ਹਰਜਸ ਸਿੰਘ: 141 ਗੇਂਦਾਂ 'ਤੇ 314 ਦੌੜਾਂ ਬਣਾਉਣ ਦਾ ਕਮਾਲ ਦਿਖਾਉਣ ਵਾਲੇ ਖਿਡਾਰੀ ਦੇ ਚਰਚੇ, ਕਿਵੇਂ ਲੱਕੜ ਦੀ ਫੱਟੀ ਤੋਂ ਕੀਤੀ ਸੀ ਸ਼ੁਰੂਆਤ

ਸਿਡਨੀ ਵਿੱਚ ਘਰੇਲੂ ਕ੍ਰਿਕਟ ਦੇਖ ਰਹੇ ਪ੍ਰਸ਼ੰਸਕਾਂ ਦਾ ਉਸ ਵੇਲੇ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਆਸਟ੍ਰੇਲੀਆ ਦੇ ਬੱਲੇਬਾਜ਼ ਹਰਜਸ ਸਿੰਘ ਨੇ ਗ੍ਰੇਡ ਮੁਕਾਬਲੇ ਵਿੱਚ 141 ਗੇਂਦਾਂ ਵਿੱਚ ਨਾਬਾਦ 314 ਦੌੜਾਂ ਬਣਾਈਆਂ।

ਬੀਬੀਸੀ ਸਪੋਰਟਸ ਪੱਤਰਕਾਰ ਮਾਈਕ ਪੀਟਰ ਦੀ ਰਿਪੋਰਟ ਮੁਤਾਬਕ, ਸ਼ਨੀਵਾਰ ਨੂੰ 20 ਸਾਲਾ ਖਿਡਾਰੀ ਨੇ 35 ਛੱਕੇ ਅਤੇ 14 ਚੌਕੇ ਲਗਾਏ ਅਤੇ ਆਪਣੀ ਟੀਮ ਵੈਸਟਰਨ ਸਬਰਬ ਨੂੰ 50 ਓਵਰਾਂ ਵਿੱਚ 483 ਦੌੜਾਂ ਬਣਾਉਣ ਵਿੱਚ ਮਦਦ ਕੀਤੀ।

ਉਨ੍ਹਾਂ ਦਾ ਸਕੋਰ ਸਿਡਨੀ ਦੇ ਪਹਿਲੇ ਗ੍ਰੇਡ ਦੇ ਇਤਿਹਾਸ ਵਿੱਚ ਤੀਜਾ ਸਭ ਤੋਂ ਵੱਡਾ ਹੈ। ਇਸ ਤੋਂ ਪਹਿਲਾਂ 1903 ਵਿੱਚ ਮਹਾਨ ਬੱਲੇਬਾਜ਼ ਵਿਕਟਰ ਟਰੰਪਰ ਨੇ 335 ਸਕੋਰ ਬਣਾਏ ਸਨ ਅਤੇ 2007 ਵਿੱਚ ਫਿਲ ਜੈਕਸ ਨੇ 321 ਦੌੜਾਂ ਬਣਾਈਆਂ ਸਨ।

ਇਸ ਬਾਰੇ ਗੱਲ ਕਰਦਿਆਂ ਹਰਜਸ ਸਿੰਘ ਨੇ ਫੌਕਸ ਕ੍ਰਿਕਟ ਨੂੰ ਦੱਸਿਆ, "ਇਹ ਹੁਣ ਤੱਕ ਦੀ ਮੇਰੀ ਸਭ ਤੋਂ ਚੰਗੀ ਬੱਲੇਬਾਜ਼ੀ ਹੈ।"

"ਇਹ ਅਜਿਹੀ ਚੀਜ਼ ਹੈ ਜਿਸ 'ਤੇ ਮੈਨੂੰ ਬਹੁਤ ਮਾਣ ਹੈ ਕਿਉਂਕਿ ਮੈਂ ਆਫ-ਸੀਜ਼ਨ ਵਿੱਚ ਆਪਣੀ ਪਾਵਰ ਹਿਟਿੰਗ 'ਤੇ ਕਾਫ਼ੀ ਕੰਮ ਕੀਤਾ ਹੈ ਅਤੇ ਇਹ ਕਮਾਲ ਕਰ ਦਿਖਾਉਣਾ ਮੇਰੇ ਲਈ ਬੇਹੱਦ ਖ਼ਾਸ ਸੀ।"

