ਪੰਜਾਬ : ਗੁਰਦਾਸਪੁਰ ਦਾ ਗੰਨਾ ਕਾਸ਼ਤਕਾਰ ਕਿਸਾਨ, ਜਿਸ ਦੀ ਟਰੈਂਚ ਵਿਧੀ ਤੇ ਸੋਸ਼ਲ ਮੀਡੀਆ ਨਾਲ ਹੋਈ ਬੱਲੇ-ਬੱਲੇ

ਪੰਜਾਬੀ ਕਿਸਾਨ ਹਰਿੰਦਰ ਸਿੰਘ ਰਿਆੜ
ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਕਿਸਾਨ ਹਰਿੰਦਰ ਸਿੰਘ ਰਿਆੜ ਗੰਨਾ ਕਾਸ਼ਤਕਾਰ ਹਨ
    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਗੁਰਦਾਸਪੁਰ ਦੇ ਰਿਆੜਕੀ ਇਲਾਕੇ ਵਿੱਚ ਹਰਿੰਦਰ ਸਿੰਘ ਰਿਆੜ ਦਾ ਫਾਰਮ ਬਹੁਤ ਵੱਖਰਾ ਹੈ।

ਹਾਲਾਂਕਿ, ਹਰਿੰਦਰ ਸਿੰਘ ਰਿਆੜ ਵੀ ਇਲਾਕੇ ਦੇ ਹੋਰਨਾਂ ਕਿਸਾਨਾਂ ਵਾਂਗ ਮੁੱਖ ਤੌਰ ʼਤੇ ਗੰਨੇ ਦੀ ਹੀ ਖੇਤੀ ਕਰਦੇ ਹਨ ਪਰ ਉਨ੍ਹਾਂ ਦੀ ਤਕਨੀਕ ਹੋਰਨਾਂ ਨਾਲੋਂ ਵੱਖਰੀ ਜ਼ਰੂਰ ਹੈ।

2022 ਦੇ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਗੰਨੇ ਦੀ ਕਾਸ਼ਤ ਹੇਠ ਰਕਬਾ 88000 ਹੈਕਟੇਅਰ ਰਕਬਾ ਹੈ। ਭਾਵੇਂ ਕਿ ਇਹ 2018-19 ਦੇ 97000 ਹੈਕਟੇਅਰ ਦੇ ਮੁਕਾਬਲੇ ਘਟਿਆ ਹੈ।

ਪਰ ਪਿੰਡ ਭਾਮੜੀ ਦੇ ਰਹਿਣ ਵਾਲੇ ਹਰਿੰਦਰ ਸਿੰਘ ਟਰੈਂਚ ਤਕਨੀਕ ਰਾਹੀਂ ਗੰਨੇ ਦੀ ਕਾਸ਼ਤ ਕਰਨ ਵਾਲੇ ਸਫ਼ਲ ਕਿਸਾਨ ਹਨ।

ਵੀਡੀਓ ਕੈਪਸ਼ਨ, ਗੁਰਦਾਸਪੁਰ ਦਾ ਗੰਨਾ ਕਾਸ਼ਤਕਾਰ ਕਿਸਾਨ, ਜਿਸ ਦੀ ਟਰੈਂਚ ਵਿਧੀ ਤੇ ਸੋਸ਼ਲ ਮੀਡੀਆ ਨਾਲ ਹੋਈ ਬੱਲੇ-ਬੱਲੇ

ਟਰੈਂਚ ਵਿਧੀ ਦਰਅਸਲ ਗੰਨਾ ਬੀਜਣ ਦਾ ਆਧੁਨਿਕ ਅਤੇ ਸਮਰੱਥ ਤਰੀਕਾ ਹੈ। ਟਰੈਂਚ ਦਾ ਪੰਜਾਬੀ ਵਿੱਚ ਅਰਥ ਹੁੰਦਾ ਹੈ ਖਾਲ਼ਾਂ। ਜਦੋਂ ਗੰਨੇ ਨੂੰ ਟਰੈਂਚ ਵਿਧੀ ਰਾਹੀ ਬੀਜਣ ਦੀ ਗੱਲ ਹੁੰਦਾ ਹੈ ਤਾਂ ਇਸ ਦਾ ਅਰਥ ਹੁੰਦਾ ਹੈ। ਖਾਲ਼ਾਂ ਪੁੱਟਣੀਆਂ, ਖਾਦ ਖਿਲਾਰਨੀ, ਗੰਨੇ ਦੀਆਂ ਪੱਛੀਆਂ ਵਿਛਾਉਣੀਆਂ ਅਤੇ ਇਸ ਤੋਂ ਬਾਅਧ ਖਾਲ਼ਾਂ ਨੂੰ ਮਿੱਟੀ ਨਾਲ ਪੂਰਨਾ।

