ਰਾਮ ਸਿੰਘ ਕੌਣ ਸਨ, ਜਿਨ੍ਹਾਂ ਦੀ ਤਸਵੀਰ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਦਰਬਾਰ ਹਾਲ 'ਚ ਲੁਆਈ ਸੀ

    • ਲੇਖਕ, ਅਮਨਪ੍ਰੀਤ ਕੌਰ ਪੰਨੂ
    • ਰੋਲ, ਬੀਬੀਸੀ ਪੱਤਰਕਾਰ

ਭਾਈ ਰਾਮ ਸਿੰਘ ਉਹ ਸਿੱਖ ਇਮਾਰਤਸਾਜ਼ ਹੈ, ਜਿਨ੍ਹਾਂ ਦੇ ਹੱਥਾਂ ਦੀਆਂ ਤਰਾਸ਼ੀਆਂ ਇਮਾਰਤਾਂ ਦਾ ਬੋਲਬਾਲਾ ਪੂਰੀ ਦੁਨੀਆ ਵਿੱਚ ਹੋਇਆ ਅਤੇ ਜਿਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਦੇ ਮਹਿਲ ਵਿੱਚ 'ਸਰ' ਕਹਿ ਕੇ ਬੁਲਾਇਆ ਜਾਂਦਾ ਸੀ।

"ਰਾਮ ਸਿੰਘ ਸਿਰਫ਼ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤਸਾਜ਼ ਬਣੇਗਾ। ਉੱਚੇ ਮੁਕਾਮ ਹਾਸਲ ਕਰੇਗਾ।"

1875 ਵਿੱਚ ਮੇਓ ਸਕੂਲ ਆਫ ਆਰਟ, ਲਾਹੌਰ ਦੇ ਪ੍ਰਿੰਸੀਪਲ ਵਜੋਂ ਪਹਿਲੀ ਸਾਲਾਨਾ ਰਿਪੋਰਟ ਵਿੱਚ ਜੌਨ ਲੋਕਵੁੱਡ ਕਿਪਲਿੰਗ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਨੂੰ ਰਾਮ ਸਿੰਘ ਨੇ ਸੱਚੀਓਂ ਹਕੀਕਤ ਵਿੱਚ ਬਦਲ ਕੇ ਦਿਖਾਇਆ।

ਖਾਲਸਾ ਕਾਲਜ, ਅੰਮ੍ਰਿਤਸਰ ਦੀ ਇਮਾਰਤ 'ਤੇ ਇੱਕ ਵਾਰ ਕਿਸੇ ਦੀਆਂ ਨਜ਼ਰਾਂ ਜਾਂਦੀਆਂ ਤਾਂ ਉਹ ਉਸ ਨੂੰ ਦੇਖਦਾ ਰਹਿ ਜਾਂਦਾ। ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਸ ਇਮਾਰਤ ਦਾ ਨਕਸ਼ਾ ਰਾਮ ਸਿੰਘ ਨੇ ਤਿਆਰ ਕੀਤਾ ਸੀ।

ਇਸੇ ਤਰ੍ਹਾਂ ਲਾਹੌਰ ਦਾ ਚੰਬਾ ਹਾਊਸ, ਲੰਡਨ ਦੇ ਵਿਕਟੋਰੀਆ ਪੈਲੇਸ ਦਾ ਦਰਬਾਰ ਹਾਲ, ਸੈਨੇਟ ਹਾਊਸ ਲਾਹੌਰ ਤੇ ਹੋਰ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਰਾਮ ਸਿੰਘ ਦੇ ਹੱਥਾਂ ਦੀਆਂ ਵਾਹੀਆਂ ਲਕੀਰਾਂ ਰਾਹੀਂ ਤਰਾਸ਼ੀਆਂ ਗਈਆਂ ਹਨ।

ਰਾਮ ਸਿੰਘ ਬਾਰੇ ਇਹ ਜਾਣਕਾਰੀ ਪਰਵੇਜ਼ ਵੰਡਾਲ ਅਤੇ ਉਨ੍ਹਾਂ ਦੀ ਪਤਨੀ ਸਾਜਿਦਾ ਵੰਡਾਲ ਵੱਲੋਂ ਲਿਖੀ ਕਿਤਾਬ 'ਦ ਰਾਜ, ਲਾਹੌਰ ਅਤੇ ਭਾਈ ਰਾਮ ਸਿੰਘ' ਵਿੱਚ ਦਰਜ ਹੈ।

ਪਰਵੇਜ਼ ਵੰਡਾਲ ਅਤੇ ਸਾਜਿਦਾ ਵੰਡਾਲ ਨੇ ਪਾਕਿਸਤਾਨ ਦੇ ਲਾਹੌਰ ਵਿਖੇ ਨੈਸ਼ਨਲ ਸਕੂਲ ਆਫ ਆਰਟਸ (ਜੋ ਪਹਿਲਾਂ ਮੇਓ ਅਕੂਲ ਆਫ ਆਰਟਸ ਸੀ) ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਅਤੇ ਸਾਜਿਦਾ ਵੰਡਾਲ ਉਥੋਂ ਦੇ ਪ੍ਰਿੰਸੀਪਲ ਵੀ ਰਹੇ ਹਨ।

ਇਹ ਕਿਤਾਬ ਅਤੇ ਇਤਿਹਾਸਕਾਰਾਂ ਵੱਲੋਂ ਦਰਜ ਜਾਣਕਾਰੀ ਰਾਮ ਸਿੰਘ ਦੇ ਰੁਤਬੇ ਨਾਲ ਰੁਬਰੂ ਕਰਵਾਉਂਦੀ ਹੈ।

ਇਸ ਲੇਖ ਵਿੱਚ ਬਟਾਲੇ ਦੇ ਰਸੂਲਪੁਰ ਪਿੰਡ 'ਚ ਜਨਮੇ ਰਾਮ ਸਿੰਘ ਦੇ ਜੀਵਨ ਅਤੇ ਬੇਮਿਸਾਲ ਇਮਾਰਤਸਾਜ਼ ਬਣਨ ਤੱਕ ਦੇ ਸਫ਼ਰ 'ਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਰਿਪੋਰਟ ਵਿੱਚ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਕਿਤਾਬ 'ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ' ਉੱਤੇ ਅਧਾਰਿਤ ਹੈ।

ਬਟਾਲਾ ਹੈ ਰਾਮ ਸਿੰਘ ਦੀ ਜਨਮਭੂਮੀ

1 ਅਗਸਤ 1858 ਨੂੰ ਜ਼ਿਲ੍ਹਾ ਗੁਰਦਸਪੁਰ ਵਿੱਚ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਇੱਕ ਰਾਮਗੜ੍ਹੀਆ ਸੋਹਲ ਪਰਿਵਾਰ ਵਿੱਚ ਰਾਮ ਸਿੰਘ ਦਾ ਜਨਮ ਹੋਇਆ।

