ਲੋਕ ਸਭਾ ਇਜਲਾਸ: ਪੰਜਾਬ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ 13 ਆਗੂਆਂ ਦੇ ਸਿਆਸੀ ਸਫ਼ਰ ਬਾਰੇ ਜਾਣੋ

ਲੋਕ ਸਭਾ ਚੋਣਾਂ ਦੀ ਗਿਣਤੀ ਬੀਤੇ 4 ਜੂਨ ਨੂੰ ਹੋਈ ਸੀ ਅਤੇ ਉਸ ਦਿਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਜੇਤੂ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਸਨ।

24 ਜੂਨ ਤੋਂ ਸ਼ੁਰੂ ਹੋਏ ਸੰਸਦ ਦੇ ਪਹਿਲੇ ਇਜਲਾਸ ਦੌਰਾਨ ਜਿੱਥੇ ਸਪੀਕਰ ਦੀ ਚੋਣ ਹੋ ਰਹੀ ਹੈ, ਉੱਥੇ ਹੀ ਸਾਰੇ ਮੈਂਬਰ ਸਹੁੰ ਚੁੱਕ ਰਹੇ ਹਨ।

4 ਜੂਨ ਨੂੰ ਐਲਾਨੇ ਨਤੀਜਿਆਂ ਮੁਤਾਬਕ ਡਿਬਰੂਗੜ੍ਹ ਜੇਲ੍ਹ ਤੋਂ ਅਜ਼ਾਦ ਚੋਣ ਲੜਨ ਵਾਲੇ ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਨਾਲ ਜੇਤੂ ਰਹੇ ਸਨ।

ਉਹ ਇਹ ਚੋਣ 1 ਲੱਖ 97 ਹਜ਼ਾਰ 120 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ।

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਜ਼ਾਦ ਚੋਣ ਲੜਨ ਵਾਲੇ ਸਰਬਜੀਤ ਸਿੰਘ ਖਾਲਸਾ 70 ਹਜ਼ਾਰ 53 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨੇ ਗਏ ਸਨ।

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 1,75,993 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ।

ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 1 ਲੱਖ 72 ਹਜ਼ਾਰ 560 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।

ਇਸ ਰਿਪੋਰਟ ਵਿੱਚ ਜਾਣੋ ਪੰਜਾਬ ਦੇ ਜੇਤੂ ਉਮੀਦਵਾਰਾਂ ਬਾਰੇ –

ਖਡੂਰ ਸਾਹਿਬ – ਅਮ੍ਰਿਤਪਾਲ ਸਿੰਘ (ਅਜ਼ਾਦ)

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਡਿਬਰੂਗੜ੍ਹ ਜੇਲ੍ਹ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਹਨ।

ਉਨ੍ਹਾਂ ਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਮਿਲੀ ਹੈ।

ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 'ਚ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ।

ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐਨਐੱਸਏ ਵੀ ਲਗਾਇਆ ਗਿਆ।

ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਫਰੀਦਕੋਟ - ਸਰਬਜੀਤ ਸਿੰਘ ਖਾਲਸਾ (ਅਜ਼ਾਦ)

ਫਰੀਦਕੋਟ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸਰਬਜੀਤ ਸਿੰਘ ਖਾਲਸਾ 70053 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਹਰਾਇਆ ਹੈ।

ਸਰਬਜੀਤ ਸਿੰਘ ਖਾਲਸਾ ਅਕਤੂਬਰ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ।

ਸਰਬਜੀਤ ਸਿੰਘ ਖ਼ਾਲਸਾ ਸਾਲ 2004 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਸਰਬਜੀਤ ਸਿੰਘ ਖਾਲਸਾ ਸਾਲ 2007 ਵਿੱਚ ਭਦੌੜ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੇ ਸਨ।

ਸਰਬਜੀਤ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵੀ ਰਹਿ ਚੁੱਕੇ ਹਨ।

ਸਰਬਜੀਤ ਸਿੰਘ ਖਾਲਸਾ ਦੀ ਮਾਤਾ ਅਤੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਖਾਲਸਾ 1989 ਵਿੱਚ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ ਸਨ।

ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਖਾਲਸਾ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੇ ਸਨ।