ਹਰਜਸ ਸਿੰਘ ਨੇ 35ਵੇਂ ਓਵਰ ਵਿੱਚ 74 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ ਪਰ ਇਹ ਸਿਰਫ਼ ਉਨ੍ਹਾਂ ਦੀ ਸ਼ੁਰੂਆਤ ਹੀ ਸੀ, ਆਪਣੀਆਂ ਅਗਲੀਆਂ 67 ਗੇਂਦਾਂ ਵਿੱਚ ਉਨ੍ਹਾਂ ਨੇ 214 ਦੌੜਾਂ ਬਣਾਈਆਂ।

ਹੈਰਾਨੀ ਦੀ ਗੱਲ ਨਹੀਂ ਹੈ ਕਿ ਵੈਸਟਰਨ ਸਬਰਬਸ ਦੀ ਵਿਰੋਧੀ ਟੀਮ ਸਿਡਨੀ, ਆਪਣੇ ਟੀਚੇ ਦਾ ਪਿੱਛਾ ਕਰਨ ਵਿੱਚ ਅਸਫਲ ਰਹੀ ਅਤੇ 8 ਵਿਕਟਾਂ 'ਤੇ 287 ਦੌੜਾਂ 'ਤੇ ਆਊਟ ਹੋ ਗਏ, ਜਿਸ ਨਾਲ ਹਰਜਸ ਸਿੰਘ ਦੀ ਟੀਮ ਨੂੰ 196 ਦੌੜਾਂ ਨਾਲ ਜਿੱਤ ਮਿਲੀ।

ਹਰਜਸ ਸਿੰਘ ਉਸ ਆਸਟ੍ਰੇਲੀਆਈ ਟੀਮ ਦਾ ਹਿੱਸਾ ਸੀ ਜਿਨ੍ਹਾਂ ਨੇ ਫਰਵਰੀ 2024 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ ਅਤੇ ਭਾਰਤ ਵਿਰੁੱਧ ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ 55 ਦੌੜਾਂ ਦੀ ਪਾਰੀ ਖੇਡੀ ਸੀ, ਪਰ ਉਨ੍ਹਾਂ ਨੂੰ ਅਜੇ ਤੱਕ ਆਪਣੀ ਸਟੇਟ ਟੀਮ, ਨਿਊ ਸਾਊਥ ਵੇਲਜ਼ ਨਾਲ ਇੱਕ ਰੂਕੀ ਕੌਂਟਰੈਕਟ ਨਹੀਂ ਮਿਲਿਆ ਹੈ।

ਤੇਜ਼ ਗੇਂਦਬਾਜ਼ ਮਾਹਲੀ ਬੀਅਰਡਮੈਨ ਨੂੰ ਪਿਛਲੇ ਸਾਲ ਇੰਗਲੈਂਡ ਦੇ ਦੌਰੇ ਲਈ ਆਸਟ੍ਰੇਲੀਆ ਦੀ ਵਨਡੇਅ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੇ ਸਾਥੀ ਖਿਡਾਰੀ ਓਲੀਵਰ ਪੀਕ, ਹੈਰੀ ਡਿਕਸਨ ਅਤੇ ਟੌਮ ਸਟ੍ਰੈਕਰ ਵੀ ਹਾਲ ਹੀ ਵਿੱਚ ਭਾਰਤ ਦੇ ਦੌਰੇ 'ਤੇ ਆਈ ਆਸਟ੍ਰੇਲੀਆ ਏ ਟੀਮ ਵਿੱਚ ਸ਼ਾਮਲ ਹੋਏ ਅਤੇ ਇੱਕ ਹੋਰ ਤੇਜ਼ ਗੇਂਦਬਾਜ਼, ਕੈਲਮ ਵਿਡਲਰ, ਸੱਟ ਕਾਰਨ ਦੌਰੇ ਤੋਂ ਬਾਹਰ ਹੋ ਗਏ ਸੀ।

ਹੋਰ ਖਿਡਾਰੀਆਂ ਦੇ ਸਟੇਟ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਉਣ ਦੇ ਨਾਲ ਹਰਜਸ ਸਿੰਘ ਜਲਦੀ ਹੀ ਖੇਡ ਦੇ ਪੇਸ਼ੇਵਰ ਪੱਧਰ 'ਤੇ ਕਦਮ ਰੱਖਣ ਵਾਲੀ ਸੁਨਹਿਰੀ ਪੀੜ੍ਹੀ ਦੇ ਨਵੀਨਤਮ ਖਿਡਾਰੀ ਬਣ ਸਕਦੇ ਹਨ।

