You’re viewing a text-only version of this website that uses less data. View the main version of the website including all images and videos.
ਫ਼ਿਰੋਜ਼ਪੁਰ: ਗੁਰਦੁਆਰੇ 'ਚ ਕਥਿਤ ਬੇਅਦਬੀ ਅਤੇ 'ਕਤਲ' ਦੀ ਪੂਰੀ ਕਹਾਣੀ ਗਰਾਊਂਡ ਜ਼ੀਰੋ ਤੋਂ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਬੀਤੀ 4 ਮਈ ਨੂੰ ਫ਼ਿਰੋਜ਼ਪੁਰ ਦੇ ਬੰਡਾਲਾ ਪਿੰਡ ਵਿਚਲੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਕਥਿਤ ਬੇਅਦਬੀ ਦੀ ਘਟਨਾ ਵਾਪਰੀ, ਜਿਸ ਮਗਰੋਂ ਮੁਲਜ਼ਮ ਦੀ ਕਥਿਤ ਤੌਰ ਉੱਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਉਕਤ ਮੁਲਜ਼ਮ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਪਰਚੇ ਦਰਜ ਕੀਤੇ ਹਨ।
ਪਹਿਲਾ ਮੁਕੱਦਮਾ ਗੁਰਦੁਆਰੇ ਵਿੱਚ ਹੋਈ ਬੇਅਦਬੀ ਦਾ ਹੈ ਅਤੇ ਦੂਜਾ ਮੁਕੱਦਮਾ ਕੁੱਟਮਾਰ ਤੋਂ ਬਾਅਦ ਮੁਲਜ਼ਮ ਦੀ ਮੌਤ ਦਾ ਹੈ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਰੀਬ 19 ਸਾਲ ਦੇ ਬਖਸ਼ੀਸ਼ ਸਿੰਘ ’ਤੇ ਧਾਰਾ 295-ਏ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਬਖਸ਼ੀਸ਼ ਸਿੰਘ ਬੰਡਾਲਾ ਦੇ ਨਜ਼ਦੀਕੀ ਪਿੰਡ ਟੱਲੀ ਗੁਲਾਮ ਦਾ ਵਸਨੀਕ ਸੀ।
ਫ਼ਿਰੋਜ਼ਪੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਸੀ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੀ ਕੁੱਟਮਾਰ ਕਰਨ ਵਾਲਿਆਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ।
ਸੋਮਵਾਰ ਨੂੰ ਐੱਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਮੌਤ ਦੇ ਮਾਮਲੇ 'ਚ ਜਰਨੈਲ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਇਸ ਕਤਲ ਨੂੰ ਬੇਅਦਬਦੀ ਮਾਮਲਿਆਂ ਵਿੱਚ ਨਿਆਂ ਨਾ ਹੋਣ ਦਾ ਪ੍ਰਤੀਕਰਮ ਕਰਾਰ ਦਿੱਤਾ ਹੈ, ਉਨ੍ਹਾਂ ਮ੍ਰਿਤਕ ਮੁਲਜ਼ਮ ਦੇ ਪਰਿਵਾਰ ਨਾਲ ਸਮਾਜਿਕ ਸਾਂਝ ਨਾ ਰੱਖਣ ਦਾ ਵੀ ਸੱਦਾ ਦਿੱਤਾ ਹੈ।
ਇਸ ਸਾਰੇ ਘਟਨਾਕ੍ਰਮ ਦੇ ਚਲਦਿਆਂ ਬੀਬੀਸੀ ਨੇ ਮ੍ਰਿਤਕ ਮੁਲਜ਼ਮ ਦੇ ਪਰਿਵਾਰ ਦਾ ਪੱਖ਼ ਕੀ ਹੈ ਅਤੇ ਇਲਾਕੇ ਵਿੱਚ ਕਿਹੋ ਜਿਹੇ ਹਾਲਾਤ ਹਨ, ਜਾਣਨ ਦੀ ਕੋਸ਼ਿਸ਼ ਕੀਤੀ।
