You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਕਬੱਡੀ ਖਿਡਾਰੀ ਦਾ ਪੁੱਤਰ ਤੇ ਕੋਹਲੀ ਦਾ ਫੈਨ ਕਿਵੇਂ ਆਸਟ੍ਰੇਲੀਆ ਦੀ ਟੀਮ ਤੱਕ ਪਹੁੰਚਿਆ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
ਕ੍ਰਿਕਟ ਦੀ ਚੈਂਪੀਅਨਜ਼ ਟਰਾਫੀ ਦੇ ਸੈਮੀ ਫਾਈਨਲ ਵਿੱਚ ਭਾਵੇਂ ਆਸਟ੍ਰੇਲੀਆ ਭਾਰਤ ਤੋਂ ਹਾਰ ਗਿਆ ਪਰ ਆਸਟ੍ਰੇਲੀਆ ਟੀਮ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਨ ਦਾ ਇੱਕ ਕਾਰਨ ਦੇ ਗਈ।
ਇਹ ਕਾਰਨ ਹੈ ਆਸਟ੍ਰੇਲੀਆ ਟੀਮ ਵਿੱਚ ਖੇਡ ਰਿਹਾ ਲੈੱਗ ਸਪਿੰਨਰ ਤਨਵੀਰ ਸਿੰਘ ਸੰਘਾ।
ਤਨਵੀਰ ਸੰਘਾ ਪੰਜਾਬੀ ਨੌਜਵਾਨ ਹੈ ਜੋ ਜਲੰਧਰ ਨੇੜੇ ਪਿੰਡ ਰਹੀਮਪੁਰ ਦੀਆਂ ਗਲੀਆਂ ਵਿੱਚ ਵੀ ਕ੍ਰਿਕਟ ਖੇਡਦਾ ਰਿਹਾ ਹੈ।
ਹਾਲਾਂਕਿ ਤਨਵੀਰ ਆਸਟ੍ਰੇਲੀਆ ਦਾ ਹੀ ਜੰਮਪਲ ਹੈ ਪਰ ਪੰਜਾਬ ਨਾਲ ਉਸਦਾ ਗੂੜਾ ਰਿਸ਼ਤਾ ਹੈ ਅਤੇ ਚੰਗੀ ਪੰਜਾਬੀ ਬੋਲਦਾ ਹੈ।
ਚੈਂਪੀਅਨਜ਼ ਟਰਾਫੀ ਲਈ ਤਨਵੀਰ ਸੰਘਾ ਨੂੰ ਆਸਟ੍ਰੇਲੀਆ ਨੇ ਪਲੇਇੰਗ-11 ਵਿੱਚ ਸ਼ਾਮਲ ਕੀਤਾ ਸੀ। ਭਾਰਤ ਖਿਲਾਫ ਖੇਡੇ ਗਏ ਮੈਚ ਤੋਂ ਬਾਅਦ ਤਨਵੀਰ ਸੰਘਾ ਸੋਸ਼ਲ ਮੀਡੀਆ ਉੱਤੇ ਵੀ ਟਰੈਂਡ ਕਰ ਰਹੇ ਹਨ।
ਭਾਵੇਂ ਕਿ ਉਹ ਭਾਰਤ ਖ਼ਿਲਾਫ਼ ਮਹਿੰਗੇ ਸਾਬਿਤ ਹੋਏ। ਮੈਚ ਦੌਰਾਨ ਉਨ੍ਹਾਂ ਨੇ 6 ਓਵਰਾਂ ਵਿੱਚ 41 ਦੌੜਾਂ ਦਿੱਤੀਆਂ।
ਬਚਪਨ ਵਿੱਚ ਕਬੱਡੀ ਖੇਡਦਾ ਰਿਹਾ ਤਨਵੀਰ
ਤਨਵੀਰ ਸਿੰਘ ਸੰਘਾ ਕੌਮਾਂਤਰੀ ਆਸਟ੍ਰੇਲੀਆਈ ਕ੍ਰਿਕਟਰ ਹੈ ਜੋ ਆਪਣੀ ਸੱਜੇ ਹੱਥ ਦੀ ਲੈੱਗ-ਸਪਿਨ ਗੇਂਦਬਾਜ਼ੀ ਲਈ ਸੁਰਖੀਆਂ ਬਟੋਰ ਰਿਹਾ ਹੈ।
