ਅੰਮ੍ਰਿਤਸਰ ਦੇ ਛੱਜਲਵੱਡੀ ਤੋਂ ਅਮਰੀਕੀ ਸੰਸਦ 'ਚ ਪਹੁੰਚਣ ਵਾਲੇ ਦਲੀਪ ਜਦੋਂ 37 ਸਾਲਾਂ ਬਾਅਦ ਆਪਣੇ ਪਿੰਡ ਪਰਤੇ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“37 ਸਾਲਾਂ ਬਾਅਦ ਮੈਂ ਭਾਰਤ ਪਰਤਿਆ ਤਾਂ ਮੈਂ ਪੰਜਾਬ ਵਿਚਲੇ ਆਪਣੇ ਛੋਟੇ ਜਿਹੇ ਪਿੰਡ ਜਾਣ ਲਈ ਬੇਤਾਬ ਸੀ।”

“ਪਰ ਜਿਸ ਸ਼ਖ਼ਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਸੀ ਉਹ ਹੁਣ ਦੁਨੀਆਂ ’ਚ ਨਹੀਂ ਸੀ, ਮੇਰੀ ਮਾਂ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ।”

“ਮੇਰੀ ਮਾਂ ਨੇ ਆਪਣੀ ਆਖ਼ਰੀ ਗੱਲਬਾਤ ’ਚ ਮੈਨੂੰ ਕਿਹਾ ਸੀ, ‘ਪੁੱਤ, ਹਰ ਥਾਂ ਉੱਤੇ ਦੋਸਤ ਬਣਾਓ, ਦੁਸ਼ਮਣ ਨਹੀਂ’।”

ਮਾਂ ਦਾ ਦਿੱਤਾ ਇਹ ਸਾਦਾ ਜਿਹਾ ਸਬਕ ਅੰਮ੍ਰਿਤਸਰ ਦੇ ਪਿੰਡ ਛੱਜਲਵੱਡੀ ’ਚ ਜੰਮੇ ਦਲੀਪ ਸਿੰਘ ਸੌਂਦ ਦੇ ਇੰਨਾ ਕੰਮ ਆਇਆ ਕਿ ਉਹ ਨਸਲਵਾਦ ਦਾ ਸਾਹਮਣਾ ਕਰਦਿਆਂ ਅਮਰੀਕੀ ਕਾਂਗਰਸ ਵਿੱਚ ਚੁਣੇ ਜਾਣ ਵਾਲੇ ਪਹਿਲੇ ਏਸ਼ੀਆਈ, ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਸਿੱਖ ਬਣੇ ਸਨ।

1956 ਵਿੱਚ ਕੈਲੀਫੌਰਨੀਆ ਦੀ ਇੰਪੀਰੀਅਲ ਕਾਉਂਟੀ ਵਿਚਲੀ 29 ਕੌਂਗਰੈਸ਼ਨਲ ਡਿਸਟ੍ਰਿਕਟ ਤੋਂ ਚੋਣ ਜਿੱਤਣ ਮਗਰੋਂ ਉਹ 1958 ਅਤੇ 1960 ਵਿੱਚ ਵੀ ਜੇਤੂ ਰਹੇ।

ਅਮਰੀਕਾ ਕਾਂਗਰਸ ਵਿੱਚ ਉਨ੍ਹਾਂ ਦੀ ਚੋਣ ਨੇ ਅਮਰੀਕਾ ਵਿਚਲੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਹੋਰ ਕੌਮੀਅਤਾਂ ਦੇ ਲੋਕਾਂ ਨੂੰ ਵੀ ਇੱਕ ਨਵੀਂ ਲੀਹ ਦੇਣ ਦਾ ਕੰਮ ਕੀਤਾ।

ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਕੈਪੀਟਲ ਹਿੱਲ ਤੱਕ ਦਾ ਸਫ਼ਰ ਦਲੀਪ ਸਿੰਘ ਸੌਂਦ ਲਈ ਕਈ ਮਿੱਠੇ ਅਤੇ ਕੌੜੇ ਤਜਰਬਿਆਂ ਨਾਲ ਭਰਿਆ ਸੀ।

ਅਮਰੀਕੀ ਕਾਂਗਰਸ ਵਿੱਚ ਅਮਰੀਕੀ ਲੋਕਾਂ ਦਾ ਨੁਮਾਇੰਦਾ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਵੀ ਸੰਘਰਸ਼ ਕਰਨਾ ਪਿਆ।

ਸਾਲ 1899 ਵਿੱਚ ਜੰਮੇ ਸੌਂਦ ਸਤੰਬਰ 1920 ਵਿੱਚ ਅਮਰੀਕਾ ਪਹੁੰਚੇ ਸਨ। ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਸਾਲ 1949 ਵਿੱਚ ਮਿਲੀ ਸੀ।