ਸਮੇਂ ਨਾਲ ਹੋ ਰਹੇ ਖੇਤੀ ਬਦਲਾਅ ਦਾ ਹਾਣੀ ਹੁੰਦੇ ਹੋਏ ਹਰਿੰਦਰ ਸਿੰਘ ਖੇਤੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਿਸ਼ ʼਤੇ ਪਿਛਲੇ ਸਾਲਾਂ ਤੋਂ ਟਰੈਂਚ ਤਕਨੀਕ ਨਾਲ ਖੇਤੀ ਕਰ ਰਹੇ ਹਨ।

ਇਸ ਤਕਨੀਕ ਦਾ ਵੱਡਾ ਫਾਇਦਾ ਇਹ ਦੱਸਿਆ ਜਾਂਦਾ ਹੈ ਕਿ ਖੇਤ ਵਿੱਚ ਦੋਹਰੀ ਫ਼ਸਲ ਬੀਜੀ ਜਾ ਸਕਦੀ ਹੈ, ਜਿਵੇਂ ਸਬਜ਼ੀਆਂ, ਸਰੋਂ ਆਦਿ ਵੀ।

ਹਰਿੰਦਰ ਸਿੰਘ ਵੀ ਗੰਨੇ ਦੀ ਫ਼ਸਲ ਦੇ ਨਾਲ-ਨਾਲ ਗੰਨੇ ਦੀ ਪਨੀਰੀ ਵੀ ਖ਼ੁਦ ਤਿਆਰ ਕਰਦੇ ਹਨ ਅਤੇ ਜਿਸ ਲਈ ਉਨ੍ਹਾਂ ਨੇ ਵਿਸ਼ੇਸ਼ ਨਰਸਰੀ ਸਥਾਪਿਤ ਕੀਤੀ ਹੈ।

ਇਸ ਦਾ ਲਾਹਾ ਜਿੱਥੇ ਉਹ ਆਪ ਲੈ ਰਹੇ ਹਨ ਉੱਥੇ ਹੀ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਗੰਨੇ ਦੀਆਂ ਵੱਖ-ਵੱਖ ਕਿਸਮਾਂ (ਵਰਾਇਟੀ) ਦੀ ਪਨੀਰੀ ਤਿਆਰ ਕਰ ਕੇ ਵਚੇ ਰਹੇ ਹਨ, ਜਿਸ ਨਾਲ ਉਹ ਆਪਣੀ ਫ਼ਸਲ ਤੋ ਇਲਾਵਾ ਨਰਸਰੀ ਤੋ ਵੀ ਚੰਗਾ ਮੁਨਾਫ਼ਾ ਕਮਾ ਰਹੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿੱਥੋਂ ਲਈ ਸੇਧ

ਹਰਿੰਦਰ ਸਿੰਘ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਸਾਲ 2015 ਵਿੱਚ ਪਿਤਾ ਪੁਰਖੀ ਕਿਸਾਨੀ ਧੰਦੇ ਨੂੰ ਅਪਣਾਇਆ ਤਾਂ ਉਦੋਂ ਉਨ੍ਹਾਂ ਨੇ ਖੇਤੀ ਨੂੰ ਤਕਨੀਕੀ ਢੰਗ ਨਾਲ ਕਰਨ ਦੀ ਸੋਚ ਨਾਲ ਜਾਣਕਾਰੀ ਇਕੱਠੀ ਕੀਤੀ।