ਤਨਵੀਰ ਦਾ ਜਨਮ 26 ਨਵੰਬਰ 2001 ਨੂੰ ਆਸਟ੍ਰੇਲੀਆ ਦੇ ਲੀਵਰਪੂਲ ਨਿਊ ਸਾਊਥ ਵੇਲਜ਼ ਵਿੱਚ ਹੋਇਆ। ਉਸਦੀ ਪੜ੍ਹਾਈ ਸਿਡਨੀ ਦੇ ਈਸਟ ਹਿੱਲਜ਼ ਬੋਇਜ਼ ਸਕੂਲ ਤੋਂ ਹੋਈ।
ਤਨਵੀਰ ਦੇ ਪਿਤਾ ਕਬੱਡੀ ਖਿਡਾਰੀ ਸਨ ਤਾਂ ਤਨਵੀਰ ਵੀ ਬਚਪਨ ਵਿੱਚ ਕਬੱਡੀ ਖੇਡਦਾ ਰਿਹਾ। ਕਬੱਡੀ ਤੋਂ ਇਲਾਵਾ ਰਗਬੀ, ਫੁੱਟਬਾਲ ਅਤੇ ਕ੍ਰਿਕਟ ਵਰਗੀਆਂ ਖੇਡਾਂ ਵਿੱਚ ਹਿੱਸਾ ਲੈਣਾ ਵੀ ਤਨਵੀਰ ਨੂੰ ਪਸੰਦ ਸੀ।
ਕਬੱਡੀ ਖੇਡਣ ਲਈ ਤਨਵੀਰ ਨੂੰ ਆਸਟ੍ਰੇਲੀਆ ਵਿੱਚ ਉਹ ਮਾਹੌਲ ਨਹੀਂ ਮਿਲ ਸਕਿਆ ਤਾਂ ਉਸਦੀ ਰੁਚੀ ਕ੍ਰਿਕਟ ਖੇਡਣ ਵੱਲ ਵੱਧਣ ਲੱਗੀ। ਪਹਿਲਾਂ ਸ਼ੌਂਕ ਲਈ ਖੇਡੀ ਜਾਂਦੀ ਕ੍ਰਿਕਟ ਨੂੰ ਤਨਵੀਰ ਨੇ ਹੌਲੀ ਹੌਲੀ ਜਨੂੰਨ ਨਾਲ ਖੇਡਣਾ ਸ਼ੁਰੂ ਕਰ ਦਿੱਤਾ।
ਤਨਵੀਰ ਨੂੰ ਬਚਪਨ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਉਸਦੇ ਪਿਤਾ ਜੋਗਾ ਸਿੰਘ ਹੀ ਕਰਾਉਂਦੇ ਸਨ। ਤਨਵੀਰ ਸਿਡਨੀ ਵਿੱਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ ਅਤੇ ਬਹੁਤ ਚੰਗੀ ਪੰਜਾਬੀ ਬੋਲਦਾ ਹੈ।
ਤਨਵੀਰ ਦਾ ਜਲੰਧਰ ਨਾਲ ਸਬੰਧ
ਤਨਵੀਰ ਸੰਘਾ ਦੇ ਪਿਤਾ ਜੋਗਾ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਦੇ ਰਹਿਣ ਵਾਲੇ ਹਨ। ਜੋਗਾ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਆਸਟ੍ਰੇਲੀਆ ਗਏ ਸਨ। ਉੱਥੇ ਉਹ ਪਹਿਲਾਂ ਟੈਕਸੀ ਚਲਾਉਂਦੇ ਸਨ ਪਰ ਹੁਣ ਆਪਣਾ ਕਾਰੋਬਾਰ ਕਰਦੇ ਹਨ। ਜੋਗਾ ਸਿੰਘ ਖੁਦ ਇੱਕ ਕਬੱਡੀ ਖਿਡਾਰੀ ਸਨ ਤਾਂ ਜਦੋਂ ਉਹ ਆਸਟ੍ਰੇਲੀਆ ਗਏ ਤਾਂ 1997 ਵਿੱਚ ਉਹ ਆਸਟ੍ਰੇਲੀਆ ਵਿੱਚ ਵੀ ਕਬੱਡੀ ਖੇਡਦੇ ਰਹੇ।
ਤਨਵੀਰ ਉਹਨਾਂ ਦੇ ਨਾਲ ਹੀ ਹੁੰਦਾ ਸੀ ਤੇ ਕਬੱਡੀ ਦੇਖਦਾ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਤਨਵੀਰ ਅੰਦਰ ਖੇਡਣ ਦਾ ਸ਼ੌਂਕ ਉਸਦੇ ਪਿਤਾ ਨੇ ਹੀ ਪੈਦਾ ਕੀਤਾ।
ਰਹੀਮਪੁਰ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਤਨਵੀਰ ਬਚਪਨ ਵਿੱਚ ਪਿੰਡ ਆਉਂਦਾ ਸੀ ਅਤੇ ਪਿੰਡ ਦੇ ਮੁੰਡਿਆਂ ਨਾਲ ਖੇਡਦਾ ਹੁੰਦਾ ਸੀ।
ਕਿਵੇਂ ਹੋਈ ਆਸਟ੍ਰੇਲੀਆ ਟੀਮ ਵਿੱਚ ਚੋਣ?
ਕ੍ਰਿਕਟ ਡਾਟ ਕਾਮ ਡਾਟ ਏਯੂ ਮੁਤਾਬਕ ਤਨਵੀਰ ਸੰਘਾ ਦੀ ਆਸਟ੍ਰੇਲੀਆ ਟੀਮ ਵਿੱਚ ਚੋਣ ਹੋਣ ਪਿੱਛੇ ਵੀ ਇੱਕ ਖਾਸ ਕਿੱਸਾ ਹੈ। ਸਾਲ 2018 ਵਿੱਚ ਤਨਵੀਰ 16 ਸਾਲ ਦਾ ਸੀ ਜਦੋਂ ਆਸਟ੍ਰੇਲੀਆ ਦੇ ਸਾਬਕਾ ਸਪਿੰਨਰ ਫਵਾਦ ਅਹਿਮਦ ਦਾ ਧਿਆਨ ਤਨਵੀਰ ਵੱਲ ਗਿਆ। ਉਦੋਂ ਫਵਾਦ ਅਹਿਮਦ ਨੇ ਤਨਵੀਰ ਸੰਘਾ ਦੇ ਲੈੱਗ ਸਪਿੰਨਰ ਹੋਣ ਦੇ ਹੁਨਰ ਨੂੰ ਪਛਾਣਿਆ।
ਤਨਵੀਰ ਨੇ ਜੂਨੀਅਰ ਕ੍ਰਿਕਟ ਦੀ ਸ਼ੁਰੂਆਤ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਕੀਤੀ। ਜਦੋਂ ਤਨਵੀਰ ਨੂੰ ਆਪਣੇ ਲੈੱਗ ਸਪਿੰਨਰ ਹੋਣ ਦੇ ਗੁਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਦਾ ਜਨੂੰਨ ਕ੍ਰਿਕਟ ਪ੍ਰਤੀ ਹੋਰ ਵੱਧ ਗਿਆ।
