ਦੇਵਤੇ ਤੋਂ ਦੈਂਤ ਤੱਕ: ਸ਼ਰਨਾਰਥੀਆਂ ਨੇ ਕਿਹਾ, ਸਮਾਜ ਸੇਵੀ ਸੰਸਥਾ ਦੇ ਮਾਲਕ ਨੇ ਸੈਕਸ ਬਦਲੇ ਮਦਦ ਦੀ ਪੇਸ਼ਕਸ਼ ਕੀਤੀ

- ਲੇਖਕ, ਫੰਡਨੂਰ ਓਜ਼ਤੁਰਕ
- ਰੋਲ, ਬੀਬੀਸੀ ਨਿਊਜ਼ ਤੁਰਕੀ
- ਲੇਖਕ, ਕਹੂੰ ਖਾਮੋਸ਼
- ਰੋਲ, ਬੀਬੀਸੀ ਵਰਲਡ ਸਰਵਿਸ
ਮਦਦ ਲਈ ਬੇਤਾਬ ਸੀਰੀਆਈ ਔਰਤਾਂ ਲਈ ਸਾਦੇਤਿਨ ਕਰਾਗੋਜ਼ ਸ਼ੁਰੂ ਵਿੱਚ ਉੱਪਰੋਂ ਭੇਜੇ ਗਏ "ਦੂਤ" ਵਾਂਗ ਜਾਪਦਾ ਸੀ। ਉਨ੍ਹਾਂ ਦੇ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਨੂੰ "ਸ਼ਰਨਾਰਥੀਆਂ ਦੇ ਦਾਦਾ" ਵਜੋਂ ਜਾਣਦੇ ਹਨ।
ਪਰ ਬੀਬੀਸੀ ਨਿਊਜ਼ ਤੁਰਕੀ ਦੀ ਇੱਕ ਸਾਲ ਤੱਕ ਚੱਲੀ ਲੰਬੀ ਜਾਂਚ ਨੇ ਉਨ੍ਹਾਂ ਇਲਜ਼ਾਮਾਂ ਦਾ ਪਰਦਾਫਾਸ਼ ਕੀਤਾ ਹੈ ਜੋ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਕੁਝ ਸਭ ਤੋਂ ਕਮਜ਼ੋਰ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਜਿਨਸੀ ਸ਼ੋਸ਼ਣ ਦੇ ਵੱਡੇ ਕਾਂਡ ਦੇ ਕੇਂਦਰ ਵਿੱਚ ਇਸ ਚੈਰਿਟੀ ਦੇ ਮਾਲਕ ਨੂੰ ਲਿਆ ਖੜ੍ਹਾ ਕਰਦਾ ਹੈ। ਹਾਲਾਂਕਿ, ਉਹ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।
ਅਲਟਿੰਡਾਗ ਦੇ ਖੇਤਰ ਨੂੰ ਸੀਰੀਆਈ ਸ਼ਹਿਰ ਦੇ ਨਾਮ 'ਤੇ ਲਿਟਲ ਅਲੇਪੋ ਕਿਹਾ ਜਾਂਦਾ ਹੈ, ਕਿਉਂਕਿ ਸੀਰੀਆ ਦੇ ਹਜ਼ਾਰਾਂ ਸ਼ਰਨਾਰਥੀ ਉੱਥੇ ਰਹਿੰਦੇ ਹਨ। ਇਹ ਉਹ ਥਾਂ ਹੈ ਜਿੱਥੇ ਕਰਾਗੋਜ਼ ਨੇ 2014 ਵਿੱਚ ਆਪਣੀ ਚੈਰਿਟੀ ਦੀ ਸਥਾਪਨਾ ਕੀਤੀ ਸੀ।
ਤੁਰਕੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸ਼ਰਨਾਰਥੀ ਆਬਾਦੀ ਹੈ ਅਤੇ ਸਾਦੇਤਿਨ ਕਰਾਗੋਜ਼ ਦੀ ਸੰਸਥਾ ਵਰਗੀਆਂ ਸੰਸਥਾਵਾਂ ਜੀਵਨ ਰੇਖਾ ਸਾਬਤ ਹੋ ਸਕਦੀਆਂ ਹਨ, ਖ਼ਾਸ ਕਰਕੇ ਔਰਤਾਂ ਲਈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੇਰੁਜ਼ਗਾਰ ਹਨ।
ਉਨ੍ਹਾਂ ਵਿੱਚੋਂ ਇੱਕ ਮਦੀਨਾ (ਬਦਲਿਆ ਹੋਇਆ ਨਾਮ) ਹੈ। ਉਹ 2016 ਵਿੱਚ ਸੀਰੀਆ ਦੀ ਖਾਨਾਜੰਗੀ ਤੋਂ ਉਸ ਵੇਲੇ ਭੱਜ ਨਿਕਲੀ ਸੀ ਜਦੋਂ ਉਨ੍ਹਾਂ ਦੇ ਜੱਦੀ ਸ਼ਹਿਰ ਅਲੇਪੋ ਵਿੱਚ ਲੜਾਈ ਸ਼ੁਰੂ ਹੋ ਗਈ ਸੀ।