ਲੱਕੜ ਦੀ ਫੱਟੀ ਤੋਂ ਕੀਤੀ ਸ਼ੁਰੂਆਤ

ਆਸਟ੍ਰੇਲੀਆ ਵਿੱਚ ਜੰਮੇ ਹਰਜਸ ਸਿੰਘ ਨੇ ਸਾਲ 2023 ਵਿੱਚ ਆਸਟ੍ਰੇਲੀਆ ਦੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੀ ਟੀਮ ਵਿੱਚ ਆਪਣੀ ਥਾਂ ਬਣਾਈ ਸੀ।

ਹਰਜਸ ਸਿੰਘ ਨੇ ਐੱਸਬੀਐੱਸ ਆਸਟ੍ਰੇਲੀਆ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

ਇਹ ਇੰਟਰਵਿਊ ਉਨ੍ਹਾਂ ਨੇ ਮਈ 2023 ਵਿੱਚ ਦਿੱਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਉਹ ਸ਼ੁਰੂਆਤ ਵਿੱਚ ਗੁਰਦੁਆਰੇ ਵਿੱਚ ਕ੍ਰਿਕਟ ਖੇਡਦੇ ਹੁੰਦੇ ਸਨ ਅਤੇ ਪਹਿਲਾਂ ਉਹ ਲੱਕੜ ਦੇ ਫੱਟੇ ਅਤੇ ਟੈਨਿਸ ਬਾਲ ਨਾਲ ਕ੍ਰਿਕਟ ਖੇਡਦੇ ਸਨ।

ਹਰਜਸ ਸਿੰਘ ਅੰਡਰ-14 ਦੇ ਨਾਲ-ਨਾਲ ਆਪਣੇ ਸ਼ੁਰੂਆਤੀ ਦੌਰ ਵਿੱਚ ਕ੍ਰਿਕਟ ਕਲੱਬਾਂ ਵਿੱਚ ਵੀ ਖੇਡੇ। ਉਹ ਖੱਬੇ ਹੱਥ ਦੇ ਬੱਲੇਬਾਜ਼ ਹਨ।

ਹਰਜਸ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਦਿੱਖ ਕਾਰਨ ਉਹ ਬਾਕੀਆਂ ਤੋਂ ਵੱਖਰੇ ਹਨ। “ਇਸ ਲਈ ਮੇਰੇ ਦਿਮਾਗ ਵਿੱਚ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਦਸਤਾਰਧਾਰੀ ਹੋਣ ਕਾਰਕੇ ਮੈਨੂੰ ਆਪਣੀ ਥਾਂ ਬਣਾਉਣ ਲਈ ਬਿਹਤਰ ਪ੍ਰਦਰਸ਼ਨ ਕਰਕੇ ਦਿਖਾਉਣਾ ਪਵੇਗਾ।”

ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਟਕੇ ਕਾਰਨ ਪ੍ਰਾਇਮਰੀ ਸਕੂਲ ਵਿੱਚ ਉਨ੍ਹਾਂ ਨੂੰ ਕਈ ਵਾਰੀ ਗੱਲਾਂ ਸੁਣਨੀਆਂ ਪੈਂਦੀਆਂ ਸੀ, “ਪਰ ਹੁਣ ਇਹ ਘੱਟ ਗਿਆ ਹੈ।”

ਹਰਜਸ ਸਿੰਘ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੇ ਹਨ।

ਉਹ ਕਹਿੰਦੇ ਹਨ ਉਨ੍ਹਾਂ ਦੇ ਮਾਪਿਆਂ ਨੇ ਹੀ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣਿਆ।

ਉਨ੍ਹਾਂ ਨੇ ਕਿਹਾ ਸੀ, “ਮੇਰੇ ਪਿਤਾ ਮੈਨੂੰ ਹਫ਼ਤੇ 'ਚ ਤਿੰਨ ਚਾਰ ਵਾਰੀ ਸਿਖਲਾਈ ਲਈ ਲੈ ਕੇ ਜਾਂਦੇ ਸਨ।”

ਉਹ ਕਹਿੰਦੇ ਹਨ, “ਮੇਰੀ ਤਾਕਤ ਮੇਰੀ ਬੱਲੇਬਾਜ਼ੀ ਹੈ ਅਤੇ ਕਦੇ-ਕਦੇ ਗੇਂਦਬਾਜ਼ੀ ਵਿੱਚ ਵੀ ਆਪਣਾ ਹੱਥ ਅਜ਼ਮਾਉਂਦਾ ਹਾਂ। ਮੇਰਾ ਧਿਆਨ ਚੰਗਾ ਪ੍ਰਦਰਸ਼ਨ ਕਰਨ ਅਤੇ ਆਪਣਾ ‘ਬੈੱਸਟ’ ਦੇਣ ਵੱਲ ਕੇਂਦਰਤ ਹੈ।”