ਕ੍ਰਿਕਟ ਦੀ ਸ਼ੁਰੂਆਤ ਤਨਵੀਰ ਨੇ ਕਲੱਬ ਕ੍ਰਿਕਟ ਤੋਂ ਕੀਤੀ। ਇਸਤੋਂ ਬਾਅਦ ਉਹ ਹੌਲੀ ਹੌਲੀ ਉਹ ਅੰਡਰ 19 ਕ੍ਰਿਕਟ ਟੀਮ ਦਾ ਹਿੱਸਾ ਬਣ ਗਏ। 2020 ਵਿੱਚ ਹੋਏ ਅੰਡਰ-19 ਵਿਸ਼ਵ ਕੱਪ ਵਿੱਚ ਤਨਵੀਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
18 ਸਾਲ ਦੀ ਉਮਰ ਦੀ ਉਮਰ ਵਿੱਚ ਤਨਵੀਰ ਸੰਘਾ ਨੇ ਬਿਗ ਬੈਸ਼ ਲੀਗ ਵਿੱਚ ਸਿਡਨੀ ਥੰਡਰ ਦੀ ਟੀਮ ਵੱਲੋਂ ਡੈਬਿਊ ਕੀਤਾ। ਇਸ ਮੁਕਾਬਲੇ ਵਿੱਚ ਤਨਵੀਰ ਨੇ ਕਈ ਚੰਗੇ ਖਿਡਾਰੀਆਂ ਦੀਆਂ ਵਿਕਟਾਂ ਲਈਆਂ। ਜਿਸ ਕਰਕੇ ਉਸਦਾ ਪ੍ਰਦਰਸ਼ਨ ਚੋਣਕਾਰਾਂ ਨੂੰ ਜਚ ਗਿਆ।
2021-22 ਸੀਜ਼ਨ ਦੀ ਸ਼ੁਰੂਆਤ ਵਿੱਚ ਤਨਵੀਰ ਨੇ ਮਾਰਸ਼ ਸ਼ੈਫੀਲਡ ਸ਼ੀਲਡ ਅਤੇ ਮਾਰਸ਼ ਵਨ-ਡੇ ਕੱਪ ਵਿੱਚ ਨਿਊ ਸਾਊਥ ਵੇਲਜ਼ ਲਈ ਕੈਪ ਹਾਸਲ ਕੀਤੀ।
ਆਸਟ੍ਰੇਲੀਆ ਕ੍ਰਿਕਟ ਵਿੱਚ ਤਨਵੀਰ ਦਾ ਸਫ਼ਰ
ਤਨਵੀਰ ਨੇ ਆਸਟ੍ਰੇਲੀਆ ਲਈ ਵਨਡੇ ਮੈਚ 12 ਸਤੰਬਰ 2023 ਵਿੱਚ ਖੇਡਣਾ ਸ਼ੁਰੂ ਕੀਤਾ ਹੈ। ਜਦਕਿ ਟੀ-20 ਵਿੱਚ ਉਨ੍ਹਾਂ ਨੇ 30 ਅਗਸਤ 2023 ਨੂੰ ਡੈਬਿਊ ਕੀਤਾ।
ਉਹਨਾਂ ਨੇ ਸਾਲ 2023 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਪਹਿਲਾ ਵਨਡੇ ਮੈਚ ਖੇਡਿਆ ਅਤੇ 1 ਵਿਕਟ ਲਈ। ਸਾਲ 2023 ਵਿੱਚ ਭਾਰਤ ਦੇ ਖਿਲਾਫ ਵੀ ਉਹਨਾਂ ਨੇ ਇੱਕ ਵਨਡੇ ਮੈਚ ਖੇਡਿਆ ਅਤੇ 1 ਵਿਕਟ ਲਈ।
ਇਸ ਸਾਲ ਫਰਵਰੀ ਮਹੀਨੇ ਉਹਨਾਂ ਨੇ ਸ੍ਰੀਲੰਕਾ ਦੇ ਖਿਲਾਫ ਵਨਡੇ ਮੈਚ ਖੇਡਿਆ ਜਿਸਦੇ ਵਿੱਚ ਉਹ ਕੋਈ ਵਿਕਟ ਨਹੀਂ ਲੈ ਸਕੇ। ਚੌਥਾ ਵਨਡੇ ਮੈਚ ਉਹਨਾਂ ਨੇ ਮੌਜੂਦਾ ਚਲ ਰਹੀ ਚੈਂਪੀਅਨ ਟ੍ਰਾਫ਼ੀ ਵਿੱਚ ਭਾਰਤ ਦੇ ਖਿਲਾਫ ਖੇਡਿਆ।