ਉਹ ਕਹਿੰਦੀ ਹੈ ਕਿ ਦੋ ਸਾਲ ਬਾਅਦ ਉਨ੍ਹਾਂ ਦੇ ਤਿੰਨ ਬੱਚਿਆਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਅਤੇ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਛੱਡ ਗਿਆ ਸੀ। ਅੰਕਾਰਾ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਲਈ ਉਹ ਇਕੱਲੀ ਰਹਿ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮਦਦ ਲਈ ਮਜਬੂਰ ਸੀ।
ਸਾਰਿਆਂ ਨੇ ਉਨ੍ਹਾਂ ਨੂੰ ਸਾਦੇਤਿਨ ਕਰਾਗੋਜ਼ ਦੀ ਸੰਸਥਾ, ਉਮੁਤ ਹਾਇਰ ਮਗਾਜ਼ਾਸੀ ਜਾਂ ਹੋਪ ਚੈਰਿਟੀ ਸਟੋਰ ਵੱਲ ਇਸ਼ਾਰਾ ਕੀਤਾ। ਇਹ ਸਟੋਰ ਡਾਇਪਰ, ਪਾਸਤਾ, ਤੇਲ, ਦੁੱਧ ਅਤੇ ਕੱਪੜੇ ਵਰਗੇ ਦਾਨ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ਰਨਾਰਥੀਆਂ ਵਿੱਚ ਵੰਡਦੇ ਹਨ।
ਮਦੀਨਾ ਦੱਸਦੇ ਹਨ, "ਉਸ ਨੇ ਮੈਨੂੰ ਕਿਹਾ, 'ਮੇਰਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੈ।"
ਉਨ੍ਹਾਂ ਨੂੰ ਯਾਦ ਹੈ ਕਿ ਕਰਾਗੋਜ਼ ਨੇ ਅੱਗੇ ਕਿਹਾ, "ਜਦੋਂ ਤੁਹਾਡੇ ਕੋਲ ਜਾਣ ਲਈ ਕੋਈ ਰਾਹ ਨਾ ਹੋਵੇ, ਤਾਂ ਮੇਰੇ ਕੋਲ ਆਓ ਅਤੇ ਮੈਂ ਤੁਹਾਡੀ ਦੇਖਭਾਲ ਕਰਾਂਗਾ।"
ਪਰ ਜਦੋਂ ਉਹ ਉਨ੍ਹਾਂ ਕੋਲ ਗਈ ਤਾਂ ਮਦੀਨਾ ਕਹਿੰਦੀ ਹੈ ਕਿ ਉਹ ਬਦਲ ਗਿਆ। ਉਹ ਕਹਿੰਦੀ ਹੈ ਕਿ ਉਨ੍ਹਾਂ ਨੇ ਦੇਖਿਆ ਕਿ ਉਹ ਸਟੋਰ ਵਿੱਚ ਔਰਤਾਂ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਛੂਹ ਰਿਹਾ ਸੀ ਅਤੇ ਉਸ ਨੇ ਉਸ ਨੂੰ ਵੀ ਛੂਹਿਆ। ਉਨ੍ਹਾਂ ਦਾ ਕਹਿਣਾ ਹੈ ਕਿ ਚੈਰਿਟੀ ਵਿੱਚ ਆਪਣੀ ਆਖ਼ਰੀ ਫੇਰੀ ਦੌਰਾਨ ਚੀਜ਼ਾਂ ਵਧ ਗਈਆਂ।
ʼਉਸਨੇ ਮੈਨੂੰ ਚੁੰਮਣਾ ਸ਼ੁਰੂ ਕਰ ਦਿੱਤਾʼ

ਉਹ ਦੱਸਦੀ ਹੈ ਕਿ ਕਿਵੇਂ ਕਰਾਗੋਜ਼ ਨੇ ਉਸ ਨੂੰ ਦਫ਼ਤਰ ਵਿੱਚ ਇੱਕ ਪਰਦੇ ਪਿੱਛਿਓਂ ਕੁਝ ਚੀਜ਼ਾਂ ਲਿਆਉਣ ਲਈ ਕਿਹਾ।
ਉਨ੍ਹਾਂ ਨੇ ਅੱਗੇ ਦੱਸਿਆ, "ਉਸ ਨੇ ਮੈਨੂੰ ਫੜ੍ਹ ਲਿਆ ਅਤੇ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ। ਉਸਨੇ ਮੈਨੂੰ ਚੁੰਮਣਾ ਸ਼ੁਰੂ ਕਰ ਦਿੱਤਾ... ਮੈਂ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਉਸਨੂੰ ਜਾਣ ਲਈ ਕਿਹਾ। ਜੇ ਮੈਂ ਚੀਕੀ ਨਾ ਹੁੰਦੀ ਤਾਂ ਉਸ ਨੇ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ।"
ਮਦੀਨਾ ਕਹਿੰਦੀ ਹੈ ਕਿ ਉਹ ਕਿਸੇ ਤਰ੍ਹਾਂ ਇਮਾਰਤ ਤੋਂ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਕਰਾਗੋਜ਼ ਨੂੰ ਕਿਹਾ ਕਿ ਉਹ ਉਸ ਦੀ ਰਿਪੋਰਟ ਪੁਲਿਸ ਨੂੰ ਕਰੇਗੀ।