ਬਖਸ਼ੀਸ਼ ਸਿੰਘ ਦਾ ਪਿੰਡ ਟੱਲੀ ਗੁਲਾਮ
ਬੰਡਾਲਾ ਤੇ ਟੱਲੀ ਗੁਲਾਮ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਖ਼ਸਤਾ ਹੈ, ਇੱਥੋਂ ਤੱਕ ਕਿ ਐਤਵਾਰ ਸ਼ਾਮ ਨੂੰ ਕਰੀਬ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਸਾਨੂੰ ਕਰੀਬ ਸਵਾ ਘੰਟਾ ਲੱਗਾ।
ਇੱਥੋਂ ਦੀਆਂ ਸੜਕਾਂ ਦੀ ਮੰਦਹਾਲੀ ਦੇ ਨਾਲ-ਨਾਲ ਇੱਥੇ ਮੋਬਾਈਲ ਨੈੱਟਵਰਕ ਦੀ ਪਹੁੰਚ ਵੀ ਘੱਟ ਹੈ।
ਅਸੀਂ ਬਖਸ਼ੀਸ਼ ਸਿੰਘ ਦੇ ਘਰ ਪਹੁੰਚੇ। ਘਰ ਵਿੱਚ ਮਾਹੌਲ ਸੋਗਮਈ ਸੀ।
ਬਖਸ਼ੀਸ਼ ਸਿੰਘ ਦੀ ਮਾਂ ਬਲਜਿੰਦਰ ਕੌਰ ਦੇ ਚਿਹਰੇ ਉੱਤੇ ਉਦਾਸੀ ਸੀ।
ਉਹ ਤੇ ਹੋਰ ਔਰਤਾਂ ਐਤਵਾਰ ਸ਼ਾਮ ਨੂੰ ਆਪਣੇ ਪਿੰਡ ਟੱਲੀ ਗੁਲਾਮ ਵਿਖੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਕੋਲ ਆਪਣਾ ਗੁੱਸਾ ਪ੍ਰਗਟ ਕਰ ਰਹੀਆਂ ਸਨ।
ਇਹ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਨੂੰ ਆਪਣਾ ਮਿਸ਼ਨ ਮੰਨਦੀ ਹੈ।
ਬਖਸ਼ੀਸ਼ ਦਾ ਘਰ ਪਿੰਡ ਦੇ ਬਾਹਰਵਾਰ ਸਥਿਤ ਹੈ।
ਮ੍ਰਿਤਕ ਬਖਸ਼ੀਸ਼ ਦੇ ਪਰਿਵਾਰ ਮੁਤਾਬਕ ਉਹ ਮਾਨਸਿਕ ਤੌਰ ਬਿਮਾਰ ਸੀ, ਇਸੇ ਕਰਕੇ ਉਸਨੇ ਆਪਣੀ 12ਵੀਂ ਜਮਾਤ ਵਿੱਚੇ ਹੀ ਛੱਡ ਦਿੱਤੀ ਸੀ।
ਮ੍ਰਿਤਕ ਮ੍ਰਿਤਕ ਬਖਸ਼ੀਸ਼ ਸਿੰਘ ਦਾ ਪਰਿਵਾਰ ਇੱਕ ਜੱਟ ਸਿੱਖ ਪਰਿਵਾਰ ਹੈ। ਉਸ ਦਾ ਘਰ ਹਾਲੇ ਉਸਾਰੀ ਅਧੀਨ ਹੈ ਅਤੇ ਪਰਿਵਾਰ ਇੱਕੋ ਕਮਰੇ ਵਿੱਚ ਰਹਿ ਰਿਹਾ ਹੈ।
ਬਖਸ਼ੀਸ਼ ਸਿੰਘ ਦੇ ਮਾਂ ਬਲਜਿੰਦਰ ਕੌਰ ਦਾ ਕਹਿਣਾ ਹੈ, "ਮੇਰਾ ਬੇਟਾ ਪਿਛਲੇ ਤਿੰਨ ਸਾਲਾਂ ਤੋਂ ਮਾਨਸਿਕ ਤੌਰ 'ਤੇ ਬਿਮਾਰ ਸੀ। ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਜੀਣਾ ਨਹੀਂ ਚਾਹੁੰਦਾ। ਮੇਰਾ ਪਤੀ ਰੋਂਦਾ ਹੋਇਆ ਘਰ ਆਇਆ, ਤੇ ਕਹਿੰਦਾ ਕਿ ਬਖਸ਼ੀਸ਼ ਨੂੰ ਕਤਲ ਦਿੱਤਾ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੇ ਕਾਤਲਾਂ ਨੂੰ ਸਜ਼ਾ ਮਿਲੇ।"
ਬਖਸ਼ੀਸ਼ ਸਿੰਘ ਦਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਬਖਸ਼ੀਸ਼ ਦੇ ਪਿਤਾ ਲਖਵਿੰਦਰ ਸਿੰਘ ਛੋਟੇ ਕਿਸਾਨ ਹਨ।
ਉਹ ਆਪਣੇ ਪੁੱਤਰ ਦੀ ਮੌਤ ਦੇ ਗ਼ਮ ਵਿੱਚ ਹਨ।
ਉਨ੍ਹਾਂ ਕਿਹਾ, "ਮੇਰਾ ਬੇਟਾ ਦਿਮਾਗੀ ਤੌਰ 'ਤੇ ਅਪਾਹਜ ਸੀ ਅਤੇ 12ਵੀਂ ਜਮਾਤ ਵਿੱਚੋਂ ਹੀ ਛੱਡ ਦਿੱਤੀ ਸੀ। ਉਹ ਪਿਛਲੇ ਤਿੰਨ ਸਾਲਾਂ ਤੋਂ ਇਲਾਜ ਕਰਵਾ ਰਿਹਾ ਸੀ। ਇਸ ਤੋਂ ਪਹਿਲਾਂ ਉਹ ਇੱਕ ਵਾਰ ਦਿੱਲੀ ਗਿਆ ਸੀ, ਫਿਰ ਅਸੀਂ ਉਸ ਨੂੰ ਵਾਪਸ ਲੈ ਆਏ ਸੀ।"
