ਮੋਟਾਪਾ ਘਟਾਉਣ ਵਾਲੀਆਂ ਦਵਾਈਆਂ ਕਿਵੇਂ ਕੰਮ ਕਰਦੀਆਂ ਹਨ, ਕੀ ਸਾਨੂੰ ਇਨ੍ਹਾਂ ਦੀ ਲੋੜ ਹੈ?

    • ਲੇਖਕ, ਜੇਮਸ ਗਲਾਘੇਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ ਨਿਊਜ਼

ਅਸੀਂ ਸਮੇਂ ਦੇ ਉਸ ਦੌਰ ਵਿੱਚ ਹਾਂ ਜਿੱਥੇ ਭਾਰ ਘਟਾਉਣ ਲਈ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਨ੍ਹਾਂ ਦਵਾਈਆਂ ਦੀ ਵਰਤੋਂ ਬਾਰੇ ਲਏ ਫ਼ੈਸਲੇ ਭਵਿੱਖ ’ਚ ਸਾਡੀ ਸਿਹਤ ਅਤੇ ਇੱਥੋਂ ਤੱਕ ਕਿ ਸਾਡੇ ਸਮਾਜ ਦੀ ਭਵਿੱਖੀ ਰੂਪ ਰੇਖਾ ਨੂੰ ਪਰਿਭਾਸ਼ਿਤ ਕਰਨ ਦੀ ਸੰਭਾਵਨਾ ਰੱਖਦੇ ਹਨ।

ਖੋਜਕਰਤਾ ਲਗਾਤਾਰ ਇਸ ਵਿਸ਼ਵਾਸ ਨੂੰ ਵੀ ਖਾਰਜ ਕਰ ਰਹੇ ਹਨ ਕਿ ਮੋਟਾਪਾ ਸਿਰਫ਼ ਕਮਜ਼ੋਰ-ਇੱਛਾ ਵਾਲੇ ਲੋਕਾਂ ਦੀ ਨੈਤਿਕ ਅਸਫਲਤਾ ਹੈ।

ਭਾਰ ਘਟਾਉਣ ਵਾਲੀਆਂ ਦਵਾਈਆਂ ਪਹਿਲਾਂ ਹੀ ਯੂਕੇ ਵਰਗੇ ਦੇਸ਼ਾਂ ਵਿੱਚ ਰਾਸ਼ਟਰੀ ਬਹਿਸ ਦੇ ਕੇਂਦਰ ਵਿੱਚ ਹਨ।

ਇਥੋਂ ਦੀ ਨਵੀਂ ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਇਹ ਦਵਾਈਆਂ ਮੋਟੇ ਲੋਕਾਂ ਨੂੰ ਮਿਲਣ ਵਾਲੀ ਸਰਕਾਰੀ ਵਿੱਤੀ ਮਦਦ ਤੋਂ ਹਟਾਉਣ ਅਤੇ ਕੰਮ 'ਤੇ ਵਾਪਸ ਭੇਜਣ ਵਿੱਚ ਮਦਦ ਕਰਨ ਲਈ ਇੱਕ ਸਾਧਨ ਹੋ ਸਕਦੀਆਂ ਹਨ।

ਕੁਝ ਸਵਾਲ ਹਨ ਜੋ ਮੈਂ ਪਾਠਕ ਨੂੰ ਪੁੱਛਣਾ ਚਾਹੁੰਦਾ ਹਾਂ।

ਕੀ ਮੋਟਾਪਾ ਅਜਿਹੀ ਚੀਜ਼ ਹੈ ਜੋ ਲੋਕ ਆਪਣੇ ਆਪ ’ਤੇ ਲਿਆਉਂਦੇ ਹਨ ਅਤੇ ਇਸਨੂੰ ਸੁਧਾਰਨ ਲਈ ਸਿਰਫ਼ ਬਿਹਤਰ ਜੀਵਨ ਜਾਚ ਦੀ ਲੋੜ ਹੁੰਦੀ ਹੈ?

ਜਾਂ ਫਿਰ ਇਹ ਲੱਖਾਂ ਲੋਕਾਂ ਵੱਲੋਂ ਝੱਲੀ ਜਾ ਰਹੀ ਇੱਕ ਸਮਾਜਿਕ ਅਸਫ਼ਲਤਾ ਹੈ, ਜਿਸ ਨੂੰ ਭੋਜਨ ਦੀਆਂ ਕਿਸਮਾਂ ਨਾਲ ਨਿਯੰਤਰਿਤ ਕਰਨ ਦੀ ਲੋੜ ਹੈ?