ਸਰਬਜੀਤ ਸਿੰਘ ਖ਼ਾਲਸਾ ਨੇ ਆਪਣੀ ਚੋਣ ਮੁਹਿੰਮ ਵਿੱਚ ਸਿੱਖਾਂ ਨਾਲ ਜੁੜੇ ਮੁੱਦੇ ਖ਼ਾਸ ਤੌਰ ਉੱਤੇ ਬੇਅਦਬੀ ਦਾ ਮੁੱਦਾ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਅਤੇ ਨਸ਼ਿਆਂ ਜਿਹੇ ਮੁੱਦੇ ਉਭਾਰੇ।

ਜਲੰਧਰ- ਚਰਨਜੀਤ ਸਿੰਘ ਚੰਨੀ (ਕਾਂਗਰਸ)

ਪੰਜਾਬ ਦੇ ਪਹਿਲੇ ਦਲਿਤ ਭਾਈਚਾਰੇ ਵਿੱਚੋਂ ਮੁੱਖ ਮੰਤਰੀ ਬਣਨ ਵਾਲੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 1 ਲੱਖ 75 ਹਜ਼ਾਰ 993 ਵੋਟਾਂ ਦੇ ਫ਼ਰਕ ਨਾਲ ਜਲੰਧਰ ਤੋਂ ਜਿੱਤ ਹਾਸਲ ਕੀਤੀ ਹੈ।

ਉਨ੍ਹਾਂ ਨੂੰ ਕੁਲ 390053 ਵੋਟਾਂ ਪਾਈਆਂ।

ਦੂਜੀ ਥਾਂ ਉੱਤੇ ਰਹੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਕੁਲ 2,14,060 ਵੋਟਾਂ ਪਈਆਂ ਜਦਕਿ ਤੀਜੇ ਨੰਬਰ ਤੇ ਆਏ ਪਵਨ ਕੁਮਾਰ ਟੀਨੂੰ ਨੂੰ 181164 ਵੋਟਾਂ ਪਈਆਂ।

ਚੰਨੀ ਆਪਣੇ ਕਾਰਜਕਾਲ ਦੌਰਾਨ 111 ਦਿਨਾਂ ਲਈ ਮੁੱਖ ਮੰਤਰੀ ਰਹੇ ਸਨ।

ਚੰਨੀ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਰਹੇ ਹਨ, ਉਹ ਤਨਕੀਨੀ ਸਿੱਖਿਆ ਅਤੇ ਉਦਯੋਗੀ ਸਿਖਲਾਈ ਮੰਤਰਾਲੇ ਦੇ ਮੰਤਰੀ ਵੀ ਰਹੇ ਹਨ।

ਉਹ ਸਾਲ 2007 ਵਿੱਚ ਚਮਕੌਰ ਸਾਹਿਬ ਹਲਕੇ ਤੋਂ ਆਪਣੀ ਪਹਿਲੀ ਚੋਣ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ।

ਚੰਨੀ ਸਾਲ 2015 ਤੋਂ 2016 ਤੱਕ ਵਿਰੋਧੀ ਧਿਰ ਦੇ ਆਗੂ ਵੀ ਰਹੇ ਸਨ।

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਪਹਿਲਾਂ ਹੀ ਸੀ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਤੋਂ ਮਜ਼ਬੂਤ ਦਾਅਵੇਦਾਰ ਹੋ ਸਕਦੇ ਹਨ।

ਜਲੰਧਰ ਹਲਕਾ ਪੰਜਾਬ ਵਿੱਚ ਦਲਿਤ ਸਿਆਸਤ ਦੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ।

ਡੇਰਾ ਸੱਚਖੰਡ ਬੱਲਾਂ ਦਾ ਦੁਆਬਾ ਖੇਤਰ ਵਿੱਚ ਚੰਗਾ ਅਧਾਰ ਹੈ, ਚਰਨਜੀਤ ਸਿੰਘ ਚੰਨੀ ਕਈ ਵਾਰ ਇੱਥੇ ਜਾ ਚੁੱਕੇ ਹਨ। ਉਹ ਮੁੱਖ ਮੰਤਰੀ ਰਹਿੰਦਿਆਂ ਵੀ ਇੱਥੇ ਕਈ ਵਾਰੀ ਜਾ ਚੁੱਕੇ ਹਨ।

ਸੰਗਰੂਰ - ਗੁਰਮੀਤ ਸਿੰਘ ਮੀਤ ਹੇਅਰ (ਆਮ ਆਦਮੀ ਪਾਰਟੀ)