ਉਨ੍ਹਾਂ ਦੇ ਪਿਤਾ ਆਸਾ ਸਿੰਘ ਕੋਲ ਪਿੰਡ ਵਿੱਚ ਥੋੜੀ ਜਿਹੀ ਜ਼ਮੀਨ ਸੀ, ਪਰ ਆਰਥਿਕ ਤੰਗੀ ਕਰਕੇ ਉਹ ਅੰਮ੍ਰਿਤਸਰ ਆ ਕੇ ਵੱਸ ਗਏ।

ਕਿਤਾਬ 'ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ' ਵਿੱਚ ਲਿਖਿਆ ਗਿਆ ਹੈ ਕਿ ਪੂਰੀ ਸੰਭਾਵਨਾ ਹੈ ਰਾਮ ਸਿੰਘ ਦੇ ਪਿਤਾ ਆਸਾ ਸਿੰਘ ਅੰਮ੍ਰਿਤਸਰ ਦੀ ਲੱਕੜ ਮੰਡੀ ਨੇੜੇ ਵੱਸ ਗਏ ਸਨ, ਜਿੱਥੇ ਹੋਰ ਤਰਖਾਣਾਂ ਦੀਆਂ ਦੁਕਾਨਾਂ ਵੀ ਸਨ।

ਅੰਮ੍ਰਿਤਸਰ ਦੀ ਇਸ ਲੱਕੜ ਮੰਡੀ ਨੂੰ ਸਥਾਨਕ ਤੌਰ 'ਤੇ ਚੀਲ ਮੰਡੀ ਕਿਹਾ ਜਾਂਦਾ ਹੈ।

1847 ਤੋਂ 1857 ਤੱਕ ਦੇ ਦਹਾਕੇ ਦੌਰਾਨ ਪੰਜਾਬ 'ਚ ਉੱਥਲ-ਪੁਥਲ ਵਾਲਾ ਦੌਰ ਰਿਹਾ। ਇਸ ਦੌਰਾਨ ਸਿੱਖ ਰਾਜ ਦਾ ਅੰਤ ਹੋਇਆ, ਈਸਟ ਇੰਡੀਆ ਕੰਪਨੀ ਆਈ ਨੇ ਪੰਜਾਬ ਉੱਤੇ ਕਬਜ਼ਾ ਕਰਕੇ ਸਮੁੱਚੇ ਭਾਰਤ ਨੂੰ ਮਹਾਰਾਣੀ ਵਿਕਟੋਰੀਆ ਦੇ ਰਾਜ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਪੂਰੀ ਕਰ ਲਈ ਸੀ।

ਇਸੇ ਕਿਤਾਬ ਵਿੱਚ ਰਾਮ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਦਾ ਵੀ ਜ਼ਿਕਰ ਹੈ। ਕਿਤਾਬ ਵਿੱਚ ਇੱਕ ਹਵਾਲਾ ਹੈ ਕਿ ਰਾਮ ਸਿੰਘ ਦੇ ਪੋਤੇ ਦੀ ਵਧਾਵਾ ਮੁਤਾਬਕ ਆਸਾ ਸਿੰਘ ਇੱਕ ਵੱਡੇ ਜ਼ਿਮੀਦਾਰ ਸਨ ਤੇ ਉਨ੍ਹਾਂ ਨੇ ਹੀ ਰਾਮ ਸਿੰਘ ਨੂੰ ਮਿਸ਼ਨ ਸਕੂਲ ਵਿੱਚ ਪੜ੍ਹਾਇਆ।

ਮਿਸ਼ਨ ਸਕੂਲ 'ਚ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਇਸ ਸਕੂਲ ਦੇ ਅੰਗਰੇਜ਼ ਅਧਿਆਪਕਾਂ ਨੇ ਰਾਮ ਸਿੰਘ ਨੂੰ ਸਲਾਹ ਦਿੱਤੀ, "ਲਾਹੌਰ ਮੇਓ ਸਕੂਲ ਆਫ਼ ਆਰਟ ਖੁੱਲ੍ਹ ਰਿਹਾ ਹੈ, ਅਗਾਂਹ ਦੀ ਪੜ੍ਹਾਈ ਲਈ ਉਥੇ ਦਾਖਲਾ ਲਵੇ।"

ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਹਾਰਵੇ ਅੰਮ੍ਰਿਤਸਰ ਆਉਂਦਾ ਰਹਿੰਦਾ ਸੀ, ਜਿਸ ਨੂੰ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਦੀ ਸਿਰਜਣਾ ਸ਼ਕਤੀ ਤੇ ਤੀਖ਼ਣ ਬੁੱਧੀ ਬਾਰੇ ਦੱਸਿਆ।

ਸਾਲ 1874 ਵਿੱਚ ਰਾਮ ਸਿੰਘ ਨੇ ਲਾਹੌਰ ਮੇਓ ਸਕੂਲ ਵਿੱਚ ਦਾਖਲਾ ਲੈ ਲਿਆ, ਇਸ ਦਾ ਪਹਿਲਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ। 1875 ਵਿੱਚ ਇਸ ਸਕੂਲ ਨੂੰ ਮੇਓ ਸਕੂਲ ਵਿੱਚ ਬਦਲ ਦਿੱਤਾ ਗਿਆ ਅਤੇ ਇੱਥੇ ਕੁੱਲ 20 ਵਿਦਿਆਰਥੀਆਂ ਨੇ ਦਾਖ਼ਲਾ ਲਿਆ।

ਸਕੂਲ ਦੇ ਪ੍ਰਿੰਸੀਪਲ ਜੌਨ ਲੋਕਵੁੱਡ ਕਿਪਲਿੰਗ ਨੇ ਪਹਿਲੀ ਸਲਾਨਾ ਰਿਪੋਰਟ ਵਿੱਚ ਲਿਖਿਆ, "ਹੋਣਹਾਰ ਵਿਦਿਆਰਥੀਆਂ ਵਿੱਚ ਸ਼ਿਲਪਕਾਰ ਦਾ ਪੁੱਤ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਲੋਹਾਰ ਸ਼ੇਰ ਮੁਹੰਮਦ ਅਤੇ ਐਡਵਿਨ ਹੋਲਡਨ ਹਨ। ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੇ ਮੁਕਾਮ ਹਾਸਲ ਕਰੇਗਾ। ਸਿਰਫ਼ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤਸਾਜ਼ ਬਣੇਗਾ।"

ਜ਼ਾਹਰ ਹੈ ਸਿੱਖਾਂ ਦੀ ਰਾਮਗੜ੍ਹੀਆ ਮਿਸਲ ਦੇ ਤਰਖਾਣਾਂ ਵਿੱਚ ਮਾਹਰ ਕਾਰੀਗਰ ਹੋਣ ਦੀ ਪੁਰਾਣੀ ਪਰੰਪਰਾ ਹੈ। ਇਹ ਤਾਂ ਸਪੱਸ਼ਟ ਹੈ ਕਿ ਮੁੱਢਲੇ ਗੁਣ ਰਾਮ ਸਿੰਘ ਨੇ ਆਪਣੇ ਪਰਿਵਾਰ ਦੇ ਰਵਾਇਤੀ ਕਾਰੋਬਾਰ ਤੋਂ ਹੀ ਸਿੱਖੇ ਸਨ।