ਛੱਜਲਵੱਡੀ ਤੋਂ ਅਮਰੀਕਾ

ਸੌਂਦ ਨੇ ਅੰਮ੍ਰਿਤਸਰ ਨੇੜੇ ਪੈਂਦੇ ਆਪਣੇ ਪਿੰਡ ਛੱਜਲਵੱਡੀ ਵਿੱਚ ਬਿਤਾਏ ਸਮੇਂ ਦਾ ਜ਼ਿਕਰ ਆਪਣੀ ਕਿਤਾਬ ‘ਕਾਂਗਰਸਮੈਨ ਫਰੌਮ ਇੰਡੀਆ’ ਵਿੱਚ ਕੀਤਾ ਹੈ।

ਸੌਂਦ ਦੇ ਮਾਪੇ ਅਨਪੜ੍ਹ ਸਨ ਅਤੇ ਉਨ੍ਹਾਂ ਦੇ ਪਿੰਡ ’ਚ ਵੀ ਕੋਈ ਸਕੂਲ ਨਹੀਂ ਸੀ।

ਫਿਰ ਸੌਂਦ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਇੱਕ ਕਮਰੇ ਵਿੱਚ ਸਕੂਲ ਸ਼ੁਰੂ ਕੀਤਾ, ਜਿੱਥੇ ਛੱਜਲਵੱਡੀ ਦੇ ਬੱਚੇ ਪੜ੍ਹਨ ਲੱਗੇ।ਸੌਂਦ ਨੂੰ ਆਪਣੇ ਪਿੰਡ ਦੇ ਮਾਹੌਲ, ਆਪਣੀ ਮਾਂ ਦੇ ਬਣਾਏ ਖਾਣੇ ਅਤੇ ਘਰ ਦੇ ਅੰਦਰ ਤੇ ਆਲੇ-ਦੁਆਲੇ ਲੱਗੇ ਰੁੱਖਾਂ ਨਾਲ ਕਾਫੀ ਮੋਹ ਸੀ।

ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਵਿਚਲੇ ਹੀ ਬੋਰਡਿੰਗ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਗਿਆ ਸੀ।

ਦਲੀਪ ਸਿੰਘ ਲਿਖਦੇ ਹਨ ਕਿ ਸਾਲ 1917 ਤੱਕ ਉਨ੍ਹਾਂ ਨੂੰ ਅਮਰੀਕਾ ਬਾਰੇ ਇੰਨਾ ਹੀ ਪਤਾ ਸੀ ਕਿ ਉੱਥੋਂ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਹੈ।

ਇਸ ਮਗਰੋਂ ਦਲੀਪ ਸਿੰਘ ਸੌਂਦ ਸਾਲ 1919 ਵਿੱਚ ਜੰਮੂ ਪ੍ਰਿੰਸ ਆਫ ਵੇਲਜ਼ ਕਾਲਜ ਵਿੱਚ ਪੜ੍ਹਨ ਚਲੇ ਗਏ।

ਪੜ੍ਹਾਈ ਦੌਰਾਨ ਸੌਂਦ ਮਹਾਤਮਾ ਗਾਂਧੀ ਅਤੇ ਅਬਰਾਹਿਮ ਲਿੰਕਨ ਤੋਂ ਪ੍ਰਭਾਵਿਤ ਹੋਏ। ਲਿੰਕਨ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਅਮਰੀਕਾ ਜਾਣ ਦਾ ਨਿਰਣਾ ਲਿਆ।

ਜਦੋਂ ਸੌਂਦ ਅਮਰੀਕਾ ਪਹੁੰਚੇ

ਸੌਂਦ ਨੇ ਪੰਜਾਬ ਯੂਨੀਵਰਸਿਟੀ ਤੋਂ ਗਣਿਤ ਵਿੱਚ ਬੀਏ ਦੀ ਡਿਗਰੀ ਹਾਸਲ ਕੀਤੀ ਸੀ। ਇਸ ਮਗਰੋਂ ਉਹ ਫੂਡ ਪ੍ਰੋਸੈਸਿੰਗ ਦੇ ਵਿਸ਼ੇ ਵਿੱਚ ਮਾਸਟਰਜ਼ ਕਰਨ ਲਈ ਸਾਲ 1920 ’ਚ ਅਮਰੀਕਾ ਪਹੁੰਚੇ।

ਪੰਜਾਬ ਤੋਂ ਤੁਰਨ ਲੱਗਿਆਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਹ ਯਕੀਨ ਦਵਾਇਆ ਸੀ ਕਿ ਉਹ 2-3 ਸਾਲਾਂ ਵਿੱਚ ਪੜ੍ਹਾਈ ਮੁਕੰਮਲ ਕਰਕੇ ਵਾਪਸ ਆ ਜਾਣਗੇ।

ਦਲੀਪ ਸਿੰਘ ਸੌਂਦ ਪਹਿਲਾਂ ਇੰਗਲੈਂਡ ਪਹੁੰਚੇ ਜਿੱਥੇ ਉਹ ਕੁਝ ਦਿਨ ਦੇ ਇੰਤਜ਼ਾਰ ਮਗਰੋਂ ਅਮਰੀਕਾ ਲਈ ਰਵਾਨਾ ਹੋਏ।

