You’re viewing a text-only version of this website that uses less data. View the main version of the website including all images and videos.
ਖਡੂਰ ਸਾਹਿਬ ਸਣੇ ਪੰਜਾਬ ਦੇ ਕਿਹੜੇ ਹਲਕਿਆਂ 'ਚ ਮਹਿਲਾ ਵੋਟਰਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਬਾਰੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕੁਲ ਪੰਜ ਲੋਕ ਸਭਾ ਹਲਕੇ ਅਜਿਹੇ ਹਨ ਜਿਨ੍ਹਾਂ ਵਿੱਚ ਮਰਦਾਂ ਨਾਲੋਂ ਵੱਧ ਮਹਿਲਾ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ।
ਪੰਜਾਬ ਵਿੱਚ 13 ਸੰਸਦੀ ਹਲਕੇ ਅਤੇ 117 ਵਿਧਾਨ ਸਭਾ ਹਲਕੇ ਹਨ।
ਪੰਜਾਬ ਵਿੱਚ 1 ਜੂਨ ਨੂੰ ਹੋਈਆਂ ਚੋਣਾਂ ਵਿੱਚ ਕੁੱਲ 2.14 ਕਰੋੜ ਵੋਟਰ ਸਨ ਜਿਨ੍ਹਾਂ ਵਿੱਚੋਂ ਲਗਭਗ 62.80% ਲੋਕਾਂ ਨੇ (1.34 ਕਰੋੜ) ਵੋਟਾਂ ਪਈਆਂ।
ਵੋਟ ਪਾਉਣ ਵਾਲੇ ਵੋਟਰਾਂ ਵਿੱਚ 71.4 ਲੱਖ ਮਰਦ ਵੋਟਰ ਹਨ ਜਦਕਿ 63.36 ਲੱਖ ਮਹਿਲਾ ਵੋਟਰ ਹਨ।
ਭਾਰਤ ਦੇ ਚੋਣ ਕਮਿਸ਼ਨ ਅੰਕੜੇ ਦੇ ਮੁਤਾਬਕ ਪੰਜਾਬ ਦੇ 5 ਲੋਕ ਸਭਾ ਹਲਕਿਆਂ ਵਿੱਚ ਮਹਿਲਾ ਵੋਟਰ ਵੱਧ ਗਿਣਤੀ ਵਿੱਚ ਹਨ।
ਇਹ ਹਲਕੇ ਹਨ – ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਖਡੂਰ ਸਾਹਿਬ ਅਤੇ ਆਨੰਦਪੁਰ ਸਾਹਿਬ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਗੁਰਦਾਸਪੁਰ ਸੰਸਦੀ ਹਲਕੇ ਵਿੱਚ 68.89 ਫੀਸਦੀ ਔਰਤਾਂ ਨੇ 64.70ਫੀਸਦੀ ਮਰਦਾਂ ਦੇ ਮੁਕਾਬਲੇ ਆਪਣੀ ਵੋਟ ਪਾਈ।
ਹੁਸ਼ਿਆਰਪੁਰ ਵਿੱਚ 61.60% ਔਰਤਾਂ ਨੇ ਆਪਣੀ ਵੋਟ ਪਾਈ ਜਦਕਿ 56.31% ਮਰਦਾਂ ਨੇ ਵੋਟਾਂ ਪਾਈਆਂ
ਜਲੰਧਰ 'ਚ 60.44 ਫੀਸਦੀ ਔਰਤਾਂ ਨੇ ਆਪਣੀ ਵੋਟ ਪਾਈ, ਜਦਕਿ ਸਿਰਫ 59.03 ਫੀਸਦੀ ਮਰਦਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ,
ਆਨੰਦਪੁਰ ਸਾਹਿਬ 'ਚ 63.18 ਫੀਸਦ ਵੋਟਰ ਮਹਿਲਾਵਾਂ ਸਨ, ਜਦਕਿ ਮਰਦ ਵੋਟਰਾਂ ਦੀ ਗਿਣਤੀ ਸਿਰਫ਼ 60.88 ਫੀਸਦ ਰਹੀ।
ਪੰਜਾਬ ਵਿੱਚ ਗੁਰਦਾਸਪੁਰ ਹੀ ਅਜਿਹਾ ਸੰਸਦੀ ਹਲਕਾ ਹੈ ਜਿੱਥੇ ਔਰਤਾਂ ਸਾਰੇ ਨੌਂ ਵਿਧਾਨ ਹਲਕਿਆਂ ਵਿਚ ਮਰਦਾਂ ਨਾਲੋਂ ਵੋਟਾਂ ਪਾਉਣ ਵਿੱਚ ਅੱਗੇ ਹਨ ਇੱਥੋਂ ਦੇ ਹੀ ਸੁਜਾਨਪੁਰ ਵਿਧਾਨ ਸਭਾ ਹਲਕੇ ਵਿਚ 71.91 ਮਰਦ ਵੋਟਰਾਂ ਦੇ ਮੁਕਾਬਲੇ 75 ਫ਼ੀਸਦੀ ਮਹਿਲਾਵਾਂ ਨੇ ਵੋਟ ਪਾਈ।
ਕਾਂਗਰਸ ਵੱਲੋਂ ਇਸ ਹਲਕੇ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਵੱਲੋਂ ਦਿਨੇਸ਼ ਬੱਬੂ, ‘ਆਪ’ ਵੱਲੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸੇ ਤਰਾਂ ਖਡੂਰ ਸਾਹਿਬ ਸੰਸਦੀ ਹਲਕੇ ਵਿੱਚ ਕੁੱਲ 16.67 ਲੱਖ ਵੋਟਰਾਂ ਵਿੱਚੋਂ ਕੁੱਲ 62.55% ਵੋਟਾਂ ਪਈਆਂ ਜਿਨ੍ਹਾਂ ਵਿਚ ਲਗਭਗ 63.56% ਔਰਤਾਂ ਅਤੇ 61.65% ਮਰਦ ਸਨ।
ਇੱਥੋਂ ਚੋਣ ਲੜਨ ਵਾਲੇ ਆਗੂਆਂ ਵਿੱਚ ਡਿਬਰੂਗੜ੍ਹ ਜੇਲ੍ਹ ਤੋਂ ਅਜ਼ਾਦ ਚੋਣ ਲੜ ਰਹੇ ਅਮ੍ਰਿਤਪਾਲ ਸਿੰਘ ਵੀ ਸ਼ਾਮਲ ਹਨ।
ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜ਼ੀਰਾ ਅਤੇ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਤੇ ਭਾਜਪਾ ਵੱਲੋਂ ਮਨਦੀਪ ਮੰਨਾ ਚੋਣ ਮੈਦਾਨ ਵਿੱਚ ਸਨ।
ਬਠਿੰਡਾ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ
ਮਾਲਵਾ ਖੇਤਰ ਦੀ ਸਭ ਤੋਂ ਸਰਗਰਮ ਸੀਟ - ਬਠਿੰਡਾ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਵੋਟ ਪੋਲ ਫ਼ੀਸਦ 69.36 ਦਰਜ ਕੀਤੀ ਗਈ ਹੈ।
ਬਠਿੰਡਾ ਸੰਸਦੀ ਹਲਕੇ ਵਿੱਚ ਕੁਲ 16.51 ਲੱਖ ਵੋਟਾਂ ਹਨ ਜਿਨ੍ਹਾਂ ਵਿੱਚੋਂ 11.45 ਲੱਖ ਵੋਟਾਂ ਪੋਲ ਹੋਈਆਂ।
ਬਠਿੰਡਾ ਦੀ ਨੁਮਾਇੰਦਗੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕਰ ਰਹੀ ਹੈ ਜੋ ਆਪਣੀ ਚੌਥੀ ਚੋਣ ਲੜ ਰਹੀ ਹੈ ਅਤੇ ਉਹ 2009 ਤੋਂ ਬਠਿੰਡਾ ਦੇ ਸੰਸਦ ਮੈਂਬਰ ਹਨ।
'ਆਪ' ਨੇ ਲੰਬੀ ਤੋਂ ਵਿਧਾਇਕ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ 'ਚ ਉਤਾਰਿਆ ਸੀ ਜਦਕਿ ਕਾਂਗਰਸ ਪਾਰਟੀ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਭਾਜਪਾ ਵੱਲੋਂ ਪਰਮਪਾਲ ਕੌਰ ਮਲੂਕਾ ਮੈਦਾਨ 'ਚ ਸਨ। ਅੰਕੜਿਆਂ ਮੁਤਾਬਕ ਬਠਿੰਡਾ ਸੰਸਦੀ ਸੀਟ ਤੇ ਚਾਰ ਵਿਧਾਨ ਸਭਾ ਹਲਕਿਆ ਜਿਹਨਾਂ ਵਿਚ ਸਰਦੂਲਗੜ੍ਹ, ਬੁਢਲਾਡਾ, ਲੰਬੀ ਅਤੇ ਮੌੜ ਵਿੱਚ 70% ਤੋਂ ਵੱਧ ਵੋਟਿੰਗ ਹੋਈ।
ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਵੋਟਿੰਗ ਹੋਈ
ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਪੰਜਾਬ ਵਿੱਚ ਸਭ ਤੋਂ ਘੱਟ 56.06% ਵੋਟ ਫ਼ੀਸਦ ਰਹੀ।