ਇਸ ਦੀ ਇੱਕ ਉਦਾਹਰਣ ਵੀ ਮਿਲਦੀ ਹੈ ਕਿ, ਇੱਕ ਵਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਿਆਨੋ ਖ਼ਰਾਬ ਹੋ ਗਿਆ ਸੀ, ਤਾਂ ਉਨ੍ਹਾਂ ਨੇ ਉਸ ਦੀ ਮੁਰਮੰਤ ਅਤੇ ਪਾਲਿਸ਼ ਲਈ ਮਿਸਤਰੀ ਲੱਭਣੇ ਸ਼ੁਰੂ ਕਰ ਦਿੱਤੇ।

ਉਸ ਸਮੇਂ ਰਾਮ ਸਿੰਘ 16 ਸਾਲ ਦੇ ਸਨ। ਡਿਪਟੀ ਕਮਿਸ਼ਨਰ ਤੱਕ ਇਹ ਗੱਲ ਪਹੁੰਚਾਈ ਗਈ ਕਿ ਰਾਮ ਸਿੰਘ ਨੂੰ ਇਹ ਕੰਮ ਸੌਂਪਿਆ ਜਾਵੇ, ਉਸ ਤੋਂ ਵੱਧ ਕੇ ਕੋਈ ਕਾਰੀਗਰ ਜ਼ਿਲ੍ਹੇ ਵਿੱਚ ਨਹੀਂ ਹੈ।

ਇਸ ਕੰਮ ਕਰਕੇ ਰਾਮ ਸਿੰਘ ਨੂੰ ਖੂਬ ਸਰਾਹਨਾ ਵੀ ਮਿਲੀ। ਪਰ ਇਹ ਕੰਮ ਉਨ੍ਹਾਂ ਨੇ ਸਕੂਲ ਤੋਂ ਨਹੀਂ ਆਪਣੇ ਪਿਤਾ ਕੋਲੋਂ ਹੀ ਸਿੱਖਿਆ ਸੀ।

ਵਿਦਿਆਰਥੀ ਜੀਵਨ ਦੌਰਾਨ ਕੀਤੇ ਕੰਮ

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪ੍ਰੋ. ਹਰਪਾਲ ਸਿੰਘ ਪੰਨੂ ਲਿਖਦੇ ਹਨ, 1837 ਵਿੱਚ ਜਨਮੇ ਜੌਨ ਲਾਕਵੁੱਡ ਕਿਪਲਿੰਗ ਨੂੰ ਬੁੱਤ-ਤਰਾਸ਼ੀ ਦਾ ਸ਼ੌਂਕ ਸੀ। ਉਸ ਨੂੰ ਅੰਗਰੇਜ਼ੀ ਵਿੱਦਿਆ ਨੀਤੀ ਪਸੰਦ ਨਹੀਂ ਆਈ ਕਿਉਂਕਿ ਅੰਗਰੇਜ਼ ਵਿੱਦਿਆ ਨੀਤੀ ਤਹਿਤ ਭਾਰਤੀ ਕਲਾ ਨੂੰ ਨਖਿੱਧ ਸਮਝਿਆ ਜਾਂਦਾ ਸੀ।

ਕਿਪਲਿੰਗ ਦਾ ਕਹਿਣਾ ਸੀ ਕਿ ਇਨ੍ਹਾਂ ਲੋਕਾਂ ਨੂੰ ਲਾਤੀਨੀ ਅਤੇ ਯੂਨਾਨੀ ਕਲਾ ਨਾ ਸਿਖਾਓ, ਇਨ੍ਹਾਂ ਕੋਲ ਆਪਣੀ ਵੱਖਰੀ ਅਮੀਰ ਕਲਾ ਹੈ, ਇਸ ਲਈ ਇਨ੍ਹਾਂ ਤੋਂ ਸਿਖਾਂਗੇ ਵੀ ਅਤੇ ਸਿਖਾਵਾਂਗੇ ਵੀ। ਫਿਰ 1875 ਵਿੱਚ ਉਹ ਬੰਬੇ ਤੋਂ ਲਾਹੌਰ ਮੇਓ ਸਕੂਲ ਆਫ਼ ਆਰਟ ਸਥਾਪਤ ਕਰਨ ਲਈ ਪੁੱਜੇ।

ਇਸ ਸਕੂਲ ਵਿੱਚ ਰਾਮ ਸਿੰਘ 8 ਸਾਲ ਤੱਕ ਵਿਦਿਆਰਥੀ ਰਹੇ। ਸਾਲ 1883 ਵਿੱਚ 25 ਸਾਲ ਦੀ ਉਮਰ ਵਿੱਚ ਉਹ ਅਸਿਸਟੈਂਟ ਡਰਾਇੰਗ ਅਤੇ ਕਾਰਪੈਂਟਰੀ ਮਾਸਟਰ ਦੀ ਹੈਸੀਅਤ ਵਿੱਚ ਗੈਰ-ਗਜ਼ਟਿਡ ਸਟਾਫ ਵਜੋਂ ਸਕੂਲ ਦੀ ਸੇਵਾ ਵਿੱਚ ਸ਼ਾਮਲ ਹੋਏ। ਰਾਮ ਸਿੰਘ ਇਸ ਸਕੂਲ ਦੇ ਪ੍ਰਿੰਸੀਪਲ ਵੀ ਰਹੇ।

12 ਦਸੰਬਰ 1911 ਨੂੰ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ (ਐੱਮਵੀਓ) ਮਿਲਣ 'ਤੇ ਪ੍ਰਕਾਸ਼ਿਤ ਕੀਤੇ ਗਏ ਮੈਮੋਰੰਡਮ ਵਿੱਚ ਰਾਮ ਸਿੰਘ ਵੱਲੋਂ ਵਿਦਿਆਰਥੀ ਜੀਵਨ ਦੌਰਾਨ ਕੀਤੇ ਗਏ 4 ਕੰਮਾਂ ਦਾ ਜ਼ਿਕਰ ਕੀਤਾ ਗਿਆ:

