You’re viewing a text-only version of this website that uses less data. View the main version of the website including all images and videos.
ਏਸ਼ੀਆ ਕੱਪ 2025: ਜਿੱਤ ਦੇ ਬਾਵਜੂਦ ਟੀਮ ਇੰਡੀਆ ਨੇ ਟਰਾਫ਼ੀ ਲੈਣ ਤੋਂ ਕਿਉਂ ਕੀਤਾ ਇਨਕਾਰ, ਪੀਐੱਮ ਬੋਲੇ ਖੇਡ ਦੇ ਮੈਦਾਨ 'ਤੇ 'ਆਪ੍ਰੇਸ਼ਨ ਸਿੰਦੂਰ'
ਭਾਰਤੀ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ।
ਭਾਰਤੀ ਟੀਮ ਨੇ ਪਾਕਿਸਤਾਨ ਵੱਲੋਂ ਜਿੱਤ ਲਈ ਦਿੱਤੇ 147 ਦੌੜਾਂ ਦੇ ਟੀਚੇ ਨੂੰ 19.4 ਓਵਰਾਂ ਵਿੱਚ ਸਿਰਫ਼ ਪੰਜ ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ।
ਤਿਲਕ ਵਰਮਾ ਭਾਰਤ ਦੀ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ ਵੀ 33 ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ, ਕੁਲਦੀਪ ਯਾਦਵ ਨੇ ਚਾਰ ਵਿਕਟਾਂ ਲੈ ਕੇ ਪਾਕਿਸਤਾਨ ਦੀ ਪਾਰੀ ਨੂੰ 19.1 ਓਵਰਾਂ ਵਿੱਚ 146 ਦੌੜਾਂ ਤੱਕ ਹੀ ਸਮੇਟਣ 'ਚ ਅਹਿਮ ਰੋਲ ਨਿਭਾਇਆ।
ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਮੰਤਰੀਆਂ ਹੱਥੋਂ ਟ੍ਰਾਫ਼ੀ ਲੈਣ ਤੋਂ ਕੀਤਾ ਇਨਕਾਰ
ਹਾਲਾਂਕਿ ਭਾਰਤੀ ਟੀਮ ਨੇ ਜਿੱਤ ਤੋਂ ਬਾਅਦ ਪਾਕਿਸਤਾਨ ਦੇ ਮੰਤਰੀ ਅਤੇ ਏਸੀਸੀ ਮੁਖੀ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਜੇਤੂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਸਭ ਦੇ ਚਲਦਿਆਂ ਹੀ ਮੈਚ ਖਤਮ ਹੋਣ ਤੋਂ ਬਾਅਦ ਪੇਸ਼ਕਾਰੀ ਸਮਾਰੋਹ ਕਰੀਬ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਅੰਤ ਵਿੱਚ ਪ੍ਰੀਜ਼ੈਂਟਰ ਸਾਈਮਨ ਡੌਲ ਨੇ ਐਲਾਨ ਕੀਤਾ ਕਿ ਭਾਰਤ ਨੇ ਟਰਾਫੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਸਮਾਰੋਹ ਦੇ ਅੰਤ ਵਿੱਚ ਕਿਹਾ, "ਮੈਨੂੰ ਏਸ਼ੀਅਨ ਕ੍ਰਿਕਟ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਟੀਮ ਅੱਜ ਰਾਤ ਆਪਣੇ ਪੁਰਸਕਾਰ ਨਹੀਂ ਲਵੇਗੀ। ਇਸ ਲਈ, ਮੈਚ ਤੋਂ ਬਾਅਦ ਦੀ ਪੇਸ਼ਕਾਰੀ ਇੱਥੇ ਸਮਾਪਤ ਹੁੰਦੀ ਹੈ।"
ਕ੍ਰਿਕਇਨਫੋ ਦੀ ਰਿਪੋਰਟ ਮੁਤਾਬਕ, ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਇਸ ਲਈ ਇਨਕਾਰ ਕੀਤਾ ਕਿਉਂਕਿ ਟਰਾਫੀ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਹਸਿਨ ਨਕਵੀ, ਪੀਸੀਬੀ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੁਆਰਾ ਦਿੱਤੀ ਜਾਣੀ ਸੀ।
ਬੀਸੀਸੀਆਈ ਸੈਕਰੇਟਰੀ ਦੇਵਜੀਤ ਸੈਕੀਆ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਅਸੀਂ ਏਸੀਸੀ ਚੇਅਰਮੈਨ ਤੋਂ ਏਸ਼ੀਆ ਕੱਪ ਟਰਾਫੀ ਨਾ ਲੈਣ ਦਾ ਫੈਸਲਾ ਕੀਤਾ ਹੈ, ਜੋ ਪਾਕਿਸਤਾਨ ਦੇ ਮੁੱਖ ਨੇਤਾਵਾਂ ਵਿੱਚੋਂ ਇੱਕ ਹਨ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਟਰਾਫੀ ਨੂੰ ਮੈਡਲਾਂ ਸਣੇ ਆਪਣੇ ਨਾਲ ਲੈ ਜਾਣਗੇ। ਇਹ ਬਹੁਤ ਮੰਦਭਾਗਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਟਰਾਫੀ ਅਤੇ ਮੈਡਲ ਜਲਦੀ ਤੋਂ ਜਲਦੀ ਭਾਰਤ ਨੂੰ ਵਾਪਸ ਕਰ ਦਿੱਤੇ ਜਾਣਗੇ।''
ਕ੍ਰਿਕਇਨਫੋ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਮੈਚ ਦੁਬਈ ਦੇ ਸਮੇਂ ਅਨੁਸਾਰ ਰਾਤ 10.30 ਵਜੇ ਦੇ ਕਰੀਬ ਖਤਮ ਹੋ ਗਿਆ ਸੀ ਪਰ ਪੇਸ਼ਕਾਰੀ ਦਾ ਇੰਤਜ਼ਾਰ ਲਗਭਗ ਅੱਧੀ ਰਾਤ ਤੱਕ ਜਾਰੀ ਰਿਹਾ। ਸ਼ੁਰੂ ਵਿੱਚ ਇਹ ਸਪਸ਼ਟ ਨਹੀਂ ਸੀ ਕਿ ਦੇਰੀ ਕਿਉਂ ਹੋ ਰਹੀ ਹੈ, ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਭਾਰਤੀ ਟੀਮ ਨਕਵੀ ਹੱਥੋਂ ਟਰਾਫੀ ਨਹੀਂ ਲੈਣਾ ਚਾਹੁੰਦੀ।
