ਸਾਲ 2024 ਦੀਆਂ 5 ਘਟਨਾਵਾਂ ਜਿਨ੍ਹਾਂ ਪੰਜਾਬੀਆਂ ਨੂੰ ਕਦੇ ਪਰੇਸ਼ਾਨ ਕੀਤਾ ਤਾਂ ਕਦੇ ਕੋਈ ਆਸ ਜਗਾਈ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

2024 ਦਾ ਵਰ੍ਹਾ ਪੰਜਾਬੀਆਂ ਲਈ ਕਿਆਸਰਾਈਆਂ ਤੋਂ ਪਰ੍ਹੇ ਦੇ ਬਦਲਾਵਾਂ ਤੇ ਫ਼ੈਸਲਿਆਂ ਨੂੰ ਸਵਿਕਾਰਨ-ਨਕਾਰਨ ਦਾ ਸਾਲ ਰਿਹਾ।

ਕਈ ਫ਼ਤਵੇ ਪੰਜਾਬੀਆਂ ਨੇ ਸੁਣਾਏ ਤਾਂ ਕਈ ਸਿਆਸੀ-ਕੂਟਨੀਤਿਕ, ਧਾਰਮਿਕ ਫ਼ੈਸਲਿਆਂ ਨੇ ਇਤਿਹਾਸ ਦੇ ਪੰਨਿਆਂ ਦੇ ਨਾਲ-ਨਾਲ ਪੰਜਾਬੀਆਂ ਦੇ ਦਿਲੋ-ਦਿਮਾਗ਼ ਉੱਤੇ ਛਾਪ ਛੱਡੀ।

ਫ਼ਿਰ ਚਾਹੇ ਉਹ ਭਾਰਤ ਕੈਨੇਡਾ ਸਬੰਧਾਂ ਦਰਮਿਆਨ ਪਨਪਿਆ ਤਣਾਅ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖ਼ਿਲਾਫ਼ ਅਕਾਲ ਤਖ਼ਤ ਦਾ ਫ਼ੈਸਲਾ ਹੋਵੇ। ਇਹ ਸਭ ਪੰਜਾਬ ਵਾਸੀਆਂ ਉੱਤੇ ਅਸਰਦਰਾਜ਼ ਰਿਹਾ।

ਕਿਸਾਨੀ ਨਾਲ ਜੁੜੀਆਂ ਮੰਗਾਂ ਪੂਰੀਆਂ ਹੋਣ ਦੀ ਆਸ ਵਿੱਚ ਸੂਬੇ ਦੇ ਸੈਂਕੜੇ ਕਿਸਾਨਾਂ ਨੇ 2023 ਦਾ ਹਾੜ-ਸਿਆਲ ਸੜਕਾਂ 'ਤੇ ਬੀਤਾਇਆ ਤੇ ਅਖਾੜਿਆਂ ਦੇ ਸੂਬੇ ਪੰਜਾਬ ਸਿਰ ਇਲਜ਼ਾਮ ਆਇਆ ਕਿ ਇਥੇ ਹਾਲੇ ਲਾਈਵ ਕੰਸਰਟ ਦਾ ਮਾਹੌਲ ਨਹੀਂ ਹੈ।

ਪੰਜਾਬ ਨਾਲ ਜੁੜੇ ਅਜਿਹੇ ਹੀ ਅਹਿਮ ਮਸਲਿਆਂ ਬਾਰੇ ਜਾਣਦੇ ਹਾਂ ਜਿਨ੍ਹਾਂ ਦਾ ਅਸਰ ਸੂਬੇ ਦੇ ਸਮਾਜਿਕ ਤੇ ਰਾਜਨੀਤਿਕ ਵਰਤਾਰੇ ਉੱਤੇ ਸਦਾ ਰਹੇਗਾ।

