ਕੀ ਹੈ ਏਆਈ ਦਾ ਨਵਾਂ ਰੂਪ ਜੋ ਉਤਸ਼ਾਹਤ ਕਰਨ ਦੇ ਨਾਲ ਡਰਾ ਵੀ ਰਿਹਾ ਹੈ, ਅਰਬਾਂ ਰੁਪਏ ਦੇ ਨਿਵੇਸ਼ ਦੀ ਤਿਆਰੀ ਹੈ

ਓਪਨ ਏਆਈ ਦੇ ਸੀਈਓ ਅਤੇ ਸਹਿ ਸੰਸਥਾਪਕ ਸੈਮ ਆਲਟਮੈਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਨਰੇਟਿਵ ਏਆਈ ਦੇ ਵਿਕਾਸ ਵਿੱਚ ਆਉਣ ਵਾਲੇ ਖਰਚੇ ਦੀ ਪ੍ਰਵਾਹ ਨਹੀਂ।

ਉਨ੍ਹਾਂ ਨੇ ਕਿਹਾ ਕਿ ਜਦੋਂ “ਤੱਕ ਅਸੀਂ ਸਮਾਜ ਨੂੰ ਯੋਗਦਾਨ ਦੇਣ ਦੇ ਰਾਹ ਉੱਤੇ ਅੱਗੇ ਵੱਧ ਰਹੇ ਹਾਂ ਮੈਨੂੰ ਪ੍ਰਵਾਹ ਨਹੀਂ ਅਸੀਂ ਕਿੰਨਾ ਪੈਸਾ ਖਰਚ ਕਰ ਰਹੇ ਹਾਂ।“

ਉਨ੍ਹਾਂ ਨੇ ਕਿਹਾ,“ਭਾਵੇਂ ਅਸੀਂ ਸਾਲ ਵਿੱਚ 500 ਮਿਲੀਅਨ ਡਾਲਰ ਲਾਈਏ ਜਾਂ 5 ਬਿਲੀਅਨ ਜਾਂ 50 ਬਿਲੀਅਨ ਡਾਲਰ। ਮੈਨੂੰ ਕੋਈ ਪ੍ਰਵਾਹ ਨਹੀਂ।”

ਸੈਮ ਅਲਟਮੈਨ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ ਜਿਨ੍ਹਾਂ ਨੇ ਏਆਈ ਨੂੰ ਜਨ ਮਾਨਸ ਤੱਕ ਪਹੁੰਚਾਇਆ। ਕੰਪਿਊਟਰ ਦੀ ਖੋਜ ਅਤੇ ਉਸ ਤੋਂ ਬਾਅਦ ਇੰਟਰਨੈੱਟ ਤੋਂ ਬਾਅਦ ਇਹ ਤਕਨੀਕ ਦੇ ਖੇਤਰ ਵਿੱਚ ਮਨੁੱਖ ਦੀ ਤੀਜੀ ਸਭ ਤੋਂ ਪੁਲਾਂਘ ਮੰਨੀ ਜਾ ਰਹੀ ਹੈ।

ਸੈਮ ਅਲਟਮੈਨ ਨੇ ਸਟੈਨਫੋਰਡ ਯੂਨੀਵਰਿਸਟੀ ਦੇ ਇੰਜੀਨੀਅਰਿੰਗ ਖੇਤਰ ਦੇ ਉੱਭਰ ਰਹੇ ਉੱਦਮੀਆਂ ਲਈ ਇੱਕ ਵਿਸ਼ੇਸ਼ ਲੈਕਚਰ ਦੌਰਾਨ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹ ਸਭ ਕਿਹਾ।

ਓਪਨ ਏਆਈ ਦੀ ਸਥਾਨਪਨਾ ਉਨ੍ਹਾਂ ਨੇ 2015 ਵਿੱਚ ਇੱਕ ਗੈਰ ਮੁਨਾਫਾ ਸੰਸਥਾ ਵਜੋਂ ਕੀਤੀ ਸੀ। ਹਾਲਾਂਕਿ ਹੁਣ ਓਪਨ ਏਆਈ ਦਾ ਕਹਿਣਾ ਹੈ ਕਿ ਤਕਨੀਕੀ ਵਿਕਾਸ ਉੱਪਰ ਆ ਰਹੇ ਖ਼ਰਚੇ ਨੂੰ ਗੈਰ-ਮੁਨਾਫਾ ਢੰਗਾਂ ਨਾਲ ਪੂਰਿਆਂ ਨਹੀਂ ਕੀਤਾ ਜਾ ਸਕਦਾ।