ਪਰ ਉਹ ਕਹਿੰਦੀ ਹੈ ਕਿ ਉਹ ਉਸ ਨੂੰ "ਉਸ ਕੋਲ ਆਉਣ" ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਇੱਕ ਦਿਨ ਉਹ ਉਸ ਦੇ ਘਰ ਪਹੁੰਚ ਗਏ, ਉੱਚੀ-ਉੱਚੀ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਖੋਲ੍ਹਣ ਲਈ ਕਿਹਾ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਬਹੁਤ ਹੀ ਭੱਦੀਆਂ ਗੱਲਾਂ ਕਹੀਆਂ। ਮੈਂ ਦਰਵਾਜ਼ਾ ਨਹੀਂ ਖੋਲ੍ਹਿਆ ਕਿਉਂਕਿ ਮੈਂ ਬਹੁਤ ਡਰੀ ਹੋਈ ਸੀ।"
ਅੱਥਰੂ ਪੂੰਝਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਸ ਨੇ ਉਸ ਨੂੰ ਸੀਰੀਆ ਵਾਪਸ ਭੇਜਣ ਦੀ ਧਮਕੀ ਦਿੱਤੀ।
ਮਦੀਨਾ ਕਹਿੰਦੀ ਹੈ ਕਿ ਇਸ ਤੋਂ ਡਰਦਿਆਂ ਉਹ ਕਦੇ ਵੀ ਪੁਲਿਸ ਕੋਲ ਨਹੀਂ ਗਈ ਜਾਂ ਇਸ ਬਾਰੇ ਕਿਸੇ ਹੋਰ ਨੂੰ ਨਹੀਂ ਦੱਸ ਸਕੀ।
ਇੱਕ ਸੇਵਾਮੁਕਤ ਬੈਂਕ ਕਰਮਚਾਰੀ ਕਰਾਗੋਜ਼, ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ ਅਤੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ 37,000 ਤੋਂ ਵੱਧ ਲੋਕਾਂ ਦੀ ਮਦਦ ਕੀਤੀ ਹੈ, ਖ਼ਾਸ ਕਰਕੇ ਸ਼ਰਨਾਰਥੀਆਂ ਦੀ।
ਉਹ ਕਹਿੰਦੇ ਹਨ ਕਿ ਚੈਰਿਟੀ ਦਾ ਸਹਾਇਤਾ ਵੰਡ ਖੇਤਰ ਛੋਟਾ, ਭੀੜ-ਭੜੱਕੇ ਵਾਲਾ ਹੈ ਅਤੇ ਸੀਸੀਟੀਵੀ ਦੁਆਰਾ ਨਿਗਰਾਨੀ ਕੀਤਾ ਜਾਂਦੀ ਹੈ, ਇਸ ਲਈ ਉਹ ਕਿਸੇ ਵੀ ਔਰਤ ਨਾਲ ਇਕੱਲਾ ਨਹੀਂ ਹੋ ਸਕਦਾ ਸੀ।
ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਚੈਰਿਟੀ ਨੂੰ ਵਿਆਪਕ ਮਾਨਤਾ ਮਿਲੀ ਹੈ ਅਤੇ 2020 ਵਿੱਚ ਇੱਕ ਸਥਾਨਕ ਅਖ਼ਬਾਰ ਤੋਂ ਇੱਕ ਪੁਰਸਕਾਰ ਵੀ ਮਿਲਿਆ ਹੈ। ਇਸ ਨੂੰ ਰਾਸ਼ਟਰੀ ਟੀਵੀ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਤੋਂ ਸਮਰਥਨ ਮਿਲਿਆ ਹੈ।
ਹੋਰ ਵੀ ਔਰਤਾਂ ਨੇ ਲਗਾਏ ਇਲਜ਼ਾਮ

ਮਦੀਨਾ ਸਮੇਤ ਕੁੱਲ ਤਿੰਨ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਕਰਾਗੋਜ਼ ਨੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਹਮਲਾ ਕੀਤਾ। ਉਨ੍ਹਾਂ ਦੀ ਚੈਰਿਟੀ ਦੇ ਦੋ ਸਾਬਕਾ ਕਰਮਚਾਰੀਆਂ ਸਮੇਤ ਸੱਤ ਹੋਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2016 ਅਤੇ 2024 ਦੇ ਵਿਚਕਾਰ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਦੇਖਿਆ ਜਾਂ ਸੁਣਿਆ।