ਇੰਗਲੈਂਡ ਤੋਂ ਅਮਰੀਕਾ ਦੇ ਆਪਣੇ ਸਫ਼ਰ ਦੌਰਾਨ ਉਹ ਇੱਕ ਔਰਤ ਨੂੰ ਮਿਲੇ ਜੋ ਆਪਣੇ ਪਤੀ ਨੂੰ ਮਿਲਣ ਲਈ ਸੈਨ ਫਰਾਂਸਿਸਕੋ ਜਾ ਰਹੀ ਸੀ।

ਦਲੀਪ ਸਿੰਘ ਲਿਖਦੇ ਹਨ, “ਉਹ ਭਾਰਤ ਵਿੱਚ ਕਾਫੀ ਦਿਲਚਸਪੀ ਰੱਖਦੀ ਸੀ, ਉਨ੍ਹਾਂ ਨਾਲ ਉਨ੍ਹਾਂ ਦੀ 11 ਸਾਲਾਂ ਦੀ ਧੀ ਵੀ ਸੀ, ਅਸੀਂ ਸਾਰੇ ਦੋਸਤ ਬਣ ਗਏ ਸੀ।”

ਇਹੀ ਕੁੜੀ ਕੁਝ ਸਾਲਾਂ ਬਾਅਦ ਉਨ੍ਹਾਂ ਦੀ ਜੀਵਨ ਸਾਥਣ ਬਣੀ।

ਸੌਂਦ ਆਪਣੀ ਪੜ੍ਹਾਈ ਲਈ ਯੂਨੀਵਰਸਿਟੀ ਆਫ ਕੈਲੀਫੌਰਨੀਆ ਬਰਕਲੇ ਪਹੁੰਚੇ।

ਇੱਥੇ ਉਹ ਸਿੱਖ ਟੈਂਪਲ ਸਟੌਕਟਨ ਵੱਲੋਂ ਚਲਾਏ ਜਾਂਦੇ ਰਿਹਾਇਸ਼ੀ ਹੌਸਟਲ ਵਿੱਚ ਰਹੇ। ਸਿੱਖ ਟੈਂਪਲ ਸਕੌਟਕਨ ਅਮਰੀਕਾ ਵਿੱਚ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਗਦਰੀ ਇਨਕਲਾਬੀਆਂ ਦਾ ਕੇਂਦਰ ਸੀ। ਇਹ ਅਮਰੀਕਾ ਦਾ ਪਹਿਲਾ ਸਿੱਖ ਗੁਰਦੁਆਰਾ ਸੀ।

ਬਰਕਲੇ ਯੂਨੀਵਰਸਿਟੀ ਵਿੱਚ ਹੀ ਕਰਤਾਰ ਸਿੰਘ ਸਰਾਭਾ ਜਿਹੇ ਆਜ਼ਾਦੀ ਘੁਲਾਟੀਆਂ ਸਣੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਨੇ ਪੜ੍ਹਾਈ ਕੀਤੀ ਸੀ।

ਬਰਕਲੇ ਵਿਖੇ ਦੋ ਸਾਲ ਪੂਰੇ ਕਰਨ ਮਗਰੋਂ ਸੌਂਦ ‘ਹਿੰਦੁਸਤਾਨ ਐਸੋਸੀਏਸ਼ਨ ਆਫ ਅਮਰੀਕਾ’ ਦੇ ਕੌਮੀ ਪ੍ਰਧਾਨ ਚੁਣੇ ਗਏ ਸਨ।

ਉਸ ਵੇਲੇ ਕੈਲੀਫੌਰਨੀਆ ਵਿਚਲੇ ਨਸਲੀ ਮਾਹੌਲ ਬਾਰੇ ਸੌਂਦ ਲਿਖਦੇ ਹਨ, “ਏਸ਼ੀਆਈ ਲੋਕਾਂ ਲਈ 1920ਵਿਆਂ ਵਿੱਚ ਭਾਰੀ ਨਫ਼ਰਤ ਸੀ।”

ਉਸ ਵੇਲੇ ਸੂਬੇ ਵਿੱਚ ‘ਏਲੀਅਨ ਲੈਂਡ ਐਕਟ’ ਪਾਸ ਕੀਤਾ ਗਿਆ ਸੀ ਜੋ ਕਿ ਏਸ਼ੀਆਈ ਖਾਸ ਕਰਕੇ ਜਪਾਨੀਆਂ ਨੂੰ ਖੇਤੀਯੋਗ ਉਪਜਾਊ ਜ਼ਮੀਨ ਲੈਣ ਤੋਂ ਰੋਕਦਾ ਸੀ।

ਆਪਣੀ ਪੜ੍ਹਾਈ ਦੇ ਵਿਚਾਲੇ ਸੌਂਦ ਨੇ ਫੂਡ ਕੈਨਿੰਗ ਛੱਡ ਕੇ ਗਣਿਤ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ, ਫਿਰ ਐੱਮਏ ਕਰਨ ਮਗਰੋਂ ਉਨ੍ਹਾਂ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਰੈਂਚ ਤੇ ਜਰਮਨ ਭਾਸ਼ਾਵਾਂ ਵੀ ਸਿੱਖੀਆਂ।