ਵਿਰਾਟ ਕੋਹਲੀ ਅਤੇ ਯੁਜਵੇਂਦਰ ਚਾਹਲ ਪਸੰਦੀਦਾ ਖਿਡਾਰੀ
ਇੱਕ ਨਿੱਜੀ ਚੈਨਲ ਨਾਲ ਕੀਤੀ ਇੰਟਰਵਿਊ ਵਿੱਚ ਤਨਵੀਰ ਦੱਸਦੇ ਹਨ,"ਉਹ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਫੈਨ ਹਨ, ਉਹਨਾਂ ਨੂੰ ਖੇਡਦੇ ਦੇਖਣਾ ਉਹਨਾਂ ਨੂੰ ਪਸੰਦ ਹੈ। ਇਸਤੋਂ ਇਲਾਵਾ ਉਹ ਆਸਟ੍ਰੇਲੀਅਨ ਖਿਡਾਰੀ ਸਟੀਵ ਸਮਿੱਥ ਨੂੰ ਵੀ ਦੇਖਦੇ ਰਹੇ ਹਨ।
ਭਾਰਤੀ ਗੇਂਦਬਾਜ਼ਾਂ ਵਿਚੋਂ ਉਹਨਾਂ ਨੂੰ ਯੁਜਵੇਂਦਰ ਚਾਹਲ ਦੀ ਗੇਂਦਬਾਜ਼ੀ ਚੰਗੀ ਲੱਗਦੀ ਸੀ ਕਿਉਂਕਿ ਉਹ ਵੀ ਸਪਿੰਨਰ ਸਨ। ਉਹ ਕਹਿੰਦੇ ਹਨ,"ਮੈਂ ਆਈਪੀਐੱਲ ਵੀ ਸ਼ੌਂਕ ਨਾਲ ਦੇਖਦਾ ਹਾਂ, ਭਾਰਤੀ ਖਿਡਾਰੀਆਂ ਨੂੰ ਦੇਖਣਾ ਮੈਨੂੰ ਚੰਗਾ ਲੱਗਦਾ ਹੈ।"
ਪਿੰਡ ਵਾਲਿਆਂ ਨੂੰ ਤਨਵੀਰ ਉੱਤੇ ਮਾਣ
ਰਹੀਮਪੁਰ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ,"ਅਸੀਂ ਤਨਵੀਰ ਦੇ ਪਿਤਾ ਜੋਗਾ ਸਿੰਘ ਨੂੰ ਮਿਹਨਤ ਕਰਦੇ ਦੇਖਿਆ ਹੈ। ਉਹ ਪਿਛਲੇ 25 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਹੀ ਹਨ। ਪਹਿਲਾਂ ਖੁਦ ਕਬੱਡੀ ਖੇਡਦੇ ਰਹੇ ਅਤੇ ਹੁਣ ਉਹਨਾਂ ਦਾ ਪੁੱਤ ਖੇਡ ਰਿਹਾ। ਖੇਡ ਤਨਵੀਰ ਦੇ ਖੂਨ ਵਿੱਚ ਹੀ ਹੈ। ਸਾਨੂੰ ਸਾਰੇ ਪਿੰਡ ਨੂੰ ਮਾਣ ਹੈ ਕਿ ਸਾਡਾ ਪੁੱਤ ਆਸਟ੍ਰੇਲੀਆ ਵਿੱਚ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