You’re viewing a text-only version of this website that uses less data. View the main version of the website including all images and videos.
ਆਈਪੀਐੱਲ ਲਈ ਕਰੋੜਾਂ 'ਚ ਖਰੀਦਿਆ ਗਿਆ ਫ਼ਰੀਦਕੋਟ ਦੇ ਸਾਧਾਰਨ ਪਰਿਵਾਰ ਦਾ ਮੁੰਡਾ, ਪੂਰਾ ਕਰੇਗਾ ਮਾਪਿਆਂ ਦਾ ਆਪਣੇ ਘਰ ਦਾ ਸੁਪਨਾ
- ਲੇਖਕ, ਭਰਤ ਭੂਸ਼ਣ
- ਰੋਲ, ਬੀਬੀਸੀ ਸਹਿਯੋਗੀ
ਫ਼ਰੀਦਕੋਟ ਦੇ ਰਹਿਣ ਵਾਲੇ ਨਮਨ ਧੀਰ ਹੁਣ ਆਈਪੀਐੱਲ ਦੇ ਮਹਿੰਗੇ ਖਿਡਾਰੀਆਂ ਵਿੱਚ ਸ਼ੁਮਾਰ ਹੋ ਗਏ ਹਨ। ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਨੇ 2025 ਸੀਜ਼ਨ ਲਈ 5 ਕਰੋੜ 25 ਲੱਖ ਰੁਪਏ ਵਿੱਚ ਖਰੀਦਿਆ ਹੈ।
ਪਿਛਲੇ ਸੀਜ਼ਨ ਵਿੱਚ ਵੀ ਉਹ ਇਸੇ ਟੀਮ ਦਾ ਹਿੱਸਾ ਸਨ ਉਦੋਂ ਉਨ੍ਹਾਂ ਨੂੰ 20 ਲੱਖ ਵਿੱਚ ਟੀਮ ਨੇ ਖਰੀਦਿਆ ਸੀ।
ਪਰ ਉਨ੍ਹਾਂ ਦਾ ਇੱਥੋ ਤੱਕ ਦਾ ਸਫ਼ਰ ਕੋਈ ਸੌਖਾ ਨਹੀਂ ਸੀ। ਸਧਾਰਨ ਪਰਿਵਾਰ ਵਿੱਚ ਜਨਮੇਂ ਨਮਨ ਨੇ ਕਿਕ੍ਰਟ ਦਾ ਆਪਣਾ ਸ਼ੌਂਕ ਜਾਰੀ ਰੱਖਿਆ ਅਤੇ ਹੁਣ ਆਪਣੇ ਕ੍ਰਿਕੇਟ ਕਰੀਅਰ ਦੀ ਬੁਲੰਦੀ ਵੱਲ ਵਧੇ ਹਨ।
ਆਓ, ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਇੱਕ ਝਾਤ ਮਾਰਦੇ ਹਾਂ।
8 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ
ਨਮਨ ਫਰੀਦਕੋਟ ਦੇ ਨਿਊ ਕੈਂਟ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।
ਹੁਣ ਪਰਿਵਾਰ ਨੂੰ ਆਸ ਹੈ ਕਿ ਨਮਨ ਦੀ ਕ੍ਰਿਕਟ ਜਗਤ ਵਿੱਚ ਬੁਲੰਦੀ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵੀ ਸੁਧਰ ਜਾਣਗੇ।
ਉਨ੍ਹਾਂ ਦਾ ਜਨਮ 31 ਦਸੰਬਰ 1999 ਨੂੰ ਹੋਇਆ ਸੀ ਅਤੇ ਉਹ ਦੋ ਭੈਣਾਂ ਦੇ ਛੋਟੇ ਭਰਾ ਹਨ। ਉਨ੍ਹਾਂ ਦੇ ਪਿਤਾ ਨਰੇਸ਼ ਧੀਰ ਦਵਾਈਆਂ ਦੀ ਦੁਕਾਨ ʼਤੇ ਕੰਮ ਕਰਦੇ ਹਨ ਅਤੇ ਮਾਂ ਨਿਰੂਪਮਾ ਧੀਰ ਨਿੱਜੀ ਸਕੂਲ ਵਿੱਚ ਅਧਿਆਪਕਾ ਹਨ।