ਇਸ ਵੇਲੇ ਤੱਕ ਉਨ੍ਹਾਂ ਨੇ ਅਮਰੀਕਾ ਨੂੰ ਹੀ ਆਪਣਾ ਘਰ ਬਣਾਉਣ ਦਾ ਮਨ ਬਣਾ ਲਿਆ ਸੀ।

ਜਦੋਂ ਸੌਂਦ ਨੇ ਕਿਸਾਨੀ ਕਰਨ ਦਾ ਫ਼ੈਸਲਾ ਲਿਆ

ਸੌਂਦ ਨੇ ਆਪਣੀ ਪੜ੍ਹਾਈ ਦੌਰਾਨ ਅਮਰੀਕੀ ਇਤਿਹਾਸ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਪੜ੍ਹਿਆ। ਉਹ ਅਮਰੀਕੀ ਸੰਸਥਾਵਾਂ ਅਤੇ ਇੱਥੋਂ ਦੇ ਲੋਕਤੰਤਰ ਤੋਂ ਕਾਫੀ ਪ੍ਰਭਾਵਿਤ ਹੋਏ।

ਸੌਂਦ ਲਿਖਦੇ ਹਨ, “ਮੈਨੂੰ ਪਤਾ ਸੀ ਕਿ ਮੇਰੇ ਤੇ ਮੇਰੀ ਕੌਮੀਅਤ ਵਾਲੇ ਲੋਕਾਂ ਲਈ ਕੈਲੀਫੌਰਨੀਆ ’ਚ ਕਾਫੀ ਘੱਟ ਉਪਲੱਬਧੀਆਂ ਹਨ, ਮੈਂ ਇੱਕ ਨਾਗਰਿਕ ਨਹੀਂ ਸੀ ਤੇ ਨਾਂ ਹੀ ਬਣ ਸਕਦਾ ਸੀ।”

“ਮੈਂ ਇੰਪੀਰੀਅਲ ਵੈਲੀ ਦੇ ਕੁਝ ਭਾਰਤੀਆਂ ਨੂੰ ਮਿਲਿਆ ਸੀ, ਇਸ ਲਈ ਮੈਂ ਸਾਲ 1925 ਦੀਆਂ ਗਰਮੀਆਂ ਵਿੱਚ ਦੱਖਣੀ ਕੈਲੀਫੌਰਨੀਆ ਦੇ ਰੇਗਿਸਤਾਨ ’ਚ ਜਾ ਕੇ ਕਿਸਾਨੀ ਕਰਨ ਦਾ ਫ਼ੈਸਲਾ ਲਿਆ।”

ਦਲੀਪ ਸਿੰਘ ਦੀ ਪਹਿਲੀ ਨੌਕਰੀ ਇੰਪੀਰੀਅਲ ਵੈਲੀ ਵਿੱਚ ਇੱਕ ਕਪਾਹ ਪੁੱਟਣ ਵਾਲੇ ਸਮੂਹ ਦੀ ਨਿਗਰਾਨੀ ਕਰਨ ਦੀ ਸੀ। ਇਸ ਦੌਰਾਨ ਉਹ ਵਿਹਲੇ ਸਮੇਂ ਸਾਹਿਤ, ਕਵਿਤਾ, ਡਰਾਮਾ, ਅਮਰੀਕੀ ਇਤਿਹਾਸ ਬਾਰੇ ਪੜ੍ਹਦੇ ਰਹਿੰਦੇ ਸਨ।

ਇਸ ਮਗਰੋਂ ਉਨ੍ਹਾਂ ਨੇ 80 ਏਕੜ ਦੇ ਖੇਤ ਵਿੱਚ ਲੈਟਸ ਦੀ ਖੇਤੀ ਕਰਨੀ ਸ਼ੁਰੂ ਕੀਤੀ, ਪਰ ਇਸ 'ਚ ਉਨ੍ਹਾਂ ਨੂੰ ਘਾਟਾ ਪਿਆ।1930 ਵਿੱਚ ਉਨ੍ਹਾਂ ਦੁਬਾਰਾ ਖੇਤੀ ਸ਼ੁਰੂ ਕੀਤੀ ਤੇ ਇਹ ਫਾਇਦੇਮੰਦ ਰਹੀ।

ਇਸੇ ਸਮੇਂ ਦੌਰਾਨ ਸਿੱਖ ਟੈਂਪਲ ਸਟੌਕਟਨ ਵੱਲੋਂ ਉਨ੍ਹਾਂ ਨੂੰ ਕੈਥਰੀਨ ਮੇਓ ਨਾਮ ਦੀ ਲੇਖਿਕਾ ਦੀ ਕਿਤਾਬ ‘ਮਦਰ ਇੰਡੀਆ’ ਦਾ ਜਵਾਬ ਲਿਖਣ ਲਈ ਕਿਹਾ ਗਿਆ। ਇਸ ਕਿਤਾਬ ਦਾ ਉਸ ਵੇਲੇ ਭਾਰਤ ਵਿੱਚ ਕਈ ਹਲਕਿਆਂ 'ਚ ਵਿਰੋਧ ਹੋਇਆ ਸੀ।