ਕੀ ਭਾਰ ਘਟਾਉਣ ਵਾਲੀਆਂ ਦਵਾਈਆਂ ਮੋਟਾਪੇ ਦੇ ਸੰਕਟ ’ਚੋ ਬਾਹਰ ਕੱਢਣ ਦਾ ਇੱਕ ਸੁਰੱਖਿਅਤ ਬਦਲਾਅ ਹਨ?

ਕੁਝ ਅਜਿਹੀਆਂ ਸਿਹਤ ਸਥਿਤੀਆਂ ਹਨ ਜੋ ਅਜਿਹੀ ਬਹਿਸ ਨੂੰ ਜਨਮ ਦਿੰਦੀਆਂ ਹਨ।

ਅਸੀਂ ਮੋਟਾਪੇ ਨੂੰ ਕਿਵੇਂ ਦੇਖਦੇ ਹਾਂ?

ਮੈਂ ਪਾਠਕਾਂ ਦੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ।

ਇਹ ਸਭ ਮੋਟਾਪੇ ਬਾਰੇ ਤੁਹਾਡੇ ਨਿੱਜੀ ਵਿਚਾਰਾਂ ਅਤੇ ਤੁਸੀਂ ਕਿਸ ਤਰ੍ਹਾਂ ਦੀ ਦੁਨੀਆਂ ਵਿੱਚ ਰਹਿਣਾ ਚਾਹੁੰਦੇ ਹੋ, ਉਸ ’ਤੇ ਨਿਰਭਰ ਕਰਦਾ ਹੈ।

ਪਰ ਜਦੋਂ ਤੁਸੀਂ ਮੋਟਾਪੇ ਦੀ ਸਮੱਸਿਆ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਕੁਝ ਹੋਰ ਗੱਲਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਤੋਂ ਉਲਟ ਮੋਟਾਪੇ ਦੀ ਸਮੱਸਿਆ ਦਿਖਾਈ ਦਿੰਦੀ ਹੈ।

ਇਸ ਦੇ ਨਾਲ ਸ਼ਰਮ ਮਹਿਸੂਸ ਹੁੰਦੀ ਹੈ। ਹੱਦ ਤੋਂ ਵੱਧ ਖਾਣਾ ਈਸਾਈ ਧਰਮ ਦੇ ਸੱਤ ਘਾਤਕ ਪਾਪਾਂ ਵਿੱਚੋਂ ਇੱਕ ਹੈ।

ਆਓ, ਹੁਣ ਦਵਾਈ ਸੇਮਗਲੂਟਾਈਡ ਬਾਰੇ ਗੱਲ ਕਰਦੇ ਹਾਂ। ਇਸ ਦਵਾਈ ਨੂੰ ਵੇਗੋਵੀ ਬ੍ਰਾਂਡ ਵੱਲੋਂ ਭਾਰ ਘਟਾਉਣ ਲਈ ਵੇਚਿਆ ਜਾਂਦਾ ਹੈ।

ਇਸਦੇ ਸੇਵਨ ਨਾਲ ਦਿਮਾਗ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਪੇਟ ਭਰਿਆ ਹੋਇਆ ਹੈ।

ਇਹ ਸਾਡੀ ਭੁੱਖ ਨੂੰ ਘਟਾਉਂਦਾ ਹੈ ਤਾਂ ਜੋ ਅਸੀਂ ਘੱਟ ਖਾਈਏ।

ਪ੍ਰੋਫੈਸਰ ਗਾਇਲਸ ਯੇਓ, ਕੈਮਬ੍ਰਿਜ ਯੂਨੀਵਰਸਿਟੀ ਦੇ ਇੱਕ ਮੋਟਾਪਾ ਵਿਸ਼ੇ ਦੇ ਵਿਗਿਆਨੀ ਕਹਿੰਦੇ ਹਨ।

ਉਹ ਕਹਿੰਦੇ ਹਨ, “ਇਸ ਦਾ ਮਤਲਬ ਇਹ ਹੈ ਕਿ ਸਿਰਫ਼ ਇੱਕ ਹਾਰਮੋਨ ਨੂੰ ਬਦਲਣ ਨਾਲ ਤੁਸੀਂ ਅਚਾਨਕ ਭੋਜਨ ਨਾਲ ਆਪਣੇ ਸਾਰੇ ਰਿਸ਼ਤੇ ਨੂੰ ਹੀ ਬਦਲ ਦਿੰਦੇ ਹੋ।"