4 ਮਈ ਦੇ ਦਿਨ ਨੁੰ ਯਾਦ ਕਰਦਿਆਂ ਉਨ੍ਹਾਂ ਕਿਹਾ, "ਮੈਨੂੰ ਕਿਸੇ ਨੇ ਫ਼ੋਨ 'ਤੇ ਦੱਸਿਆ ਕਿ ਮੇਰੇ ਪੁੱਤਰ ਨੇ ਕੁਝ ਗਲਤ ਕੀਤਾ ਹੈ, ਮੈਂ ਗੁਰਦੁਆਰੇ ਗਿਆ ਤੇ ਉੱਥੇ ਮੌਜੂਦ ਲੋਕਾਂ ਨੂੰ ਬਖਸ਼ੀਸ਼ ਦਾ ਮੈਡੀਕਲ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਹ ਉਸ ਦਾ ਮੈਡੀਕਲ ਰਿਕਾਰਡ ਦੇਖ ਲੈਣ।”
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਕਾਗਜ਼ ਉਨ੍ਹਾਂ ਦੇ ਹੱਥੋਂ ਫੜੇ ਅਤੇ ਪਾੜ ਦਿੱਤੇ।
ਉਨ੍ਹਾਂ ਨੇ ਗੁਰਦੁਆਰੇ ਪਹੁੰਚਣ ਉੱਤੇ ਅੱਖੀਂ ਦੇਖੇ ਹਾਲਾਤ ਬਿਆਨਦਿਆਂ ਦੱਸਿਆ, "ਉਹ ਮੇਰੇ ਸਾਹਮਣੇ ਉਸ ਨੂੰ ਕੁੱਟ ਰਹੇ ਸਨ, ਤਲਵਾਰਾਂ ਨਾਲ ਵੀ ਮਾਰ ਰਹੇ ਸਨ। ਉਨ੍ਹਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਮੈਂ ਆਪਣੇ ਮੋਟਰਸਾਈਕਲ ’ਤੇ ਉੱਥੋਂ ਭੱਜ ਗਿਆ।"
ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਪੁੱਤਰ ਕੋਲ ਫ਼ੋਨ ਨਹੀਂ ਸੀ ਕਿਉਂਕਿ ਉਹ ਪਹਿਲਾਂ ਵੀ ਤਿੰਨ-ਚਾਰ ਮੋਬਾਈਲ ਤੋੜ ਚੁੱਕਾ ਹੈ।
ਲਖਵਿੰਦਰ ਸਿੰਘ ਨੇ ਇਸ ਗੱਲ ਦੀ ਵੀ ਜਾਂਚ ਦੀ ਮੰਗ ਕੀਤੀ ਕਿ ਕੋਈ ਉਸ ਦੇ ਲੜਕੇ ਨੂੰ ਉੱਥੇ ਲੈ ਗਿਆ ਜਾਂ ਉਹ ਇਕੱਲਾ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਹਨ। ਲਖਵਿੰਦਰ ਦਾ ਕਹਿਣਾ ਹੈ, ''ਬਖਸ਼ੀਸ਼ ਨੂੰ ਠੀਕ ਤਰ੍ਹਾਂ ਖਾਣਾ ਵੀ ਨਹੀਂ ਆਉਂਦਾ ਸੀ ਤੇ ਉਸਨੇ ਕਦੇ ਵੀ ਆਪਣਾ ਧਰਮ ਨਹੀਂ ਬਦਲਿਆ।"
ਲਖਵਿੰਦਰ ਸਿੰਘ ਦੀ ਭੂਆ ਗੁਰਮੀਤ ਕੌਰ ਵੀ ਬਖਸ਼ੀਸ਼ ਦੀ ਮੌਤ ਮਗਰੋਂ ਗੁੱਸੇ ਨਾਲ ਭਰੇ ਹੋਏ ਹਨ।
ਉਹ ਕਹਿੰਦੇ ਹਨ, "ਜੇ ਉਸ ਨੇ ਕੋਈ ਜੁਰਮ ਕੀਤਾ ਸੀ, ਤਾਂ ਉਸ ਨੂੰ ਪੁਲਿਸ ਹਵਾਲੇ ਕਰ ਦੇਣਾ ਚਾਹੀਦਾ ਸੀ, ਅਤੇ ਅਸੀਂ ਸਾਰੇ ਰਿਸ਼ਤੇਦਾਰ ਸਿੱਖ ਪੰਥ ਤੋਂ ਮੁਆਫੀ ਮੰਗਣ ਲਈ ਉੱਥੇ ਜਾਂਦੇ, ਪਰ ਉਸ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ ਸੀ।"
ਗੁਰਮੀਤ ਕੌਰ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਬੰਡਾਲਾ ਵਿੱਚ ਕੀ ਹੈ ਮਾਹੌਲ
ਬਖਸ਼ੀਸ਼ ਸਿੰਘ ਦੇ ਪਿੰਡ ਟੱਲੀ ਗ਼ੁਲਾਮ ਤੋਂ ਦੋ ਕਿਲੋਮੀਟਰ ਦੂਰ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਗੰਭੀਰ ਮਾਹੌਲ ਸੀ।