ਆਮ ਆਦਮੀ ਪਾਰਟੀ ਦਾ ਸਿਆਸੀ ਕਿਲਾ ਮੰਨੇ ਜਾਂਦੇ ਲੋਕ ਸਭਾ ਹਲਕੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ 1 ਲੱਖ 72 ਹਜ਼ਾਰ 560 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ।

ਉਨ੍ਹਾਂ ਨੂੰ ਕੁਲ 3 ਲੱਖ 64 ਹਜ਼ਾਰ 85 ਵੋਟਾਂ ਪਈਆਂ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮਾਤ ਦਿੱਤੀ ਹੈ। ਸ਼੍ਰੌਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਅਤੇ 2022 ਵਿੱਚ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਤੀਜੇ ਥਾਂ ਉੱਤੇ ਹਨ।

ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।

ਗੁਰਮੀਤ ਸਿੰਘ ਮੀਤ ਹੇਅਰ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ।

ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਦਿਆਂ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਫਿਲਹਾਲ ਪੰਜਾਬ ਕੈਬਨਿਟ ਵਿੱਚ ਖੇਡ ਮੰਤਰੀ ਹਨ, ਇਸ ਤੋਂ ਇਲਾਵਾ ਉਨ੍ਹਾਂ ਕੋਲ ਜ਼ਮੀਨ ਅਤੇ ਪਾਣੀ ਦੀ ਸੰਭਾਲ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ, ਨੌਜਵਾਨ ਸੇਵਾਵਾਂ, ਜਲ ਸਰੋਤ ਅਤੇ ਖਾਣਾਂ ਤੇ ਭੂ-ਵਿਗਿਆਨ ਦੇ ਵੀ ਮਹਿਕਮੇ ਹਨ।

ਪਟਿਆਲਾ – ਧਰਮਵੀਰ ਗਾਂਧੀ (ਕਾਂਗਰਸ)

ਪਟਿਆਲਾ ਲੋਕ ਸਭਾ ਹਲਕੇ ਤੋਂ ਡਾ ਧਰਮਵੀਰ ਗਾਂਧੀ ਜੇਤੂ ਐਲਾਨੇ ਗਏ ਹਨ।

ਉਹ ਇਹ ਚੋਣਾਂ 14 ਹਜ਼ਾਰ 831 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਉਨ੍ਹਾਂ ਨੂੰ ਕੁਲ 3 ਲੱਖ 5 ਹਜ਼ਾਰ 616 ਵੋਟ ਪਈ ਹੈ।

ਦੂਜੀ ਥਾਂ ਉੱਤੇ ਆਮ ਆਦਮੀ ਪਾਰਟੀ ਦੇ ਡਾ ਬਲਬੀਰ ਸਿੰਘ ਹਨ, ਜਦਕਿ ਪ੍ਰਨੀਤ ਕੌਰ ਤੀਜੀ ਥਾਂ ਉੱਤੇ ਆਏ ਹਨ।

ਰਮਵੀਰ ਗਾਂਧੀ ਪੇਸ਼ੇ ਵਜੋਂ ਡਾਕਟਰ ਹਨ ਅਤੇ ਦਿਲ ਦੇ ਰੋਗਾਂ ਦੇ ਮਾਹਰ ਹਨ। ਉਨ੍ਹਾਂ ਨੂੰ ਇੱਕ ਸਮਾਜਿਕ ਕਾਰਕੁੰਨ ਵਜੋਂ ਵੀ ਜਾਣਿਆ ਜਾਂਦਾ ਹੈ।

ਉਹ ਸਾਲ 2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਪਟਿਆਲਾ ਹਲਕੇ ਤੋਂ ਚੋਣ ਜਿੱਤੇ ਸਨ।

ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਕਰੀਅਰ ਇੱਕ ਸਰਕਾਰੀ ਹਸਤਪਤਾਲ ਤੋਂ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਬਹੁਤਾ ਸਮਾਂ ਮਾਲਵਾ ਪੱਟੀ ਵਿੱਚ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬਿਲਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਡਾਕਟਰ ਸੇਵਾਵਾਂ ਨਿਭਾਈਆਂ।

ਸਾਲ 1987 ਵਿੱਚ ਪੰਜਾਬ ਦੇ ਗਵਰਨਰ ਸਿਧਾਰਥ ਸ਼ੰਕਰ ਰੇਅ ਨੇ ਇੱਕ ਪੇਂਡੂ ਇਲਾਕੇ ਵਿੱਚ ਡਾਕਟਰ ਵਜੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਉਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ।