ਇਸ ਦਾ ਇਹ ਵੀ ਮਤਲਬ ਹੈ ਕਿ ਬਹੁਤ ਸਾਰੇ ਮੋਟੇ ਲੋਕਾਂ ਵਿੱਚ "ਹਾਰਮੋਨਲ ਕਮੀ" ਹੁੰਦੀ ਹੈ।

ਪ੍ਰੋਫੈਸਰ ਯੇਓ ਦਾ ਤਰਕ ਹੈ ਕਿ ਉਕਤ ਹਾਰਮੋਨ ਦੀ ਕਮੀ ਕਰਕੇ ਮੋਟੇ ਲੋਕ ਕੁਦਰਤੀ ਤੌਰ 'ਤੇ ਪਤਲੇ ਵਿਅਕਤੀ ਨਾਲੋਂ ਜ਼ਿਆਦਾ ਭੁੱਖਾ ਮਹਿਸੂਸ ਕਰਦੇ ਹਨ ਅਤੇ ਇਹ ਘਾਟ ਹੀ ਭਾਰ ਵਧਣ ਦਾ ਕਾਰਨ ਬਣਦੀ ਹੈ।

100 ਜਾਂ ਇਸ ਤੋਂ ਵੱਧ ਸਾਲ ਪਹਿਲਾਂ ਜਦੋਂ ਭੋਜਨ ਦੀ ਘਾਟ ਹੁੰਦੀ ਸੀ, ਇਸ ਦਾ ਲੋਕਾਂ ਨੂੰ ਇੱਕ ਫਾਇਦਾ ਸੀ।

ਉਹ ਇਹ ਸੀ ਕਿ ਅਜਿਹੀ ਸਥਿਤੀ ’ਚ ਲੋਕ ਸਰੀਰ ਵਿੱਚ ਮੌਜੂਦਾ ਕੈਲਰੀ ਦੀ ਖਪਤ ਕਰਨ 'ਤੇ ਮਜਬੂਰ ਹੁੰਦੇ ਸਨ ਜਦੋਂ ਇਹ ਨਿਸ਼ਚਿਤ ਨਹੀਂ ਹੁੰਦਾ ਸੀ ਕਿ ਕੀ ਕੱਲ੍ਹ ਭੋਜਨ ਮਿਲੇਗਾ ਜਾਂ ਨਹੀਂ।

ਬਿਮਾਰੀਆਂ ਵਿਰੁੱਧ ਇੱਕ ਹਥਿਆਰ

ਪਿਛਲੀ ਸਦੀ ਵਿੱਚ ਸਾਡੇ ਜੀਨਸ ਵਿੱਚ ਕੋਈ ਡੂੰਘੇ ਬਦਲਾਅ ਨਹੀਂ ਹੋਏ ਸਨ ਪਰ ਜਿਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਉੱਚ-ਕੈਲਰੀ ਵਾਲਾ ਭੋਜਨ ਸਸਤੇ ਮੁੱਲ ’ਤੇ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ।

ਸ਼ਹਿਰੀਕਰਨ ਨੇ ਭਾਰ ਵਧਾਉਣਾ ਆਸਾਨ ਬਣਾ ਦਿੱਤਾ ਹੈ, ਜਿਥੇ ਪੈਦਲ ਤੁਰਨ ਜਾਂ ਸਾਈਕਲ ਚਲਾਉਣ ਨਾਲੋਂ ਗੱਡੀ ਚਲਾਉਣਾ ਆਸਾਨ ਹੈ।

ਇਹ ਤਬਦੀਲੀਆਂ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਸ਼ੁਰੂ ਹੋਈਆਂ, ਜਿਸ ਨੂੰ ਵਿਗਿਆਨੀਆਂ ਨੇ “ਓਬੇਸੋਜੇਨਿਕ ਐਨਵਾਇਰਮੈਂਟ” ਦਾ ਨਾਮ ਦਿੱਤਾ। ਇਸ ਦਾ ਮਤਲਬ ਇਹ ਕਿ ਇਸ ਸਮੇਂ ਦੌਰਾਨ ਮੋਟਾਪੇ ਵਾਲੇ ਮਾਮਲੇ ਜ਼ਿਆਦਾ ਵਧੇ ਸਨ।

ਇਹ ਇੱਕ ਅਜਿਹਾ ਮਾਹੌਲ ਹੈ, ਜੋ ਲੋਕਾਂ ਨੂੰ ਗੈਰ-ਸਿਹਤਮੰਦ ਭੋਜਨ ਖਾਣ ਅਤੇ ਲੋੜੀਂਦੀ ਕਸਰਤ ਨਾ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਦੁਨੀਆਂ ਭਰ ਵਿੱਚ ਅੱਠਾਂ ਵਿੱਚੋਂ ਇੱਕ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ।