  • ਕਿਪਲਿੰਗ ਦੇ ਨਿਰਦੇਸ਼ਨ ਹੇਠ ਸਕੂਲ ਦੀ ਪੁਰਾਣੀ ਇਮਾਰਤ ਦਾ ਡਿਜ਼ਾਈਨ ਤਿਆਰ ਕਰਨਾ। (1881)
  • ਮੈਲਬੌਰਨ ਪ੍ਰਦਰਸ਼ਨੀ ਲਈ ਇੱਕ ਸ਼ੋਅ ਕੇਸ ਦਾ ਡਿਜ਼ਾਈਨ ਤਿਆਰ ਕੀਤਾ, ਜਿਸ ਨੂੰ ਇੱਕ ਸਰਟੀਫਿਕੇਟ ਅਤੇ ਮੈਡਲ ਪ੍ਰਾਪਤ ਹੈ। (1880-81)
  • ਕਲਕੱਤਾ ਵਿਖੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਲਈ ਸਾਈਡਬੋਰਡਾਂ ਦਾ ਡਿਜ਼ਾਈਨ ਤਿਆਰ ਕੀਤਾ, ਇਸ ਨੂੰ ਵੀ ਸਰਟੀਫਿਕੇਟ ਅਤੇ ਮੈਡਲ ਮਿਲਿਆ। (1883)
  • ਪੰਜਾਬ ਪ੍ਰਦਰਸ਼ਨੀ ਲਈ ਫਰਨੀਚਰ ਤਿਆਰ ਕੀਤੇ, ਜਿਸ ਲਈ ਉਨ੍ਹਾਂ ਨੂੰ 25-25 ਰੁਪਏ ਦੇ ਦੋ ਪਹਿਲੇ ਇਨਾਮ ਮਿਲੇ ਸਨ। (1881-82)

ਭਾਰਤ ਅਤੇ ਵਿਦੇਸ਼ਾਂ 'ਚ ਹੋਣ ਵਾਲੀਆਂ ਪ੍ਰਦਰਸ਼ਨੀਆਂ 'ਚ ਵਿਦਿਆਰਥੀਆਂ ਅਤੇ ਸਟਾਫ ਦੇ ਕੰਮਾਂ ਨੂੰ ਭੇਜਣਾ ਸਕੂਲ ਲਈ ਇੱਕ ਰੁਟੀਨ ਵਾਂਗ ਸੀ ਅਤੇ ਰਾਮ ਸਿੰਘ ਨੇ ਇਨ੍ਹਾਂ ਸਭ ਵਿੱਚ ਅਹਿਮ ਯੋਗਦਾਨ ਦਿੱਤਾ।

'ਦਰਬਾਰ ਹਾਲ' ਰਾਹੀਂ ਇੰਗਲੈਂਡ 'ਚ ਭਾਰਤ ਦੀ ਛਾਪ ਛੱਡੀ

ਰਾਮ ਸਿੰਘ ਨੇ ਮੇਓ ਸਕੂਲ 'ਚ ਗਿਆਰਾਂ ਸਾਲਾਂ ਤੋਂ ਵੀ ਵੱਧ ਸਮਾਂ ਪੜ੍ਹਾਇਆ।

ਅਧਿਆਪਕਾਂ ਦੇ ਹਾਜ਼ਰੀ ਰਜਿਸਟਰ 'ਤੇ ਕਿਪਲਿੰਗ ਨੇ ਸਭ ਤੋਂ ਉਪਰ ਨਾਮ 'ਭਾਈ ਰਾਮ ਸਿੰਘ' ਲਿਖਿਆ ਸੀ। ਇਹ ਰਜਿਸਟਰ ਨੈਸ਼ਨਲ ਸਕੂਲ ਆਫ਼ ਆਰਟ ਵਿੱਚ ਅੱਜ ਵੀ ਮੌਜੂਦ ਹੈ।

ਇਹ ਸਾਲ ਉਨ੍ਹਾਂ ਲਈ ਕਾਫੀ ਰੁਝੇਵੇਂ ਭਰੇ ਰਹੇ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਰਾਮ ਸਿੰਘ ਨੇ ਆਰਕੀਟੈਕਚਰ ਦੇ ਕਈ ਕੰਮ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਲਈ ਸਮੱਗਰੀ ਤਿਆਰ ਕੀਤੀ।

ਇਨ੍ਹਾਂ ਸਾਲਾਂ ਦੌਰਾਨ ਰਾਮ ਸਿੰਘ ਕੋਲ ਇਮਾਰਤਾਂ ਬਣਵਾਉਣ ਲਈ ਵੱਡੇ-ਵੱਡੇ ਰਾਜੇ ਤੇ ਵਜ਼ੀਰ ਆਉਂਦੇ ਰਹਿੰਦੇ, ਇੰਨਾ ਹੀ ਨਹੀਂ ਇਸ ਦੌਰਾਨ ਕਈ ਸ਼ਾਹੀ ਪ੍ਰੋਜੈਕਟਾਂ ਦੀ ਵੀ ਪੇਸ਼ਕਸ਼ ਹੋਈ, ਜਿਨ੍ਹਾਂ ਨੂੰ ਰਾਮ ਸਿੰਘ ਨੇ ਸਵਿਕਾਰਿਆ ਅਤੇ ਬਾਖ਼ੂਬੀ ਨਿਭਾਇਆ।

ਪਹਿਲਾ ਸ਼ਾਹੀ ਪ੍ਰੋਜੈਕਟ ਇੰਗਲੈਂਡ ਦੇ ਡਿਊਕ ਅਤੇ ਡਚੈਸ ਦਾ ਆਇਆ। ਸਰੀ ਵਿੱਚ ਬੈਗਸ਼ੌਟ ਪਾਰਕ ਵਿੱਚ ਡਿਊਕ ਆਫ਼ ਕਨਾਟ ਲਈ ਬਿਲੀਅਰਡ ਰੂਮ ਦਾ ਅੰਦਰੂਨੀ ਹਿੱਸਾ ਤਿਆਰ ਕਰਨਾ ਸੀ।

ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ ਸਕੂਲ ਨੂੰ 1884 ਵਿੱਚ ਡਿਊਕ ਅਤੇ ਡਚੈਸ ਦੀ ਫੇਰੀ ਤੋਂ ਬਾਅਦ ਦਿੱਤਾ ਗਿਆ ਸੀ, ਜਦੋਂ ਸ਼ਾਹੀ ਜੋੜਾ ਸਕੂਲ ਵਿੱਚ ਲੱਕੜ ਦੀ ਨਕਾਸ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।

ਬਿਲੀਅਰਡ ਰੂਮ ਲਈ, ਕਿਪਲਿੰਗ ਨੇ ਰਾਮ ਸਿੰਘ ਨੂੰ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਕਿਹਾ ਅਤੇ 1885 ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੋਵੇਂ ਬਿਲੀਅਰਡ-ਰੂਮ ਲਈ ਡਿਜ਼ਾਈਨ ਤਿਆਰ ਕਰਨ 'ਚ ਰੁੱਝੇ ਰਹੇ।

ਪਰ ਇਹ ਸਿਲਸਿਲਾ ਸਿਰਫ਼ ਇੱਥੇ ਨਹੀਂ ਰੁਕਿਆ। ਬਿਲਿਅਰਡ ਰੂਮ ਦਾ ਕੰਮ ਇਕ ਹੋਰ ਸ਼ਾਹੀ ਕਮਿਸ਼ਨ ਵੱਲ ਲੈ ਗਿਆ। ਇਸ ਵਾਰ ਖੁਦ ਮਹਾਰਾਣੀ ਵਿਕਟੋਰੀਆ ਵੱਲੋਂ ਪੇਸ਼ਕਸ਼ ਆਈ।