ਉਨ੍ਹਾਂ ਨੇ ਦੱਸਿਆ, "ਇਹ ਸਾਹਮਣੇ ਆਇਆ ਕੀ ਮਹਾਰਾਸ਼ਟਰਾ ਵਿੱਚ ਜੋ ਕਿਸਾਨ ਗੰਨੇ ਦੀ ਬਿਜਾਈ ਕਰਦੇ ਸਨ, ਉਹ ਸੀਡ ਦੀ ਥਾਂ ਨਰਸਰੀ ʼਚ ਤਿਆਰ ਕੀਤੀ ਪਨੀਰੀ ਲਗਾਉਂਦੇ ਹਨ। ਉੱਥੇ ਮੁੱਖ ਕਾਰਨ ਸੀ, ਉਨ੍ਹਾਂ ਕੋਲ ਪਾਣੀ ਦੀ ਕਮੀ ਸੀ ਪਰ ਪੰਜਾਬ ਵਿੱਚ ਪਾਣੀ ਦੀ ਕੋਈ ਥੋੜ ਨਹੀਂ।"

ਜਦੋਂ ਉਨ੍ਹਾਂ ਨੇ ਖ਼ੁਦ ਆਪਣੇ ਖੇਤਾਂ ਵਿੱਚ ਪਨੀਰੀ ਤੋਂ ਗੰਨੇ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਇਸ ਵਿੱਚ ਜਿੱਥੇ ਸਮੇਂ ਦੀ ਬਚਤ ਹੋਈ ਉੱਥੇ ਮੁੱਖ ਤੌਰ ʼਤੇ ਬੀਜ ਘੱਟ ਲਗਦਾ ਹੈ।

ਇਸ ਨਾਲ ਬਿਜਾਈ ਦੇ ਖਰਚ ਦੀ ਸਿੱਧੇ ਤੌਰ ʼਤੇ ਵੱਡੀ ਬਚਤ ਸੀ ਅਤੇ ਉਸ ਦੇ ਨਾਲ ਹੀ ਝਾੜ ਵੀ ਵੱਧ ਮਿਲਿਆ।

ਇਹੀ ਕਾਰਨ ਸੀ ਕਿ ਉਨ੍ਹਾਂ ਨੇ ਪਹਿਲਾ ਆਪਣੇ ਖੇਤ ਲਈ ਹੀ ਪਨੀਰੀ ਤਿਆਰ ਕੀਤੀ, ਜਿਸ ਲਈ ਉਨ੍ਹਾਂ ਨੇ ਖੇਤੀਬਾੜੀ ਯੂਨੀਵਰਿਸਟੀ ਅਤੇ ਗੰਨੇ ਦੇ ਖੋਜ ਕੇਂਦਰ ਤੋ ਸਲਾਹ ਲਈ।

ਇਸ ਵਿੱਚ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਤਾਂ ਉਨ੍ਹਾਂ ਨੇ ਪਨੀਰੀ ਤਿਆਰ ਕਰ ਵੇਚਣ ਦਾ ਟੀਚਾ ਲੈ ਕੇ ਆਪਣੀ ਹੀ ਇੱਕ ਨਰਸਰੀ ਤਿਆਰ ਕੀਤੀ ਹੈ, ਜਿਸ ਨੂੰ ਉਹ ਪਿਛਲੇ ਕਰੀਬ 5 ਸਾਲਾਂ ਤੋ ਚਲਾ ਰਹੇ ਹਨ।

ਗੰਨੇ ਦੇ ਖੇਤ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਇਸ ਵਿਧੀ ਨਾਲ ਬਚਤ ਵੀ ਹੁੰਦੀ ਹੈ ਅਤੇ ਝਾੜ ਵੀ ਵੱਧ ਮਿਲਦਾ ਹੈ

ਹੁਣ ਜਿੱਥੇ ਗੁਰਦਾਸਪੁਰ ,ਅੰਮ੍ਰਿਤਸਰ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਤੋਂ ਕਿਸਾਨ ਉਨ੍ਹਾਂ ਨਾਲ ਜੁੜੇ ਹਨ, ਉਥੇ ਹੀ ਉਸ ਨੂੰ ਹੁਣ ਮਾਲਵੇ ਤੋ ਵੀ ਕਈ ਕਿਸਾਨ ਗੰਨੇ ਦੀ ਪਨੀਰੀ ਲੈਣ ਲਈ ਆਉਂਦੇ ਹਨ।