ਸੌਂਦ ਨੇ ਇਸ ਦੇ ਜਵਾਬ ਵਿੱਚ ‘ਮਾਈ ਮਦਰ ਇੰਡੀਆ’ ਕਿਤਾਬ ਲਿਖੀ।

ਦਲੀਪ ਸਿੰਘ ਸੌਂਦ ਦੀ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕਿਵੇਂ ਹੋਈ

ਆਪਣੀ ਜੀਵਨੀ ਵਿੱਚ ਦਲੀਪ ਲਿਖਦੇ ਹਨ, “ਇੱਕ ਸ਼ਾਮ ਮੈਂ ਹਾਲੀਵੁੱਡ ਦੀ ਯੁਨੀਟੇਰੀਅਨ ਚਰਚ ਵਿੱਚ ਬੋਲਣ ਲਈ ਗਿਆ, ਇੱਥੇ ਮੈਂ ਐਮਿਲ ਜੇ ਕੋਸਾ ਨਾਮ ਦੇ ਨੌਜਵਾਨ ਨੂੰ ਮਿਲਿਆ ਜਿਸ ਨੇ ਮੈਨੂੰ ਆਪਣੇ ਮਾਪਿਆਂ ਨੂੰ ਮਿਲਣ ਲਈ ਘਰ ਬੁਲਾਇਆ।”

ਦਲੀਪ ਸਿੰਘ ਸੌਂਦ ਨੂੰ ਇਸ ਨੌਜਵਾਨ ਦੇ ਘਰ ਜਾ ਕੇ ਪਤਾ ਲੱਗਾ ਕਿ ਕੋਸਾ ਦੀ ਮਾਂ ਤੇ ਭੈਣ ਉਸੇ ਜਹਾਜ਼ ਵਿੱਚ ਸਵਾਰ ਸਨ ਜਿਸ ਵਿੱਚ ਉਹ ਅਮਰੀਕਾ ਆਏ ਸਨ।

ਸੌਂਦ ਦੀ ਇਸ ਪਰਿਵਾਰ ਨਾਲ ਡੂੰਘੀ ਸਾਂਝ ਪੈ ਗਈ ਅਤੇ ਉਹ ਸਿਆਸਤ, ਸਾਹਿਤ ਤੇ ਹੋਰ ਮਾਮਲਿਆਂ ਬਾਰੇ ਗੱਲਬਾਤ ਕਰਨ ਲਈ ਅਕਸਰ ਇੱਥੇ ਜਾਂਦੇ ਸਨ।

ਸੌਂਦ ਲਿਖਦੇ ਹਨ ਉਨ੍ਹਾਂ ਨੂੰ ਇੱਕ ਸ਼ਾਮ ਮਾਸਾਰਿਕ ਕਲੱਬ ਵਿੱਚ ਬੋਲਣ ਲਈ ਬੁਲਾਇਆ ਗਿਆ, ਐਮਿਲ ਦੀ ਭੈਣ ਮਾਰੀਆਨ ਲੋਕ ਨਾਚ ਦੀ ਪੇਸ਼ਕਾਰੀ ਦੇਣ ਵਾਲੇ ਇੱਕ ਡਾਂਸ ਗਰੁੱਪ ਦੀ ਲੀਡਰ ਸੀ।

“ਮੇਰੀਆਂ ਨਜ਼ਰਾਂ ਕਦੇ ਮਾਰੀਆਨ ਤੋਂ ਨਹੀਂ ਹਟੀਆਂ, ਮੈਨੂੰ ਪਤਾ ਲੱਗਾ ਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਹੈ।”

“ਮੇਰੀ ਉਮਰ 28 ਸਾਲ ਸੀ, ਮੇਰਾ ਕੋਈ ਸੁਰੱਖਿਅਤ ਭਵਿੱਖ ਨਹੀਂ ਦਿੱਸ ਰਿਹਾ ਸੀ, ਕਾਨੂੰਨ ਦੇ ਮੁਤਾਬਕ ਮੈਂ ਨਾਗਰਿਕ ਵੀ ਨਹੀਂ ਬਣ ਸਕਦਾ ਸੀ।”

“ਮੈਂ ਆਪਣੀ ਕੋਸ਼ਿਸ਼, ਲਗਨ ਤੇ ਸਮਰਪਣ ਜਾਰੀ ਰੱਖਿਆ। ਮੇਰੇ ਕੋਲ ਦਲੇਰੀ ਵੀ ਬਹੁਤ ਸੀ ਅਤੇ ਪਿਆਰ ਵੀ।”

“ਸਾਲ 1928 ਵਿੱਚ ਹੋਇਆ ਸਾਡਾ ਵਿਆਹ ਜ਼ਿੰਦਗੀ ਲਈ ਇੱਕ ਅਹਿਮ ਮੋੜ ਸੀ।”

ਨਾਗਰਿਕਤਾ ਹਾਸਲ ਕਰਨ ਲਈ ਜੱਦੋ-ਜਹਿਦ

ਸਿਆਸੀ ਖੇਤਰ ਵਿੱਚ ਲਗਨ ਰੱਖਦੇ ਦਲੀਪ ਸਿੰਘ ਨੇ ਸਾਲ 1932 ਤੱਕ ਇਹ ਸੋਚ ਲਿਆ ਸੀ ਕਿ ਉਨ੍ਹਾਂ ਦੀ ਸੋਚ ਡੈਮੋਕ੍ਰੈਟਿਕ ਪਾਰਟੀ ਦੇ ਨੇੜੇ ਹੈ।