ਮਹਾਰਾਣੀ ਆਪਣੇ ਪੁੱਤ ਨੂੰ ਮਿਲਣ ਗਏ ਅਤੇ ਬਿਲੀਅਰਡ ਰੂਮ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਮਹਾਰਾਣੀ ਦੇ ਓਸਬੋਰਨ ਹਾਊਸ ਵਿੱਚ ਉਸ ਸਮੇਂ ਵੱਡੇ ਇਕੱਠ ਰੱਖਣ ਲਈ ਇੱਕ ਵੱਡਾ ਕਮਰਾ ਸ਼ਿੰਗਾਰਨ ਵਾਲਾ ਸੀ।

ਉਨ੍ਹਾਂ ਨੇ 1890 ਵਿੱਚ ਇੰਗਲੈਂਡ ਛੁੱਟੀਆਂ ਮਨਾਉਣ ਗਏ ਕਿਪਲਿੰਗ ਨਾਲ ਸੰਪਰਕ ਕੀਤਾ ਗਿਆ। ਕਿਪਲਿੰਗ ਨੇ ਸਿੱਧਾ ਕਿਹਾ, "ਭਾਈ ਰਾਮ ਸਿੰਘ ਨੂੰ ਸੱਦਾ ਭੇਜੋ।"

ਕਿਪਲਿੰਗ ਨੇ ਭਾਈ ਰਾਮ ਸਿੰਘ ਵੱਲੋਂ ਸ਼ਰਤਾਂ ਤੈਅ ਕੀਤੀਆਂ, "100 ਪੌਂਡ ਸਫ਼ਰ ਦਾ ਖ਼ਰਚਾ, 5 ਪੌਂਡ ਹਰ ਹਫ਼ਤੇ ਤਨਖ਼ਾਹ ਅਤੇ ਰਿਹਾਇਸ਼ ਵੀ ਮਹਿਲ ਨੇੜੇ ਹੀ ਦਿੱਤੀ ਜਾਵੇ।"

ਇਸ ਦੇ ਨਾਲ ਹੀ ਕਿਪਲਿੰਗ ਨੇ ਮਹਾਰਾਣੀ ਦੇ ਸੱਕਤਰ ਨੂੰ ਸਮਝਾਇਆ ਕਿ "ਰਾਮ ਸਿੰਘ ਇੱਕ ਸਿੱਖ ਹੈ, ਉਹ ਮਰ ਜਾਵੇਗਾ ਪਰ ਬੀਫ਼ ਅਤੇ ਤੰਬਾਕੂ ਨੂੰ ਛੂਹੇਗਾ ਤੱਕ ਨਹੀਂ।"

ਰਾਮ ਸਿੰਘ ਸਕੂਲ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਇੰਗਲੈਂਡ ਪਹੁੰਚ ਗਏ। ਮਹੀਨੇ ਬਾਅਦ ਕੰਮ ਸਮਝਾ ਕੇ ਵਾਪਸ ਪਰਤਨ ਲੱਗੇ ਤਾਂ ਕਾਰੀਗਰਾਂ ਨੇ ਆਖਿਆ ਰਾਮ ਸਿੰਘ ਤੋਂ ਬਿਨ੍ਹਾਂ ਕੰਮ ਨਹੀਂ ਹੋ ਸਕਦਾ, ਉਨ੍ਹਾਂ ਨੂੰ ਇਥੇ ਰਹਿਣਾ ਪਵੇਗਾ। ਫਿਰ ਦਰਬਾਰ ਹਾਲ ਦੀ ਸਜਾਵਟ ਲਈ ਛੁੱਟੀ ਹੋਰ ਵਧਾਈ ਗਈ।

ਇਸ ਲਈ ਰਾਮ ਸਿੰਘ ਨੇ ਇੱਕ ਪੈਲ਼ ਪਾਉਂਦਾ ਮੋਰ ਤਿਆਰ ਕੀਤਾ, ਜਿਸ ਨੂੰ ਬਣਾਉਣ ਲਈ ਉਨ੍ਹਾਂ ਨੂੰ 500 ਘੰਟੇ ਦਾ ਸਮਾਂ ਲੱਗਿਆ ਸੀ।

ਹਾਲ ਤਿਆਰ ਹੋਣ ਮਗਰੋਂ ਇੱਥੇ ਭਾਰਤੀ ਫਰਨੀਚਰ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਰਾਮ ਸਿੰਘ ਨੂੰ ਹੀ ਸੌਂਪੀ ਗਈ। ਆਖਿਰ 1893 ਵਿੱਚ ਦਰਬਾਰ ਹਾਲ ਪੂਰੀ ਤਰ੍ਹਾਂ ਤਿਆਰ ਹੋ ਗਿਆ।

ਜਿਵੇਂ ਹੀ ਕੰਮ ਮੁਕੰਮਲ ਹੋਇਆ ਯੂਰਪ ਦੀਆਂ ਅਖ਼ਬਾਰਾਂ ਦੇ ਮੁੱਖ ਪੰਨਿਆਂ 'ਤੇ ਰਾਮ ਸਿੰਘ ਛਾ ਗਏ। ਮਹਿਲਾਂ ਤੋਂ ਤੋਹਫ਼ੇ ਆਉਣ ਲੱਗੇ। ਮਹਾਰਾਣੀ ਨੇ ਖੁਸ਼ ਹੋ ਕੇ ਆਪਣੇ ਦਸਤਖ਼ਤ ਵਾਲੀ ਪੇਂਟਿੰਗ ਅਤੇ ਪੈੱਨ-ਕੇਸ ਉਨ੍ਹਾਂ ਨੂੰ ਤੋਹਫ਼ੇ ਵੱਜੋਂ ਦਿੱਤਾ।

ਮਹਾਰਾਣੀ ਦੇ ਮਹਿਲ ਦੀ ਕੰਧ 'ਤੇ ਸਜੀ ਰਾਮ ਸਿੰਘ ਦੀ ਤਸਵੀਰ

ਮਹਾਰਾਣੀ ਨੇ ਆਪਣੇ ਕੋਰਟ ਦੇ ਆਸਟਰੀਆ ਦੇ ਚਿੱਤਰਕਾਰ ਰਡੋਲਫ ਸੁਬੋਦਾ ਕੋਲੋਂ ਰਾਮ ਸਿੰਘ ਦਾ ਇੱਕ ਚਿੱਤਰ ਵੀ ਤਿਆਰ ਕਰਵਾਇਆ ਗਿਆ, ਜੋ ਦਰਬਾਰ ਹਾਲ ਵਿੱਚ ਦਾਖ਼ਲ ਹੁੰਦਿਆਂ ਹੀ ਗੇਟ 'ਤੇ ਦਿੱਸਦਾ ਹੈ।