ਇੱਕ ਸਾਬਕਾ ਕਰਮਚਾਰੀ ਨੇ ਦੱਸਿਆ ਹੈ, "ਉਸ ਦੇ ਮੇਜ਼ ਦੇ ਪਿੱਛੇ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਅਸੀਂ ਸਹਾਇਤਾ ਪੈਕੇਟ ਰੱਖਦੇ ਸੀ। ਅਸੀਂ ਉਸ ਨੂੰ ਉਸ ਕਮਰੇ ਵਿੱਚ ਔਰਤਾਂ ਨੂੰ ਤੰਗ ਕਰਦੇ ਦੇਖਣ ਦੇ ਆਦੀ ਹੋ ਗਏ ਸੀ।"
27 ਸਾਲਾ ਸੀਰੀਆਈ ਸ਼ਰਨਾਰਥੀ ਨਾਡਾ (ਬਦਲਿਆ ਹੋਇਆ ਨਾਮ) ਦੇ ਅਨੁਸਾਰ, ਜਦੋਂ ਕਰਾਗੋਜ਼ ਨੇ ਸ਼ੁਰੂ ਵਿੱਚ ਉਸ ਦੀ ਮਦਦ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੂੰ "ਇੱਕ ਦੂਤ ਵਾਂਗ ਮਹਿਸੂਸ ਹੋਇਆ।"
ਪਰ ਉਹ ਕਹਿੰਦੀ ਹੈ ਕਿ ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੀ ਸੰਸਥਾ ਵਿੱਚ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਸ ਦੀ ਮਦਦ ਸਿਰਫ਼ ਤਾਂ ਹੀ ਕਰੇਗਾ ਜੇਕਰ ਉਹ ਉਸ ਦੇ ਨਾਲ ਇੱਕ ਖਾਲ੍ਹੀ ਫਲੈਟ ਵਿੱਚ ਜਾਵੇ।
ਨਾਡਾ ਦੱਸਦੀ ਹੈ ਕਿ ਕਰਾਗੋਜ਼ ਨੇ ਉਸ ਨੂੰ ਕਿਹਾ, "ਅਸੀਂ ਜ਼ਿਆਦਾ ਦੇਰ ਨਹੀਂ ਰੁਕਾਂਗੇ, ਇਸ ਵਿੱਚ ਸਿਰਫ਼ 10 ਮਿੰਟ ਲੱਗਣਗੇ... ਜੇਕਰ ਤੁਸੀਂ ਨਹੀਂ ਆਏ, ਤਾਂ ਮੈਂ ਤੁਹਾਨੂੰ ਕੁਝ ਨਹੀਂ ਦੇਵਾਂਗਾ।"
ਉਹ ਆਪਣੀ ਭਰਜਾਈ ਨਾਲ ਸੀ ਅਤੇ ਉਹ ਕਹਿੰਦੀ ਹੈ ਕਿ ਉਹ ਗੁੱਸੇ ਵਿੱਚ ਚਲੀਆਂ ਗਈਆਂ।
ਨਾਡਾ ਦੱਸਦੀ ਹੈ ਕਿ ਉਹ ਅੰਕਾਰਾ ਦੇ ਇੱਕ ਫਲੈਟ ਵਿੱਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਸੀ ਜਿੱਥੇ ਇੱਕ ਫਰਿੱਜ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਸੀ।
ਆਪਣੇ ਪਰਿਵਾਰ ਦੀ ਮਦਦ ਕਰਨ ਲਈ ਮਜਬੂਰ, ਉਹ ਕਹਿੰਦੀ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਹੋਰ ਕਿੱਥੇ ਜਾਣਾ ਹੈ, ਇਸ ਲਈ ਉਹ ਸਟੋਰ ਵਿੱਚ ਵਾਪਸ ਚਲੀ ਗਈ।
ਨਾਡਾ ਦੱਸਦੀ ਹੈ ਕਿ ਇੱਕ ਵਾਰ ਕਰਾਗੋਜ਼ ਉਸ ਨੂੰ ਆਪਣੇ ਪੁੱਤਰ ਲਈ ਡਾਇਪਰ ਲੈਣ ਲਈ ਪਰਦੇ ਪਿੱਛੇ ਲੈ ਗਏ।
ਨਾਡਾ ਨੇ ਦੱਸਿਆ, "ਉਸ ਦੇ ਇੱਕ ਹੱਥ ਵਿੱਚ ਡਾਇਪਰ ਸਨ ਅਤੇ ਦੂਜਾ ਹੱਥ ਖਾਲ੍ਹੀ ਸੀ। ਉਸਨੇ ਮੇਰੀਆਂ ਛਾਤੀਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ।"
ਉਹ ਦੱਸਦੀ ਹੈ ਕਿ ਕਿਵੇਂ ਕਰਾਗੋਜ਼ ਨੇ ਉਸ ਨੂੰ ਕਿਹਾ, "ਚਿੰਤਾ ਨਾ ਕਰੋ, ਇਹ ਆਮ ਗੱਲ ਹੈ।"