ਸੈਮ ਅਲਟਮੈਨ ਨੇ ਕਿਹਾ ਕਿ ਕਿਹਾ, “ਚੈਟ ਜੀਪੀਟੀ-4 ਸਭ ਤੋਂ ਨਾਲਾਇਕ ਮਾਡਲ ਹੈ, ਜੋ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਦੁਬਾਰਾ ਵਰਤਣਾ ਪਵੇਗਾ।”

ਇਸ ਖੇਤਰ ਦੇ ਮੋਢੀਆਂ ਵਿੱਚੋਂ ਇੱਕ ਹੋਣ ਦੇ ਨਾਤੇ ਉਨ੍ਹਾਂ ਦਾ ਇਹ ਕਹਿਣਾ ਆਪਣੇ ਆਪ ਵਿੱਚ ਵੱਡੇ ਅਰਥਾਂ ਦਾ ਧਾਰਨੀ ਹੈ। ਇਹ ਦੱਸਦਾ ਹੈ ਕਿ ਇਸ ਦੇ ਆਉਣ ਵਾਲੇ ਉੱਤਰਾਧਿਕਾਰੀਆਂ ਵਿੱਚ ਕਿੰਨੀ ਸਮਰੱਥਾ ਅਤੇ ਸ਼ਕਤੀ ਹੋਵੇਗੀ।

ਜੀਪੀਟੀ-4 ਆਪਣੇ ਸਮੇਂ ਦੀ ਸਭ ਤੋਂ ਉਨੱਤ ਤਕਨੀਕ ਹੈ ਜਦਕਿ 39 ਸਾਲਾ ਸੀਈਓ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਨਾਲਾਇਕ ਤਕਨੀਕ ਹੈ।

ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਏਆਈ ਉੱਪਰ ‘ਭਾਵੇਂ ਕਿੰਨਾ ਵੀ ਨਿਵੇਸ਼ ਕੀਤਾ ਜਾਵੇ ਇਹ ਉਸ ਤੋਂ ਸਮਾਜ ਨੂੰ ਹੋਣ ਵਾਲੇ ਫਾਇਦਿਆਂ ਦੇ ਮੁਕਾਬਲੇ ਥੋੜ੍ਹਾ ਹੀ ਹੈ।’

ਆਪਣੀ ਗੱਲਬਾਤ ਵਿੱਚ ਉਨ੍ਹਾਂ ਨੇ ਜਨਰੇਟਿਵ ਏਆਈ ਬਾਰੇ ਗੱਲਬਾਤ ਕੀਤੀ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਧਾਰਣ ਏਆਈ ਕੀ ਹੈ ਅਤੇ ਜਨਰੇਟਿਵ ਏਆਈ ਅਤੇ ਸਧਾਰਣ ਏਆਈ ਵਿੱਚ ਕੀ ਫਰਕ ਹੈ।

ਜਨਰੇਟਿਵ ਏਆਈ ਕੀ ਹੈ?

ਜਨਰੇਟਿਵ ਏਆਈ ਇੱਕ ਕਿਸਮ ਦੀ ਏਆਈ ਹੈ ਜੋ ਮੌਲਿਕ ਸਮੱਗਰੀ ਸਿਰਜ ਸਕਦੀ ਹੈ। ਇਹ ਸਮੱਗਰੀ ਵਰਤਣ ਵਾਲੇ ਦੇ ਕਹੇ (ਪ੍ਰੋਂਪਟ) ਮੁਤਾਬਕ, ਲੇਖਣੀ, ਤਸਵੀਰਾਂ, ਵੀਡੀਓ, ਅਵਾਜ਼ ਜਾਂ ਸਾਫ਼ਟਵੇਅਰ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ।

ਜਨਰੇਟਿਵ ਏਆਈ ਮਸ਼ੀਨ ਲਰਨਿੰਗ ਦੇ ਬਹੁਤ ਹੀ ਪੇਚੀਦਾ ਡੀਪ ਲਰਨਿੰਗ ਮਾਡਲਾਂ ਉੱਪਰ ਨਿਰਭਰ ਕਰਦੀ ਹੈ।

ਡੀਪ ਲਰਨਿੰਗ ( ਭਾਵ ਤਹਿ ਤੱਕ ਸਿੱਖਣਾ) ਸਿੱਖਣ ਅਤੇ ਫੈਸਲੇ ਲੈਣ ਵਿੱਚ ਮਨੁੱਖੀ ਦਿਮਾਗ ਦੀ ਨਕਲ ਕਰਦੀ ਹੈ।