ਸਮਾਰੋਹ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹੈ, ਕ੍ਰਿਕਟ ਫਾਲੋ ਕਰਨਾ ਸ਼ੁਰੂ ਕੀਤਾ ਹੈ, ਅਜਿਹਾ ਕਦੇ ਨਹੀਂ ਦੇਖਿਆ ਕਿ ਇੱਕ ਚੈਂਪੀਅਨ ਟੀਮ ਨੂੰ ਟਰਾਫੀ ਤੋਂ ਵਾਂਝਾ ਕੀਤਾ ਜਾਵੇ, ਉਹ ਵੀ ਮਿਹਨਤ ਨਾਲ ਕਮਾਈ ਟਰਾਫ਼ੀ ਤੋਂ। ਮੈਨੂੰ ਲੱਗਦਾ ਹੈ ਕਿ ਅਸੀਂ ਇਸਦੇ ਹੱਕਦਾਰ ਸੀ।''
''ਮੈਂ ਹੋਰ ਕੁਝ ਨਹੀਂ ਕਹਿ ਸਕਦਾ, ਮੈਂ ਇਸਨੂੰ ਬਹੁਤ ਵਧੀਆ ਢੰਗ ਨਾਲ ਦੱਸ ਦਿੱਤਾ ਹੈ। ਜੇ ਤੁਸੀਂ ਮੈਨੂੰ ਟਰਾਫੀਆਂ ਬਾਰੇ ਕਹੋ, ਤਾਂ ਮੇਰੀਆਂ ਟਰਾਫੀਆਂ ਡ੍ਰੈਸਿੰਗ ਰੂਮ ਵਿੱਚ ਹਨ, ਮੇਰੇ ਸਾਰੇ 14 ਖਿਡਾਰੀ, ਸਪੋਰਟ ਸਟਾਫ, ਏਸ਼ੀਆ ਕੱਪ ਦੇ ਇਸ ਸਫ਼ਰ ਦੌਰਾਨ ਉਹੀ ਅਸਲ ਟਰਾਫੀਆਂ ਹਨ।"
ਸੂਰਿਆਕੁਮਾਰ ਨੇ ਕਿਹਾ ਕਿ ਟੀਮ ਨੇ ਟਰਾਫੀ ਨਾ ਲੈਣ ਦਾ ਫੈਸਲਾ ਖੁਦ ਲਿਆ ਸੀ ਅਤੇ "ਕਿਸੇ ਨੇ ਸਾਨੂੰ ਅਜਿਹਾ ਕਰਨ ਲਈ ਨਹੀਂ ਕਿਹਾ।"
ਪੀਐੱਮ ਮੋਦੀ ਬੋਲੇ - 'ਖੇਡ ਦੇ ਮੈਦਾਨ 'ਤੇ ਆਪ੍ਰੇਸ਼ਨ ਸਿੰਦੂਰ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਇਸ ਜਿੱਤ 'ਤੇ ਵਧਾਈ ਦਿੰਦਿਆਂ 'ਆਪ੍ਰੇਸ਼ਨ ਸਿੰਦੂਰ' ਦਾ ਜ਼ਿਕਰ ਕੀਤਾ।
ਐਕਸ 'ਤੇ ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, ''ਖੇਡ ਦੇ ਮੈਦਾਨ 'ਤੇ ਆਪ੍ਰੇਸ਼ਨ ਸਿੰਦੂਰ। ਨਤੀਜਾ ਉਹੀ - ਭਾਰਤ ਜਿੱਤ ਗਿਆ!''
''ਸਾਡੇ ਕ੍ਰਿਕਟਰਾਂ ਨੂੰ ਵਧਾਈ।''
'ਖੇਡ ਦੀ ਮੂਲ ਭਾਵਨਾ ਦਾ ਅਪਮਾਨ' - ਮੋਹਸਿਨ ਨਕਵੀ
ਭਾਰਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ 'ਤੇ ਪਾਕਿਸਤਾਨ ਨੇ ਪ੍ਰਤੀਕਿਰਿਆ ਦਿੱਤੀ ਹੈ।