ਗਾਂਧੀ ਨੇ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਜਿਸ ਤੋਂ ਬਾਅਦ ਵਿੱਚ ਉਨਾਂ ਨੇ ਨੌਕਰੀ ਛੱਡ ਕੇ ਆਪਣਾ ਕਲੀਨਿਕ ਖੋਲ੍ਹ ਲਿਆ ਜਿੱਥੇ ਉਹ ਬਹੁਤ ਹੀ ਘੱਟ ਪੈਸਿਆਂ ਉੱਤੇ ਮਰੀਜ਼ਾਂ ਦਾ ਇਲਾਜ ਕਰਨ ਲਈ ਜਾਣੇ ਜਾਂਦੇ ਹਨ।

ਫਤਿਹਗੜ੍ਹ ਸਾਹਿਬ – ਅਮਰ ਸਿੰਘ (ਕਾਂਗਰਸ)

ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਕੁਲ 34202 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।

ਉਨ੍ਹਾਂ ਨੂੰ ਕੁਲ 332591 ਵੋਟਾਂ ਪਈਆਂ ਹਨ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੂਜੇ ਨੰਬਰ ਉੱਤੇ ਰਹੇ।

ਅਮਰ ਸਿੰਘ ਸਾਬਕਾ ਆਈਏਐੱਸ ਅਧਿਕਾਰੀ ਹਨ, ਉਹ ਦੂਜੀ ਵਾਰ ਫਤਿਹਗੜ੍ਹ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਡਾ ਅਮਰ ਸਿੰਘ ਸਾਲ 2004 ਤੋਂ 2010 ਤੱਕ ਉਹ ਕੇਂਦਰ ਸਰਕਾਰ ਵਿੱਚ ਵਧੀਕ ਸਕੱਤਰ ਦੇ ਅਹੁਦੇ ਉੱਤੇ ਰਹੇ ਹਨ।

ਅਮਰ ਸਿੰਘ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਚੇਅਰਮੈਨ ਤੇ ਮੈਨਿਜਿੰਗ ਡਾਇਰੈਕਟਰ ਵੀ ਰਹੇ ਹਨ।

ਅੰਮ੍ਰਿਤਸਰ – ਗੁਰਜੀਤ ਸਿੰਘ ਔਜਲਾ (ਕਾਂਗਰਸ)

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਗੁਰਜੀਤ ਸਿੰਘ ਔਜਲਾ 40,301 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ।

ਉਨ੍ਹਾਂ ਨੂੰ ਕੁਲ 2 ਲੱਖ 55 ਹਜ਼ਾਰ 181 ਵੋਟਾਂ ਪਈਆਂ ਹਨ।

ਦੂਜੀ ਥਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਆਏ ਹਨ ਜਦਕਿ ਤੀਜੀ ਥਾਂ ਉੱਤੇ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸਿੰਘ ਸੰਧੂ ਹਨ।

ਅੰਮ੍ਰਿਤਸਰ ਔਜਲਾ ਦਾ ਜੱਦੀ ਸ਼ਹਿਰ ਹੈ ਅਤੇ ਇਥੋਂ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਜੁੜ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ।

2019 ਵਿੱਚ ਔਜਲਾ ਨੇ ਅੰਮ੍ਰਿਤਸਰ ਸੀਟ ਤੋਂ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਾਤ ਦਿੱਤੀ ਸੀ।

ਲੁਧਿਆਣਾ - ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ)

ਕਾਂਗਰਸ ਦੇ ਪੰਜਾਬ ਯੁਨਿਟ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 20 ਹਜ਼ਾਰ 942 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੇ ਹਨ।

ਉਨ੍ਹਾਂ ਨੇ ਕਾਂਗਰਸ ਵੱਲੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਤੇ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਹੈ।

ਰਾਜਾ ਵੜਿੰਗ ਨੂੰ ਕੁਲ 3 ਲੱਖ 22 ਹਜ਼ਾਰ 224 ਵੋਟਾਂ ਪਈਆਂ ਹਨ।

ਕਾਂਗਰਸ ਪਾਰਟੀ ਦੇ ਪੰਜਾਬ ਯੁਨਿਟ ਦੇ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਗਿੱਦੜਬਾਹਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਸਾਲ 2012, 2017 ਅਤੇ 2022 ਵਿੱਚ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ।