ਇਹ ਮਾਡਲ ਬਹੁਤ ਵਿਸ਼ਾਲ ਡੇਟਾ ਵਿੱਚੋਂ ਪੈਟਰਨਸ ਦੀ ਪਛਾਣ ਕਰਦਾ ਹੈ, ਉਨ੍ਹਾਂ ਦੇ ਸੰਬੰਧ ਸਥਾਪਿਤ ਕਰਦਾ ਹੈ। ਫਿਰ ਆਪਣੀ ਸਮਝ ਨੂੰ ਵਰਤੋਂਕਾਰ ਦੁਆਰਾ ਕੁਦਰਤੀ ਭਾਸ਼ਾ ਵਿੱਚ ਦਿੱਤੀਆਂ ਹਦਾਇਤਾਂ ਮੁਤਾਬਕ ਨਵੀਂ ਅਤੇ ਉਪਯੋਗੀ ਸਮੱਗਰੀ ਦੀ ਸਿਰਜਣਾ ਲਈ ਇਸਤੇਮਾਲ ਕਰਦੀ ਹੈ।

ਪਹਿਲਾਂ ਕੰਪਿਊਟਰ ਨੂੰ ਕੋਈ ਨਿਰਦੇਸ਼ ਦੇਣ ਲਈ ਵੱਖੋ-ਵੱਖ ਕਿਸਮ ਦੀਆਂ ਕੰਪਊਟਿੰਗ ਭਾਸ਼ਾਵਾਂ ਵਿੱਚ ਮਾਹਰ ਹੋਣਾ ਪੈਂਦਾ ਸੀ- ਜਿਵੇਂ ਸੀ++, ਜਾਵਾ, ਪਾਈਥਨ ਆਦਿ। ਹੁਣ ਏਆਈ ਨੂੰ ਤੁਸੀਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਕੋਈ ਕੋਡ ਲਿਖਣ ਲਈ ਕਹਿ ਸਕਦੇ ਹੋ।

ਜ਼ਿਆਦਾਤਰ ਜਨਰੇਟਿਵ ਏਆਈ ਦੇ ਤਿੰਨ ਪੜਾਅ ਹੁੰਦੇ ਹਨ— ਸਿਖਲਾਈ (ਇੱਕ ਬੁਨਿਆਦੀ ਮਾਡਲ ਤਿਆਰ ਕੀਤਾ ਜਾਂਦਾ ਹੈ), ਟਿਊਨਿੰਗ ( ਉਸ ਬੁਨਿਆਦੀ ਮਾਡਲ ਨੂੰ ਕਿਸੇ ਵਿਸ਼ੇਸ਼ ਮਕਸਦ ਨੂੰ ਪੂਰਾ ਕਰਨ ਲਈ, ਅਡਜਸਟ ਕੀਤਾ ਜਾਂਦਾ ਹੈ। ਅਤੇ ਸਿਰਜਣਾ, ਮੁਲਾਂਕਣ ਅਤੇ ਵਾਪਸੀ (ਇਸ ਪੜਾਅ ਉੱਤੇ ਜਨਰੇਟਿਵ ਏਆਈ ਵੱਲੋਂ ਤਿਆਰ ਸਮੱਗਰੀ ਦਾ ਨਿਰੰਤਰ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਗੁਣਵੱਤਾ ਅਤੇ ਸਟੀਕਤਾ ਲਈ ਉਸ ਵਿੱਚ ਲਗਤਾਰ ਸੁਧਾਰ ਕੀਤੇ ਜਾਂਦੇ ਹਨ।

ਜਿਸ ਤਰ੍ਹਾਂ ਮਨੁੱਖ ਦਾ ਸਿੱਖਣਾ ਕਦੇ ਰੁੱਕਦਾ ਨਹੀਂ ਉਸੇ ਤਰ੍ਹਾਂ ਏਆਈ ਦੇ ਵੀ ਸਿੱਖਣ ਦੀ ਕੋਈ ਸੀਮਾ ਨਹੀਂ ਹੈ।