ਏਸੀਸੀ ਦੇ ਪ੍ਰਧਾਨ ਅਤੇ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਐਕਸ 'ਤੇ ਲਿਖਿਆ, "ਜੇ ਜੰਗ ਹੀ ਤੁਹਾਡਾ ਮਾਣ ਨੂੰ ਮਾਪਣ ਦਾ ਪੈਮਾਨਾ ਹੈ, ਤਾਂ ਇਤਿਹਾਸ ਵਿੱਚ ਪਾਕਿਸਤਾਨ ਹੱਥੋਂ ਤੁਹਾਡੀ ਸ਼ਰਮਨਾਕ ਹਾਰ ਪਹਿਲਾਂ ਤੋਂ ਦਰਜ ਹੈ।"
ਉਨ੍ਹਾਂ ਕਿਹਾ, "ਕੋਈ ਵੀ ਕ੍ਰਿਕਟ ਮੈਚ ਉਸ ਸੱਚਾਈ ਨੂੰ ਨਹੀਂ ਬਦਲ ਸਕਦਾ। ਖੇਡ ਵਿੱਚ ਜੰਗ ਨੂੰ ਘਸੀਟਣਾ ਸਿਰਫ ਤੁਹਾਡੀ ਡੇਸਪੇਰੇਸ਼ਨ ਨੂੰ ਦਿਖਾਉਂਦਾ ਹੈ ਅਤੇ ਖੇਡ ਦੀ ਮੂਲ ਭਾਵਨਾ ਦਾ ਅਪਮਾਨ ਕਰਦਾ ਹੈ।"
ਟਾਸ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਰਹੀ ਸੀ ਅਤੇ ਪਹਿਲੇ 10 ਓਵਰ ਵਿੱਚ ਚੰਗੀਆਂ ਦੌੜਾਂ ਬਣੀਆਂ ਪਰ ਫਿਰ ਪਾਕਿਸਤਾਨ ਨੇ ਆਪਣੀਆਂ ਆਖਰੀ ਨੌਂ ਵਿਕਟਾਂ 33 ਦੌੜਾਂ ਦੇ ਫਰਕ ਨਾਲ ਗੁਆ ਦਿੱਤੀਆਂ।
ਭਾਰਤ ਦੀ ਸ਼ੁਰੂਆਤ ਹਾਲਾਂਕਿ ਮਾੜੀ ਰਹੀ। ਭਾਰਤ ਨੇ ਚਾਰ ਓਵਰਾਂ ਵਿੱਚ ਸਿਰਫ਼ 20 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਪਰ ਸੰਜੂ ਸੈਮਸਨ (24 ਦੌੜਾਂ) ਅਤੇ ਤਿਲਕ ਵਰਮਾ (ਅਜੇਤੂ 69 ਦੌੜਾਂ) ਨੇ ਫਿਰ ਭਾਰਤ ਦੀ ਪਾਰੀ ਨੂੰ ਸੰਭਾਲ ਲਿਆ। ਸ਼ਿਵਮ ਦੂਬੇ ਨੇ ਵੀ 33 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ।
ਟੀਮ ਇੰਡੀਆ ਨੇ ਨੌਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ।
ਤਿਲਕ ਵਰਮਾ ਰਹੇ ਜਿੱਤ ਦੇ ਹੀਰੋ
ਹੁਣ ਗੱਲ ਕਰਦੇ ਹਾਂ ਮੈਚ ਦੇ ਹੀਰੋ ਰਹੇ ਤਿਲਕ ਵਰਮਾ ਬਾਰੇ। ਉਨ੍ਹਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਅਤੇ ਏਸ਼ੀਆ ਕੱਪ ਦੇ ਫਾਈਨਲ 'ਚ ਖੇਡੀ ਪਾਰੀ ਬਾਰੇ ਪੜ੍ਹੋ ਬੀਬੀਸੀ ਪੱਤਰਕਾਰ ਪ੍ਰਵੀਨ ਦੀ ਇਹ ਰਿਪੋਰਟ...