ਵੇਗੋਵੀ ਦਵਾਈ ਲੋਕਾਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਸਰੀਰ ਦੇ ਭਾਰ ਦਾ ਲਗਭਗ 15% ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਭਾਰ ਘਟਾਉਣ ਵਾਲੀ ਦਵਾਈ ਵੱਜੋਂ ਲਗਾਤਾਰ ਲੇਬਲ ਕੀਤੀ ਜਾਣ ਵਾਲੀ ਇਹ ਦਵਾਈ 270 ਪੌਂਡ ਭਾਰ ਵਾਲੇ ਵਿਅਕਤੀ ਨੂੰ 230 ਪੌਂਡ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ।

ਡਾਕਟਰੀ ਤੌਰ ’ਤੇ, ਇਹ ਦਿਲ ਦੇ ਦੌਰੇ, ਸਲੀਪ ਐਪਨੀਆ ਅਤੇ ਟਾਈਪ 2 ਡਾਇਬਟੀਜ਼ ਦੇ ਜੋਖਮ ਨੂੰ ਘਟਾਉਣ ਵਰਗੇ ਖੇਤਰਾਂ ਵਿੱਚ ਤੁਹਾਡੀ ਮਦਦ ਕਰਦੀ ਹੈ।

ਪਰ ਗਲਾਸਗੋ ਵਿੱਚ ਇੱਕ ਜਨਰਲ ਪ੍ਰੈਕਟੀਸ਼ਨਰ, ਡਾਕਟਰ ਮਾਰਗਰੇਟ ਮੈਕਕਾਰਟਨੀ ਚਿਤਾਵਨੀ ਦਿੰਦੇ ਹਨ, “ਜੇਕਰ ਅਸੀਂ ਲੋਕਾਂ ਨੂੰ ਮੋਟਾਪਾ ਵਧਾਉਣ ਵਾਲੇ ਵਾਤਾਵਰਣ ਵਿੱਚ ਰੱਖਦੇ ਹਾਂ ਤਾਂ ਅਸੀਂ ਇਨ੍ਹਾਂ ਦਵਾਈਆਂ ਦੀ ਜ਼ਰੂਰਤ ਨੂੰ ਹਮੇਸ਼ਾ ਲਈ ਵਧਾ ਰਹੇ ਹਾਂ।”

ਫਿਲਹਾਲ, ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਲਾਗਤ ਦੇ ਕਾਰਨ ਸਿਰਫ ਦੋ ਸਾਲਾਂ ਲਈ ਦਵਾਈਆਂ ਦੀ ਤਜਵੀਜ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਬੂਤ ਦਰਸਾਉਂਦੇ ਹਨ ਕਿ ਜਦੋਂ ਇਹ ਦਵਾਈਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਲੋਕਾਂ ਨੂੰ ਭੁੱਖ ਵਾਪਸ ਲੱਗਣੀ ਸ਼ੁਰੂ ਹੋ ਜਾਂਦੀ ਹੈ ਅਤੇ ਭਾਰ ਵਾਪਸ ਵੱਧਣ ਲਗ ਜਾਂਦਾ ਹੈ।

ਡਾਕਟਰ ਮੈਕਕਾਰਟਨੀ ਕਹਿੰਦੇ ਹਨ, “ਮੇਰੀ ਵੱਡੀ ਚਿੰਤਾ ਇਹ ਹੈ ਕਿ ਇਸ ਗੱਲ 'ਤੇ ਕੋਈ ਵਿਚਾਰ ਨਹੀਂ ਕਰ ਰਿਹਾ ਕਿ ਲੋਕਾਂ ਨੂੰ ਮੋਟਾ ਹੋਣ ਤੋਂ ਕਿਵੇਂ ਰੋਕਿਆ ਜਾਵੇ।"

ਮੋਟਾਪੇ ਨੂੰ ਉਤਸ਼ਾਹਿਤ ਕਰਨ ਵਾਲਾ ਵਾਤਾਵਰਣ

ਅਸੀਂ ਜਾਣਦੇ ਹਾਂ ਕਿ ਮੋਟਾਪੇ ਵਾਲਾ ਵਾਤਾਵਰਣ ਬਚਪਨ ਤੋਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ 2022 ਵਿੱਚ 5 ਸਾਲ ਤੋਂ ਘੱਟ ਉਮਰ ਦੇ ਘੱਟੋ-ਘੱਟ 37 ਮਿਲੀਅਨ ਬੱਚੇ ਮੋਟਾਪੇ ਦਾ ਸ਼ਿਕਾਰ ਸਨ।

ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਅਮੀਰਾਂ ਨਾਲੋਂ ਗਰੀਬ ਭਾਈਚਾਰਿਆਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ, ਜਿਥੇ ਅੰਸ਼ਕ ਤੌਰ ’ਤੇ ਘੱਟ ਖੁਸ਼ਹਾਲ ਜ਼ਿਲ੍ਹਿਆਂ ਵਿੱਚ ਸਸਤੇ, ਸਿਹਤਮੰਦ ਭੋਜਨ ਦੀ ਉਪਲਬਧਤਾ ਦੀ ਘਾਟ ਹੈ।

ਪਰ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾਵਾਂ ਵਿੱਚ ਸੁਧਾਰ ਕਰਨ ਵਿੱਚ ਅਕਸਰ ਤਣਾਅ ਰਹਿੰਦਾ ਹੈ।

ਤੁਸੀਂ ਗੱਡੀ ਚਲਾ ਸਕਦੇ ਹੋ, ਪਰ ਤੁਹਾਨੂੰ ਸੀਟ ਬੈਲਟ ਲਾਉਣੀ ਪਵੇਗੀ, ਤੁਸੀਂ ਸਿਗਰਟ ਪੀ ਸਕਦੇ ਹੋ, ਪਰ ਇਸ ’ਤੇ ਬਹੁਤ ਜ਼ਿਆਦਾ ਟੈਕਸ, ਉਮਰ ਦੀ ਪਾਬੰਦੀਆਂ ਦੇ ਨਾਲ-ਨਾਲ ਤੁਸੀਂ ਕਿੱਥੇ ਸਿਗਰਟ ਪੀ ਸਕਦੇ ਹੋ, ਵਰਗੀਆਂ ਰੋਕਥਾਮ ਵੀ ਹਨ।

ਇਸ ਲਈ ਪਾਠਕ ਦੇ ਵਿਚਾਰ ਕਰਨ ਲਈ ਇੱਥੇ ਕੁਝ ਹੋਰ ਗੱਲਾਂ ਹਨ।

ਕੀ ਸਾਨੂੰ ਮੋਟਾਪੇ ਵਾਲੇ ਵਾਤਾਵਰਣ ਨੂੰ ਰੋਕਣਾ ਚਾਹੀਦਾ ਹੈ ਜਾਂ ਲੋਕਾਂ ਦਾ ਇਲਾਜ ਕਰਨਾ ਚਾਹੀਦਾ ਹੈ, ਜਦੋਂ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਹੋ ਜਾਂਦਾ?

ਕੀ ਸਰਕਾਰ ਨੂੰ ਭੋਜਨ ਉਦਯੋਗ ’ਤੇ ਬਹੁਤ ਸਖ਼ਤ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਜੋ ਖਰੀਦ ਸਕਦੇ ਹਾਂ ਅਤੇ ਖਾ ਸਕਦੇ ਹਾਂ, ਨੂੰ ਬਦਲਿਆ ਜਾਵੇ?

ਕੀ ਸਾਨੂੰ ਜਾਪਾਨੀਆਂ (ਘੱਟ ਮੋਟਾਪੇ ਵਾਲਾ ਇੱਕ ਅਮੀਰ ਦੇਸ਼) ਵਾਂਗ ਬਣਨ ਅਤੇ ਚੌਲ, ਸਬਜ਼ੀਆਂ ਅਤੇ ਮੱਛੀ ਦੇ ਆਧਾਰ ’ਤੇ ਥੋੜਾ ਭੋਜਨ ਖਾਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਤਿਆਰ ਭੋਜਨ ਅਤੇ ਚਾਕਲੇਟ ਬਾਰਾਂ ਵਿੱਚ ਕੈਲਰੀਆਂ ਨੂੰ ਸੀਮਤ ਕਰਨਾ ਚਾਹੀਦਾ ਹੈ?

ਖੰਡ ਜਾਂ ਜੰਕ ਫੂਡ 'ਤੇ ਟੈਕਸਾਂ ਬਾਰੇ ਕੀ ਹੈ?

ਉੱਚ-ਕੈਲਰੀ ਵਾਲੇ ਭੋਜਨ ਕਿੱਥੇ ਵੇਚੇ ਜਾਣ ਜਾਂ ਉਨ੍ਹਾਂ ਦੇ ਇਸ਼ਤਿਹਾਰ ਕਿਥੇ ਦਿੱਤੇ ਜਾ ਸਕਦੇ ਹਨ, ’ਤੇ ਵਿਆਪਕ ਪਾਬੰਦੀਆਂ ਬਾਰੇ ਕੀ ਵਿਚਾਰ ਹਨ?