ਕਿਰਸਾਨੀ ਦੇ ਕੰਮ ਦੇ ਨਾਲ-ਨਾਲ ਸੌਂਦ ਇੰਪੀਰੀਅਲ ਵੈਲੀ ਵਿੱਚ ਕਈ ਸਥਾਨਕ ਸਮਾਜਿਕ ਸਰਗਰਮੀਆਂ ਵਿੱਚ ਭਾਗ ਲੈਂਦੇ ਸਨ।

ਮਾਰੀਆਨ ਤੇ ਸੌਂਦ ਦੇ ਤਿੰਨ ਬੱਚੇ ਹੋਏ, ਜਿਵੇਂ-ਜਿਵੇਂ ਉਨ੍ਹਾਂ ਦਾ ਸਮਾਂ ਬੀਤਿਆ ਉਹ ਅਮਰੀਕੀ ਤੌਰ ਤਰੀਕਿਆਂ ਦੇ ਹੋਰ ਨੇੜੇ ਹੋਏ, ਪਰ ਉਹ ਹਾਲੇ ਵੀ ਅਮਰੀਕੀ ਨਾਗਰਿਕ ਨਹੀਂ ਸਨ।

ਸੌਂਦ ਅਤੇ ਹੋਰ ਭਾਰਤੀਆਂ ਨੇ ਅਮਰੀਕਾ ਵਿੱਚ ਨਾਗਰਿਕ ਬਣਨ ਦਾ ਹੱਕ ਲੈਣ ਲਈ ਗਤੀਵਿਧੀਆਂ ਸ਼ੁਰੂ ਕੀਤੀਆਂ ਤੇ ‘ਇੰਡੀਅਨ ਐਸੋਸੀਏਸ਼ਨ ਆਫ ਅਮਰੀਕਾ’ ਨਾਂ ਦੀ ਸੰਸਥਾ ਬਣਾਈ। ਇਸ ਸੰਸਥਾ ਦਾ ਮੁੱਖ ਦਫ਼ਤਰ ਲਾਸ ਏਂਜਲਸ ਵਿੱਚ ਸੀ।

ਦਲੀਪ ਲਿਖਦੇ ਹਨ, “ਸਾਡੇ ਕੋਲ ਦੋ ਹੀ ਰਾਹ ਸਨ, ਪਹਿਲਾ ਸੀ ਕਿ ਅਸੀਂ ਅਮਰੀਕਾ ਦੀ ਸੁਪਰੀਮ ਕੋਰਟ ਦੇ ਭਾਰਤੀਆਂ ਨੂੰ ਨਾਗਰਿਕਤਾ ਲਈ ਅਯੋਗ ਐਲਾਨਣ ਵਾਲੇ ਫ਼ੈਸਲੇ ਦੇ ਉਲਟ ਫ਼ੈਸਲਾ ਲਈਏ। ਦੂਜਾ, ਕਿ ਅਸੀਂ ਅਮਰੀਕੀ ਕਾਂਗਰਸ ਵਿੱਚ ਇੱਕ ਵਿਸ਼ੇਸ਼ ਬਿੱਲ ਪਾਸ ਕਰਵਾਈਏ, ਮੈਂ ਦੂਜੇ ਦਾ ਹਾਮੀ ਸੀ।”

ਸੌਂਦ ਲਿਖਦੇ ਹਨ ਕਿ ਲੋਕ ਉਨ੍ਹਾਂ ਨੂੰ ਕਹਿੰਦੇ ਸੀ ਜੰਗ ਦੇ ਸਮੇਂ ਅਮਰੀਕਾ ਰਹਿੰਦੇ 2000 ਜਾਂ 2500 ਭਾਰਤੀਆਂ ਲਈ ਬਿੱਲ ਪਾਸ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਦਿਮਾਗ਼ ਚੈੱਕ ਕਰਵਾ ਲੈਣਾ ਚਾਹੀਦਾ ਹੈ ਪਰ “ਮੈਨੂੰ ਅਮਰੀਕੀ ਨਿਆਂ ਪ੍ਰਬੰਧ ਅਤੇ ਆਪਣੇ ਟੀਚੇ ਦੇ ਸਹੀ ਹੋਣ ਉੱਤੇ ਪੂਰਾ ਯਕੀਨ ਸੀ।”

ਦਲੀਪ ਅਤੇ ਹੋਰ ਕਾਰਕੁਨਾਂ ਦੇ ਯਤਨਾਂ ਦੇ ਨਤੀਜੇ ਵਜੋਂ ਲੂਸ-ਸੈੱਲ ਬਿੱਲ ਸਾਲ 1943 ਵਿੱਚ ਅਮਰੀਕੀ ਕਾਂਗਰਸ ਵਿੱਚ ਪੇਸ਼ ਹੋਇਆ। ਇਸ ਬਿੱਲ ਉੱਤੇ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ ਟਰੂਮਨ ਵੱਲੋਂ 2 ਜੁਲਾਈ 1946 ਨੂੰ ਦਸਤਖ਼ਤ ਕੀਤੇ ਗਏ।