ਜਿਵੇਂ ਕਿ ਉੱਪਰ ਦੱਸਿਆ ਹੈ ਜਨਰੇਟਿਵ ਏਆਈ ਕਈ ਕਿਸਮ ਦੀ ਮੌਲਿਕ ਸਮੱਗਰੀ ਸਿਰਜਣ ਦੇ ਸਮਰੱਥ ਹੈ। ਆਓ ਕੁਝ ਮਿਸਾਲਾਂ ਨਾਲ ਦੇਖਦੇ ਹਾਂ—

  • ਲਿਖਤ— ਹਦਾਇਤਾਂ, ਕਿਸੇ ਉਤਪਾਦ ਦੀ ਮਸ਼ਹੂਰੀ ਲਈ ਇਸ਼ਤਿਹਾਰ, ਈਮੇਲ, ਵੈਬਸਾਈਟ ਦੀ ਸਮੱਗਰੀ, ਲੇਖ, ਬਲੌਗ, ਖੋਜ ਪਰਚੇ, ਇੱਥੋਂ ਤੱਕ ਕਿ ਸਿਰਜਣਾਤਮਕ ਲੇਖਣੀ, ਜਿਵੇਂ ਕਵਿਤਾ। ਇਹ ਕਿਸੇ ਵੱਡੇ ਦਸਤਾਵੇਜ਼ ਦਾ ਸੰਖੇਪ ਸਾਰ ਤਿਆਰ ਕਰ ਸਕਦੀ ਹੈ। ਉਸ ਨੂੰ ਨੁਕਤਿਆਂ ਵਿੱਚ ਦੱਸ ਸਕਦੀ ਹੈ। ਇਸ ਜ਼ਰੀਏ ਇਹ ਲੇਖਕ ਨੂੰ ਹੋਰ ਸਿਰਜਣਾਤਮਕ ਕੰਮ ਕਰਨ ਲਈ ਵਿਹਲ ਪ੍ਰਦਾਨ ਕਰਦੀ ਹੈ।
  • ਤਸਵੀਰਾਂ ਅਤੇ ਵੀਡੀਓ— ਤਸਵੀਰਾਂ ਤਿਆਰ ਕਰਨ ਦੇ ਇੰਜਣ ਜਿਵੇਂ ਡਾਲ-ਈ, ਮਿਡਜਰਨੀ ਅਤੇ ਸਟੇਬਲ ਡਿਫਿਊਜ਼ਨ ਵਗੈਰਾ ਤੁਹਾਡੇ ਹੁਕਮ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਤਸਵੀਰ ਅਤੇ ਵੀਡੀਓ ਤਿਆਰ ਕਰ ਸਕਦੇ ਹਨ। ਤੁਸੀਂ ਇਸ ਨੂੰ ਕੋਈ ਦ੍ਰਿਸ਼ ਦੱਸ ਕੇ ਕਹਿ ਸਕਦੇ ਹੋ ਕਿ ਇਸ ਨੂੰ ਫਲਾਣੇ ਚਿੱਤਰਕਾਰ ਜਾਂ ਕਿਸੇ ਖਾਸ ਸ਼ੈਲੀ ਵਿੱਚ ਚਿੱਤਰਿਤ ਕਰੋ। ਤੁਸੀਂ ਪਹਿਲਾਂ ਤੋਂ ਬਣੀ ਹੋਈ ਵੀਡੀਓ ਵਿੱਚ ਮਰਜ਼ੀ ਮੁਤਾਬਕ ਐਡਿਟਿੰਗ ਕਰ ਸਕਦੇ ਹੋ।