ਹਰਿੰਦਰ ਦੱਸਦੇ ਹਨ, "ਜਿੱਥੇ ਹੋਰਨਾਂ ਫ਼ਸਲਾਂ ਦੇ ਬੀਜ ਆਮ ਤੌਰ ʼਤੇ ਬਾਜ਼ਾਰ ਵਿੱਚੋਂ ਮਿਲ ਜਾਂਦੇ ਹਨ, ਉੱਥੇ ਹੀ ਗੰਨਾ ਇੱਕ ਅਜਿਹੀ ਫ਼ਸਲ ਹੈ ਜਿਸ ਦੀ ਕਾਸ਼ਤ ਲਈ ਕਿਸਾਨ ਨੂੰ ਗੰਨੇ ਦੀਆਂ ਪੱਛੀਆਂ (ਗੰਨੇ ਦੇ ਹਿੱਸਾ) ਲੈਣ ਲਈ ਖੇਤਾਂ ਵਿੱਚ ਜਾਣਾ ਪੈਂਦਾ ਹੈ।"

"ਗੰਨੇ ਦੀਆਂ ਪੱਛੀਆਂ ਦੀ ਢੋਆ-ਢੁਹਾਈ ਇੱਕ ਵੱਡੀ ਸਮੱਸਿਆ ਹੈ ਜਦਕਿ ਉਸ ਦੀ ਥਾਂ ਜੇਕਰ ਪਨੀਰੀ ਦੀ ਟ੍ਰੇਅ ਤਿਆਰ ਕਰ ਕਿ ਕਿਸਾਨ ਲੈ ਕੇ ਜਾਵੇ ਤਾਂ ਉਹ ਵਧੇਰੇ ਸੌਖਾ ਹੈ। ਇਹ ਨਵੇਂ ਕਿਸਾਨ ਲਈ ਤਾਂ ਹੋਰ ਵੀ ਸੌਖਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਇੱਕ ਮਹੀਨੇ ਦਾ ਤਿਆਰ ਬੂਟਾ ਮਿਲਦਾ ਹੈ, ਜਿਸ ਨੂੰ ਸਿੱਧਾ ਸਹੀ ਤਕਨੀਕ ਨਾਲ ਲਾਉਣਾ ਹੁੰਦਾ ਹੈ।"

ਪਨੀਰੀ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਹਰਿੰਦਰ ਨੇ ਆਪਣੇ ਖੇਤਾਂ ਵਿੱਚ ਗੰਨੇ ਦੀ ਪਨੀਰੀ ਲਈ ਨਰਸਰੀ ਤਿਆਰ ਕੀਤੀ ਹੈ

ਪ੍ਰਚਾਰ ਲਈ ਸੋਸ਼ਲ ਮੀਡੀਆ ਦਾ ਸਹਾਰਾ

ਹਰਿੰਦਰ ਸਿੰਘ ਮੁਤਾਬਕ ਇਹ ਵੱਡੀ ਦਿੱਕਤ ਪੰਜਾਬ ਵਿੱਚ ਇਹ ਹੈ ਕੀ ਪੰਜਾਬ ʼਚ ਗੰਨੇ ਦੇ ਖੋਜ ਕੇਂਦਰ ਨਾਮਾਤਰ ਹਨ ਅਤੇ ਪੰਜਾਬ ਵਿੱਚ ਇਸ ʼਤੇ ਕੰਮ ਵੀ ਬਹੁਤ ਘੱਟ ਹੋ ਰਿਹਾ ਹੈ ।

ਹਾਲਾਂਕਿ, ਗੰਨੇ ਦੀ ਫ਼ਸਲ ਹਰ ਇਲਾਕੇ ਵਿੱਚ ਨਹੀਂ ਹੁੰਦੀ ਅਤੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਹਰੇਕ ਕਿਸਾਨ ਦੀ ਪਹੁੰਚ ਸ਼ੂਗਰ ਮਿੱਲ ਤੱਕ ਨਹੀਂ ਹੈ, ਜਿੱਥੇ ਉਸ ਦਾ ਮੰਡੀਕਰਨ ਹੋ ਸਕੇ।