1. ਭਾਰਤ-ਕੈਨੇਡਾ ਤਣਾਅ ਤੇ ਪਰਵਾਸ ਦੇ ਬਦਲੇ ਨਿਯਮ

ਪਰਵਾਸ ਦੀ ਗੱਲ ਹੋਵੇ ਤਾਂ ਪੰਜਾਬ ਤੇ ਕੈਨੇਡਾ ਦਾ ਜ਼ਿਕਰ ਆਪ ਮੁਹਾਰੇ ਹੀ ਆਉਂਦਾ ਹੈ, ਕਿਉਂਕਿ ਪੰਜਾਬ ਤੋਂ ਸਭ ਤੋਂ ਵੱਧ ਪਰਵਾਸ ਕੈਨੇਡਾ ਨੂੰ ਹੀ ਹੁੰਦਾ ਹੈ।

ਪਰ ਸਾਲ 2023 ਭਾਰਤ ਤੇ ਕੈਨੇਡਾ ਦਰਮਿਆਨ ਤਲਖ਼ੀਆਂ ਭਰਿਆ ਵਰ੍ਹਾ ਰਿਹਾ ਹੈ। ਇਸ ਦੌਰਾਨ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀ ਨਿਯਮਾਂ ਸਣੇ, ਵੀਜ਼ਾ ਨੀਤਿਆਂ ਵਿੱਚ ਕਈ ਬਦਲਾ ਕੀਤੇ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨਾਂ ਉੱਤੇ ਪੈਣ ਦਾ ਲਗਾਤਾਰ ਖ਼ਦਸ਼ਾ ਜਤਾਇਆ ਗਿਆ।

ਕੌਮਾਂਤਰੀ ਵਿਦਿਆਰਥੀਆਂ ਲਈ ਨੀਤੀ 'ਚ ਬਦਲਾਅ

ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਸਲਾਨਾ ਕੋਟੇ ਵਿੱਚ ਵੱਡੀ ਕਟੌਤੀ ਕੀਤੀ ਹੈ। ਜਿਸ ਦਾ ਅਸਰ ਕੈਨੇਡਾ ਪੜ੍ਹਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਵਿਦਿਆਰਥੀਆਂ ਉੱਤੇ ਪੈਣਾ ਸੁਭਾਵਿਕ ਹੈ।

ਕੈਨੇਡਾ ਵੱਲੋਂ ਜਾਰੀ ਕੀਤੇ ਗਏ 2025-2027 ਇਮੀਗ੍ਰੇਸ਼ਨ ਲੈਵਲ ਪਲਾਨਜ਼ ਮੁਤਾਬਕ 2025, 2026 ਅਤੇ 2027 ਲਈ ਕੈਨੇਡਾ 'ਚ ਅਸਥਾਈ ਵਸਨੀਕਾਂ ਦਾ ਟੀਚਾ 6 ਲੱਖ 73 ਹਜ਼ਾਰ 650 ਮਿੱਥਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾ ਕੇ ਪ੍ਰਤੀ ਸਾਲ 3,05,900 ਕਰ ਦਿੱਤਾ ਸੀ।

ਇਸੇ ਸਾਲ ਨਵੰਬਰ ਮਹੀਨੇ ਵਿੱਚ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਿਆਂ ਦੇ 'ਫਾਸਟ ਟ੍ਰੈਕ ਪ੍ਰੋਸੈਸਿੰਗ' ਲਈ ਲਿਆਂਦਾ ਗਿਆ ਪ੍ਰੋਗਰਾਮ 'ਸਟੂਡੈਂਟ ਡਾਇਰੈਕਟ ਸਟ੍ਰੀਮ' ਬੰਦ ਕਰ ਦਿੱਤਾ ਸੀ।

ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਹਰ ਸਾਲ ਸਟੱਡੀ ਵੀਜ਼ਾ ਜ਼ਰੀਏ ਕੈਨੇਡਾ ਜਾਂਦੇ ਹਨ ਪਰ ਉਨ੍ਹਾਂ ਦਾ ਸੁਫ਼ਨਾ ਉੱਥੇ ਪੜ੍ਹਾਈ ਤੋਂ ਬਾਅਦ ਪੀਆਰ ਹਾਸਲ ਕਰਨਾ ਹੁੰਦਾ ਹੈ। ਪਰ ਕੈਨੇਡਾ ਦੇ ਹਾਲ ਦੇ ਫ਼ੈਸਲਿਆਂ ਨੇ ਇਸ ਸੁਫ਼ਨੇ ਨੂੰ ਧੁੰਦਲਾ ਕੀਤਾ ਹੈ।