ਕਾਨੂੰਨ ਬਣਨ ਤੋਂ ਤਿੰਨ ਸਾਲ ਬਾਅਦ ਸੌਂਦ ਅਮਰੀਕੀ ਨਾਗਰਿਕ ਬਣੇ।

ਜਨਵਰੀ 1953 ਵਿੱਚ ਦਲੀਪ ਸਿੰਘ ਸੌਂਦ ਨੇ ਇੰਪੀਰੀਅਲ ਕਾਊਂਟੀ ਦੇ ਵੈਸਟਮੋਰਲੈਂਡ ਤੋਂ ਜੱਜ ਦੀ ਚੋਣ ਜਿੱਤੀ ਅਤੇ ਚਾਰ ਸਾਲ ਇੱਥੋਂ ਦੇ ਜੱਜ ਰਹੇ।

ਅਮਰੀਕਾ ਵਿੱਚ ਪਹਿਲੇ ਏਸ਼ੀਆਈ ਕਾਂਗਰਸ ਮੈਂਬਰ

ਦਲੀਪ ਸਿੰਘ ਸੌਂਦ ਇੰਪੀਰੀਅਲ ਕਾਊਂਟੀ ਤੋਂ ਅਮਰੀਕੀ ਕਾਂਗਰਸ ਮੈਂਬਰ ਦੀ ਚੋਣ ਰਿਪਬਲਿਕਨ ਪਾਰਟੀ ਦੀ ਇੱਕ ਦਮਦਾਰ ਉਮੀਦਵਾਰ ਨੂੰ ਹਰਾ ਕੇ ਜਿੱਤੀ ਸੀ।

ਇਹ ੳਮੀਦਵਾਰ ਸਨ ਜੈਕਲੀਨ ਕੋਕਰਨ, ਜੋ ਕਿ ਇੱਕ ਪਾਇਲਟ ਸਨ। ਉਹ ਆਪਣੇ ਵੇਲੇ ਦੇ ਵਿਸ਼ਵ ਪ੍ਰਸਿੱਧ ਰੇਸਿੰਗ ਪਾਇਲਟ ਸਨ। ਉਨ੍ਹਾਂ ਦਾ ਸਿਆਸਤ ਵਿੱਚ ਵੀ ਚੰਗਾ ਰਸੂਖ਼ ਸੀ।

ਸੌਂਦ ਦੇ ਵਿਰੋਧੀਆਂ ਨੇ ਉਨ੍ਹਾਂ ’ਤੇ ਕਾਂਗਰਸ ਮੈਂਬਰ ਬਣਨ ਲਈ 7 ਸਾਲਾਂ ਤੱਕ ਅਮਰੀਕੀ ਨਾਗਰਿਕ ਹੋਣ ਦੀ ਸ਼ਰਤ ਨਾ ਪੂਰੀ ਕਰਨ ਦੇ ਇਲਜ਼ਾਮ ਲਾਏ ਤੇ ਉਨ੍ਹਾਂ ਦਾ ਨਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆਇਆ।

ਉਸ ਵੇਲੇ ਸੌਂਦ ਦੀ ਚੋਣ ਮੁਹਿੰਮ ਨਾਲ ਜੁੜੇ ਰਹੇ 97 ਸਾਲਾ ਅਮਰਜੀਤ ਸਿੰਘ ਮਾਰਵਾਹ ਦੱਸਦੇ ਹਨ, “ਸੌਂਦ ਇੱਕ ਲਾਜਵਾਬ ਬੁਲਾਰਾ ਸੀ, ਉਨ੍ਹਾਂ ਵਿੱਚ ਲੋਕਾਂ ਨਾਲ ਜੁੜਨ ਦੀ ਤਾਕਤ ਸੀ।”

ਮਾਰਵਾਹ ਸਾਲ 1953 ਵਿੱਚ ਫੁੱਲਬ੍ਰਾਈਟ ਫੈਲੋਸ਼ਿਪ ਉੱਤੇ ਅਮਰੀਕਾ ਵਿੱਚ ਪੜ੍ਹਨ ਗਏ ਸਨ, ਮਾਰਵਾਹ ਦੇ ਸੌਂਦ ਨਾਲ ਪਰਿਵਾਰਕ ਰਿਸ਼ਤੇ ਸਨ।

ਉਹ ਦੱਸਦੇ ਹਨ, "ਕਿਉਂਕਿ ਸੌਂਦ ਦੀ ਪਤਨੀ ਇੱਕ ਅਮਰੀਕੀ ਸੀ ਅਤੇ ਉਹ ਕਲੀਨ ਸ਼ੇਵ ਸਨ ਇਸ ਤਰ੍ਹਾਂ ਉਹ ਲੋਕਾਂ ਲਈ ਇੱਕ ਆਮ ਅਮਰੀਕੀ ਹੀ ਸਨ।"