ਅਗਲੀ ਵਾਰ ਜਦੋਂ ਉਹ ਵਾਪਸ ਗਈ ਤਾਂ ਉਹ ਦੱਸਦੀ ਹੈ, "ਉਹ ਪਿੱਛਿਓਂ ਆਇਆ ਅਤੇ ਮੇਰਾ ਹੱਥ ਫੜ੍ਹ ਲਿਆ। ਉਸ ਨੇ ਮੈਨੂੰ ਉਸ ਦੇ ਗੁਪਤ ਅੰਗ ਨੂੰ ਛੂਹਣ ਲਈ ਮਜਬੂਰ ਕੀਤਾ। ਉਸ ਨੇ ਕਿਸੇ ਦੈਂਤ ਵਾਂਗ ਮੇਰੇ ਉੱਤੇ ਹਮਲਾ ਕੀਤਾ।"
"ਮੇਰਾ ਪੂਰਾ ਸਰੀਰ ਕੰਬ ਰਿਹਾ ਸੀ... ਮੈਂ ਰੋ ਰਹੀ ਸੀ। ਉਸਨੇ ਮੈਨੂੰ ਕਿਹਾ, 'ਸ਼ਾਂਤ ਹੋ ਜਾਓ। ਇਹ ਆਮ ਗੱਲ ਹੈ, ਜਲਦੀ ਹੀ ਠੀਕ ਹੋ ਜਾਵੇਗਾ'।"
ਪਰ ਉਹ ਕਹਿੰਦੀ ਹੈ ਕਿ ਉਹ ਚਲੀ ਗਈ ਅਤੇ ਬਾਹਰ ਖੜ੍ਹੀਆਂ ਹੋਰ ਔਰਤਾਂ ਨੂੰ ਦੁਕਾਨ ਦੇ ਅੰਦਰ ਨਾ ਜਾਣ ਦੀ ਚੇਤਾਵਨੀ ਦਿੱਤੀ।

ਨਾਡਾ ਕਹਿੰਦੀ ਹੈ ਕਿ ਇਹ ਆਖ਼ਰੀ ਵਾਰ ਸੀ ਜਦੋਂ ਉਹ ਮਦਦ ਲਈ ਸਾਦੇਤਿਨ ਕਰਾਗੋਜ਼ ਕੋਲ ਗਈ ਸੀ।
ਜਿਨਸੀ ਸ਼ੋਸ਼ਣ ਨਾਲ ਜੁੜੇ ਕਲੰਕ ਅਤੇ ਦੋਸ਼ੀ ਠਹਿਰਾਏ ਜਾਣ ਦੇ ਡਰ ਕਾਰਨ, ਨਾਡਾ ਕਹਿੰਦੀ ਹੈ ਕਿ ਉਸਨੂੰ ਨਹੀਂ ਲੱਗਦਾ ਸੀ ਕਿ ਉਹ ਕਿਸੇ ਨੂੰ ਦੱਸ ਸਕਦੀ ਹੈ ਕਿ ਕੀ ਹੋਇਆ ਹੈ। ਇੱਥੋਂ ਤੱਕ ਕਿ ਉਸਦੇ ਪਤੀ ਨੂੰ ਵੀ ਨਹੀਂ ਦੱਸ ਸਕਦੀ ਸੀ।
ਤੀਜੀ ਔਰਤ ਜਿਸ ਨੇ ਬੀਬੀਸੀ ਨੂੰ ਦੱਸਿਆ ਕਿ ਕਰਾਗੋਜ਼ ਨੇ ਉਸ 'ਤੇ ਹਮਲਾ ਕੀਤਾ ਸੀ ਉਹ ਬਤੌਲ ਹੈ, ਜੋ ਹੁਣ ਜਰਮਨੀ ਚਲੀ ਗਈ ਹੈ।
ਉਹ ਤਿੰਨ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਇੱਕ ਇਕੱਲੀ ਮਾਂ ਹੈ। ਉਹ ਇਹ ਵੀ ਕਹਿੰਦੀ ਹੈ ਕਿ ਉਹ ਮਦਦ ਲਈ ਉਸ ਕੋਲ ਗਈ ਸੀ।
ਉਹ ਦੱਸਦੀ ਹੈ, "ਜਦੋਂ ਮੈਂ ਮਦਦ ਲੈਣ ਲਈ ਮੁੜੀ, ਤਾਂ ਉਸ ਨੇ ਮੇਰੀ ਪਿੱਠ 'ਤੇ ਆਪਣਾ ਹੱਥ ਰੱਖਿਆ।"
"ਮੈਂ ਪਰੇਸ਼ਾਨ ਹੋ ਗਈ। ਮੈਂ ਉਸ 'ਤੇ ਗੁੱਸੇ ਹੋ ਗਈ... ਮੈਂ ਉਸ ਨੂੰ ਧੱਕਾ ਦਿੱਤਾ। ਮੈਂ ਸਹਾਇਤਾ ਦਾ ਬੈਗ ਸੁੱਟ ਦਿੱਤਾ ਅਤੇ ਸਟੋਰ ਤੋਂ ਬਾਹਰ ਚਲੀ ਗਈ।"
ਉਹ ਉਮੀਦ ਕਰਦੀ ਹੈ ਕਿ ਬੋਲਣ ਨਾਲ "ਬਹੁਤ ਸਾਰੀਆਂ ਔਰਤਾਂ ਦੀ ਮਦਦ ਹੋਵੇਗੀ ਜੋ ਮੇਰੇ ਵਰਗੀ ਸਥਿਤੀ ਵਿੱਚੋਂ ਗੁਜ਼ਰ ਰਹੀਆਂ ਹਨ।"
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਾਗੋਜ਼ ਵਿਰੁੱਧ ਕੋਈ ਗਵਾਹੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਤੋਂ ਘੱਟੋ-ਘੱਟ ਦੋ ਵਾਰ ਪਹਿਲਾਂ ਪੁੱਛਗਿੱਛ ਕੀਤੀ ਹੈ।