ਭਾਰਤ-ਕੈਨੇਡਾ ਦਰਮਿਆਨ ਤਲਖ਼ੀਆਂ ਭਰਿਆ ਸਾਲ

ਦੋਵਾਂ ਮੁਲਕਾਂ ਦਰਮਿਆਨ ਤਲਖ਼ੀਆਂ ਦਾ ਮੁੱਢ ਦਾ ਸਾਲ 2023 ਦੀ ਸ਼ੁਰੂਆਤ ਵਿੱਚ ਉਸ ਸਮੇਂ ਬੱਝ ਗਿਆ ਸੀ ਜਦੋਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਥਿਤ ਵੱਖਵਾਦੀ ਸਮੂਹਾਂ ਨੇ ਜਨਤਕ ਤੌਰ 'ਤੇ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ।

ਹਾਲਾਂਕਿ ਭਾਰਤ ਸਰਕਾਰ ਨੇ ਸਮੇਂ-ਸਮੇਂ ਕੈਨੇਡਾ ਨੂੰ ਅਜਿਹੇ ਵਰਤਾਰੇ ਨੂੰ ਥਾਂ ਨਾ ਦੇਣ ਦੀ ਸਲਾਹ ਦਿੰਦਿਆਂ ਸਖ਼ਤ ਪ੍ਰਤੀਕਿਰਿਆ ਦਰਜ ਕਰਵਾਈ।

ਪਰ ਸਿੱਖ ਕੱਟੜਪੰਥੀ ਹਰਜੀਤ ਸਿੰਘ ਨਿੱਝਰ ਦਾ ਕੈਨੇਡਾ ਦੀ ਧਰਤੀ ਉੱਤੇ ਕਤਲ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦਾ ਇੱਕ ਵੱਡਾ ਕਾਰਨ ਬਣ ਕੇ ਸਾਹਮਣੇ ਆਇਆ।

18 ਜੂਨ, 2023 ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖਾਲਿਸਤਾਨ ਹਮਾਇਤੀ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਨਿੱਝਰ ਕਈ ਮਾਮਲਿਆਂ ਵਿੱਚ ਭਾਰਤ ਸਰਕਾਰ ਨੂੰ ਲੋੜੀਂਦੇ ਸਨ।

20 ਜੂਨ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ (ਸੰਸਦ) ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਨਾਲ ਭਾਰਤ ਦਾ ਨਾਂ ਜੋੜਿਆ ਸੀ। ਹਾਲਾਂਕਿ ਭਾਰਤ ਨੇ ਲਾਗਤਾਰ ਉਸ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

3 ਨਵੰਬਰ, 2024 ਨੂੰ ਬਰੈਂਪਟਨ ਦੇ ਹਿੰਦੂ ਮੰਦਰ ਸਾਹਮਣੇ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਮੁਜ਼ਾਹਰਾ ਕੀਤਾ ਗਿਆ। ਪਰ ਮੁਜ਼ਾਹਰਾ ਹਿੰਸਕ ਝੜਪਾਂ ਦਾ ਰੂਪ ਲੈ ਗਿਆ। ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਫ਼ੌਰਨ ਕਾਰਵਾਈ ਕੀਤੀ ਤੇ ਕਰੀਬ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।

ਮੰਦਰ ਦੀ ਘਟਨਾ ਤੋਂ ਬਾਅਦ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦਾ ਅਧਿਕਾਰਿਤ ਬਿਆਨ ਆਇਆ ਕਿ ਬੋਲਣ ਦੀ ਆਜ਼ਾਦੀ ਹੈ ਪਰ ਕਿਸੇ ਕਿਸਮ ਦੀ ਹਿੰਸਾ ਦੀ ਥਾਂ ਨਹੀਂ ਹੈ।