ਹਾਲਾਂਕਿ ਸੌਂਦ ਲਿਖਦੇ ਹਨ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੀਆਂ ਭਾਰਤੀ ਜੜ੍ਹਾਂ ਨੂੰ ਵਿਰੋਧੀਆਂ ਵੱਲੋਂ ਰੱਜ ਕੇ ਉਨ੍ਹਾਂ ਦੇ ਖ਼ਿਲਾਫ਼ ਵਰਤਿਆ ਗਿਆ।

ਮਾਰਵਾਹ ਦੱਸਦੇ ਹਨ, “ਮੈਂ ਪੱਗ ਬੰਨ੍ਹਦਾ ਸੀ ਇਸ ਲਈ ਮੈਂ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਪਿੱਛੇ ਰਹਿ ਕੇ ਹੀ ਕੰਮ ਕਰਦਾ ਸੀ ਤਾਂ ਜੋ ਮੇਰੀ ਦਿੱਖ ਦਾ ਸੌਂਦ ਨੂੰ ਨੁਕਸਾਨ ਨਾ ਹੋਵੇ।”

ਮਾਰਵਾਹ ਦੱਸਦੇ ਹਨ, “ਇਹ ਚੋਣ ਦਲੀਪ ਸਿੰਘ ਸੌਂਦ ਵਜੋਂ ਨਹੀਂ ਸਗੋਂ ਜੱਜ ਡੀਐੱਸ ਸੌਂਦ ਵਜੋਂ ਲੜੀ ਸੀ, ਕਿਸੇ ਨੂੰ ਉਨ੍ਹਾਂ ਦੇ ਪਿਛੋਕੜ ਬਾਰੇ ਨਹੀਂ ਪਤਾ ਸੀ।"

ਪੈਸਿਆਂ ਅਤੇ ਸਾਧਨਾਂ ਦੀ ਘਾਟ ਹੁੰਦਿਆਂ ਵੀ ਦਲੀਪ ਸਿੰਘ ਸੌਂਦ ਨੇ ਮਿਹਨਤ ਨਾਲ ਚੋਣ ਪ੍ਰਚਾਰ ਕੀਤਾ। ਕਿਸਾਨਾਂ ਦੀ ਸਬਸਿਡੀ ਦਾ ਮੁੱਦਾ ਉਨ੍ਹਾਂ ਦੇ ਮੁੱਖ ਚੋਣ ਮੁੱਦਿਆਂ ਵਿੱਚੋਂ ਇੱਕ ਸੀ।

ਦਲੀਪ ਸਿੰਘ ਸੌਂਦ ਨੇ ਇਹ ਚੋਣ 3300 ਵੋਟਾਂ ਨਾਲ ਜਿੱਤੀ ਅਤੇ ਅਮਰੀਕੀ ਕਾਂਗਰਸ ਵਿੱਚ ਜਾਣ ਵਾਲੇ ਪਹਿਲੇ ਏਸ਼ੀਆਈ ਬਣੇ।

ਮਾਰਵਾਹ ਦੱਸਦੇ ਹਨ, “ਇਸ ਮਗਰੋਂ ਸੌਂਦ ਵਾਸ਼ਿੰਗਟਨ ਵਿੱਚ ਕੈਪੀਟਲ ਹਿੱਲ ਪਹੁੰਚੇ ਜਿੱਥੇ ਅਸੀਂ ਉਨ੍ਹਾਂ ਦਾ ਪੂਰਾ ਨਾਮ ‘ਡਾ. ਦਲੀਪ ਸਿੰਘ ਸੌਂਦ’ ਐਲਾਨਿਆ।”

ਨਵੰਬਰ 1957 ’ਚ ਦਲੀਪ ਸਿੰਘ ਸੌਂਦ 37 ਸਾਲਾਂ ਬਾਅਦ ਭਾਰਤ ਵਾਪਸ ਆਏ ਸਨ।

ਉਨ੍ਹਾਂ ਦਾ ਜਹਾਜ਼ ਕੋਲਕਾਤਾ ਵਿਖੇ ਉੱਤਰਦਿਆਂ ਇੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਹੋਇਆ। ਜਦੋਂ ਸੌਂਦ ਅਤੇ ਉਨ੍ਹਾਂ ਦੀ ਪਤਨੀ ਛੱਜਲਵੱਡੀ ਪਹੁੰਚੇ ਤਾਂ ਆਲੇ-ਦੁਆਲੇ ਤੋਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਦੇਖਣ-ਸੁਣਨ ਲਈ ਆਏ ਸਨ।

ਸੌਂਦ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕਈ ਅਹਿਮ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਐੱਸ ਰਾਧਾਕ੍ਰਿਸ਼ਨਨ ਵੀ ਸ਼ਾਮਲ ਸਨ।

ਮਾਰਵਾਹ ਦੱਸਦੇ ਹਨ ਕਿ ਸੌਂਦ 1962 ਦੀ ਚੋਣ ਵੀ ਲੜਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਅਧਰੰਗ ਹੋ ਗਿਆ ਸੀ।

ਦਲੀਪ ਸਿੰਘ ਸੌਂਦ ਦੀ 22 ਅਪ੍ਰੈਲ, 1973 ਨੂੰ ਕਰੀਬ 74 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)