ਕਾਨੂੰਨੀ ਦਸਤਾਵੇਜ਼ਾਂ ਦੇ ਅਨੁਸਾਰ, 2019 ਵਿੱਚ ਇੱਕ ਔਰਤ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਅਤੇ ਹਮਲੇ ਦਾ ਇਲਜ਼ਾਮ ਲਗਾਇਆ ਸੀ। ਹਾਲਾਂਕਿ, ਤੁਰਕੀ ਦੇ ਸਰਕਾਰੀ ਵਕੀਲ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ।
2022 ਵਿੱਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਰਾਗੋਜ਼ ਵਿਰੁੱਧ ਇਲਜ਼ਾਮਾਂ ਤੋਂ ਜਾਣੂ ਹੋਣ ਤੋਂ ਬਾਅਦ ਕਈ ਗੁਪਤ ਇੰਟਰਵਿਊ ਕੀਤੇ ਅਤੇ 2025 ਵਿੱਚ ਪੁਲਿਸ ਨੇ ਉਨ੍ਹਾਂ ਦੀ ਦੁਕਾਨ 'ਤੇ ਛਾਪਾ ਮਾਰਿਆ, ਉਨ੍ਹਾਂ ਦੀਆਂ ਕਾਰਵਾਈਆਂ ਨੂੰ ਮੁਅੱਤਲ ਕਰ ਦਿੱਤਾ ਤੇ ਜਿਨਸੀ ਸ਼ੋਸ਼ਣ ਦੇ ਇੱਕ ਨਵੇਂ ਇਲਜ਼ਾਮ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਕਰਾਗੋਜ਼ ਦੇ ਵਕੀਲਾਂ ਨੇ ਇਸ ਸਾਲ ਜੂਨ ਵਿੱਚ ਜਾਰੀ ਕੀਤੀ ਗਈ ਸਰਕਾਰੀ ਵਕੀਲ ਦੇ ਦਫ਼ਤਰ ਦੀ ਇੱਕ ਰਿਪੋਰਟ ਸਾਡੇ ਨਾਲ ਸਾਂਝੀ ਕੀਤਾ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ 'ਤੇ ਮੁਕੱਦਮਾ ਨਾ ਚਲਾਉਣ ਦਾ ਫ਼ੈਸਲਾ ਲਿਆ ਗਿਆ ਸੀ।
ਸੰਯੁਕਤ ਰਾਸ਼ਟਰ ਅਤੇ ਪੁਲਿਸ ਦੋਵੇਂ ਕਹਿੰਦੇ ਹਨ ਕਿ ਉਹ ਇਲਜ਼ਾਮਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਪਰ ਅੱਗੇ ਕਾਰਵਾਈ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਨਾ ਤਾਂ ਪੀੜਤ ਅਤੇ ਨਾ ਹੀ ਗਵਾਹ ਰਸਮੀ ਸ਼ਿਕਾਇਤ ਦਰਜ ਕਰਨ ਲਈ ਅੱਗੇ ਆਉਣ ਲਈ ਤਿਆਰ ਹਨ।
ਕੁਝ ਔਰਤਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਗਵਾਹੀ ਦੇਣਾ ਅਸੁਰੱਖਿਅਤ ਲੱਗਦਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਜਾਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਕਰਾਗੋਜ਼ ਨੇ ਸਫਾਈ ਵਿੱਚ ਕੀ ਕਿਹਾ

ਅਸੀਂ ਇਹ ਇਲਜ਼ਾਮ ਕਰਾਗੋਜ਼ ਕੋਲ ਲੈ ਕੇ ਆਏ, ਉਨ੍ਹਾਂ ਨੇ ਇਨ੍ਹਾਂ ਸਾਰਿਆਂ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਜੇ ਇਹ ਸੱਚ ਹੁੰਦੇ, ਤਾਂ ਹੋਰ ਔਰਤਾਂ ਵੀ ਅੱਗੇ ਆਉਂਦੀਆਂ।
ਉਨ੍ਹਾਂ ਨੇ ਕਿਹਾ, "ਤਿੰਨ ਲੋਕ, ਪੰਜ ਲੋਕ, ਦਸ ਲੋਕ (ਸ਼ਿਕਾਇਤ ਕਰ ਸਕਦੇ ਸਨ])। ਅਜਿਹੀਆਂ ਗੱਲਾਂ ਹੁੰਦੀਆਂ ਹਨ। ਜੇ ਤੁਸੀਂ ਕਹਿੰਦੇ ਹੋ ਕਿ 100, 200 ਲੋਕਾਂ ਨੇ (ਮੇਰੇ 'ਤੇ ਇਲਜ਼ਾਮ ਲਗਾਏ ਹਨ), ਤਾਂ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਮੈਂ ਸੱਚਮੁੱਚ ਇਹ ਸਭ ਕੀਤਾ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਹੈ।