ਮਾਹਰ ਮੰਨਦੇ ਹਨ ਕਿ ਕੈਨੇਡਾ ਦਾ ਪਰਵਾਸ ਪ੍ਰਤੀ ਸਖ਼ਤ ਰੁਖ਼ ਨੇੜਲੇ ਭਵਿੱਖ ਵਿੱਚ ਨਰਮ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਕੂਟਨੀਤਿਕ ਤਲਖ਼ੀਆਂ ਲਈ ਦੋਵਾਂ ਮੁਲਕਾਂ ਨੂੰ ਆਪਸੀ ਸਹਿਯੋਗੀ ਦੀ ਰਾਹ 'ਤੇ ਤੁਰਨ ਦੀ ਲੋੜ ਹੈ।

ਕੈਨੇਡਾ ਦੀਆਂ ਬਦਲੀਆਂ ਪਰਵਾਸ ਨੀਤੀਆਂ ਖ਼ਿਲਾਫ਼ ਵੱਡੀ ਗਿਣਤੀ ਵਿਦਿਆਰਥੀ ਤੇ ਅਸਥਾਈ ਕਾਮੇ ਧਰਨਾ ਵੀ ਦੇ ਰਹੇ ਹਨ।

2. ਅਕਾਲ ਤਖ਼ਤ ਵਲੋਂ ਲਾਈ ਸਜ਼ਾ ਤੇ ਸੁਖਬੀਰ ਬਾਦਲ 'ਤੇ ਗੋਲੀਬਾਰੀ ਦੀ ਕੋਸ਼ਿਸ਼

2024 ਦਾ ਸਾਲ ਸਿੱਖ ਪੰਥ ਲਈ ਕਈ ਮਾਮਲਿਆਂ ਉੱਤੇ ਚੁਣੌਤੀਆਂ ਭਰਿਆ ਰਿਹਾ ਤੇ ਕਈਆਂ ਲਈ ਸਵਾਲਾਂ ਦੇ ਦਾਇਰੇ 'ਚ ਖੜਾ ਕਰਨ ਵਾਲਾ ਵੀ ਰਿਹਾ।

ਪੰਜਾਬੀਆਂ ਨੇ ਪੰਥਕ ਕਹਾਉਣ ਵਾਲੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਹੁੰਦਿਆਂ ਦੇਖਿਆ ਤਾਂ ਇਹ ਪੰਜਾਬੀ ਹੀ ਸਨ ਜੋ ਇੱਕ ਵਰਗ ਦੀ ਅਕਾਲ ਤਖ਼ਤ ਦੇ ਫ਼ੈਸਲਿਆ ਖ਼ਿਲਾਫ਼ ਬਗ਼ਾਵਤ ਦੇ ਗਵਾਹ ਵੀ ਬਣੇ।

ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਨੂੰ ਤਨਖ਼ਾਹ

30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ।

17 ਨਵੰਬਰ ਨੂੰ ਵਿਵਾਦਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਇਹ ਅਸਤੀਫ਼ਾ ਹਾਲੇ ਤੱਕ ਪਰਵਾਨ ਨਹੀਂ ਕੀਤਾ ਗਿਆ।

2 ਦਸੰਬਰ ਨੂੰ ਅਗਲੀ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਨੂੰ ਅਕਾਲ ਤਖ਼ਤ ਵਲੋਂ ਧਾਰਮਿਕ ਸਜ਼ਾ ਲਗਾਈ ਹੈ।

ਇਸੇ ਦੌਰਾਨ ਸੂਬੇ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲੈ ਲਿਆ ਗਿਆ।

ਜ਼ਿਕਰਯੋਗ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ 5 ਦਸੰਬਰ 2011 ਨੂੰ ਫ਼ਖ਼ਰ-ਏ-ਕੌਮ ਨਾਲ ਸਨਮਾਨਿਤ ਕੀਤਾ ਗਿਆ ਸੀ