ਮਹਾਰਾਣੀ ਨੇ ਖ਼ਾਸ ਚਿੱਤਰਕਾਰ ਸੱਦ ਕੇ 3 ਭਾਰਤੀਆਂ ਦੀਆਂ ਤਸਵੀਰਾਂ ਮਹਿਲ ਦੀਆਂ ਕੰਧਾਂ 'ਤੇ ਲਗਵਾਈਆਂ ਸਨ, ਮਹਾਰਾਜਾ ਦਲੀਪ ਸਿੰਘ, ਮੁਨਸ਼ੀ ਅਬਦੁਲ ਕਰੀਮ ਅਤੇ ਰਾਮ ਸਿੰਘ। ਇਹ ਤਿੰਨੋ ਹੀ ਦਸਤਾਰਧਾਰੀ ਸਨ।

ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਲਿਖਦੇ ਹਨ ਕਿ ਇਸ ਹਾਲ ਦਾ ਨਾਮ ਪਹਿਲਾਂ ਇੰਡੀਅਨ ਰੂਮ ਰੱਖਿਆ ਗਿਆ ਸੀ। ਪਰ ਰਾਮ ਸਿੰਘ ਨੇ ਮਹਾਰਾਣੀ ਨੂੰ ਕਿਹਾ ਕਿ "ਇਹ ਨਾਮ ਸੋਹਣਾ ਨਹੀਂ, ਇਸ ਦਾ ਨਾਮ 'ਦਰਬਾਰ ਹਾਲ' ਹੋਵੇਗਾ, ਜਿਸ ਦਾ ਮਤਲਬ ਹੈ ਰਾਇਲ ਕੋਰਟ ਆਫ ਏਸ਼ੀਆ... ਇੰਡੀਅਨ ਕਹਿਣ ਦੀ ਲੋੜ ਹੀ ਨਹੀਂ।"

ਲੇਖ ਵਿੱਚ ਇਹ ਵੀ ਜ਼ਿਕਰ ਹੈ ਕਿ ਮਹਾਰਾਣੀ ਜਦ ਵੀ ਹਾਲ 'ਚ ਜਾਣ ਦਾ ਫ਼ੈਸਲਾ ਕਰਦੇ ਤਾਂ ਭਾਰਤੀ ਲਿਬਾਸ ਪਹਿਨਦੇ ਅਤੇ ਕਹਿੰਦੇ ਕਿ, "ਇਸ ਹਾਲ ਵਿੱਚ ਏਸ਼ੀਆ ਵੱਸਦਾ ਹੈ।"

ਇਸ ਤੋਂ ਬਾਅਦ ਹੀ ਮਹਾਰਾਣੀ ਨੇ ਸ਼ਾਹੀ ਮਹਿਮਾਨ ਵੱਜੋਂ ਰਾਮ ਸਿੰਘ ਨੂੰ ਸੱਦਾ ਦੇ ਕੇ ਰਾਤ ਦੇ ਖਾਣੇ 'ਤੇ ਬੁਲਾਇਆ ਅਤੇ ਇੰਗਲੈਂਡ ਦੀ ਆਨਰੇਰੀ ਨਾਗਰਿਕਤਾ ਦਿੱਤੀ।

ਰਾਮ ਸਿੰਘ ਨੂੰ ਮੈਂਬਰਸ਼ਿਪ ਆਫ ਵਿਕਟੋਰੀਅਨ ਆਰਡਰ (ਐੱਮਵੀਓ) ਵੀ ਮਿਲਿਆ। ਇਹ ਸਨਮਾਨ ਮਿਲਣ ਵਾਲੇ ਨੂੰ ਮਹਾਰਾਣੀ ਦੇ ਰਾਜ ਵਿੱਚ ਲਿਖਣ ਅਤੇ ਬੋਲਣ ਸਮੇਂ 'ਸਰ' ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।

ਪ੍ਰਿੰਸੀਪਲ ਕਿਪਲਿੰਗ ਜਦ ਵੀ ਰਾਮ ਸਿੰਘ ਬਾਰੇ ਦੱਸਦੇ ਤਾਂ ਹਮੇਸ਼ਾ ਇਹੀ ਕਹਿੰਦੇ, 'ਸਾਡੇ ਸਭ ਤੋਂ ਹੋਣਹਾਰ ਆਰਕੀਟੈਕਟ ਭਾਈ ਰਾਮ ਸਿੰਘ ਸਰ।'

ਹੋਰ ਵਿਰਾਸਤੀ ਇਮਾਰਤਾਂ ਦੇ ਨਕਸ਼ੇ

ਕਿਤਾਬ 'ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ' ਮੁਤਾਬਕ, 1893 ਵਿੱਚ ਰਾਮ ਸਿੰਘ ਸਹਾਇਕ ਡਰਾਇੰਗ ਮਾਸਟਰ ਵਜੋਂ ਸਕੂਲ ਮੁੜ ਪਰਤ ਆਏ, ਪਰ ਅਹੁਦਾ ਅਜੇ ਵੀ ਗੈਰ-ਗਜ਼ੀਟਿਡ ਸੀ।

ਇਸ ਦੌਰਾਨ ਰਾਮ ਸਿੰਘ ਦੀ ਮੁਲਾਕਾਤ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ ਰਾਏ ਬਹਾਦਰ ਗੰਗਾ ਰਾਮ ਨਾਲ ਹੋਈ। ਉਹ ਅਕਸਰ ਰਾਮ ਸਿੰਘ ਨੂੰ ਆਪਣੇ ਵੱਡੇ ਪ੍ਰੋਜੈਕਟਾਂ ਵਿੱਚ ਸਹਾਇਕ ਰੱਖਦੇ ਸਨ।

ਜਿਹੜੇ ਵੀ ਕੰਮ ਉਨ੍ਹਾਂ ਨੇ ਗੰਗਾ ਰਾਮ ਨਾਲ ਮਿਲ ਕੇ ਕੀਤੇ ਉਨ੍ਹਾਂ ਦਾ ਜ਼ਿਕਰ ਐੱਮਵੀਓ ਮੈਮੋਰੈਂਡਮ ਵਿੱਚ ਵੀ ਕੀਤਾ ਗਿਆ ਹੈ। ਕੁਝ ਪ੍ਰਮੁੱਖ ਕੰਮ ਇਹ ਸਨ:

  • (1886) ਪੰਜਾਬ ਚੀਫ਼ਜ਼ ਕਾਲਜ, ਲਾਹੌਰ
  • (1886) ਫਿਰੋਜ਼ਪੁਰ ਦਾ ਮਿਉਂਸਿਪਲ ਹਾਲ ਅਤੇ ਦਫ਼ਤਰ
  • (1887) ਲੇਡੀ ਐਚਿਸਨ ਹਸਪਤਾਲ, ਲਾਹੌਰ
  • (1889-90) ਨਵਾਂ ਅਜਾਇਬ ਘਰ ਅਤੇ ਟੈਕਨੀਕਲ ਇੰਸਟੀਚਿਊਟ, ਲਾਹੌਰ
  • (1892) ਖਾਲਸਾ ਕਾਲਜ, ਅੰਮ੍ਰਿਤਸਰ