ਉਨ੍ਹਾਂ ਨੇ ਸਾਨੂੰ ਇੱਕ ਮੈਡੀਕਲ ਰਿਪੋਰਟ ਦਿਖਾਈ ਜਿਸ ਵਿੱਚ 2016 ਵਿੱਚ ਉਨ੍ਹਾਂ ਦੇ ਖੱਬੇ ਅੰਡਕੋਸ਼ ਨੂੰ ਹਟਾਉਣ ਲਈ ਇੱਕ ਆਪ੍ਰੇਸ਼ਨ ਦਾ ਵੇਰਵਾ ਦਿੱਤਾ ਗਿਆ ਸੀ ਅਤੇ ਕਿਹਾ ਕਿ ਉਹ ਕਿਸੇ ਵੀ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਸੀ।
ਅਸੀਂ ਇਸਤਾਂਬੁਲ ਯੂਨੀਵਰਸਿਟੀ ਵਿੱਚ ਯੂਰੋਲੋਜੀ ਦੇ ਪ੍ਰੋਫੈਸਰ ਅਤੇ ਮਰਦਾਂ ਦੀ ਜਿਨਸੀ ਸਿਹਤ ਦੇ ਮਾਹਰ, ਆਤੇਸ ਕਾਦੀਓਗਲੂ ਨੂੰ ਪੁੱਛਿਆ ਕਿ ਕੀ ਕਰਾਗੋਜ਼ ਦੁਆਰਾ ਕੀਤੀ ਗਈ ਪ੍ਰਕਿਰਿਆ ਦਾ ਅਜਿਹਾ ਪ੍ਰਭਾਵ ਹੋ ਸਕਦਾ ਹੈ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਦੋਂ ਇੱਕ ਅੰਡਕੋਸ਼ ਨੂੰ ਹਟਾ ਦਿੱਤਾ ਜਾਂਦਾ ਹੈ, "ਟੈਸਟੋਸਟੀਰੋਨ ਦਾ ਪੱਧਰ 90% 'ਤੇ ਰਹਿੰਦਾ ਹੈ ਅਤੇ ਇਸ ਲਈ ਇਹ ਕਿਸੇ ਦੇ ਸੈਕਸ ਜੀਵਨ ਨੂੰ ਪ੍ਰਭਾਵਤ ਨਹੀਂ ਕਰਦਾ।"
ਅਸੀਂ ਇਹ ਨੁਕਤਾ ਕਰਾਗੋਜ਼ ਨਾਲ ਉਠਾਇਆ, ਜਿਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਨਸੀ ਗਤੀਵਿਧੀ "ਮੇਰੇ ਲਈ ਸੰਭਵ ਨਹੀਂ ਹੈ।"
ਅਸੀਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਜਿਨਸੀ ਸ਼ੋਸ਼ਣ ਜਿਨਸੀ ਇੱਛਾ ਦੀ ਬਜਾਏ ਸ਼ਕਤੀ ਅਤੇ ਨਿਯੰਤਰਣ ਦੀ ਇੱਛਾ ਦੁਆਰਾ ਪ੍ਰੇਰਿਤ ਹੋ ਸਕਦਾ ਹੈ। ਉਨ੍ਹਾਂ ਨੇ ਜਵਾਬ ਦਿੱਤਾ, "ਨਿੱਜੀ ਤੌਰ 'ਤੇ, ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ।”
"ਅਸੀਂ ਸਿਰਫ਼ ਚੰਗੇ ਕੰਮ ਕੀਤੇ ਹਨ ਅਤੇ ਬਦਲੇ ਵਿੱਚ ਸਾਨੂੰ ਇਹੀ ਮਿਲਿਆ ਹੈ, ਪਰ ਅਸੀਂ ਆਪਣੇ ਆਪ ਨੂੰ ਤਿੰਨ ਜਾਂ ਪੰਜ ਲੋਕਾਂ ਦੇ ਸ਼ਬਦਾਂ ਨਾਲ ਟੁੱਟਣ ਨਹੀਂ ਦੇਵਾਂਗੇ।"

ਕਰਾਗੋਜ਼ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਪਹਿਲਾਂ ਉਨ੍ਹਾਂ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਸੀ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਔਰਤਾਂ ਵਿਰੁੱਧ ਨਸ਼ੀਲੇ ਪਦਾਰਥ ਵੇਚਣ ਜਾਂ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ ਸਨ।