4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਊਢੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਹਮਲਾ ਹੋਇਆ ਉਸ ਸਮੇਂ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸਨ ਅਤੇ ਦਰਸ਼ਨੀ ਡਿਊਢੀ ਦੇ ਬਾਹਰ ਸੇਵਾਦਾਰ ਦਾ ਚੋਲ਼ਾ ਪਾ ਕੇ ਬਰਛਾ ਲੈ ਕੇ ਪਹਿਰਾ ਦੇ ਰਹੇ ਸਨ।

ਗੋਲ਼ੀ ਚਲਾਉਣ ਵਾਲੇ ਸ਼ਖਸ ਨਰਾਇਣ ਸਿੰਘ ਚੌੜਾ ਨੂੰ ਮੌਕੇ 'ਤੇ ਹੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਸੀ।

ਇਸੇ ਸਾਲ ਸ਼੍ਰੋਮਣੀ ਅਕਾਲੀ ਦਲ ਅੰਦਰਲੀ ਪਾਰਟੀ ਆਗੂਆਂ ਦੀ ਬਗ਼ਾਵਤ ਵੀ ਖੁੱਲ੍ਹ ਕੇ ਸਾਹਮਣੇ ਆਈ ਅਤੇ ਅਕਾਲ ਤਖ਼ਤ ਵੱਲੋਂ ਸਾਰੀਆਂ ਬਾਗ਼ੀ ਧਿਰਾਂ ਨੂੰ ਇੱਕਮੁੱਠ ਹੋਣ ਨੂੰ ਵੀ ਕਿਹਾ ਗਿਆ।

ਗਿਆਨੀ ਹਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਨਾਲ ਜੁੜੇ ਵਿਵਾਦ

ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਸਾਲ ਵਿਵਾਦਾਂ ਵਿੱਚ ਘਿਰੇ ਰਹੇ।

ਕਈ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਉਪਰ ਵੱਖ-ਵੱਖ ਇਲਜ਼ਾਮ ਵੀ ਲਗਾਏ ਗਏ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

19 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿੱਚ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਉਥੋਂ ਦੇ ਹੈੱਡ ਗ੍ਰੰਥੀ ਨੂੰ ਨਿਸ਼ਚਿਤ ਸਮੇਂ ਲਈ ਜਥੇਦਾਰ ਦੇ ਅਧਿਕਾਰ ਦਿੱਤੇ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਬੀਬੀ ਜਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦਾਂ ਬਦਲੇ ਮੁਆਫ਼ੀ ਮੰਗੀ। ਇਸ ਮਸਲੇ ਉੱਤੇ ਉਨ੍ਹਾਂ ਨੂੰ ਪੰਜਾਬ ਦੇ ਮਹਿਲਾ ਕਮਿਸ਼ਨ ਵੱਲੋਂ ਤਲਬ ਵੀ ਕੀਤਾ ਗਿਆ।

3. ਕਿਸਾਨਾਂ ਨੇ ਮੰਗਾਂ ਪੂਰੀਆਂ ਕਰਵਾਉਣ ਲਈ ਇਹ ਸਾਲ ਵੀ ਸੜਕਾਂ 'ਤੇ ਬੀਤਾਇਆ

26 ਨਵੰਬਰ, 2024 ਨੂੰ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠੇ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਵਾਂ ਸਾਲ ਧਰਨਾ ਸਥਲ ਉੱਤੇ ਆਪਣੇ ਸਾਥੀਆਂ ਨਾਲ ਹੀ ਚੜਾ ਰਹੇ ਹਨ।

ਫ਼ਰੀਦਕੋਟ ਦੇ ਪਿੰਡ ਡੱਲੇਵਾਲ ਦੇ ਵਾਸੀ 70 ਸਾਲਾ ਜਗਜੀਤ ਸਿੰਘ ਕੈਂਸਰ ਤੋਂ ਪੀੜਤ ਹਨ।

ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਫ਼ਰਵਰੀ 2024 ਤੋਂ ਪੰਜਾਬ ਤੋਂ ਦਿੱਲੀ ਨੂੰ ਆਉਂਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਕਿਸਾਨ ਲਗਾਤਾਰ ਧਰਨਾ ਲਾਈ ਬੈਠੇ ਹਨ।