ਪ੍ਰੋਫੈਸਰ ਯੇਓ ਦਾ ਕਹਿਣਾ ਹੈ ਕਿ ਜੇਕਰ ਅਸੀਂ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਸਮਝੌਤਾ ਕਰਨਾ ਪਵੇਗਾ, ਸਾਨੂੰ ਕੁਝ ਆਜ਼ਾਦੀਆਂ ਗੁਆਉਣੀਆਂ ਪੈਣਗੀਆਂ।

ਮੋਟਾਪਾ ਘਟਾਉਣ ਦੇ ਉਪਾਅ

ਇੰਗਲੈਂਡ ਵਿੱਚ ਮੋਟਾਪੇ ਦੇ ਵਿਰੁੱਧ ਅਧਿਕਾਰਤ ਪਹਿਲਕਦਮੀਆਂ ਹੋਈਆਂ ਹਨ।

ਉਨ੍ਹਾਂ ਵਿੱਚੋਂ ਚੌਦਾਂ ਪਹਿਲਕਦਮੀਆਂ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਹੋਈਆਂ ਹਨ ਪਰ ਇਹ ਬਹੁਤ ਘੱਟ ਹਨ।

ਇਹਨਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ ਪੰਜ-ਪੰਜ ਦਿਨ ਦੀਆਂ ਮੁਹਿੰਮਾਂ, ਕੈਲਰੀ ਸਮੱਗਰੀ ਨੂੰ ਉਜਾਗਰ ਕਰਨ ਲਈ ਫੂਡ ਲੇਬਲਿੰਗ, ਬੱਚਿਆਂ ਨੂੰ ਗੈਰ-ਸਿਹਤਮੰਦ ਭੋਜਨਾਂ ਦੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀਆਂ ਅਤੇ ਭੋਜਨਾਂ ਨੂੰ ਸੁਧਾਰਨ ਲਈ ਨਿਰਮਾਤਾਵਾਂ ਨਾਲ ਸਵੈ-ਇੱਛਤ ਸਮਝੌਤੇ ਸ਼ਾਮਲ ਹਨ।

ਹਾਲਾਂਕਿ ਅਸਥਾਈ ਸੰਕੇਤ ਹਨ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਇੰਗਲੈਂਡ ਵਿੱਚ ਬਚਪਨ ਤੋਂ ਮੋਟਾਪਾ ਘਟਣਾ ਸ਼ੁਰੂ ਹੋ ਸਕਦਾ ਹੈ, ਪਰ ਇਹਨਾਂ ਵਿੱਚੋਂ ਕਿਸੇ ਵੀ ਉਪਾਅ ਨੇ ਰਾਸ਼ਟਰੀ ਖੁਰਾਕ ਨੂੰ ਸਮੁੱਚੇ ਤੌਰ 'ਤੇ ਮੋਟਾਪੇ ਨੂੰ ਰੋਕਣ ਲਈ ਜ਼ਿਆਦਾ ਨਹੀਂ ਬਦਲਿਆ।

ਕਈਆਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਅਜਿਹੀਆਂ ਹੋਣ, ਜੋ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ।

ਗਲਾਸਗੋ ਯੂਨੀਵਰਸਿਟੀ ਤੋਂ ਪ੍ਰੋਫੈਸਰ ਨਵੀਦ ਸੱਤਾਰ ਪੁੱਛਦੇ ਹਨ, “ਫੂਡ ਕੰਪਨੀਆਂ ਮੁਨਾਫਾ ਕਮਾਉਂਦੀਆਂ ਹਨ, ਉਹੀ ਉਹ ਚਾਹੁੰਦੇ ਹਨ, ਮੇਰੇ ਕੋਲ ਉਮੀਦ ਦੀ ਇੱਕੋ ਇੱਕ ਝਲਕ ਹੈ ਕਿ ਜੇ ਭਾਰ ਘਟਾਉਣ ਵਾਲੀਆਂ ਦਵਾਈਆਂ ਬਹੁਤ ਸਾਰੇ ਲੋਕਾਂ ਨੂੰ ਫਾਸਟ ਫੂਡ ਖਰੀਦਣ ਦਾ ਵਿਰੋਧ ਕਰਨ ਵਿੱਚ ਮਦਦ ਕਰਦੀਆਂ ਹਨ, ਤਾਂ ਕੀ ਇਹ ਭੋਜਨ ਦੇ ਵਾਤਾਵਰਣ ਨੂੰ ਅੰਸ਼ਕ ਰੂਪ ਵਿੱਚ ਬਦਲਣਾ ਸ਼ੁਰੂ ਕਰ ਸਕਦੀਆਂ ਹਨ?”