ਹਰਿੰਦਰ ਸਿੰਘ ਨੇ ਖੇਤੀ ਧੰਦੇ, ਮੁੱਖ ਤੌਰ ʼਤੇ ਆਪਣੀ ਨਰਸਰੀ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਦੀ ਵੀ ਸਹਾਰਾ ਲਿਆ।

ਹਰਿੰਦਰ ਆਪਣਾ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਅਕਾਊਂਟ ਬਣਾ ਆਪਣੀ ਨਰਸਰੀ ਅਤੇ ਖੇਤੀ ਦੇ ਢੰਗ ਨੂੰ ਲੋਕਾਂ ਸਾਹਮਣੇ ਲਿਆਂਦਾ।

ਹਰਿੰਦਰ ਸਿੰਘ ਦੱਸਦੇ ਹਨ ਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਸਾਧਨ ਹੈ, ਜਿਸ ਕਰਕੇ ਉਨ੍ਹਾਂ ਤੱਕ ਮਾਝੇ ਤੋ ਇਲਾਵਾ ਮਾਲਵਾ ਦੇ ਵੀ ਕਿਸਾਨ ਪਹੁੰਚ ਸਕੇ ਹਨ।

ਉਹ ਦੱਸਦੇ ਹਨ ਕਿ ਇਨ੍ਹਾਂ ਵਿੱਚ ਉਹ ਕਿਸਾਨ ਜ਼ਿਆਦਾ ਹਨ, ਜੋ ਉਨ੍ਹਾਂ ਕੋਲੋਂ ਖ਼ਾਸ ਉਸ ਕਿਸਮ ਦੀ ਪਨੀਰੀ ਤਿਆਰ ਕਰਵਾਉਂਦੇ ਹਨ, ਜਿਸ ਦੇ ਗੰਨੇ ਤੋਂ ਗੁੜ ਜਾਂ ਗੰਨੇ ਦਾ ਜੂਸ ਚੰਗੀ ਕਵਾਲਟੀ ਦਾ ਤਿਆਰ ਹੁੰਦਾ ਹੈ।

ਪਨੀਰੀ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਗੰਨੇ ਦੀ ਪਨੀਰੀ ਹੋਰਨਾਂ ਕਿਸਾਨਾਂ ਨੂੰ ਵੀ ਵੇਚੀ ਜਾਂਦੀ ਹੈ

ਹਰਿੰਦਰ ਸਿੰਘ ਦੱਸਦੇ ਹਨ, ''ਕੁਝ ਸਾਲ ਪਹਿਲਾਂ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਮੱਸਿਆ ਸੀ ਕਿ ਖੰਡ ਮਿੱਲਾਂ ਗੰਨੇ ਦੀ ਫ਼ਸਲ ਲਈ ਭੁਗਤਾਨ ਦੇਰੀ ਨਾਲ ਕਰਦੀਆਂ ਹਨ।''

''ਪਰ ਪਿਛਲੇ ਸੀਜ਼ਨ ਵਿੱਚ ਵੱਡਾ ਬਦਲਾਅ ਰਿਹਾ, ਕਿ ਮਿੱਲ ਕਿਸਾਨ ਨੂੰ ਸਹੀ ਭੁਗਤਾਨ ਕਰ ਰਹੀ ਹੈ। ਉਸ ਦਾ ਵੱਡਾ ਕਾਰਨ ਇਹ ਖੰਡ ਦਾ ਮੁੱਲ ਨਾ ਘੱਟ ਹੋਣਾ ਤਾਂ ਹੈ ਹੀ ਉਥੇ ਹੀ ਗੰਨੇ ਤੋਂ ਮਿੱਲ ਖੰਡ ਤਾਂ ਤਿਆਰ ਕਰ ਰਹੀ ਹੈ ਪਰ ਕੁਝ ਪ੍ਰਾਈਵੇਟ ਮਿੱਲਾਂ ਈਥਾਨੌਲ ਵੀ ਤਿਆਰ ਕਰ ਰਹੀਆਂ ਹਨ।''

