ਕੈਨੇਡਾ ਹਿੰਦੂ ਮੰਦਰ ਹਿੰਸਾ ਮਾਮਲਾ : ਕੌਣ ਹੈ ਮੁਅੱਤਲ ਕੀਤਾ ਗਿਆ ਪੁਲਿਸ ਅਧਿਕਾਰੀ ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ

ਤਸਵੀਰ ਸਰੋਤ, Getty Images
ਕੈਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਮੰਦਰ ਅੱਗੇ ਹੋਈ ਹਿੰਸਕ ਝੜਪ ਤੋਂ ਬਾਅਦ ਹਿੰਦੂ ਭਾਈਚਾਰੇ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਲੋਕ ਸੜਕਾਂ ਉੱਤੇ ਨਿਕਲੇ ਅਤੇ ਰੋਸ ਮੁਜ਼ਾਹਰੇ ਕੀਤੇ।
ਭਾਰਤ ਵਲੋਂ ਹਿੰਦੂ ਮੰਦਰ ਅੱਗੇ ਹੋਈ ਹਿੰਸਾ ਦਾ ਤਿੱਖਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੈਨੇਡਾ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ ਵੱਖ ਸਿਆਸੀ ਪਾਰਟੀਆਂਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਇਸੇ ਦੌਰਾਨ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਆਪਣੇ ਇੱਕ ਅਧਿਕਾਰੀ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਮੁੱਅਤਲ ਕੀਤੇ ਗਏ ਪੰਜਾਬੀ ਮੂਲ ਦੇ ਕੈਨੇਡੀਅਨ ਪੁਲਿਸ ਅਧਿਕਾਰੀ ਦੀ ਪਛਾਣ ਹਰਿੰਦਰ ਸੋਹੀ ਵਜੋਂ ਹੋਈ ਹੈ।
ਉਨ੍ਹਾਂ ਦੇ ਹਿੰਸਕ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੇ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕੀਤਾ ਗਿਆ ਸੀ।
ਇਸ ਵੀਡੀਓ 'ਚ ਸੋਹੀ ਨੂੰ ਹਿੰਦੂ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹੋਏ ਦਿਖਾਇਆ ਗਿਆ ਹੈ।
ਕੈਨੇਡਾ ਦੀ ਸਰਕਾਰੀ ਮੀਡੀਆ ਅਦਾਰੇ ਸੀਬੀਸੀ ਨਿਊਜ਼ ਦੀ ਇੱਕ ਰਿਪੋਰਟ ਮੁਤਾਬਿਕ ਕੈਮਰੇ 'ਤੇ ਕੈਦ ਹੋਈ ਵੀਡੀਓ 'ਚ ਸੋਹੀ ਨੇ ਖਾਲਿਸਤਾਨ ਦਾ ਝੰਡਾ ਫੜਿਆ ਹੋਇਆ ਸੀ।
ਜਦਕਿ ਵਿਰੋਧ ਪ੍ਰਦਰਸ਼ਨ ਵਿੱਚ ਹੋਰਨਾਂ ਵਲੋਂ ਭਾਰਤ ਵਿਰੋਧੀ ਨਾਅਰੇ ਲਗਾਏ ਜਾ ਰਹੇ ਸਨ।

ਕੌਣ ਹੈ ਹਰਿੰਦਰ ਸੋਹੀ ਅਤੇ ਕਿਉਂ ਹੋਏ ਮੁਅੱਤਲ