  • ਅਵਾਜ਼ ਅਤੇ ਸੰਗੀਤ— ਜਨਰੇਟਿਵ ਮਾਡਲ ਕੁਦਰਤੀ ਲਗਦੀਆਂ ਅਵਾਜ਼ਾਂ ਅਤੇ ਅਵਾਜ਼ ਸਮੱਗਰੀ ਨੂੰ ਮਿਲਾ ਕੇ ਬੋਲ ਸਕਦੀ ਹੈ। ਕਿਤਾਬ ਪੜ੍ਹ ਕੇ ਸੁਣਾ ਸਕਦੀ ਹੈ। ਇਹ ਸੰਗੀਤਕਾਰਾਂ ਲਈ ਬਿਲਕੁਲ ਮੌਲਿਕ ਸੰਗੀਤ ਤਿਆਰ ਕਰ ਸਕਦੀ ਹੈ, ਜਿਵੇਂ ਕਿਸੇ ਮਾਹਰ ਸੰਗੀਤਕਾਰ ਦੀ ਰਚਨਾ ਹੋਵੇ।
  • ਸਾਫਟਵੇਅਰ ਦੇ ਕੋਡ— ਕੋਈ ਕੰਪਿਊਟਰ ਕੋਡ ਤਿਆਰ ਕਰ ਸਕਦੀ ਹੈ। ਇਸ ਨਾਲ ਸਾਫਟਵੇਅਰ ਵਿਕਾਸਕਾਰ ਤੇਜ਼ੀ ਨਾਲ ਕਿਸੇ ਸਾਫਟਵੇਅਰ ਦਾ ਪ੍ਰਯੋਗੀ ਰੂਪ ਤਿਆਰ ਕਰ ਸਕਦੇ ਅਤੇ ਤਰੁੱਟੀਆਂ ਦੂਰ ਕਰ ਸਕਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ ਕੰਪਿਊਟਰ ਦੀ ਭਾਸ਼ਾ ਵਿੱਚ ਨਿਰਦੇਸ਼ ਦੇਣਾ ਜ਼ਰੂਰੀ ਨਹੀਂ ਸਗੋਂ ਉਹ ਮਨੁੱਖੀ-ਕੁਦਰਤੀ ਬੋਲੀ ਵਿੱਚ ਹੀ ਏਆਈ ਮਾਡਲ ਨੂੰ ਦੱਸ ਸਕਦੇ ਹਨ ਕਿ ਕਿਹੋ-ਜਿਹਾ ਕੋਡ ਲਿਖਣਾ ਹੈ, ਅਤੇ ਉਹ ਕਿਸ ਕੰਮ ਲਈ ਵਰਤਿਆ ਜਾਵੇਗਾ।
  • ਡਿਜ਼ਾਆਈਨ ਅਤੇ ਕਲਾ— ਜਨਰੇਟਿਵ ਏਆਈ ਡਿਜ਼ਾਈਨਰਾਂ ਲਈ ਅਨੋਖੇ ਕਿਸਮ ਦੇ ਕਲਾਤਮਿਕ ਨਮੂਨੇ ਤਿਆਰ ਕਰ ਸਕਦੀ ਹੈ। ਵੀਡੀਓ ਗੇਮ ਲਈ ਵਾਤਾਵਰਣ ਅਤੇ ਕਿਰਦਾਰ ਤਿਆਰ ਕਰਨਾ ਵਗੈਰਾ।
  • ਅਭਾਸ ਅਤੇ ਨਕਲੀ ਡੇਟਾ— ਜਨਰੇਟਿਵ ਏਆਈ ਮਾਡਲਾਂ ਨੂੰ ਅਸਲੀ ਡੇਟਾ ਦੇ ਅਧਾਰ ਉੱਤੇ ਨਕਲੀ ਡੇਟਾ ਅਤੇ ਬਣਤਰਾਂ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ। ਮਿਸਾਲ ਵਜੋਂ ਕੋਈ ਨਵੀਂ ਦਵਾਈ ਤਿਆਰ ਕਰਨ ਲਈ ਉਸਦੀ ਰਸਾਇਣਕ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ।