"ਤਿਲਕ ਵਰਮਾ ਨੇ ਪਾਕਿਸਤਾਨ ਵਿਰੁੱਧ ਵਿਰਾਟ ਕੋਹਲੀ ਵਾਂਗ ਪਾਰੀ ਖੇਡੀ, ਉਹ ਵੀ ਫਾਈਨਲ ਵਿੱਚ।"
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਐਤਵਾਰ ਨੂੰ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਨੌਵੀਂ ਵਾਰ ਏਸ਼ੀਆ ਕੱਪ ਜਿੱਤ ਲਿਆ ਹੈ।
ਪਰ ਮੈਚ ਤੋਂ ਬਾਅਦ, ਜਿਸ ਵਿਅਕਤੀ ਦੀ ਸੋਸ਼ਲ ਮੀਡੀਆ ਅਤੇ ਏਸ਼ੀਆ ਕੱਪ ਦੇ ਅਧਿਕਾਰਤ ਪ੍ਰਸਾਰਕ 'ਤੇ ਚਰਚਾ ਸੀ, ਉਸ ਸਨ - ਤਿਲਕ ਵਰਮਾ।
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਤਾਂ ਉਨ੍ਹਾਂ ਦੀ ਪਾਰੀ ਦੀ ਤੁਲਨਾ 2022 ਦੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਵਿਰੁੱਧ ਖੇਡੀ ਗਈ ਵਿਰਾਟ ਕੋਹਲੀ ਦੀ ਇਤਿਹਾਸਕ ਪਾਰੀ ਨਾਲ ਕੀਤੀ।
ਉਸ ਵੇਲੇ ਮੈਲਬਰਨ ਵਿੱਚ ਵਿਰਾਟ ਕੋਹਲੀ ਨੇ ਨਾਬਾਦ 82 ਦੌੜਾਂ ਨਾਲ ਭਾਰਤ ਨੂੰ ਇੱਕ ਅਸੰਭਵ ਨਜ਼ਰ ਆ ਰਹੀ ਜਿੱਤ ਦਿਵਾਈ ਸੀ।
ਐਤਵਾਰ ਦੇ ਮੈਚ ਵਿੱਚ ਵੀ ਅਜਿਹੀ ਹੀ ਸਥਿਤੀ ਬਣਦੀ ਨਜ਼ਰ ਆ ਰਹੀ ਸੀ।
147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ ਚਾਰ ਓਵਰਾਂ ਵਿੱਚ 20 ਦੌੜਾਂ 'ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਲਈ ਪਾਕਿਸਤਾਨ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ।
ਪਰ ਤਿਲਕ ਵਰਮਾ ਨੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੁਆਰਾ ਕਹੀ ਗਈ ਇੱਕ ਗੱਲ ਨੂੰ ਲਗਭਗ ਚਾਰ ਸਾਲਾਂ ਬਾਅਦ ਸਹੀ ਸਾਬਤ ਕਰ ਦਿੱਤਾ।
"ਤਿਲਕ ਵਰਮਾ ਵਿੱਚ ਦਮ ਹੈ"
ਤਿਲਕ ਵਰਮਾ ਨੂੰ ਮੁੰਬਈ ਇੰਡੀਅਨਜ਼ ਨੇ ਆਈਪੀਐਲ 2022 ਲਈ ਸਾਈਨ ਕੀਤਾ ਸੀ। ਆਪਣੇ ਪਹਿਲੇ ਸੀਜ਼ਨ ਵਿੱਚ ਉਨ੍ਹਾਂ ਨੇ 14 ਮੈਚਾਂ ਵਿੱਚ 397 ਦੌੜਾਂ ਬਣਾ ਕੇ ਦਿਖਾਇਆ ਕਿ ਭਵਿੱਖ ਵਿੱਚ ਉਨ੍ਹਾਂ ਦਾ ਨਾਮ ਚਰਚਾ 'ਚ ਰਹਿਣ ਵਾਲਾ ਹੈ।
ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਸੀ, "ਤਿਲਕ ਵਰਮਾ ਵਿੱਚ ਦਮ ਹੈ।"
ਤਿਲਕ ਵਰਮਾ ਨੇ ਪਹਿਲੇ ਸੀਜ਼ਨ ਤੋਂ ਅੱਗੇ ਵੀ ਆਪਣੀ ਸਫਲਤਾ ਜਾਰੀ ਰੱਖੀ, ਆਈਪੀਐਲ 2023 ਵਿੱਚ 11 ਮੈਚਾਂ ਵਿੱਚ ਉਨ੍ਹਾਂ ਨੇ 343 ਦੌੜਾਂ ਬਣਾਈਆਂ।
ਤਿਲਕ ਵਰਮਾ ਦੇ ਇਸ ਪ੍ਰਦਰਸ਼ਨ ਤੋਂ ਬਾਅਦ, ਸੀਨੀਅਰ ਖੇਡ ਪੱਤਰਕਾਰ ਅਤੇ ਕਮੇੰਟੇਟਰ ਹਰਸ਼ਾ ਭੋਗਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਸੀ, "ਮੈਂ ਪਿਛਲੇ ਸਾਲ ਵੀ ਸੋਚਿਆ ਸੀ, ਅਤੇ ਹੁਣ ਮੈਨੂੰ ਯਕੀਨ ਹੈ ਕਿ ਤਿਲਕ ਵਰਮਾ ਇੱਕ ਖਾਸ ਖਿਡਾਰੀ ਬਣਨ ਵਾਲੇ ਹਨ।"
ਦੋ ਸਫਲ ਸੀਜ਼ਨਾਂ ਤੋਂ ਬਾਅਦ ਹੀ ਤਿਲਕ ਵਰਮਾ ਲਈ ਟੀਮ ਇੰਡੀਆ ਦਾ ਰਸਤਾ ਤਿਆਰ ਹੋ ਗਿਆ ਸੀ। ਅਗਸਤ 2023 ਵਿੱਚ, ਉਨ੍ਹਾਂ ਨੂੰ ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ।
ਪਰ ਪਿਛਲੇ ਸਾਲ ਦੱਖਣੀ ਅਫਰੀਕਾ ਵਿਰੁੱਧ ਚਾਰ ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਤਿਲਕ ਵਰਮਾ ਨੂੰ ਟੀਮ ਇੰਡੀਆ ਵਿੱਚ ਆਪਣੀ ਸਹੀ ਜਗ੍ਹਾ ਮਿਲੀ।
ਪਹਿਲੇ ਦੋ ਮੈਚਾਂ ਵਿੱਚ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ, ਤਿਲਕ ਵਰਮਾ ਨੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਕਿਹਾ, "ਮੈਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਦਿਓ। ਮੈਂ ਆਪਣੇ ਆਪ ਨੂੰ ਸਾਬਤ ਕਰਨਾ ਹੈ।"
ਸੂਰਿਆਕੁਮਾਰ ਯਾਦਵ ਨੇ ਤਿਲਕ ਵਰਮਾ ਦੀ ਗੱਲ ਮੰਨੀ ਅਤੇ ਤਿਲਕ ਨੇ ਵੀ ਉਨ੍ਹਾਂ ਨੂੰ ਸਹੀ ਸਾਬਤ ਕਰਦੇ ਹੋਏ 56 ਗੇਂਦਾਂ ਵਿੱਚ 107 ਦੌੜਾਂ ਬਣਾਈਆਂ।
ਅਗਲੇ ਮੈਚ ਵਿੱਚ ਉਨ੍ਹਾਂ ਨੇ ਇੱਕ ਕਦਮ ਹੋਰ ਅੱਗੇ ਵਧਿਆ ਅਤੇ ਸਿਰਫ 47 ਗੇਂਦਾਂ ਵਿੱਚ ਨਾਬਾਦ 120 ਦੌੜਾਂ ਬਣਾ ਦਿੱਤੀਆਂ, ਜਿਸ ਨਾਲ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਅਤੇ ਪਲੇਅਰ ਆਫ ਦਿ ਸੀਰੀਜ਼ ਦੇ ਖਿਤਾਬ ਵੀ ਮਿਲੇ।
'ਮਾਸਟਰਕਲਾਸ ਪਾਰੀ'
ਹੁਣ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ, ਤਿਲਕ ਵਰਮਾ ਏਸ਼ੀਆ ਕੱਪ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਬਣ ਕੇ ਉੱਭਰੇ ਹਨ।