ਸੋਹੀ ਪੀਲ ਰੀਜਨਲ ਪੁਲਿਸ ਦਾ ਸਾਰਜੈਂਟ ਸੀ।
ਪੁਲਿਸ ਦੇ ਮੀਡੀਆ ਰਿਲੇਸ਼ਨਜ਼ ਅਫ਼ਸਰ ਰਿਚਰਡ ਚਿਨ ਨੇ ਸੀਬੀਸੀ ਨਿਊਜ਼ ਨੂੰ ਈਮੇਲ ਰਾਹੀ ਦੱਸਿਆ, "ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਸਥਾਨਕ ਪੁਲਿਸ ਫੋਰਸ ਦੇ ਧਿਆਨ ਵਿੱਚ ਆਈ। ਇਹ ਵੀਡੀਓ ਪ੍ਰਦਰਸ਼ਨ 'ਚ ਸ਼ਾਮਲ ਇੱਕ ਆਫ-ਡਿਊਟੀ ਪੀਲ ਪੁਲਿਸ ਅਧਿਕਾਰੀ ਨੂੰ ਦਰਸਾਉਂਦੀ ਹੈ।"
ਉਨ੍ਹਾਂ ਅੱਗੇ ਦੱਸਿਆ "ਇਸ ਅਧਿਕਾਰੀ ਨੂੰ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ ਦੇ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ।"
ਈਮੇਲ 'ਚ ਅੱਗੇ ਰਿਚਰਡ ਚਿਨ ਨੇ ਕਿਹਾ "ਅਸੀਂ ਵੀਡੀਓ ਵਿੱਚ ਦਰਸਾਏ ਗਏ ਸਮੁੱਚੇ ਹਾਲਾਤ ਦੀ ਜਾਂਚ ਕਰ ਰਹੇ ਹਾਂ ਅਤੇ ਜਦੋਂ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਹੋਰ ਜਾਣਕਾਰੀ ਦੇਣ ਵਿੱਚ ਅਸਮਰੱਥ ਹਾਂ।"
ਐਤਵਾਰ ਨੂੰ ਭਾਰਤੀ ਕੌਂਸਲਰ ਅਧਿਕਾਰੀਆਂ ਦੇ ਹਿੰਦੂ ਸਭਾ ਮੰਦਰ ਵਿੱਚ ਲਗਾਏ ਗਏ ਕੌਂਸਲੇਟ ਕੈਂਪ ਵਿੱਚ ਸ਼ਾਮਲ ਹੋਣ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਮੁਜ਼ਾਹਰਾ ਕੀਤਾ ਗਿਆ ਸੀ।
ਜਿਸ ਦੌਰਾਨ ਹਿੰਸਾ ਭੜਕ ਗਈ ਸੀ, ਇਸ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਤਸਵੀਰ ਸਰੋਤ, Getty Images
ਕੌਣ ਹਨ ਗ੍ਰਿਫਤਾਰ ਹੋਏ ਤਿੰਨ ਮੁਲਜ਼ਮ
ਮਾਮਲੇ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਰੋਸ ਮੁਜ਼ਾਹਰਿਆਂ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੀਲ ਰੀਜਨਲ ਪੁਲਿਸ ਨੇ ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ 'ਚ ਦੱਸਿਆ "ਐਤਵਾਰ, 3 ਨਵੰਬਰ, 2024 ਨੂੰ, ਦੁਪਹਿਰ ਲਗਭਗ 12:00 ਵਜੇ, ਮੁਜ਼ਾਹਰਾਕਾਰੀਆਂ ਦੇ ਇੱਕ ਸਮੂਹ ਵਲੋਂ ਉਲੰਘਣਾ ਕਰਨ ਦੀ ਸ਼ਿਕਾਇਤ ਦੇ ਜਵਾਬ ਵਿੱਚ, ਅਧਿਕਾਰੀ ਬਰੈਂਪਟਨ ਵਿੱਚ 'ਦ ਗੋਰ ਰੋਡ ਦੇ ਖੇਤਰ ਵਿੱਚ ਸਥਿਤ ਇੱਕ ਪੂਜਾ ਸਥਾਨ 'ਤੇ ਪਹੁੰਚੇ।"