ਇਸ ਦੇ ਨਾਲ ਹੀ 1888 ਅਤੇ 1890 ਵਿੱਚ ਲਾਹੌਰ ਦੇ ਮੇਓ ਸਕੂਲ ਆਫ਼ ਆਰਟ ਕੈਂਪਸ ਵਿੱਚ ਦਾ ਵੀ ਵਿਸਥਾਰ ਕੀਤਾ ਗਿਆ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ, ਅੰਮ੍ਰਿਤਸਰ ਦਾ ਨਕਸ਼ਾ ਤਿਆਰ ਕਰਨਾ ਸੀ। ਸਿੱਖ ਆਪਣੇ ਬੱਚਿਆਂ ਨੂੰ ਸਿੱਖੀ 'ਚ ਪ੍ਰਪੱਕ ਕਰਨਾ ਅਤੇ 'ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਰਵਾਉਣਾ' ਚਾਹੁੰਦੇ ਸਨ।

ਖਾਲਸਾ ਕਾਲਜ ਦੀ ਸਥਾਪਨਾ ਲਈ ਸਿੱਖ ਸੰਸਥਾਵਾਂ 1883 ਤੋਂ ਹੀ ਵਿਚਾਰ ਕਰ ਰਹੀਆਂ ਸਨ ਤੇ ਅਖੀਰ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਬਣਾਉਣ ਦੀ ਸਹਿਮਤੀ ਬਣੀ।

1892 ਵਿੱਚ ਨੀਂਹ ਪੱਥਰ ਰੱਖਿਆ ਗਿਆ। ਉਸ ਸਮੇਂ ਰਾਮ ਸਿੰਘ ਇੰਗਲੈਂਡ ਸਨ ਅਤੇ ਖ਼ਤਾਂ ਰਾਹੀਂ ਸਲਾਹ ਦਿੰਦੇ ਰਹਿੰਦੇ ਸਨ, ਪਰ ਅਸਲ ਕੰਮ 1893 ਵਿੱਚ ਉਨ੍ਹਾਂ ਦੇ ਪਰਤ ਆਉਣ ਮਗਰੋਂ ਹੀ ਸ਼ੁਰੂ ਹੋਇਆ।

ਧਾਰਮਿਕ ਥਾਵਾਂ ਦੇ ਨਕਸ਼ੇ

ਰਾਮ ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਅੰਦਰਲਾ ਗੁਰਦੁਆਰਾ ਤਿਆਰ ਕੀਤਾ। ਉਥੇ ਹੀ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ ਤਿਆਰ ਕੀਤਾ, ਇਹ ਬੰਗਾਲ ਇਨਫੈਂਟਰੀ ਦੀ 36ਵੀਂ ਸਿੱਖ ਰੈਜੀਮੈਂਟ ਦੀ 1898 ਵਿੱਚ ਸਾਰਾਗੜ੍ਹੀ ਵਿਖੇ ਹੋਈ ਸ਼ਹਾਦਤ ਦੀ ਯਾਦ ਵਿੱਚ ਬਣਾਇਆ ਗਿਆ।

ਇਨ੍ਹਾਂ ਦੀ ਯਾਦ 'ਚ ਇੱਕ ਹੋਰ ਗੁਰਦੁਆਰਾ ਫਿਰੋਜ਼ਪੁਰ ਵਿੱਚ ਹੈ, ਜਿਸ ਦਾ ਨਕਸ਼ਾ ਰਾਮ ਸਿੰਘ ਨੇ ਹੀ ਤਿਆਰ ਕੀਤਾ।

ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜਾਇੰਗ ਅਤੇ ਵੁੱਡ ਕਰਵਿੰਗ ਦੀ ਸੇਵਾ ਕੀਤੀ।

ਜਦ ਇਸ਼ਨਾਨ ਕਰਦੇ ਸ਼ਰਧਾਲੂਆਂ ਦੇ ਡੁੱਬਣ ਦੀਆਂ ਦੁਰਘਟਨਾਵਾਂ ਹੋਣ ਲੱਗੀਆਂ ਤਾਂ ਮਾਰਬਲ ਦੀ ਰੇਲਿੰਗ ਫਿਕਸ ਕੀਤੀ ਗਈ।

ਰਾਮ ਸਿੰਘ ਦੀ ਨਿਰਾਸ਼ਾ

ਲੇਖਕ ਪਰਵੇਜ਼ ਵੰਡਾਲ ਤੇ ਸਾਜਿਦਾ ਵੰਡਾਲ ਇਸ ਦਾ ਜ਼ਿਕਰ ਕਰਦੇ ਹਨ ਕਿ, 1894 ਵਿੱਚ ਰਾਮ ਸਿੰਘ ਨੂੰ ਜੂਨੀਅਰ ਗ਼ਜ਼ੀਟਿਡ ਅਫਸਰ ਵੱਜੋਂ ਮਾਨਤਾ ਦਿੱਤੀ ਗਈ ਅਤੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ।

1896 ਵਿੱਚ ਰਾਮ ਸਿੰਘ ਵਾਈਸ ਪ੍ਰਿੰਸੀਪਲ ਦਾ ਆਹੁਦਾ ਸੰਭਾਲਿਆ, ਪਰ ਸਰਕਾਰੀ ਰਿਕਾਰਡ ਵਿੱਚ ਉਨ੍ਹਾਂ ਨੂੰ ਡਰਾਇੰਗ ਮਾਸਟਰ ਹੀ ਲਿਖਿਆ ਹੋਇਆ ਸੀ।

1909 'ਚ ਪ੍ਰਿੰਸੀਪਲ ਲੱਗਣ 'ਤੇ ਵੀ ਰਾਮ ਸਿੰਘ ਦੀ ਤਨਖਾਹ 1875 'ਚ ਲੱਗੇ ਕਿਪਲਿੰਗ ਦੀ ਤਨਖਾਹ ਤੋਂ ਘੱਟ ਸੀ। ਰਾਮ ਸਿੰਘ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਰੈਗੂਲਰ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਜਾਵੇ।

ਅੰਗਰੇਜ਼ ਵਾਈਸ ਪ੍ਰਿੰਸੀਪਲ ਦੀ ਤਨਖਾਹ 500 ਸੀ ਤੇ ਜਦ ਰਾਮ ਸਿੰਘ ਵਾਈਸ ਪ੍ਰਿੰਸੀਪਲ ਸਨ ਅਤੇ ਉਨ੍ਹਾਂ ਦੀ ਤਨਖਾਹ 60 ਰੁਪਏ ਸੀ।

ਕਾਰਜਕਾਰੀ ਪ੍ਰਿੰਸੀਪਲ ਵਜੋਂ ਸਾਲ ਤੱਕ ਸੇਵਾ ਨਿਭਾਉਣ ਮਗਰੋਂ ਤੰਗ ਆ ਕੇ ਰਾਮ ਸਿੰਘ ਨੇ ਲੈਫਟੀਨੈਂਟ ਗਵਰਨਰ ਨੂੰ ਪੱਤਰ ਵਿੱਚ ਲਿਖਿਆ, "ਨਿਆਂਕਾਰੀ ਗਵਰਨਰ ਸਾਹਿਬ, ਮੇਰੀ ਚਮੜੀ ਦਾ ਰੰਗ ਭਾਵੇਂ ਅੰਗਰੇਜ਼ਾਂ ਨਾਲੋਂ ਵੱਖਰਾ ਹੈ ਪਰ ਗੁਣਾਂ ਦੀ ਕੋਈ ਘਾਟ ਨਹੀਂ ਹੈ।”