ਮੁਸ਼ਕਲ ਹਾਲਾਤਾਂ ਵਿੱਚ ਲਗਾਤਾਰ ਵਿਕਟਾਂ ਡਿੱਗਣ ਦੇ ਵਿਚਕਾਰ, 22 ਸਾਲਾ ਤਿਲਕ ਵਰਮਾ ਨੇ 69 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਦਿਖਾਇਆ ਹੈ ਕਿ ਉਨ੍ਹਾਂ ਅੰਦਰ ਮੈਚ ਫਿਨਿਸ਼ਰ ਦੀ ਸਮਰੱਥਾ ਹੈ।
ਮੈਚ ਤੋਂ ਬਾਅਦ ਸ਼ੁਭਮਨ ਗਿੱਲ, ਕੁਲਦੀਪ ਯਾਦਵ ਅਤੇ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਤਿਲਕ ਵਰਮਾ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ।
ਕੁਲਦੀਪ ਯਾਦਵ ਨੇ ਕਿਹਾ, "ਤਿਲਕ ਵਰਮਾ ਦੀ ਪਾਰੀ ਮਾਸਟਰਕਲਾਸ ਸੀ। ਤੁਸੀਂ ਜਾਣਦੇ ਹੋ ਕਿ ਅੱਜ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ।"
ਸ਼ੁਭਮਨ ਗਿੱਲ ਨੇ ਮੰਨਿਆ ਕਿ ਚਾਰ ਓਵਰਾਂ ਵਿੱਚ 20 ਦੌੜਾਂ 'ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਇਸ ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਪਰ ਤਿਲਕ ਵਰਮਾ ਦੀ ਪਾਰੀ ਨੇ ਇਸ ਜਿੱਤ ਨੂੰ ਸੰਭਵ ਬਣਾਇਆ।
ਉਨ੍ਹਾਂ ਕਿਹਾ, "ਟੀਚਾ ਵੱਡਾ ਨਹੀਂ ਸੀ। ਪਰ ਤਿੰਨ ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਇਹ ਮੁਸ਼ਕਲ ਲੱਗ ਰਿਹਾ ਸੀ। ਤਿਲਕ ਵਰਮਾ ਨੇ ਸੰਜੂ ਸੈਮਸਨ ਨਾਲ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਉਹ ਸ਼ਾਨਦਾਰ ਸੀ।"
ਮੋਰਨੇ ਮੋਰਕਲ ਨੇ ਕਿਹਾ, "ਫਾਈਨਲ ਵਿੱਚ ਬਹੁਤ ਕੁਝ ਦਾਅ 'ਤੇ ਲੱਗਿਆ ਹੋਇਆ ਸੀ। ਪਰ ਤਿਲਕ ਵਰਮਾ ਦੀ ਸੰਜੂ ਸੈਮਸਨ ਅਤੇ ਸ਼ਿਵਮ ਦੂਬੇ ਨਾਲ ਸਾਂਝੇਦਾਰੀ ਮਹੱਤਵਪੂਰਨ ਸਾਬਤ ਹੋਈ।"
22 ਸਾਲਾ ਤਿਲਕ ਵਰਮਾ ਨੇ ਏਸ਼ੀਆ ਕੱਪ ਫਾਈਨਲ ਵਿੱਚ ਬਹੁਤ ਪਰਿਪੱਕਤਾ ਦਿਖਾਈ। ਜੇਕਰ ਭਾਰਤੀ ਟੀਮ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਜਲਦ ਹੀ ਇੱਕ ਹੋਰ ਵਿਕਟ ਗੁਆ ਦਿੰਦੀ ਤਾਂ ਮੈਚ ਦਾ ਨਤੀਜਾ ਵੱਖਰਾ ਹੋ ਸਕਦਾ ਸੀ।
ਪਰ ਤਿਲਕ ਵਰਮਾ ਨੇ ਪਹਿਲਾਂ ਸੰਜੂ ਸੈਮਸਨ ਨਾਲ ਚੌਥੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਸ਼ਿਵਮ ਦੂਬੇ ਨਾਲ ਮਿਲ ਕੇ ਪੰਜਵੀਂ ਵਿਕਟ ਲਈ 60 ਦੌੜਾਂ ਜੋੜੀਆਂ।