"ਬਾਅਦ ਵਿੱਚ ਮਿਸੀਸਾਗਾ ਵਿੱਚ ਗੋਰਵੇਅ ਡਰਾਈਵ ਅਤੇ ਈਟੂਡ ਡਰਾਈਵ ਦੇ ਖੇਤਰ ਵਿੱਚ ਵੀ ਰੋਸ ਮੁਜ਼ਾਹਰੇ ਹੋਏ। ਮਿਸੀਸਾਗਾ ਵਿੱਚ ਏਅਰਪੋਰਟ ਰੋਡ ਅਤੇ ਡਰਿਊ ਰੋਡ ਦੇ ਨੇੜੇ ਇੱਕ ਪੂਜਾ ਸਥਾਨ ਉੱਤੇ ਥੋੜ੍ਹੀ ਦੇਰ ਬਾਅਦ ਇੱਕ ਤੀਜਾ ਵਿਰੋਧ ਹੋਇਆ। ਹਾਲਾਂਕਿ ਇਹ ਰੋਸ ਮੁਜ਼ਾਹਰੇ ਤਿੰਨ ਵੱਖ-ਵੱਖ ਸਥਾਨਾਂ 'ਤੇ ਹੋਏ, ਪਰ ਇਹ ਇੱਕ ਦੂਜੇ ਨਾਲ ਸਬੰਧਤ ਜਾਪਦੇ ਹਨ।"
"ਮੁਜ਼ਾਹਰਾਕਾਰੀ ਅਤੇ ਸ਼ਰਧਾਲੂਆਂ ਵਿਚਕਾਰ ਕਈ ਘਟਨਾਵਾਂ ਵਾਪਰੀਆਂ। ਨਤੀਜੇ ਵਜੋਂ, ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਦੋਸ਼ ਆਇਦ ਕੀਤੇ ਗਏ ਹਨ। "

ਤਸਵੀਰ ਸਰੋਤ, Getty Images
ਗ੍ਰਿਫਤਾਰ ਕੀਤੇ ਗਏ ਮਿਸੀਸਾਗਾ ਦੇ ਰਹਿਣ ਵਾਲੇ 43 ਸਾਲਾ ਵਿਅਕਤੀ ਦਿਲਪ੍ਰੀਤ ਸਿੰਘ ਬਾਊਂਸ 'ਤੇ ਸ਼ਾਂਤੀ ਭੰਗ ਕਰਨ ਅਤੇ ਸ਼ਾਂਤੀ ਅਧਿਕਾਰੀ 'ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ।
ਗ੍ਰਿਫਤਾਰ ਕੀਤੇ ਗਏ ਦੂਸਰੇ ਸ਼ਖ਼ਸ, ਜਿਸਦੀ ਪਛਾਣ ਬਰੈਂਪਟਨ ਨਿਵਾਸੀ 23 ਸਾਲਾ ਵਿਕਾਸ ਵਜੋਂ ਦੱਸੀ ਗਈ ਹੈ, 'ਤੇ ਹਥਿਆਰ ਨਾਲ ਹਮਲਾ ਕਰਨ ਦਾ ਇਲਜ਼ਾਮ ਲੱਗਿਆ ਹੈ।
ਅਤੇ ਗ੍ਰਿਫਤਾਰ ਹੋਏ ਤੀਜੇ ਸ਼ਖ਼ਸ, ਜਿਸਦੀ ਪਛਾਣ ਮਿਸੀਸਾਗਾ ਦੇ ਰਹਿਣ ਵਾਲੇ 31 ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਉੱਤੇ 5000 ਡਾਲਰ ਤੋਂ ਵੱਧ ਦੀ ਹੇਰਾਫੇਰੀ ਦੇ ਇਲਜ਼ਾਮ ਹਨ।
ਪੀਲ ਰੀਜਨਲ ਪੁਲਿਸ ਮੁਤਾਬਿਕ ਇਹ ਤਿੰਨੇ ਵਿਅਕਤੀ ਬਾਅਦ ਵਿੱਚ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੇ।

ਤਸਵੀਰ ਸਰੋਤ, Getty Images
ਮੰਦਰ ਅੱਗੇ ਹਿੰਸਾ ਖ਼ਿਲਾਫ਼ ਰੋਸ
ਐਤਵਾਰ ਨੂੰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਣ ਹਿੰਸਕ ਮੁਜਾਹਰੇ ਦੇ ਰੋਸ ਵਜੋਂ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਹੋਏ। ਕੈਨੇਡਾ ਪੁਲਿਸ ਮੁਤਾਬਕ ਤਿੰਨ ਥਾਵਾਂ ਉੱਤੇ ਅਜਿਹੇ ਰੋਸ ਮੁਜਾਹਰੇ ਹੋਏ ਹਨ।