ਇੱਥੇ 'ਸੰਤ ਸਮਾਜ' ਦੇ ਆਗੂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਭਾਰੀ ਪੁਲਿਸ ਫੋਰਸ ਤੈਨਾਤ ਸੀ।
ਬਖਸ਼ੀਸ਼ ਦੇ ਕੁਝ ਪਰਿਵਾਰਕ ਮੈਂਬਰ ਵੀ ਸੰਤ ਸਮਾਜ ਦੇ ਸਾਹਮਣੇ ਹਾਜ਼ਰ ਸਨ, ਜਿਨ੍ਹਾਂ ਨੇ ਬਖਸ਼ੀਸ਼ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿੱਚ ਕਰਨ ਦੀ ਬੇਨਤੀ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਬੀਬੀਸੀ ਨਾਲ ਸਾਂਝੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਬਖਸ਼ੀਸ਼ ਸਿੰਘ ਸਿਰ ਉੱਤੇ ਪਰਨਾ ਬੰਨ੍ਹ ਕੇ ਗੁਰਦੁਆਰੇ ਵਿੱਚ ਦਾਖ਼ਲ ਹੁੰਦਾ ਹੈ ਅਤੇ ਬੇਅਦਬੀ ਕਰ ਕੇ ਬਾਹਰ ਆ ਜਾਂਦਾ ਹੈ।
ਇਸ ਬਾਅਦ ਘਟਨਾ ਦੇ ਚਸ਼ਮਦੀਦ ਲਖਬੀਰ ਸਿੰਘ ਨੇ ਦੱਸਿਆ, "ਮੁਲਜ਼ਮ ਦੁਪਹਿਰ 1:30 ਵਜੇ ਦੇ ਕਰੀਬ ਗੁਰਦੁਆਰੇ 'ਚ ਦਾਖਲ ਹੋਏ, ਫਿਰ ਗੁਰਦੁਆਰੇ 'ਚ ਪੁਲਿਸ ਇੱਥੇ ਪਹੁੰਚੀ ਤਾਂ ਸੰਗਤ ਨੇ ਮੁਲਜ਼ਮ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ।
ਲਖਬੀਰ ਸਿੰਘ ਨੇ ਅੱਗੇ ਦੱਸਿਆ, "ਮੈਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਅਤੇ ਮੁਲਜ਼ਮ ਖਿਲਾਫ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਹੁਣ ਪ੍ਰਸ਼ਾਸਨ ਨੂੰ ਇਹ ਪਤਾ ਲਗਾਉਣ ਚਾਹੀਦਾ ਹੈ ਕਿ ਮੁਲਜ਼ਮ ਨੇ ਕਿਸ ਦੇ ਕਹਿਣ 'ਤੇ ਬੇਅਦਬੀ ਕੀਤੀ ਹੈ।"
ਲਖਬੀਰ ਸਿੰਘ ਦਾ ਕਹਿਣਾ ਹੈ, "ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਮੁਲਜ਼ਮ ਪਰਿਵਾਰ ਦਾ ਸਮਾਜਿਕ ਅਤੇ ਧਾਰਮਿਕ ਬਾਈਕਾਟ ਕਰਨ ਦੇ ਐਲਾਨ ਤੋਂ ਬਾਅਦ ਮੁਲਜ਼ਮ ਦੇ ਪਰਿਵਾਰਕ ਮੈਂਬਰ ਨੇ ਮਾਫੀ ਮੰਗਣ ਲਈ ਦੋ ਦਿਨਾਂ ਦਾ ਸਮਾਂ ਮੰਗਿਆ ਸੀ।"
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸੇ ਨੇ ਕਿਹਾ, "ਦੋਵੇਂ ਘਟਨਾਵਾਂ ਸੱਚਮੁੱਚ ਮੰਦਭਾਗੀਆਂ ਹਨ, ਜਿਨ੍ਹਾਂ ਵਿੱਚ ਬੇਅਦਬੀ ਅਤੇ ਨੌਜਵਾਨਾਂ ਦੀ ਮੌਤ ਸ਼ਾਮਲ ਹੈ। ਨੌਜਵਾਨ ਦਾ ਪਰਿਵਾਰ ਵੀ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਨੂੰ ਮੁੜ ਸਿੱਖ ਕੌਮ ਦਾ ਹਿੱਸਾ ਬਣਨ ਲਈ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ।"
ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ
ਪੰਜਾਬ ਵਿੱਚ ਕਥਿਤ ਬੇਅਦਬੀ ਅਤੇ ਫ਼ਿਰੋਜ਼ਪੁਰ ਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ। 2015 ਤੋਂ ਬਾਅਦ ਇਹ ਇੱਕ ਵੱਡਾ ਸਿਆਸੀ ਅਤੇ ਧਾਰਮਿਕ ਮੁੱਦਾ ਬਣ ਚੁੱਕਿਆ ਹੈ।
18 ਦਸੰਬਰ 2021 - ਹਰਿਮੰਦਰ ਸਾਹਿਬ ਵਿੱਚ ਸ਼ਾਮ ਵੇਲੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ, ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਅਕਾਲ ਤਖਤ ਦੇ ਜਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਸੀ।
19 ਦਸੰਬਰ 2021 - ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸੀ, ਜਿਸ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਸੀ।
ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰਕੇ ਪੁਲਿਸ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
15 ਅਕਤੂਬਰ 2021 ਨੂੰ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ।
13 ਸਤੰਬਰ 2021 - ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂੰਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ, ਜਿਸ ਨੂੰ ਟਾਸਕ ਫੋਰਸ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ।
26 ਜੁਲਾਈ 2016 ਨੂੰ 47 ਸਾਲਾ ਬਲਵਿੰਦਰ ਕੌਰ ਨੂੰ ਦਿਨ-ਦਿਹਾੜੇ ਦੋ ਮੋਟਰ ਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ। ਬਲਵਿੰਦਰ ਕੌਰ ਉੱਤੇ ਲੁਧਿਆਣਾ ਦੇ ਘਵੱਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ।
ਬਰਗਾੜੀ ਬੇਅਦਬੀ ਤੇ ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ ਸੀ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਦੇ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਸੀ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ ਸੀ।
14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ ਸੀ।
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ਸੀ।