ਇਸ ਧਰਨੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ।

ਮੁਜ਼ਾਹਰਾਕਾਰੀ ਕਿਸਾਨਾਂ ਵਲੋਂ ਪਹਿਲਾਂ 13 ਫ਼ਰਵਰੀ ਅਤੇ ਫ਼ਿਰ ਦਸੰਬਰ ਮਹੀਨੇ ਤਿੰਨ ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।

ਹਰਿਆਣਾ ਪੁਲਿਸ ਨੇ ਬੈਰੀਕੇਡਾਂ, ਹੰਝੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਮਦਦ ਨਾਲ ਕਿਸਾਨਾਂ ਦੀ ਦਿੱਲੀ ਆਉਣ ਦੀ ਕੋਸ਼ਿਸ਼ ਨੂੰ ਹਰ ਵਾਰ ਨਾਕਾਮ ਕਰ ਦਿੱਤਾ ਸੀ।

4. ਲੋਕ ਸਭਾ ਚੋਣਾਂ 2024

ਇਸ ਸਾਲ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਮੁੜ ਦੇਸ਼ ਦੀ ਕਮਾਨ ਸੰਭਾਲੀ। ਪਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਬੇਹੱਦ ਹੈਰਾਨ ਕਰਨ ਵਾਲੇ ਰਹੇ।

ਕਾਂਗਰਸ ਨੇ 7 ਸੀਟਾਂ ਉੱਤੇ ਜਿੱਤ ਦਰਜ ਕਰਵਾਈ ਤੇ ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਹਿਜ਼ ਇੱਕ ਬਠਿੰਡਾ ਸੀਟ ਉੱਤੇ ਜਿੱਤ ਦਰਜ ਕਰਵਾ ਸਕਿਆ।

ਪੰਥਕ ਕਹੇ ਜਾਂਦੇ ਅਕਾਲੀ ਦਲ ਨੂੰ ਨਕਾਰਨ ਵਾਲੇ ਵੋਟਰਾਂ ਨੇ ਚੋਣਾਂ ਵਿੱਚ ਡਿਬਰੂਗੜ੍ਹ ਜੇਲ੍ਹ ਤੋਂ ਅਜ਼ਾਦ ਚੋਣ ਲੜਨ ਵਾਲੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੇ ਸਨ।

ਉਹ ਇਹ ਚੋਣ 1 ਲੱਖ 97 ਹਜ਼ਾਰ 120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ।

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਜ਼ਾਦ ਚੋਣ ਲੜਨ ਵਾਲੇ ਸਰਬਜੀਤ ਸਿੰਘ ਖਾਲਸਾ 70 ਹਜ਼ਾਰ 53 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨੇ ਗਏ ਸਨ।

5. ਅਖਾੜਿਆਂ ਦੇ ਸੂਬੇ 'ਚ ਕਲਾਕਾਰਾਂ ਦੀ ਲਾਈਵ ਪ੍ਰਫ਼ੋਰਮੈਂਸ ਔਖੀ ਕਿਵੇਂ ਹੋਈ

'ਪੰਜਾਬੀ ਆ ਗਏ ਓਏ...' ਇਹ ਸ਼ਬਦ ਸੁਣਦਿਆਂ ਹੀ ਇਸ ਵਰ੍ਹੇ ਪੰਜਾਬੀਆਂ ਹੀ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਸੰਗੀਤ ਦੇ ਉਪਾਸ਼ਕਾਂ ਦੇ ਪੈਰ ਥਿਰਕੇ।

ਪੰਜਾਬ ਨੂੰ ਕੌਮਾਂਤਰੀ ਸਫ਼ਾਂ ਉੱਤੇ ਥਾਂ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਗਾਇਕ ਦਿਲਜੀਤ ਦੌਸਾਂਝ ਜਦੋਂ ਆਪਣੇ ਦੇਸ਼ ਪਹੁੰਚਿਆਂ ਤਾਂ ਉਸ ਦੇ ਪ੍ਰਸ਼ੰਸਕ ਕੁਝ ਨਾਰਾਜ਼ ਤੇ ਨਿਰਾਸ਼ ਨਜ਼ਰ ਆਏ।

2024 ਵਿੱਚ ਦਿਲਜੀਤ ਨੇ ਦਿਲ-ਲੁਮੀਨਾਟੀ ਟਾਈਟਲ ਹੇਠ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਸ਼ੋਅ ਕੀਤੇ।

ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਦਿਲਜੀਤ ਦੇ ਇਸ ਟੂਰ ਦਾ ਆਖ਼ਰੀ ਸ਼ੋਅ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਲੁਧਿਆਣਾ ਵਿੱਚ ਹੋ ਰਿਹਾ ਹੈ।

ਪਰ ਦਿਲਜੀਤ ਦਾ ਇਹ ਟੂਰ ਵਿਵਾਦਾਂ ਵਿੱਚ ਘਿਰਿਆ ਰਿਹਾ। ਕਦੀ ਟਿਕਟਾਂ ਦੀ ਬਲੈਕ ਦੇ ਇਲਜ਼ਾਮ ਲੱਗੇ ਤਾਂ ਕਦੀ ਇੰਤਜ਼ਾਮ ਦੀ ਘਾਟ ਦੇ।

14 ਦਸੰਬਰ ਨੂੰ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਕੌਂਸਰਟ ਦੇ ਪ੍ਰਬੰਧਕਾਂ ਨੂੰ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਹਦਾਇਤ ਦਿੱਤੀ ਸੀ।

ਇਸ ਤੋਂ ਇਲਾਵਾ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ।

ਚੰਡੀਗੜ੍ਹ ਤੋਂ ਪਹਿਲਾਂ ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ 'ਤੇ ਨਾ ਸੱਦਣ ਅਤੇ ਸ਼ਰਾਬ, ਨਸ਼ੇ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਸੀ।

ਹਾਲਾਂਕਿ ਪੰਜਾਬ ਦੀਆਂ ਰਗ਼ਾਂ ਵਿੱਚ ਲੋਕ ਗਾਇਕੀ ਵਸੀ ਹੋਈ ਹੈ ਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਵਿੱਚ ਖੁੱਲ੍ਹੇ ਤੌਰ ਉੱਤੇ ਅਖਾੜੇ ਲਾਉਣ ਦਾ ਸੱਭਿਆਚਾਰ ਰਿਹਾ ਹੈ। ਪਰ ਚੰਡੀਗੜ੍ਹ ਸ਼ੋਅ ਦੌਰਾਨ ਹੀ ਦਿਲਜੀਤ ਨੇ ਕਿਹਾ ਕਿ ਭਾਰਤ ਵਿੱਚ ਹਾਲੇ ਕੌਂਸਰਟ ਲਈ ਪ੍ਰਬੰਧਾਂ ਦੀ ਘਾਟ ਹੈ।

ਦਿਲਜੀਤ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਏਪੀ ਢਿੱਲੋਂ ਦੇ ਕੌਂਸਰਟ ਲਈ ਪਹਿਲਾਂ ਤੋਂ ਨਿਰਧਾਰਿਤ ਕੀਤੀ ਥਾਂ ਨੂੰ ਢੁੱਕਵੀਆਂ ਨਾ ਦੱਸਦਿਆਂ ਬਦਲਿਆ ਸੀ।

ਦਿਲਜੀਤ ਦੇ ਇਸ ਬਿਆਨ ਨੇ ਸੰਗੀਤ ਦੇ ਪ੍ਰਸ਼ੰਸਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।

ਇਸ ਦੇ ਨਾਲ ਹੀ 2024 ਨੂੰ ਅਲਵਿਦਾ ਅਤੇ ਆਸ ਹੈ 2025 ਸਾਡੇ ਸਭ ਲਈ ਖ਼ੁਸ਼ਨੁਮਾ ਭਵਿੱਖ ਬੁੱਕਲ 'ਚ ਲਈ ਬੈਠਾ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)