ਮੰਦਰ ਅੱਗੇ ਹੋਈ ਹਿੰਸਾ ਖਿਲਾਫ਼ ਮੁਜਾਹਰੇ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਨੇ ਕਿਹਾ ਕਿ, ਕੈਨੇਡਾ ਸਾਡੀ ਜਾਨ ਹੈ ਅਤੇ ਭਾਰਤ ਵਿੱਚ ਸਾਡੀ ਜਾਨ ਵੱਸਦੀ ਹੈ। ਹਿੰਦੂ ਕੈਨੇਡੀਅਨ ਕੈਨੇਡਾ ਪ੍ਰਤੀ ਬਹੁਤ ਹੀ ਵਫਾਦਾਰ ਹਨ। ਹਿੰਦੂ ਕੈਨੇਡੀਅਨਾਂ ਨਾਲ ਜੋ ਕੁਝ ਹੋ ਰਿਹਾ ਹੈ ਉਹ ਠੀਕ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਸਮਝਣ ਕਿ ਹਿੰਦੂਆਂ ਨਾਲ ਜੋ ਹੋ ਰਿਹਾ ਹੈ, ਉਹ ਠੀਕ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਸਾਡੇ ਨਾਲ ਚੰਗਾ ਵਿਹਾਰ ਕਰੇ। ਅਸੀਂ ਭਾਰਤ ਅਤੇ ਕੈਨੇਡਾ ਦੇ ਸਬੰਧ ਮਜ਼ਬੂਤ ਚਾਹੁੰਦੇ ਹਨ ਅਤੇ ਜਿਹੜੇ ਲੋਕ ਇਸ ਦੇ ਵਿਰੋਧ ਵਿੱਚ ਹਨ ਅਸੀਂ ਉਨ੍ਹਾਂ ਦੇ ਖਿਲਾਫ਼ ਹਾਂ।
ਭਾਰਤੀ ਸਿਆਸੀ ਆਗੂਆਂ ਨੇ ਕੀਤੀ ਹਿੰਸਾ ਦੀ ਨਿਖੇਧੀ
ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੇ ਬਰੈਂਪਟਨ 'ਚ ਖਾਲਿਸਤਾਨੀ ਝੰਡੇ ਲੈ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਟੋਰਾਂਟੋ ਨੇੜੇ ਹਿੰਦੂ ਸਭਾ ਮੰਦਰ ਦੀ ਭੰਨ-ਤੋੜ 'ਡੂੰਘੀ ਚਿੰਤਾ' ਦਾ ਵਿਸ਼ਾ ਹੈ।
ਜੈਸ਼ੰਕਰ ਜੋ ਅੱਜ ਆਪਣੀ ਆਸਟ੍ਰੇਲੀਆ ਫੇਰੀ ਤੇ ਹਨ ਨੇ ਕਿਹਾ, ''ਕੈਨੇਡਾ 'ਚ ਹਿੰਦੂ ਮੰਦਰ 'ਚ ਕੱਲ੍ਹ ਜੋ ਕੁਝ ਹੋਇਆ, ਉਹ ਬਹੁਤ ਚਿੰਤਾਜਨਕ ਸੀ... ਤੁਹਾਨੂੰ ਸਾਡੇ ਸਰਕਾਰੀ ਬੁਲਾਰੇ ਦਾ ਬਿਆਨ ਦੇਖਣਾ ਚਾਹੀਦਾ ਸੀ ਅਤੇ ਚਿੰਤਾ ਦਾ ਪ੍ਰਗਟਾਵਾ ਵੀ। ਕੱਲ੍ਹ ਸਾਡੇ ਪ੍ਰਧਾਨ ਮੰਤਰੀ ਵਲੋਂ ਦਿੱਤਾ ਗਿਆ ਬਿਆਨ ਦੱਸਦਾ ਕਿ ਅਸੀਂ ਇਸ ਬਾਰੇ ਕਿਵੇਂ ਦਾ ਮਹਿਸੂਸ ਕਰਦੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੈਨੇਡਾ ਵਿੱਚ ਹਿੰਦੂ ਮੰਦਰਾਂ ਬਾਹਰ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ,"ਕੈਨੇਡਾ ਪੰਜਾਬੀਆਂ ਲਈ ਦੂਜਾ ਘਰ ਹੈ। ਭਾਰਤ ਸਰਕਾਰ ਕੈਨੇਡਾ ਸਰਕਾਰ ਨਾਲ ਗੱਲ ਕਰੇ ਅਤੇ ਮਸਲੇ ਦਾ ਹੱਲ ਕੱਢੇ। ਪ੍ਰਵਾਸੀ ਪੰਜਾਬੀਆਂ ਕਰਕੇ ਸਾਡੇ ਪੰਜਾਬ ਵਿੱਚ ਚੁੱਲ੍ਹੇ ਚਲਦੇ ਹਨ, ਹਰ ਘਰ ਵਿੱਚੋਂ ਸਾਡੇ ਪੰਜਾਬੀ ਕੈਨੇਡਾ ਵਿੱਚ ਹਨ।ਉਹਨਾਂ ਦੀ ਰਾਜਨੀਤੀ ਉਹ ਜਾਨਣ,ਧਰਮ ਦੀ ਰਾਜਨੀਤੀ ਦੀ ਉਮੀਦ ਉਹਨਾਂ ਮੁਲਕਾਂ ਵਿੱਚ ਨਹੀਂ ਕੀਤੀ ਜਾ ਸਕਦੀ।"

ਤਸਵੀਰ ਸਰੋਤ, X/ArvindKejriwal
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹਿੰਸਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
“ਮੈਂ ਕੈਨੇਡਾ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਭਾਰਤ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੁੱਦੇ 'ਤੇ ਨਾ ਸਿਰਫ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਬਲਕਿ ਦੇਸ਼ ਦੇ ਸਾਰੇ 140 ਕਰੋੜ ਲੋਕ ਭਾਰਤ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ”ਕੇਜਰੀਵਾਲ ਨੇ ਐਕਸ 'ਤੇ ਲਿਖਿਆ।
ਇਸ ਦੌਰਾਨ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕੈਨੇਡਾ ਵਿਚ ਹਿੰਦੂ ਮੰਦਰ 'ਤੇ ਹੋਏ ਹਮਲੇ ਦੀ ਨਿੰਦਾ ਕਰਨ ਵਿਚ ਹਰ ਭਾਰਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਥ ਦੇਣਾ ਚਾਹੀਦਾ ਹੈ।
ਰਿਜਿਜੂ ਨੇ ਕਿਹਾ “ਕੈਨੇਡਾ ਵਿੱਚ ਹਿੰਦੂ ਮੰਦਰ ਉੱਤੇ ਹੋਏ ਘਿਨਾਉਣੇ ਹਮਲੇ ਦੀ ਨਿੰਦਾ ਕਰਨ ਵਿੱਚ ਹਰ ਭਾਰਤੀ ਨੂੰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ। ਇਹ ਪਰੀਖਿਆ ਦਾ ਸਮਾਂ ਹੈ, ਕੁਝ ਨੇਤਾਵਾਂ ਲਈ ਪਰਖ ਦੀ ਘੜੀ ਹੈ.. ਭਾਰਤ ਦੇ ਨੇਤਾਵਾਂ ਵਲੋਂ ਨਿੰਦਾ ਦੀ ਉਡੀਕ ਹੈ।”
ਸਿੱਖ ਜਥੇਬੰਦੀਆਂ ਦੇ ਦਾਅਵੇ