“ਸਕੂਲ ਦਾ ਪ੍ਰਿੰਸੀਪਲ ਬਣਨ ਲਈ ਮੇਰੇ 'ਚ ਕੀ ਕਮੀ ਹੈ? ਇਹ ਸਭ ਕੁਝ ਮੈਨੂੰ ਮੇਰੀ ਚਮੜੀ ਦੇ ਰੰਗ ਕਰਕੇ ਸਹਿਣਾ ਪੈ ਰਿਹਾ ਹੈ।"

ਆਖਰ 1910 ਨੂੰ ਰੈਗੂਲਰ ਪ੍ਰਿੰਸੀਪਲ ਬਣਨ ਦੇ ਆਰਡਰ ਮਿਲੇ। 38 ਸਾਲ ਤੱਕ ਸੇਵਾਵਾਂ ਨਿਭਾ ਕੇ 55 ਸਾਲ ਦੀ ਉਮਰ ਵਿੱਚ ਰਾਮ ਸਿੰਘ ਰਿਟਾਇਰ ਹੋ ਗਏ।

ਬੇਮਿਸਾਲ ਕਲਾ ਬਦੌਲਤ ਕਈ ਇਨਾਮ ਖੱਟੇ

ਰਾਮ ਸਿੰਘ ਦੀ ਕਲਾ ਅਤੇ ਹੁਨਰ ਨੂੰ ਦੇਖਦਿਆਂ ਅਖਬਾਰਾਂ 'ਚ ਉਨ੍ਹਾਂ ਨੂੰ ਲਾਹੌਰ ਦਾ ਪ੍ਰੋਫ਼ੈਸਰ ਆਫ ਆਰਟ, ਭਾਰਤੀ ਕਲਾਕਾਰ, ਮਹਾਰਾਣੀ ਵੱਲੋਂ ਕਮਿਸ਼ਨਡ ਅਫ਼ਸਰ ਲਾਇਆ ਗਿਆ ਭਾਰਤੀ, ਬੇਮਿਸਾਲ ਕਾਰੀਗਰ, ਹਿੰਦੂ ਇਮਾਰਤਸਾਜ਼, ਬੇਮਿਸਾਲ ਉਸਰੱਈਆ ਅਤੇ ਹੋਰ ਕਈ ਨਾਵਾਂ ਨਾਲ ਦਰਸਾਇਆ ਜਾਂਦਾ ਹੈ।

1905 ਵਿੱਚ ਐਡਵਰਡ 8ਵੇਂ ਦੀ ਤਾਜਪੋਸ਼ੀ ਦਾ ਜਸ਼ਨ ਮਨਾਉਣ ਲਈ ਦਿੱਲੀ ਦਰਬਾਰ 'ਚ ਲੱਗਣ ਵਾਲੀ ਪ੍ਰਦਰਸ਼ਨੀ ਦਾ ਪ੍ਰਬੰਧ ਰਾਮ ਸਿੰਘ ਨੂੰ ਸੌਂਪਿਆ ਗਿਆ ਸੀ। ਜਿਸ ਨੂੰ ਉਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਨਿਭਾਇਆ ਅਤੇ ਖੁਸ਼ ਹੋ ਕੇ ਵਾਈਸ ਰਾਏ ਨੇ ਉਨ੍ਹਾਂ ਦੇ ਸਮਾਜ ਲਈ ਕੀਤੇ ਕੰਮਾਂ ਬਦਲੇ 'ਕੈਸਰ-ਏ-ਹਿੰਦ' ਦਾ ਖ਼ਿਤਾਬ ਦਿੱਤਾ।

ਇਸੇ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਦਰਬਾਰ ਦਾ ਮੈਡਲ, ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ, 1907 ਵਿੱਚ 'ਸਰਦਾਰ ਸਾਹਿਬ' ਅਤੇ 1911 ਵਿੱਚ 'ਸਰਦਾਰ ਬਹਾਦਰ' ਦਾ ਖਿਤਾਬ ਵੀ ਮਿਲਿਆ।

ਜੀਵਨ ਦੇ ਆਖ਼ਰੀ ਸਾਲ

ਅਕਤੂਬਰ 1913 ਵਿੱਚ ਮੇਓ ਸਕੂਲ ਆਫ਼ ਆਰਟਸ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਦੇ ਪਿਤਾ-ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਨ੍ਹਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ-ਮੰਡੀ ਵਿਖੇ ਲੈ ਆਈ।

'ਦ ਰਾਜ, ਲਾਹੌਰ ਅਤੇ ਭਾਈ ਰਾਮ ਸਿੰਘ' ਕਿਤਾਬ ਵਿੱਚ ਪਰਿਵਾਰ ਨਾਲ ਕੀਤੀ ਗੱਲਬਾਤ ਦਾ ਜ਼ਿਕਰ ਹੈ। ਇਸ ਵਿੱਚ ਹਵਾਲਾ ਹੈ ਕਿ ਸੇਵਾਮੁਕਤ ਹੋਣ ਮਗਰੋਂ ਉਹ ਆਪਣੇ ਪੁੱਤਾਂ ਨਾਲ ਕੰਮ ਕਰਨ ਲੱਗੇ। ਉਨ੍ਹਾਂ ਦੇ ਪੋਤਿਆਂ ਦਾ ਦਾਅਵਾ ਹੈ ਕਿ ਦਿੱਲੀ ਵਿੱਚ ਉਨ੍ਹਾਂ ਦੀ ਜਾਇਦਾਦ ਸੀ ਜੋ 1947 ਵੇਲੇ ਹੋਰਾਂ ਨੇ ਦੱਬ ਲਈ।

ਪਰਿਵਾਰ ਮੁਤਾਬਕ ਕਦੇ-ਕਦੇ ਉਹ ਚਿੱਟੇ ਕਪੜੇ ਪਹਿਨ ਕੇ ਲਾਹੌਰ 'ਚ ਹੋ ਰਹੇ ਕੰਮਾਂ ਦਾ ਜ਼ਾਇਜ਼ਾ ਲੈਣ ਜਾਂਦੇ ਸਨ।

ਰਾਮ ਸਿੰਘ ਦੇ ਪੰਜ ਪੁੱਤ ਅਤੇ 2 ਧੀਆਂ ਸਨ। ਸੇਵਾਮੁਕਤ ਹੋਣ ਦੇ ਤਿੰਨ ਸਾਲ ਬਾਅਦ 1916 ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਆਪਣੀ ਧੀ ਦੇ ਘਰ ਦਿੱਲੀ ਵਿਖੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)