ਜਿਵੇਂ ਕਿ ਭਾਰ ਘਟਾਉਣ ਵਾਲੀਆਂ ਦਵਾਈਆਂ ਤੇਜ਼ੀ ਨਾਲ ਉਪਲਬਧ ਹੁੰਦੀਆਂ ਹਨ, ਛੇਤੀ ਹੀ ਇਹ ਫੈਸਲਾ ਕਰਨਾ ਜ਼ਰੂਰੀ ਹੋਵੇਗਾ ਕਿ ਉਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ।

ਇਸ ਸਮੇਂ ਅਸੀਂ ਸਿਰਫ ਪਾਣੀ ਦੇ ਕਿਨਾਰੇ ’ਤੇ ਹਾਂ। ਇਹਨਾਂ ਦਵਾਈਆਂ ਦੀ ਸੀਮਤ ਸਪਲਾਈ ਹੈ ਅਤੇ ਇਹਨਾਂ ਦੀ ਭਾਰੀ ਕੀਮਤ ਦੇ ਕਾਰਨ, ਇਹ ਮੁਕਾਬਲਤਨ ਘੱਟ ਲੋਕਾਂ ਲਈ ਅਤੇ ਥੋੜੇ ਸਮੇਂ ਲਈ ਉਪਲਬਧ ਹਨ।

ਅਗਲੇ ਦਹਾਕੇ ਵਿੱਚ ਇਸ ’ਚ ਪਰਿਵਰਤਨ ਆਉਣ ਦੀ ਉਮੀਦ ਹੈ।

ਨਵੀਆਂ ਦਵਾਈਆਂ, ਜਿਵੇਂ ਕਿ ਟਿਰਜ਼ੇਪੇਟਾਈਡ ਆਉਣ ਵਾਲੀਆਂ ਹਨ, ਹੌਲੀ ਹੌਲੀ ਫਾਰਮਾਸਿਊਟੀਕਲ ਕੰਪਨੀਆਂ ਆਪਣੀਆਂ ਕਾਨੂੰਨੀ ਸੁਰੱਖਿਆਵਾਂ ਪੇਟੈਂਟਾਂ ਨੂੰ ਗੁਆ ਦੇਣਗੀਆਂ, ਭਾਵ ਦੂਜੀਆਂ ਕੰਪਨੀਆਂ ਆਪਣੀਆਂ ਸਸਤੀਆਂ ਦਵਾਈਆਂ ਬਣਾਉਣ ਦੇ ਯੋਗ ਹੋਣਗੀਆਂ।

ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀਆਂ ਦਵਾਈਆਂ ਜਾਂ ਕੋਲੈਸਟ੍ਰੋਲ ਘੱਟ ਕਰਨ ਵਾਲੀਆਂ ‘ਸਟੈਟਿਨਸ’ ਸ਼ੁਰੂਆਤੀ ਦਿਨਾਂ ਵਿੱਚ ਮਹਿੰਗੀਆਂ ਸਨ ਅਤੇ ਕੁਝ ਲੋਕਾਂ ਲਈ ਤਜਵੀਜ਼ ਕੀਤੀਆਂ ਗਈਆਂ ਸਨ।

ਅੱਜ ਲੱਖਾਂ ਲੋਕ ਉਨ੍ਹਾਂ ਦੀ ਵਰਤੋਂ ਕਰਦੇ ਹਨ।

ਮੋਟਾਪੇ ਅਤੇ ਪਾਚਕ ਰੋਗ ਦੇ ਇੱਕ ਪ੍ਰਮੁੱਖ ਖੋਜਕਾਰ ਪ੍ਰੋਫੈਸਰ ਸਟੀਫਨ ਓ'ਰਾਹਿਲੀ ਦਾ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਨੂੰ ਦਵਾਈਆਂ ਅਤੇ ਸਮਾਜਿਕ ਤਬਦੀਲੀਆਂ ਦੇ ਸੁਮੇਲ ਨਾਲ ਨਜਿੱਠਿਆ ਗਿਆ ਸੀ।

“ਅਸੀਂ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ, ਜਿਸ ਮਗਰੋਂ ਭੋਜਨ ਵਿੱਚ ਸੋਡੀਅਮ (ਲੂਣ) ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਅਤੇ ਫਿਰ ਸਸਤੇ ਵਿੱਚ ਸੁਰੱਖਿਅਤ ਅਤੇ ਪ੍ਰਭਾਵੀਸ਼ਾਲੀ ਬਲੱਡ ਪ੍ਰੈਸ਼ਰ ਦਵਾਈਆਂ ਵਿਕਸਤ ਕੀਤੀਆਂ।”