ਏਆਈ ਸੰਭਾਵਨਾਵਾਂ ਅਤੇ ਖ਼ਤਰੇ

ਹਾਲਾਂਕਿ ਜਿਵੇਂ ਕਿ ਸੈਮ ਅਲਟਮੈਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਨੂੰ ਕਿਸੇ ਵੀ ਹੋਰ ਤਕਨੀਕ ਵਾਂਗ ਸਿਰਫ਼ ਚੰਗੀ ਹੀ ਨਹੀਂ ਸਮਝਣਾ ਚਾਹੀਦਾ।

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ “ਹੋਰ ਤਕਨੀਕ ਵਾਂਗ ਇਸਦੀ ਵੀ ਦੁਰਵਰਤੋਂ ਹੋ ਸਕਦੀ ਹੈ। ਮਿਸਾਲ ਵਜੋਂ ਤੁਸੀਂ ਹਥੌੜੇ ਨਾਲ ਬੜੇ ਕੰਮ ਕਰ ਸਕਦੇ ਹੋ ਪਰ ਉਸੇ ਹਥੌੜੇ ਨਾਲ ਲੋਕਾਂ ਨੂੰ ਮਾਰ ਵੀ ਸਕਦੇ ਹੋ।”

ਉਨ੍ਹਾਂ ਨੇ ਕਿਹਾ,‘ਕਿਸੇ ਵੀ ਸ਼ਕਤੀਸ਼ਾਲੀ ਔਜਾਰ ਦੇ ਨਾਲ ਤੁਸੀਂ ਉਸ ਨੂੰ ਵਰਤਣ ਵਾਲੇ ਦੇ ਹੱਥ ਵਿੱਚ ਉਹ ਸਾਰੀ ਤਾਕਤ ਵੀ ਦੇ ਦਿੰਦੇ ਹੋ।‘

ਜਨਰੇਟਿਵ ਏਆਈ ਜਿੱਥੇ ਸਾਇੰਸਦਾਨਾਂ ਦੀ ਮਦਦ ਕਰ ਰਹੀ ਹੈ ਕਈ ਅਣਸੁਲਝੀਆਂ ਵਿਗਿਆਨਕ ਪਹੇਲੀਆਂ ਦੇ ਹੱਲ ਲੱਭਣ ਵਿੱਚ। ਉਸ ਨਾਲੋਂ ਕਿਤੇ ਜ਼ਿਆਦਾ ਧਿਆਨ ਇਸਦੀ ਦੁਰਵਰਤੋਂ ਦੇ ਮਾਮਲੇ ਖਿੱਚ ਰਹੇ ਹਨ।

ਇਸ ਦੀ ਵਰਤੋਂ ਨਕਲੀ ਵੀਡੀਓ ਬਣਾਉਣ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਸ਼ਲੀਲ ਕਿਸਮ ਦੀਆਂ ਹੁੰਦੀਆਂ ਹਨ ਬਣਾਉਣ ਲਈ ਕੀਤੀ ਜਾ ਰਹੀ ਹੈ।

ਸਿਆਸਤਦਾਨਾਂ ਅਤੇ ਰਾਸ਼ਟਰ ਮੁਖੀਆਂ ਦੇ ਨਕਲੀ ਵੀਡੀਓ ਤਿਆਰ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਅਜਿਹਾ ਹੀ ਇੱਕ ਵੀਡੀਓ ਚਰਚਾ ਵਿੱਚ ਰਿਹਾ।

ਲੁਭਾਉਣ ਲਈ, ਸਵੈਚਾਲਿਤ ਸਾਈਬਰ ਹਮਲੇ ਕਰਨ ਲਈ, ਜਾਲਸਾਜ਼ੀ ਕਰਨ ਲਈ ਇਸਦੀ ਵਰਤੋਂ ਕੀਤੀ ਜਾ ਰਹੀ ਹੈ।

ਸਧਾਰਣ ਏਆਈ ਬਨਾਮ ਜਨਰੇਟਿਵ ਏਆਈ

ਪਿਛਲੇ ਸਮੇਂ ਦੌਰਾਨ ਮਸਨੂਈ ਬੁੱਧੀ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਮਸਨੂਈ ਬੁੱਧੀ ਬਾਰੇ ਜਦੋਂ ਕੁਝ ਦੇਰ ਪਹਿਲਾਂ ਲੋਕ ਗੱਲ ਕਰਦੇ ਸਨ ਤਾਂ ਉਨ੍ਹਾਂ ਦਾ ਮਤਲਬ ਅਜਿਹੀ ਬਣਾਉਟੀ ਬੁੱਧੀ ਤੋਂ ਹੁੰਦਾ ਸੀ ਜੋ ਸਿੱਖ ਸਕਦੀ ਹੈ।

ਇਹ ਦਿੱਤੀ ਗਏ ਡੇਟਾ ਨੂੰ ਸਮਝ ਸਕਦੀ ਸੀ, ਅਤੇ ਉਸ ਦੇ ਅਧਾਰ ਉੱਤੇ ਪੇਸ਼ੀਨਗੋਈ ਕਰ ਸਕਦੀ ਸੀ। ਇਹ ਡੇਟਾ ਮਿਸਾਲਾਂ ਦੇ ਰੂਪ ਵਿੱਚ ਹੁੰਦਾ ਸੀ, ਕਈ ਵਾਰ ਕਈ ਦਸ ਲੱਖ ਮਿਸਾਲਾਂ ਦੇ ਰੂਪ ਵਿੱਚ।