ਅਤੇ ਅੰਤ ਵਿੱਚ ਉਹ 69 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਦਿਵਾ ਕੇ ਹੀ ਪੈਵੇਲੀਅਨ ਵਾਪਸ ਪਰਤੇ।
'ਇੱਕ ਸ਼ਾਨਦਾਰ ਨੌਜਵਾਨ ਖਿਡਾਰੀ'
ਤਿਲਕ ਵਰਮਾ ਨੇ ਵੀ ਮੰਨਿਆ ਕਿ ਉਹ ਬਹੁਤ ਦਬਾਅ ਹੇਠ ਸਨ। ਮੈਚ ਤੋਂ ਬਾਅਦ ਉਨ੍ਹਾਂ ਕਿਹਾ, "ਬਹੁਤ ਦਬਾਅ ਸੀ। ਉਹ ਚੰਗੀ ਗੇਂਦਬਾਜ਼ੀ ਕਰ ਰਹੇ ਸਨ। ਸੈਮਸਨ ਨੇ ਚੰਗਾ ਸਾਥ ਦਿੱਤਾ। ਦੂਬੇ ਦੀ ਪਾਰੀ ਵੀ ਸ਼ਾਨਦਾਰ ਰਹੀ।"
"ਮੈਂ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਖਾਸ ਪਾਰੀਆਂ ਵਿੱਚੋਂ ਇੱਕ ਹੈ। ਇਹ ਸਾਰੇ ਭਾਰਤੀਆਂ ਲਈ ਹੈ।"
ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਤਿਲਕ ਵਰਮਾ ਦਾ ਰਿਕਾਰਡ ਇਹ ਵੀ ਦਰਸਾਉਂਦਾ ਹੈ ਕਿ ਉਹ ਭਾਰਤ ਲਈ ਇੱਕ ਵਧੀਆ ਫਿਨਿਸ਼ਰ ਸਾਬਤ ਹੋ ਸਕਦੇ ਹਨ।
ਤਿਲਕ ਵਰਮਾ ਦੇ ਟੀਮ ਵਿੱਚ ਰਹਿੰਦਿਆਂ ਭਾਰਤ ਵੱਲੋਂ ਜਿੱਤੇ ਗਏ 11 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਨ੍ਹਾਂ ਨੇ 92.50 ਦੀ ਔਸਤ ਨਾਲ 370 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਅਰਧ-ਸੈਂਕੜੇ ਲਗਾਏ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ ਲਗਭਗ 135 ਰਿਹਾ ਹੈ।
ਤਿਲਕ ਵਰਮਾ ਨੇ ਭਾਰਤ ਲਈ 32 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿੱਚ ਲਗਭਗ 53 ਦੀ ਔਸਤ ਅਤੇ 149 ਦੀ ਸਟ੍ਰਾਈਕ ਰੇਟ ਨਾਲ ਉਨ੍ਹਾਂ ਨੇ 962 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਚਾਰ ਅਰਧ-ਸੈਂਕੜੇ ਅਤੇ ਦੋ ਸੈਂਕੜੇ ਵੀ ਲਗਾਏ ਹਨ।
ਹਰਸ਼ਾ ਭੋਗਲੇ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਤਿਲਕ ਵਰਮਾ ਦੇ ਬਣਨ ਦੀ ਸ਼ੁਰੂਆਤ ਸੀ।
ਉਨ੍ਹਾਂ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਤਿਲਕ ਵਰਮਾ ਇੱਕ ਸ਼ਾਨਦਾਰ ਨੌਜਵਾਨ ਖਿਡਾਰੀ ਹੈ। ਪਰ ਇਹ ਤਿਲਕ ਵਰਮਾ ਦੇ ਬਣਨ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਦਬਾਅ ਹੇਠ ਇੱਕ ਸ਼ਾਨਦਾਰ ਪਾਰੀ ਖੇਡੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