ਉਹ ਕਹਿੰਦੇ ਹਨ ਕਿ ਮੋਟਾਪੇ ਦੀ ਸਮੱਸਿਆ ਨਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।

ਮੋਟਾਪੇ ਬਾਰੇ ਸਵਾਲ ਹੀ ਸਵਾਲ

ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਸਾਡੇ ਵਿੱਚੋਂ ਕਿੰਨੇ ਲੋਕ ਭਾਰ ਘਟਾਉਣ ਵਾਲੀਆਂ ਦਵਾਈਆਂ ਬੰਦ ਕਰ ਦੇਣਗੇ।

ਕੀ ਇਹ ਸਿਰਫ ਉਹਨਾਂ ਲਈ ਹੀ ਹਨ ਜੋ ਬਹੁਤ ਮੋਟੇ ਹਨ ਅਤੇ ਜਿਨ੍ਹਾਂ ਦੀ ਸਿਹਤ ਜੋਖਮ ਵਿੱਚ ਹੈ? ਜਾਂ ਫਿਰ ਇਹ ਮੋਟੇ ਲੋਕਾਂ ਨੂੰ ਹੋਰ ਮੋਟੇ ਹੋਣ ਤੋਂ ਰੋਕਣ ਲਈ ਇੱਕ ਰੋਕਥਾਮ ਵਜੋਂ ਕੰਮ ਕਰਨਗੀਆਂ?

ਭਾਰ ਘਟਾਉਣ ਵਾਲੀਆਂ ਦਵਾਈਆਂ ਨੂੰ ਕਿੰਨਾ ਸਮਾਂ ਲੈਣਾ ਚਾਹੀਦਾ ਹੈ?

ਕੀ ਇਨ੍ਹਾਂ ਦਾ ਸੇਵਨ ਜੀਵਨ ਭਰ ਲਈ ਹੋਣਾ ਚਾਹੀਦਾ ਹੈ?

ਉਹਨਾਂ ਨੂੰ ਬੱਚਿਆਂ ਵਿੱਚ ਕਿੰਨੀ ਮਾਤਰਾ ਵਿੱਚ ਵਰਤਿਆ ਜਾਣਾ ਚਾਹੀਦਾ ਹੈ?

ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ ?

ਕੀ ਇਹਨਾਂ ਦਵਾਈਆਂ ਦੇ ਸੇਵਨ ਦੇ ਬਾਵਜੂਦ ਲੋਕ ਗੈਰ-ਸਿਹਤਮੰਦ ਜੰਕ ਫੂਡ ਖਾਂਦੇ ਰਹਿਣਗੇ?

ਭਾਰ ਘਟਾਉਣ ਵਾਲੀਆਂ ਦਵਾਈਆਂ ਨੂੰ ਕਿੰਨੀ ਜਲਦੀ ਅਪਣਾਇਆ ਜਾਣਾ ਚਾਹੀਦਾ ਹੈ, ਜਦੋਂਕਿ ਅਸੀਂ ਅਜੇ ਵੀ ਇਸ ਦੇ ਲੰਬੇ ਸਮੇਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਨਹੀਂ ਜਾਣਦੇ ਹਾਂ?

ਕੀ ਸਿਹਤਮੰਦ ਲੋਕਾਂ ਦੁਵਾਰਾ ਇਸ ਨੂੰ ਸਿਰਫ਼ ਕਾਸਮੈਟਿਕ ਕਾਰਨਾਂ ਕਰਕੇ ਲੈਣਾ ਠੀਕ ਹੈ?

ਕੀ ਉਨ੍ਹਾਂ ਦੀ ਨਿੱਜੀ ਉਪਲਬਧਤਾ ਅਮੀਰ ਅਤੇ ਗਰੀਬ ਵਿਚਕਾਰ ਮੋਟਾਪੇ ਅਤੇ ਸਿਹਤ ਦੇ ਪਾੜੇ ਨੂੰ ਵਧਾ ਸਕਦੀ ਹੈ?

ਸਵਾਲ ਬਹੁਤ ਸਾਰੇ ਹਨ ਪਰ ਹੁਣ ਤੱਕ ਸਿਰਫ ਕੁਝ ਸਪੱਸ਼ਟ ਜਵਾਬ ਹਨ।

ਪ੍ਰੋਫੈਸਰ ਨਵੀਦ ਸੱਤਾਰ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਇਹ ਕਿੱਥੇ ਖਤਮ ਹੋਵੇਗਾ, ਅਸੀਂ ਫ਼ਿਲਹਾਲ ਅਨਿਸ਼ਚਿਤਤਾ ਦੇ ਦੌਰ ਵਿੱਚ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)