ਹੋਰ ਸੌਖਾ ਕਰਨ ਲਈ, ਏਆਈ ਨੂੰ ਸਿਖਾਇਆ ਜਾ ਸਕਦਾ ਸੀ ਕਿ ਉਹ ਕਈ ਲੱਖ ਐਕਸਰੇ ਦੇਖ ਕੇ ਉਨ੍ਹਾਂ ਦੇ ਅਧਾਰ ਉੱਤੇ ਫਿਰ ਤੁਹਾਨੂੰ ਦੱਸ ਸਕਦਾ ਸੀ ਕਿ ਮਰੀਜ਼ ਨੂੰ ਰਸੌਲੀ ਬਣੇਗੀ ਜਾਂ ਨਹੀਂ।

ਹੁਣ ਜੇ ਗੱਲ ਕਰੀਏ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤਾਂ ਇਹ ਇੱਕ ਕਦਮ ਅੱਗੇ ਹੈ।

ਹੁਣ ਇਹ ਮਹਿਜ਼ ਪੇਸ਼ੀਨਗੋਈ ਕਰਨ ਉੱਤੇ ਨਹੀਂ ਰੁਕਦੀ, ਸਗੋਂ ਆਪਣੇ ਡੇਟਾ ਬੇਸ ਦੇ ਅਧਾਰ ਉੱਤੇ ਇੱਕ ਐਕਸ-ਰੇ ਤਿਆਰ ਕਰਕੇ ਵੀ ਦਿਖਾ ਸਕਦੀ ਹੈ ਕਿ ਵਿਕਸਤ ਹੋ ਰਹੀ ਰਸੌਲੀ ਦਾ ਐਕਸ-ਰੇ ਕਿਵੇਂ ਦਾ ਹੋਵੇਗਾ।

ਜਨਰੇਟਿਵ ਏਆਈ ਤੋਂ ਉੱਪਰ ਇੱਕ ਜੋ ਕਿ ਅਜੇ ਸਿਧਾਂਤਕ ਪੱਧਰ ਉੱਤੇ ਹੀ ਹੈ, ਉਹ ਹੈ ਸੂਪਰ ਏਆਈ

ਜੇ ਅਸੀਂ ਕਦੇ ਵੀ ਇਸ ਨੂੰ ਵਰਤਣ ਦੇ ਸਮਰੱਥ ਹੋ ਸੇ ਤਾਂ ਇਹ ਸੋਚ ਸਕੇਗੀ, ਤਰਕ ਕਰ ਸਕੇਗੀ, ਸਿੱਖ ਸਕੇਗੀ, ਫੈਸਲੇ ਕਰ ਸਕੇਗੀ, ਇਸ ਵਿੱਚ ਮਨੁੁੱਖਾਂ ਤੋਂ ਉੱਪਰਲੇ ਪੱਧਰ ਦੀ ਬੌਧਿਕ ਸਮਰੱਥਾ ਹੋਵੇਗੀ।

ਏਆਈ ਦੀਆਂ ਸਮਰੱਥਾਵਾਂ ਮਨੁੱਖੀ ਸਮਝ ਤੋਂ ਪਾਰ ਪਹੁੰਚ ਚੁੱਕੀਆਂ ਹੋਣਗੀਆਂ, ਉਸ ਵਿੱਚ ਆਪਣੀਆਂ ਧਾਰਨਾਵਾਂ ਅਤੇ ਆਪਣੀਆਂ ਇੱਛਾਵਾਂ ਹੋਣਗੀਆਂ।

ਏਆਈ ਸਿੱਖਦੀ ਕਿਵੇਂ ਹੈ

ਜੇਕਰ ਤੁਸੀਂ ਅਲੈਕਸਾ, ਸਿਰੀ ਜਾਂ ਕਿਸੇ ਹੋਰ ਕਿਸਮ ਦੀ ਆਵਾਜ਼ ਪਛਾਣ ਪ੍ਰਣਾਲੀ ਦੀ ਵਰਤੋਂ ਕੀਤੀ ਹੈ, ਤਾਂ ਤੁਸੀਂ ਏਆਈ ਦੀ ਵਰਤੋਂ ਕਰ ਰਹੇ ਹੋ।

ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਕਿਵੇਂ ਤੁਹਾਡਾ ਫੋ਼ਨ ਤੁਹਾਡੀਆਂ ਫ਼ੋਟੋਆਂ ਦਾ ਵਰਗੀਕਰਨ ਕਰ ਦਿੰਦਾ ਹੈ। ਉਹ ਫ਼ੋਟੋਆਂ ਨੂੰ ਚਿਹਰਿਆਂ ਦੇ ਹਿਸਾਬ ਨਾਲ ਤਰਤੀਬ ਦੇ ਦਿੰਦਾ ਹੈ। ਇਹ ਸਭ ਏਆਈ ਕਰਦਾ ਹੈ।