ਸੀਬੀਸੀ ਦੀ ਰਿਪੋਰਟ ਮੁਤਾਬਕ ਸਿੱਖਸ ਫਾਰ ਜਸਟਿਸ ਸਮੂਹ ਨੇ ਕਿਹਾ ਹੈ ਕਿ ਖਾਲਿਸਤਾਨ ਸਮਰਥਕ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੀ ਪ੍ਰਸ਼ਾਸਨਿਕ ਸੇਵਾਵਾਂ ਜਿਵੇਂ ਕਿ ਬਜ਼ੁਰਗਾਂ ਨੂੰ ਪੈਨਸ਼ਨ ਤੱਕ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਐਲਾਨੀ ਫੇਰੀ ਦਾ ਵਿਰੋਧ ਕਰ ਰਹੇ ਸਨ।
ਸਿੱਖ ਫਾਰ ਜਸਟਿਸ ਨੂੰ ਭਾਰਤ ਸਰਕਾਰ ਨੇ 'ਅੱਤਵਾਦੀ' ਜਥੇਬੰਦੀ ਐਲਾਨਿਆ ਹੋਇਆ ਹੈ ਅਤੇ ਭਾਰਤ ਵਿੱਚ ਇਸ ਉੱਤੇ ਪਾਬੰਦੀ ਹੈ।
ਸਿੱਖਸ ਫਾਰ ਜਸਟਿਸ ਨੇ ਇਲਜ਼ਾਮ ਲਗਾਇਆ ਕਿ ਹਿੰਦੂ ਰਾਸ਼ਟਰਵਾਦੀਆਂ ਨੇ ਲੜਾਈ ਨੂੰ ਭੜਕਾਇਆ ਸੀ।
ਸਮੂਹ ਮੰਗ ਕਰ ਰਿਹਾ ਹੈ ਕਿ ਭਾਰਤੀ ਕੌਂਸਲਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੂਟਨੀਤਕ ਦਫ਼ਤਰਾਂ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਜਾਵੇ।
ਉਨ੍ਹਾਂ ਇਹ ਦਲੀਲ ਦਿੱਤੀ ਕਿ ਕੌਂਸਲਰ ਅਧਿਕਾਰੀਆਂ ਵਲੋਂ ਕੀਤੇ ਬਾਹਰੀ ਥਾਵਾਂ ਦੇ ਦੌਰੇ "ਕੈਨੇਡਾ ਵਿੱਚ ਖਾਲਿਸਤਾਨ ਪੱਖੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖ਼ਤਰੇ ਵਿੱਚ ਪਾਉਂਦੇ ਹਨ।"
ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਵੀ ਇਸ ਬੇਨਤੀ ਨੂੰ ਦੁਹਰਾਇਆ ਹੈ।
ਇੱਕ ਈਮੇਲ ਰਾਹੀਂ ਦਿੱਤੇ ਗਏ ਬਿਆਨ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕਿਹਾ "ਕੈਨੇਡੀਅਨ ਭਾਈਚਾਰਿਆਂ ਵਿੱਚ ਭਾਰਤੀ ਡਿਪਲੋਮੈਟਾਂ ਦੇ ਸੰਗਠਿਤ ਹਮਲੇ ਸੰਘਰਸ਼ ਨੂੰ ਭੜਕਾਉਣ ਲਈ ਤਿਆਰ ਕੀਤੇ ਗਏ ਪ੍ਰਤੀਤ ਹੁੰਦੇ ਹਨ ਅਤੇ ਇਸਨੂੰ ਬੰਦ ਕਰਨਾ ਚਾਹੀਦਾ ਹੈ। "
ਉਨ੍ਹਾਂ ਇਸ ਈਮੇਲ ਵਿੱਚ ਕੈਨੇਡੀਅਨ ਅਧਿਕਾਰੀਆਂ ਨੂੰ ਐਤਵਾਰ ਨੂੰ ਹਿੰਸਾ ਭੜਕਾਉਣ ਅਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਵਿੱਚ ਵਿਘਨ ਪਾਉਣ ਵਾਲੇ ਪ੍ਰਦਰਸ਼ਨਕਾਰੀਆਂ ਵਿਰੁੱਧ "ਨਿਰਣਾਇਕ ਕਾਰਵਾਈ" ਕਰਨ ਦੀ ਵੀ ਮੰਗ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