ਅੰਮ੍ਰਿਤਸਰ ਪੱਛਮੀ ਤੇ ਦੱਖਣੀ ਵਿਧਾਨ ਸਭਾ ਹਲਕਿਆਂ ਵਿੱਚ ਲੜੀਵਾਰ 48.12% ਤੇ 49.73% ਅਤੇ ਅੰਮ੍ਰਿਤਸਰ ਉੱਤਰੀ ਵਿੱਚ 54.22% ਵੋਟਿੰਗ ਹੋਈ ਹੈ।
ਇਹ ਤਿੰਨੋਂ ਸੀਟਾਂ ਸ਼ਹਿਰੀ ਖੇਤਰ ਦੀਆਂ ਹਨ। ਅੰਮ੍ਰਿਤਸਰ ਵਿਚ ਕੁੱਲ 16,11,263 ਯੋਗ ਵੋਟਰਾਂ ਵਿੱਚੋਂ 9,03,206 ਹੀ ਵੋਟ ਪਾਉਣ ਪੁੱਜੇ।
ਇਸ ਮਤਦਾਨ ਵਿੱਚ 4,87,101 ਪੁਰਸ਼, 4,16,086 ਔਰਤਾਂ ਅਤੇ 19 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ।
ਇੱਥੇ ਸੀਟ ਉਪਰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਤਰਨਜੀਤ ਸਿੰਘ ਸੰਧੂ, ਆਪ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਚੌਣ ਲੜ ਰਹੇ ਹਨ।
ਪੰਜਾਬ ਵਿੱਚ 10 ਹਲਕਿਆਂ ਵਿੱਚ 70% ਤੋਂ ਵੱਧ ਵੋਟਿੰਗ ਰਿਕਾਰਡ ਕੀਤੀ ਗਈ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 117 ਵਿਧਾਨ ਸਭਾ ਹਲਕਿਆ ਵਿੱਚੋਂ ਸਿਰਫ਼ 10 ਵਿਧਾਨ ਸਭਾ ਹਲਕਿਆਂ ਵਿੱਚ ਹੀ 70 ਫ਼ੀਸਦੀ ਜਾਂ ਇਸ ਤੋਂ ਵੱਧ ਪੋਲਿੰਗ ਫ਼ੀਸਦ ਦਰਜ ਕੀਤੀ ਗਈ ਹੈ।
ਇਹਨਾਂ 10 ਹਲਕਿਆ ਵਿੱਚ ਗੁਰਦਾਸਪੁਰ ਸੰਸਦੀ ਹਲਕੇ ਦੇ ਸੁਜਾਨਪੁਰ (73.71), ਬੋਹਾ (71.21 ) ਅਤੇ ਪਠਾਨਕੋਟ (70.16 ) ਸ਼ਾਮਲ ਹਨ। ਖਡੂਰ ਸਾਹਿਬ ਹਲਕੇ ਦੇ ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਵੀ 70.97 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਦੋਂਕਿ ਫਿਰੋਜ਼ਪੁਰ ਸੰਸਦੀ ਹਲਕੇ ਗੁਰੂਹਰਸਹਾਏ ਅਤੇ ਫਾਜ਼ਿਲਕਾ ਵਿੱਚ ਲੜੀਵਾਰ 71.30 ਅਤੇ 71.83 ਫੀਸਦੀ ਪੋਲਿੰਗ ਹੋਈ।
ਬਠਿੰਡਾ ਲੋਕ ਸਭਾ ਹਲਕੇ ਵਿੱਚ ਬੁਢਲਾਡਾ, ਸਰਦੂਲਗੜ੍ਹ, ਮੌੜ ਅਤੇ ਲੰਬੀ ਵਿੱਚ ਕ੍ਰਮਵਾਰ 72.52 ਫੀਸਦੀ, 73.72 ਫੀਸਦੀ, 70.13 ਫੀਸਦੀ ਅਤੇ 71.95 ਫੀਸਦੀ ਪੋਲਿੰਗ ਹੋਈ।
ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਦੇ 9 ਲੋਕ ਸਭਾ ਹਲਕਿਆਂ ਵਿੱਚ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ 70 ਫੀਸਦ ਪੋਲਿੰਗ ਨਹੀਂ ਹੋਈ।
ਹੁਣ ਤੱਕ ਪੰਜਾਬ ਵਿੱਚ ਥਰਡ ਜੈਂਡਰ ਦੀਆਂ ਕੁੱਲ 773 ਵੋਟਾਂ ਸਨ ਜਿਨ੍ਹਾਂ ਵਿੱਚੋਂ ਸਿਰਫ਼ 280 ਵੋਟਾਂ ਹੀ ਪਈਆਂ ਹਨ ਜੋ ਕਿ 36.36% ਦੇ ਕਰੀਬ ਬਣਦੀ ਹੈ। ਫ਼ਤਹਿਗੜ੍ਹ ਸਾਹਿਬ ਹਲਕੇ ਵਿੱਚ 65 ਫ਼ੀਸਦੀ ਥਰਡ ਜੈਂਡਰ ਦੇ ਵੋਟਰਾਂ ਨੇ ਆਪਣੀ ਵੋਟ ਪਾਈ ਜੋ ਸੂਬੇ ਵਿੱਚ ਸਭ ਤੋਂ ਵੱਧ ਹੈ।