ਉਹ ਤਸਵੀਰਾਂ ਵਿਚਲੇ ਪੈਟਰਨ ਦੇਖ ਕੇ ਹਿਸਾਬ ਲਗਾ ਲੈਂਦਾ ਹੈ ਕੀ ਕਿਸੇ ਨਵੇਂ ਵਿਅਕਤੀ ਦੀ ਫ਼ੋਟੋ ਹੈ ਜਾਂ ਫ਼ੋਟੋ ਜਿੱਥੇ ਖਿੱਚੀ ਗਈ ਹੈ ਉਸ ਥਾਂ ਵਿੱਚ ਕੀ ਖਾਸ ਹੈ, ਜਿਵੇਂ ਸਮੁੰਦਰ ਦਾ ਕੰਢਾ, ਵਗੈਰਾ।

ਮਸ਼ੀਨ ਲਰਨਿੰਗ ਦੀ ਪ੍ਰਕਿਰਿਆ ਨੂੰ ਸਿਖਲਾਈ ਜਾਂ ਟਰੇਨਿੰਗ ਕਿਹਾ ਜਾਂਦਾ ਹੈ। ਇਸ ਵਿੱਚ ਕਿਸੇ ਖਾਸ ਕੰਪਿਊਟਰ ਸਾਫਟਵੇਅਰ ਨੂੰ, ਕਿਸੇ ਖਾਸ ਕਿਸਮ ਦਾ ਬਹੁਤ ਜ਼ਿਆਦਾ ਡੇਟਾ ਦਿੱਤਾ ਜਾਂਦਾ ਹੈ। ਇਸ ਡੇਟਾ ਦੇ ਨਾਲ ਉਸ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।

ਮਿਸਾਲ ਵਜੋਂ ਉਸ ਨੂੰ ਕਿਹਾ ਜਾ ਸਕਦਾ ਹੈ ਕਿ ਦਿੱਤੀਆਂ ਗਈਆਂ ਲੱਖਾਂ ਤਸਵੀਰਾਂ ਵਿੱਚੋਂ ਉਹ ਤਸਵੀਰਾਂ ਦੇਖ ਜਿਨ੍ਹਾਂ ਵਿੱਚ ਚਿਹਰੇ ਹਨ।

ਉਸ ਵਿੱਚ ਉਸ ਨੂੰ ਦੱਸਿਆ ਜਾਵੇਗਾ ਕਿ ਚਿਹਰੇ ਨੂੰ ਕਿਵੇਂ ਪਛਾਨਣਾ ਹੈ। ਫਿਰ ਸਾਫਟਵੇਅਰ ਦਿੱਤੇ ਗਏ ਡੇਟਾ ਵਿੱਚ ਨਮੂਨਿਆਂ ਦੀ ਤਲਾਸ਼ ਕਰੇਗਾ। ਇਹ ਜਿਨ੍ਹਾਂ ਨੂੰ ਚਿਹਰੇ ਸਮਝੇਗਾ ਉਹ ਦਿਖਾਏਗਾ।

ਇਸ ਦੌਰਾਨ ਇਸ ਨੂੰ ਦਰੁਸਤ ਕਰਨ ਦੀ ਵੀ ਲੋੜ ਪੈ ਸਕਦੀ ਹੈ। ਕਹਿਣਾ ਪੈ ਸਕਦਾ ਹੈ ਕਿ ਇਸ ਤਰ੍ਹਾਂ ਦੇ ਨਮੂਨਿਆਂ ਵਾਲੇ ਚਿਹਰੇ ਨਹੀਂ ਹਨ।

ਇਸ ਨੂੰ ਦਿੱਤੀਆਂ ਗਈਆਂ ਹਦਾਇਤਾਂ ਅਤੇ ਡੇਟਾ, ਏਆਈ ਮਾਡਲ ਬਣ ਜਾਂਦਾ ਹੈ। ਉਸੇ ਤੋਂ ਤੈਅ ਹੁੰਦਾ ਹੈ ਕਿ ਕੋਈ ਏਆਈ ਮਾਡਲ ਕਿੰਨਾ ਕੁ ਕੁਸ਼ਲ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)