ਧੀਰ ਪਰਿਵਾਰ ਜੱਦੀ ਤੌਰ ʼਤੇ ਬਰਨਾਲਾ ਦਾ ਵਸਨੀਕ ਹੈ ਅਤੇ ਕੁਝ ਸਮਾਂ ਉਹ ਅੰਬਾਲਾ ਵੀ ਰਹੇ ਹਨ, ਜਿੱਥੇ ਨਮਨ ਦਾ ਜਨਮ ਹੋਇਆ ਸੀ।
ਨਮਨ ਨੂੰ 8 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਪੈ ਗਿਆ ਸੀ। ਨਰੇਸ਼ ਧੀਰ ਦੱਸਦੇ ਹਨ ਕਿ ਉਹ ਫ਼ਰੀਦਕੋਟ ਰਹਿੰਦੀ ਆਪਣੀ ਨਾਨੀ ਤੋਂ ਹਮੇਸ਼ਾ ਬੱਲੇ ਦੀ ਮੰਗ ਕਰਦੇ ਰਹਿੰਦੇ ਸਨ।
ਆਪਣੇ ਘਰ ਦੀ ਛੱਤ 'ਤੇ ਹੀ ਉਨ੍ਹਾਂ ਨੇ ਕ੍ਰਿਕਟ ਖੇਡਣ ਦੀ ਸ਼ੁਰੂਆਤ ਕੀਤੀ ਅਤੇ ਫਿਰ ਗਲੀ ਦੇ ਮੁੰਡਿਆਂ ਨਾਲ ਟੀਮ ਬਣਾ ਕੇ ਖੇਡਣ ਲੱਗੇ।
12 ਸਾਲ ਦੀ ਉਮਰ ਤੋਂ ਹਰ ਰੋਜ਼ ਸਵੇਰੇ 5 ਵਜੇ ਆਪਣੇ ਪਿਤਾ ਨਾਲ ਬਰਜਿੰਦਰਾ ਕਾਲਜ ਦੇ ਸਟੇਡੀਅਮ ਖੇਡਣ ਲਈ ਜਾਂਦੇ ਸਨ।
ਫ਼ਰੀਦਕੋਟ ਵਿੱਚ ਉਨ੍ਹਾਂ ਦੇ ਕੋਚ ਦੇ ਦਿਹਾਂਤ ਮਗਰੋਂ ਉਹ ਪਟਿਆਲਾ ਦੀ ਨਿੱਜੀ ਕ੍ਰਿਕਟ ਅਕੈਡਮੀ ਵਿੱਚ ਕੋਚਿੰਗ ਲਈ ਚਲੇ ਗਏ ਸਨ। ਉਸ ਵੇਲੇ ਤੱਕ ਉਨ੍ਹਾਂ ਨੇ ਬੀਏ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ।
ਆਈਪੀਐੱਲ ਵਿੱਚ ਕਿਵੇਂ ਹੋਈ ਐਂਟਰੀ
ਨਮਨ ਨੇ ਆਈਪੀਐੱਲ ਵਿੱਚ ਐਂਟਰੀ 2023 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਤੋਂ ਕੀਤੀ ਸੀ।
ਇਸ ਸੀਜ਼ਨ ਵਿੱਚ ਨਮਨ ਨੇ ਸੱਤ ਮੈਚ ਖੇਡੇ ਸਨ।
ਨਮਨ 2022 ਵਿੱਚ ਸ਼ੇਰ-ਏ-ਪੰਜਾਬ ਲਈ ਖੇਡੇ ਸਨ। ਇਸੇ ਸਮੇਂ ਮੁੰਬਈ ਇੰਡੀਅਨਜ਼ ਦੀ ਨਜ਼ਰ ਉਨ੍ਹਾਂ ʼਤੇ ਪਈ ਅਤੇ ਫਿਰ ਉਨ੍ਹਾਂ ਨੇ ਬੋਲੀ ਲਗਾ ਆਪਣੀ ਟੀਮ ਦਾ ਹਿੱਸਾ ਬਣਾਇਆ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਤੇ ਸੂਬਾ ਪੱਧਰ ਤੇ ਮੈਚ ਖੇਡ ਚੁੱਕੇ ਹਨ।
2023 ਸੀਜ਼ਨ ਵਿੱਚ ਖੇਡੇ ਗਏ ਮੈਚ ਵਿੱਚ ਨਮਨ ਨੇ 28 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਵਿੱਚ ਪੰਜ ਛੱਕੇ ਜੜੇ ਸਨ ਭਾਵੇਂ ਕਿ ਟੀਮ ਮੈਚ ਜਿੱਤਣ ਵਿੱਚ ਕਾਮਯਾਬ ਨਹੀਂ ਹੋਈ ਪਰ ਨਮਨ ਨੇ ਦਰਸ਼ਕਾਂ ਦਾ ਧਿਆਨ ਬਾਖ਼ੂਬੀ ਆਪਣੇ ਵੱਲ ਖਿੱਚਿਆ ਸੀ।
'ਹੁਣ ਅਸੀਂ ਆਪਣਾ ਮਕਾਨ ਬਣਾਵਾਂਗੇ'
ਨਮਨ ਦੇ ਪਿਤਾ ਨਰੇਸ਼ ਧੀਰ ਦਾ ਕਹਿਣਾ ਹੈ ਕਿ ਛੋਟੇ ਹੁੰਦਿਆਂ ਤੋਂ ਖੇਡਣ ਦਾ ਸ਼ੌਂਕ ਸੀ ਪਰ 8 ਸਾਲਾਂ ਦੀ ਉਮਰ ਵਿੱਚ ਗਰਾਊਂਡ ਜਾਣ ਲੱਗਿਆ।
ਉਹ ਦੱਸਦੇ ਹਨ, "ਮੁਹੱਲੇ ਵਿੱਚ ਰਹਿੰਦੇ ਇੱਕ ਸ਼ਖ਼ਸ ਨੇ ਕਿਹਾ ਕਿ ਤੁਹਾਡਾ ਬੱਚਾ ਕ੍ਰਿਕਟ ਵਿੱਚ ਅੱਗੇ ਜਾ ਸਕਦਾ ਹੈ ਅਤੇ ਜਦੋਂ ਮੈਂ ਇਸ ਨੂੰ ਪੁੱਛਿਆ ਤਾਂ ਨਮਨ ਨੇ ਕਿਹਾ, ʻਹਾਂ, ਮੈਂ ਕ੍ਰਿਕਟ ਖੇਡਣੀ ਹੈʼ।"
ਨਮਨ ਦੇ ਪਿਤਾ ਦੱਸਦੇ ਹਨ, "ਨਮਨ ਪੜ੍ਹਾਈ ਵਿੱਚ ਠੀਕਠਾਕ ਹੀ ਸੀ ਪਰ ਖੇਡਣ ਪ੍ਰਤੀ ਇਸ ਦਾ ਬਹੁਤ ਲਗਾਅ ਸੀ। ਇਸ ਦੇ ਖੇਡਣ ਸਬੰਧੀ ਆਉਂਦੇ ਖ਼ਰਚਿਆਂ ਨੂੰ ਲੈ ਕੇ ਇਸ ਦੇ ਨਾਨਾ ਜੀ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਇੱਕ ਪਿਉ ਵਾਂਗ ਇਸ ਦੀ ਬਾਂਹ ਫੜ੍ਹੀ।"
ਆਈਪੀਐੱਲ ਦੀ ਮਿਲੀ ਰਕਮ ਬਾਰੇ ਨਰੇਸ਼ ਧੀਰ ਆਖਦੇ ਹਨ, "ਹੁਣ ਅਸੀਂ ਆਪਣਾ ਮਕਾਨ ਬਣਾਵਾਂਗੇ।"
ਨਮਨ ਦੇ ਪਿਤਾ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੜਾ ਵੀ ਬੱਚਾ ਖੇਡਾਂ ਵਿੱਚ ਜਾਣਾ ਚਾਹੁੰਦਾ ਹੈ, ਉਸ ਦੇ ਮਾਪੇ ਉਸ ਦਾ ਸਾਥ ਜ਼ਰੂਰ ਦੇਣ। ਜ਼ਿਆਦਾਤਰ ਮਾਪੇ 10ਵੀਂ ਤੋਂ ਬਾਅਦ ਬੱਚੇ ਨੂੰ ਖੇਡਾਂ ਵਿੱਚੋਂ ਕੱਢ ਲੈਂਦੇ ਹਨ।
ਪਿਤਾ ਨਰੇਸ਼ ਧੀਰ ਚਾਹੁੰਦੇ ਹਨ ਕਿ ਹੁਣ ਨਮਨ ਨੂੰ ਨੈਸ਼ਨਲ ਕ੍ਰਿਕਟ ਵਿੱਚ ਚੁਣਿਆ ਜਾਣਾ ਚਾਹੀਦਾ ਹੈ।
ਨਮਨ ਦੇ ਮਾਂ ਨਿਰੂਪਮਾ ਧੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਮਨ ਦੀ ਹਰ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਦੱਸਿਆ, "ਉਹ ਛੋਟੇ ਹੁੰਦੇ ਤੋਂ ਹੀ ਫਰੀਦਕੋਟ ਵਿੱਚ ਤਿਆਰੀ ਕਰਦਾ ਸੀ ਅਤੇ ਉਸ ਦੇ ਪਾਪਾ ਉਸ ਨੂੰ ਲੈ ਕੇ ਜਾਂਦੇ ਸਨ। ਕਈ ਵਾਰ ਸਵੇਰੇ ਪੰਜ ਵਜੇ ਜਾਂਦਾ, ਜਿਮ ਜਾਂਦਾ ਸੀ ਅਤੇ ਦੌੜਨ ਲਈ ਜਾਂਦਾ ਸੀ।"
ਉਹ ਅੱਗੇ ਆਖਦੇ ਹਨ ਕਿ ਜਦੋਂ ਵੀ ਪੈਸੇ ਦੀ ਕਮੀ ਆਉਂਦੀ ਸੀ ਤਾਂ ਰਿਸ਼ਤੇਦਾਰ ਮਦਦ ਕਰਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