ਕਰਾਗੋਜ਼ ਨੇ ਅੱਗੇ ਕਿਹਾ ਕਿ ਉਨ੍ਹਾਂ ਵਿਰੁੱਧ ਪਹਿਲਾਂ ਵੀ ਇਸੇ ਤਰ੍ਹਾਂ ਦੇ ਝੂਠੇ ਇਲਜ਼ਾਮਾਂ ਨੂੰ ਸਰਕਾਰੀ ਵਕੀਲਾਂ ਦੁਆਰਾ ਖਾਰਜ ਕਰ ਦਿੱਤਾ ਗਿਆ ਸੀ।
ਅਸੀਂ ਜਿਨ੍ਹਾਂ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਸਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਅਜਿਹੇ ਕਿਸੇ ਅਪਰਾਧ ਵਿੱਚ ਸ਼ਾਮਲ ਸਨ ਅਤੇ ਬੀਬੀਸੀ ਨੂੰ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗੇ ਕਿ ਉਹ ਇਸ ਵਿੱਚ ਸ਼ਾਮਲ ਸਨ।
ਇਸ ਸਾਲ ਮਾਰਚ ਵਿੱਚ ਕਰਾਗੋਜ਼ ਨੇ ਆਪਣੀ ਸੰਸਥਾ ਦਾ ਨਾਮ ਬਦਲ ਕੇ ਬੀਰ ਏਵਿਮ ਆਸ਼ੇਵੀ ਡੇਰਨੇਗੀ- ਮਾਈ ਹੋਮ-ਮੀਲ ਐਸੋਸੀਏਸ਼ਨ, ਰੱਖ ਦਿੱਤਾ ਅਤੇ ਇਸ ਨੂੰ ਅਧਿਕਾਰਤ ਤੌਰ 'ਤੇ ਅਧਿਕਾਰੀਆਂ ਨਾਲ ਇੱਕ ਚੈਰਿਟੀ ਵਜੋਂ ਰਜਿਸਟਰ ਕੀਤਾ, ਜੋ ਕਿ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।
ਮਦੀਨਾ ਇੱਕ ਨਵੇਂ ਘਰ ਵਿੱਚ ਚਲੀ ਗਈ ਹੈ ਅਤੇ ਆਪਣਾ ਫ਼ੋਨ ਨੰਬਰ ਬਦਲ ਲਿਆ ਹੈ, ਪਰ ਕਹਿੰਦੀ ਹੈ ਕਿ ਉਸ ਨੂੰ ਅਜੇ ਵੀ ਕਰਾਗੋਜ਼ ਦੇ ਮਾੜੇ ਸੁਪਨੇ ਆਉਂਦੇ ਹਨ।
ਉਹ ਕਹਿੰਦੀ ਹੈ, "ਮੈਂ ਕਿਸੇ ਵੀ ਆਦਮੀ 'ਤੇ ਭਰੋਸਾ ਨਹੀਂ ਕਰ ਸਕਦੀ ਸੀ... ਮੈਂ ਦੂਰ ਹੋ ਗਈ, ਉਦਾਸ ਹੋ ਗਈ। ਮੈਂ ਮਰਨਾ ਚਾਹੁੰਦੀ ਸੀ। ਮੇਰੇ ਬੱਚੇ ਹੀ ਮੈਨੂੰ ਅੱਗੇ ਵਧਣ ਲਈ ਮਜਬੂਰ ਕਰ ਰਹੇ ਸਨ।"
ਉਹ ਕਹਿੰਦੀ ਹੈ ਕਿ ਉਸ ਨੇ ਆਪਣਾ ਸਾਰਾ ਧਿਆਨ ਆਪਣੇ ਪੁੱਤਰ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ 'ਤੇ ਕੇਂਦਰਿਤ ਕੀਤਾ, ਪਰ ਉਸ ਦੀ ਸੱਤ ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਹੁਣ, ਤੁਰਕੀ ਵਿੱਚ 10 ਸਾਲ ਰਹਿਣ ਤੋਂ ਬਾਅਦ, ਮਦੀਨਾ ਦੇ ਪਰਿਵਾਰ ਨੂੰ ਕਿਸੇ ਹੋਰ ਦੇਸ਼ ਵਿੱਚ ਮੁੜ ਵਸੇਬੇ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੇ ਮੌਕੇ ਤੋਂ ਖੁਸ਼ ਹੈ ਪਰ ਨਾਲ ਹੀ ਉਹ ਦੂਜੀਆਂ ਔਰਤਾਂ ਬਾਰੇ ਚਿੰਤਤ ਹੈ।
"ਮੇਰੇ ਅਜੇ ਵੀ ਕੁਝ ਦੋਸਤ ਹਨ ਜੋ ਮਦਦ ਲਈ ਉਸ ਕੋਲ ਜਾਂਦੇ ਹਨ... ਉਹ ਬਹੁਤ ਪ੍ਰਭਾਵਸ਼ਾਲੀ ਹੈ। ਭਾਵੇਂ ਅਸੀਂ ਸ਼ਿਕਾਇਤ ਕਰ ਵੀ ਦਈਏ ਪਰ ਸਾਡੀ ਕੌਣ ਸੁਣੇਗਾ? ਸਾਡੀ ਸਥਿਤੀ ਦੀ ਕੌਣ ਪਰਵਾਹ ਕਰਦਾ ਹੈ?"
ਹਾਲਾਂਕਿ ਬਾਅਦ ਵਿੱਚ ਕਰਾਗੋਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ