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਸਨ। ਉਹ ਸਾਲ 2014 ਤੋਂ 2018 ਤੱਕ ਉਹ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ।

ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਵਾਲੇ ਪਹਿਲੇ ਘੱਟ ਉਮਰ ਦੇ ਸਿਆਸਤਦਾਨ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਜਨਮ 29 ਨਵੰਬਰ 1977 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਸਿਆਸਤ ਵਿੱਚ ਉਨ੍ਹਾਂ ਨਾਲ ਹੱਥ ਵਟਾਉਂਦੇ ਹਨ। ਉਨ੍ਹਾਂ ਦੇ ਦੋ ਬੱਚੇ ਏਕਮ ਵੜਿੰਗ ਅਤੇ ਅਮਨਇੰਦਰ ਸਿੰਘ ਵੜਿੰਗ ਹਨ।

ਵੜਿੰਗ ਨੇ 2019 ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੀ ਸੀ ਪਰ ਉਹ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸਨ।

ਹਲਫ਼ਨਾਮੇ ਅਨੁਸਾਰ, ਉਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ

ਗੁਰਦਾਸਪੁਰ - ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 82861 ਵੋਟਾਂ ਦੇ ਫ਼ਰਕ ਨਾਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਹਨ।

ਉਨ੍ਹਾਂ ਨੂੰ ਕੁਲ 3 ਲੱਖ 64 ਹਜ਼ਾਰ 43 ਵੋਟਾਂ ਪਈਆਂ ਹਨ।

ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਮਾਤ ਦਿੱਤੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਰਹਿ ਚੁੱਕੇੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਉਹ ਡਿਪਟੀ ਮੁੱਖ ਮੰਤਰੀ ਬਣੇ ਸਨ।

ਰੰਧਾਵਾ ਨੇ ਸਾਲ 2002 ਵਿੱਚ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਜਿੱਤੀ ਸੀ ।

ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਕਾਂਗਰਸ ਪਾਰਟੀ ਦੇ ਪੰਜਾਬ ਦੇ ਮੁਖੀ ਵੀ ਰਹਿ ਚੁੱਕੇ ਹਨ।

ਸੁਖਜਿੰਦਰ ਸਿੰਘ ਰੰਧਾਵਾ 2012 ਤੋਂ ਲਗਾਤਾਰ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਦੀ ਚੋਣ ਜਿੱਤ ਰਹੇ ਹਨ।

ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੇਲ੍ਹ ਮੰਤਰੀ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਤਣਾਅ ਦੇ ਸਮੇਂ ਉਹ ਨਵਜੋਤ ਸਿੰਘ ਸਿੱਧੁ ਦੀ ਹਮਾਇਤ ਵਿੱਚ ਸਨ।

ਫ਼ਿਰੋਜ਼ਪੁਰ – ਸ਼ੇਰ ਸਿੰਘ ਘੁਬਾਇਆ (ਕਾਂਗਰਸ)

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਜੇਤੂ ਐਲਾਨੇ ਗਏ ਹਨ

ਉਹ ਮਹਿਜ਼ 3242 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ।

ਉਨ੍ਹਾਂ ਨੂੰ ਕੁਲ 2 ਲੱਖ 66 ਹਜ਼ਾਰ 626 ਵੋਟਾਂ ਪਈਆਂ।

ਦੂਜੀ ਥਾਂ ਉੱਤੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਹਨ ਜਦਕਿ ਤੀਜੇ ਥਾਂ ਉੱਤੇ ਗੁਰਮੀਤ ਸਿੰਘ ਸੋਢੀ ਹਨ।

ਸ਼ੇਰ ਸਿੰਘ ਘੁਬਾਇਆ ਹਲਕਾ ਜਲਾਲਾਬਾਦ ਦੇ ਪਿੰਡ ਘੁਬਾਇਆ ਦੇ ਰਹਿਣ ਵਾਲੇ ਹਨ।

ਉਹ ਦੋ ਅਕਾਲੀ ਦਲ ਵਲੋਂ ਦੋ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ।

ਅਕਾਲੀ ਦਲ ਵੱਲੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਸੀ।

2019 ਵਿੱਚ ਵੀ ਘੁਬਾਇਆ ਫ਼ਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਉਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜੇ ਸਨ। ਉਨ੍ਹਾਂ ਚੋਣਾਂ ਵਿੱਚ ਜਿੱਤ ਸੁਖ਼ਬੀਰ ਸਿੰਘ ਬਾਦਲ ਦੀ ਹੋਈ ਸੀ।

ਬਠਿੰਡਾ - ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ)

ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੌਥੀ ਵਾਰੀ ਸੰਸਦ ਮੈਂਬਰ ਦੀ ਚੋਣ ਜਿੱਤੇ ਹਨ।

ਹਰਸਿਮਰਤ ਕੌਰ ਬਾਦ 49 ਹਜ਼ਾਰ 656 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਾਤ ਦਿੱਤੀ ਹੈ।

ਹਰਸਿਮਰਤ ਕੌਰ ਬਾਦਲ, ਬਾਦਲ ਪਰਿਵਾਰ ਦੀ ਨਹੁੰ ਹਨ।ਇਸ ਵਾਰ ਭਾਜਪਾ ਨਾਲ ਗਠਜੋੜ ਦੀ ਥਾਂ ਇਕੱਲਿਆਂ ਚੋਣ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸੀਟ ਉੱਤੇ ਹੀ ਜਿੱਤ ਹਾਸਲ ਕਰ ਸਕਿਆ ਹੈ।

ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਸਾਲ 2009, 2014 ਤੇ 2019 ਵਿੱਚ ਵੀ ਜੇਤੂ ਰਹਿ ਚੁੱਕੇ ਹਨ।

ਹਰਸਿਮਰਤ ਕੌਰ ਪੰਜਾਬ ਦੇ ਮਾਝਾ ਖੇਤਰ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਕੱਦਾਵਰ ਆਗੂ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਦੀ ਭੈਣ ਹਨ।

ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ਾਰਤ ਵਿੱਚ ਫੂਡ ਸਪਲਾਈ ਮਹਿਕਮੇ ਦੇ ਮੰਤਰੀ ਵੀ ਰਹਿ ਚੁੱਕੇ ਹਨ।

ਆਨੰਦਪੁਰ ਸਾਹਿਬ - ਮਾਲਵਿੰਦਰ ਸਿੰਘ ਕੰਗ (ਆਮ ਆਦਮੀ ਪਾਰਟੀ)

ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ 10 ਹਜ਼ਾਰ 846 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੇ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੂੰ ਮਾਤ ਦਿੱਤੀ ਹੈ।

ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦਾ ਕੌਮੀ ਬੁਲਾਰਾ ਵੀ ਰਹੇ ਹਨ।

ਮਾਲਵਿੰਦਰ ਸਿੰਘ ਕੰਗ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੁੰਦਿਆਂ ਹੀ ਸਿਆਸਤ ਵਿੱਚ ਸਰਗਰਮ ਹੋ ਗਏ ਸਨ।

ਮਾਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਚੁੱਕੇ ਹਨ। ਉਹ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਨ।

ਉਨ੍ਹਾਂ ਨੇ ਅਕਤੂਬਰ 2020 ਵਿੱਚ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਕੰਗ ਜੁਲਾਈ 2021 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਅਪ੍ਰੈਲ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦਾ ਕੌਮੀ ਬੁਲਾਰਾ ਬਣਾਇਆ ਗਿਆ ਸੀ।

ਹੁਸ਼ਿਆਰਪੁਰ - ਰਾਜ ਕੁਮਾਰ ਚੱਬੇਵਾਲ (ਆਮ ਆਦਮੀ ਪਾਰਟੀ)

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਮਹਿਜ਼ 4411 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ।

ਉਨ੍ਹਾਂ ਨੂੰ ਕੁਲ 3 ਲੱਖ 3 ਹਜ਼ਾਰ 859 ਵੋਟਾਂ ਪਈਆਂ।

ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ ਮਾਤ ਦਿੱਤੀ ਹੈ।

ਡਾ. ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਦੋ ਵਾਰੀ ਐੱਮਐੱਲਏ ਰਹਿ ਚੁੱਕੇ ਹਨ।

ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਚੋਣ ਲੜੀ ਪਰ ਭਾਜਪਾ ਦੇ ਉਮੀਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸਨ।

'ਦਿ ਟ੍ਰਿਬਿਊਨ' ਦੀ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਨੇ ਐੱਮਬੀਬੀਐਸ, ਐੱਮਡੀ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਪੇਸ਼ੇ ਤੋਂ ਰੇਡੀਓਲੋਜਿਸਟ ਵੀ ਹਨ।

ਉਹ ਮਾਰਚ 2024 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)