ ਖੋਜ ਵਿੱਚ ਪਾਇਆ ਕਿ ਅਜਿਹਾ ਕੀਤਾ ਜਾ ਸਕਦਾ ਹੈ।

ਕਿਵੇਂ ਕੀਤਾ ਗਿਆ ਇਲਾਜ ਤੇ ਸਰਜਰੀ

ਇਹ ਇਲਾਜ ਹੱਡੀ ਨੂੰ ਕਿਵੇਂ ਵਧਾ ਸਕਦਾ ਹੈ? ਇਹ ਇਲਾਜ ਹੱਡੀ ਵਿੱਚ ਕਿਸੇ ਵੀ ਛੋਟੀ ਜਿਹੀ ਸਮੱਸਿਆ ਲਈ ਪਲੇਟ ਜਾਂ ਰੌਡ ਪਾਉਣ ਵਰਗਾ ਨਹੀਂ ਹੈ।

ਡਾਕਟਰ ਸੁਰੇਸ਼ ਕਹਿੰਦੇ ਹਨ, "ਅਸੀਂ ਪਹਿਲਾਂ ਵਿਗਿਆਨਕ ਤੌਰ 'ਤੇ ਵਿਕਾਸ ਸਬੰਧੀ ਨੁਕਸ ਵਾਲੇ ਵਿਅਕਤੀ ਦੀ ਹੱਡੀ ਨੂੰ ਤੋੜਦੇ ਹਾਂ। ਫਿਰ ਇੱਕ ਬਾਹਰੀ ਫਿਕਸੇਟਰ ਮਰੀਜ਼ ਦੀ ਹੱਡੀ ਨਾਲ ਜੋੜਿਆ ਜਾਂਦਾ ਹੈ ਅਤੇ ਪੇਚ ਲਗਾਏ ਜਾਂਦੇ ਹਨ।''

''ਇਹ ਯੰਤਰ ਮਰੀਜ਼ ਦੀ ਚਮੜੀ ਦੇ ਬਾਹਰ ਹੁੰਦਾ ਹੈ। ਜਦੋਂ ਯੰਤਰ ਨੂੰ ਹਰ ਰੋਜ਼ ਘੁੰਮਾਇਆ ਜਾਂਦਾ ਹੈ, ਤਾਂ ਹੱਡੀ ਇੱਕ ਝਿੱਲੀ ਵਾਂਗ ਫੈਲ ਜਾਂਦੀ ਹੈ। ਜਦੋਂ ਤੁਸੀਂ ਇਸ ਨੂੰ ਖਿੱਚਦੇ ਹੋ ਤਾਂ ਹੱਡੀ ਵਿੱਚ ਰਬੜ ਬੈਂਡ ਵਰਗੀ ਲਚਕਤਾ ਹੁੰਦੀ ਹੈ।''

ਸਰਜਰੀ ਤੋਂ ਦਸ ਦਿਨਾਂ ਬਾਅਦ, ਬਾਹਰੀ ਯੰਤਰ ਵਿੱਚ ਪੇਚ ਵਰਗੀ ਬਣਤਰ ਨੂੰ ਕੱਸਣ ਨਾਲ ਹੱਡੀ ਝਿੱਲੀ ਵਾਂਗ ਫੈਲਦੀ ਹੈ।

ਜਦੋਂ ਯੰਤਰ ਦੀ ਪੇਚ ਵਰਗੀ ਬਣਤਰ ਨੂੰ ਦਿਨ ਵਿੱਚ ਹਰ ਛੇ ਘੰਟਿਆਂ ਵਿੱਚ ਇੱਕ ਵਾਰ ਘੁੰਮਾਇਆ ਜਾਂਦਾ ਹੈ, ਤਾਂ ਅੰਦਰਲੀ ਹੱਡੀ ਹੇਠਾਂ ਵੱਲ ਖਿੱਚੀ ਜਾਂਦੀ ਹੈ ਅਤੇ ਵਧਦੀ ਹੈ। ਇਸ ਬਣਤਰ ਨੂੰ ਪੇਚ ਕਰਨ ਦੀ ਪ੍ਰਕਿਰਿਆ (ਪੇਚ ਘੁੰਮਾਉਣ ਦੀ ਪ੍ਰਕਿਰਿਆ) ਇੰਨੀ ਸਰਲ ਹੈ ਕਿ ਮਰੀਜ਼ ਇਸ ਨੂੰ ਖੁਦ ਕਰ ਸਕਦੇ ਹਨ।

ਇਹ ਡਿਸਟਰੈਕਸ਼ਨ ਓਸਟੀਓਜੇਨੇਸਿਸ ਨਾਮਕ ਇੱਕ ਇਲਾਜ ਤਹਿਤ ਕੀਤਾ ਜਾਂਦਾ ਹੈ। ਇਸ ਇਲਾਜ ਵਿੱਚ, ਹੱਡੀ ਪ੍ਰਤੀ ਦਿਨ ਇੱਕ ਮਿਲੀਮੀਟਰ ਦੀ ਦਰ ਨਾਲ ਇੱਕ ਝਿੱਲੀ ਵਾਂਗ ਵਧਦੀ ਹੈ, ਭਾਵ ਇੱਕ ਸੈਂਟੀਮੀਟਰ ਵਧਣ ਵਿੱਚ ਦਸ ਦਿਨ ਲੱਗਦੇ ਹਨ।