“ਹਾਲਾਂਕਿ ਕ੍ਰਿਕਟ ਦੇ ਹਰ ਫੌਰਮੈਟ ਵਿੱਚ ਬੱਲੇਬਾਜ਼ੀ ਕਰਨਾ ਪਸੰਦ ਹੈ, ਪਰ ਮੈਨੂੰ ‘ਵ੍ਹਾਈਟ ਗੇਂਦ’ ਨਾਲ ਖੇਡਣਾ ਪਸੰਦ ਹੈ ਕਿਉਂਕਿ ਤੁਸੀਂ ਹਮਲਾਵਰ ਅੰਦਾਜ਼ ‘ਚ ਬੱਲਬੇਾਜ਼ੀ ਕਰ ਸਕਦੇ ਹੋ। ਟੀ 20 ਅਤੇ ਵਨਡੇਅ ਕ੍ਰਿਕਟ ਉਨਾਂ ਦੀ ਪਸੰਦ ਹਨ।”

ਇੱਕ ਅਖ਼ਬਾਰ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਸ਼ੁਭਮਨ ਗਿੱਲ ਉਨ੍ਹਾਂ ਦੀ ਪ੍ਰੇਰਨਾ ਹਨ। ਹਰਜਸ ਸਿੰਘ ਆਖ਼ਰੀ ਵਾਰੀ 2015 ਵਿੱਚ ਭਾਰਤ ਆਏ ਸਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਛੋਕੜ ਉੱਤੇ ਮਾਣ ਹੈ।

ਸ਼ਾਨਦਾਰ ਪਾਰੀ ʼਤੇ ਕੀ ਬੋਲੇ ਹਰਜਸ

ਵੈਬਸਾਈਟ ਦਿ ਏਜ ਮੁਤਾਬਕ, ਹਰਜਸ ਕਹਿੰਦੇ ਹਨ, "100 ਦੌੜਾਂ ਤੋਂ ਬਾਅਦ, ਤੁਸੀਂ ਆਪਣੀ ਰਫ਼ਤਾਰ ਫੜ੍ਹਨਾ ਸ਼ੁਰੂ ਕਰ ਦਿੰਦੇ ਹੋ ਅਤੇ ਮੈਂ ਹਰ ਗੇਂਦ 'ਤੇ ਛੱਕਾ ਮਾਰਨਾ ਚਾਹੁੰਦਾ ਸੀ।"

"ਆਖ਼ਰੀ ਓਵਰ ਵਿੱਚ ਮੈਂ ਵੱਧ ਤੋਂ ਵੱਧ ਵਿਸਫੋਟਕ ਸ਼ਾਟ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਲੌਂਗ-ਆਫ 'ਤੇ ਹੋਲਿੰਗ ਆਊਟ ਕਰ ਦਿੱਤਾ। ਇਸਦਾ ਸਭ ਤੋਂ ਮਜ਼ੇਦਾਰ ਪਹਿਲੂ ਸਾਫ਼ ਪਾਵਰ ਹਿਟਿੰਗ ਸੀ। ਮੈਂ ਆਫ-ਸੀਜ਼ਨ ਦੌਰਾਨ ਇਸ 'ਤੇ ਬਹੁਤ ਕੰਮ ਕੀਤਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਮੇਰੇ ਲਈ ਇਸ ਦਾ ਇੱਕ ਵੱਡਾ ਹਿੱਸਾ ਸਿਰਫ਼ ਪਲ਼ ਦਾ ਆਨੰਦ ਲੈਣਾ ਹੈ। ਮੈਨੂੰ ਲੱਗਦਾ ਹੈ ਕਿ ਆਫ-ਸੀਜ਼ਨ ਦੌਰਾਨ ਮੇਰੀ ਮਾਨਸਿਕ ਮਜ਼ਬੂਤੀ ਵਿੱਚ ਸੁਧਾਰ ਹੋਇਆ ਹੈ ਅਤੇ ਮੈਂ ਇਸ ਨੂੰ ਗੇਂਦ-ਦਰ-ਗੇਂਦ ਖੇਡ ਰਿਹਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)