ਗੋਮਤੀ ਦੀ ਹੱਡੀ ਨੂੰ 14 ਸੈਂਟੀਮੀਟਰ ਤੱਕ ਵਧਣ ਵਿੱਚ 140 ਦਿਨ ਲੱਗੇ। ਫਿਰ ਖਿੱਚੀ ਹੋਈ ਝਿੱਲੀ ਨੂੰ ਹੱਡੀ ਵਾਂਗ ਮਜ਼ਬੂਤ ਬਣਨ ਵਿੱਚ ਦੁੱਗਣੇ ਦਿਨ ਲੱਗਦੇ ਹਨ, ਭਾਵ - 280 ਦਿਨ।

ਡਾਕਟਰ ਸੁਰੇਸ਼ ਕਹਿੰਦੇ ਹਨ, "ਇਲਾਜ ਪੂਰੀ ਤਰ੍ਹਾਂ ਹੋ ਗਿਆ ਹੈ ਅਤੇ ਗੋਮਤੀ ਦਾ ਹੱਥ ਲਗਭਗ ਇੱਕ ਸਾਲ ਤੋਂ ਆਮ ਹੱਥ ਵਾਂਗ ਹੈ। ਜਨਵਰੀ 2024 ਵਿੱਚ ਉਨ੍ਹਾਂ ਦੀ ਸਰਜਰੀ ਹੋਈ ਸੀ ਅਤੇ ਹੁਣ ਉਹ ਬਿਲਕੁਲ ਆਮ ਹੋ ਗਏ ਹਨ।

'ਹੁਣ ਗੋਮਤੀ ਆਪਣਾ ਸਾਰਾ ਕੰਮ ਹੋਰਾਂ ਵਾਂਗ ਕਰ ਸਕਦੀ ਹੈ'

ਡਾਕਟਰ ਸੁਰੇਸ਼ ਕਹਿੰਦੇ ਹਨ ਕਿ ਹਾਦਸਿਆਂ ਵਿੱਚ ਹੱਡੀਆਂ ਦੇ ਨੁਕਸਾਨ ਦੇ ਇਲਾਜ ਲਈ ਲੋਕ ਨਿੱਜੀ ਹਸਪਤਾਲਾਂ ਵਿੱਚ ਜਾਂਦੇ ਹਨ ਪਰ ਸਰਕਾਰੀ ਹਸਪਤਾਲ ਵਿੱਚ ਇੱਕ ਅਜਿਹੇ ਬੱਚੇ ਦੀ ਸਮੱਸਿਆ ਨੂੰ ਠੀਕ ਕਰਨ ਦੇ ਯੋਗ ਹੋਣਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

ਨਿੱਜੀ ਹਸਪਤਾਲਾਂ ਵਿੱਚ ਉਸੇ ਸਰਜਰੀ ਦੀ ਲਾਗਤ ਲਗਭਗ ਇੱਕ ਤੋਂ ਡੇਢ ਲੱਖ ਰੁਪਏ ਤੱਕ ਆਉਂਦੀ ਹੈ।

ਉਨ੍ਹਾਂ ਕਿਹਾ, "ਗੋਮਤੀ ਦੀ ਦਿੱਕਤ ਵਾਲੀ ਬਾਂਹ ਵਿੱਚ ਹੱਡੀ ਪਹਿਲਾਂ 14 ਸੈਂਟੀਮੀਟਰ ਲੰਬੀ ਸੀ। ਹੁਣ, 14 ਸੈਂਟੀਮੀਟਰ ਹੋਰ ਵਧਣ ਨਾਲ, ਇਹ ਕੁੱਲ 28 ਸੈਂਟੀਮੀਟਰ ਲੰਮੀ ਹੋ ਗਈ ਹੈ ਅਤੇ ਆਮ ਵਾਂਗ ਦਿਖਾਈ ਦਿੰਦੀ ਹੈ। ਨਾ ਸਿਰਫ਼ ਹੱਡੀ, ਸਗੋਂ ਚਮੜੀ, ਖੂਨ ਦੀਆਂ ਨਾੜੀਆਂ ਅਤੇ ਨਸਾਂ ਵੀ ਇਸਦੇ ਨਾਲ ਵਧੀਆਂ ਹਨ।''

''ਇਹ ਇਲਾਜ ਵਿਧੀ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਹੱਡੀ ਨੂੰ ਖਿੱਚ ਸਕਦੀ ਹੈ। ਹੁਣ ਗੋਮਤੀ ਆਪਣਾ ਸਾਰਾ ਕੰਮ ਬਾਕੀ ਸਾਰਿਆਂ ਵਾਂਗ ਸਿਹਤਮੰਦ ਢੰਗ ਨਾਲ ਕਰ ਸਕਦੇ ਸਨ।"

ਡਾਕਟਰ ਸੁਰੇਸ਼ ਕਹਿੰਦੇ ਹਨ ਕਿ ਇਸ ਇਲਾਜ ਨਾਲ ਵਿੰਗੀਆਂ ਲੱਤਾਂ ਨੂੰ ਵੀ ਸਿੱਧਾ ਅਤੇ ਠੀਕ ਕੀਤਾ ਜਾ ਸਕਦਾ ਹੈ ਅਤੇ ਇਹ ਸਰਜਰੀ 17 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਤੇ ਕੀਤੀ ਜਾ ਸਕਦੀ ਹੈ।

"ਹਾਲਾਂਕਿ, ਜਦੋਂ ਕਿਸੇ ਹਾਦਸੇ ਵਿੱਚ ਖੂਨ ਦੀਆਂ ਨਾੜੀਆਂ ਪੂਰੀ ਤਰ੍ਹਾਂ ਖਰਾਬ ਹੋ ਜਾਂਦੀਆਂ ਹਨ ਤਾਂ ਇਹ ਸੰਭਵ ਨਹੀਂ ਹੁੰਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)