ਹਰਿੰਦਰ ਸਿੰਘ ਨੇ ਦੱਸਿਆ ਕਿ ਮਿੱਲਾਂ ਨੂੰ ਉਸ ਨਾਲ ਮੁਨਾਫ਼ਾ ਹੈ ਅਤੇ ਇਵੇਂ ਜਾਪ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਈਥਾਨੌਲ ਦੀ ਮੰਗ ਵਧਦੀ ਹੈ ਤਾਂ ਕਿਸਾਨਾਂ ਨੂੰ ਵੀ ਲਾਭ ਹੋਵੇਗਾ।

ਹਰਿੰਦਰ ਸਿੰਘ ਨਾਲ ਜੁੜੇ ਹੋਰਨਾਂ ਕਿਸਾਨਾਂ ਵੀਰਪਾਲ ਸਿੰਘ ਅਤੇ ਕੈਪਟਨ ਸਿੰਘ ਦਾ ਕਹਿਣਾ ਹੈ ਕਿ ਨਰਸਰੀ ਦਾ ਉਨ੍ਹਾਂ ਨੂੰ ਬਹੁਤ ਵਡਾ ਲਾਭ ਹੋਇਆ ਹੈ।

ਉਹ ਦੱਸਦੇ ਹਨ ਕਿ ਜਿਵੇਂ ਹੁਣ ਝੋਨੇ ਦੀ ਕਟਾਈ ਦੇਰੀ ਨਾਲ ਹੈ ਜਦਕਿ ਗੰਨੇ ਦੀ ਬਿਜਾਈ ਦਾ ਸਮਾਂ ਹੈ ,ਇਸ ਵਿਚਾਲੇ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਗੰਨੇ ਦੀ ਬਿਜਾਈ ਲਈ ਦਿੱਕਤ ਨਹੀਂ ਹੈ, ਇੱਕ ਮਹੀਨੇ ਦਾ ਤਿਆਰ ਬੂਟਾ ਉਨ੍ਹਾਂ ਨੂੰ ਨਰਸਰੀ ਤੋ ਹੀ ਮਿਲ ਰਿਹਾ ਹੈ।

ਉਸ ਨੂੰ ਲਿਆਉਣ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਅਤੇ ਨਤੀਜੇ ਜੋ ਪਿਛਲੇ ਸਮੇਂ ਵਿੱਚ ਸਾਹਮਣੇ ਆਏ ਹਨ ਉਹ ਵੀ ਚੰਗੇ ਹਨ ਕਿਉਂਕਿ ਨਰਸਰੀ ਦੇ ਬੂਟੇ ਨਾਲ ਝਾੜ ਅਤੇ ਫ਼ਸਲ ਦੀ ਕੁਆਲਿਟੀ ਵੀ ਰਵਾਇਤੀ ਢੰਗ ਨਾਲ ਬੀਜੇ ਗੰਨੇ ਤੋ ਵੱਧ ਹੈ।

ਹਰਿੰਦਰ ਸਿੰਘ ਰਿਆੜ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਹਰਿੰਦਰ ਸਿੰਘ ਰਿਆੜ ਟਰੈਂਚ ਵਿਧੀ ਰਾਹੀਂ ਗੰਨੇ ਦੇ ਖੇਤੀ ਕਰਦੇ ਹਨ

ਕੀ ਕਹਿੰਦੇ ਹਨ ਖੇਤੀ ਮਾਹਰ

ਖੇਤੀ ਮਾਹਰ ਡਾ. ਸ਼ਾਹਬਾਜ਼ ਸਿੰਘ ਚੀਮਾ ਗੰਨੇ ਦੀ ਕਾਸ਼ਤ ਬਾਰੇ ਗੱਲ ਕਰਦੇ ਦੱਸਦੇ ਹਨ ਕਿ ਇਹ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋ ਬਾਹਰ ਨਿਕਲਣ ਲਈ ਇੱਕ ਚੰਗਾ ਬਦਲ ਹੈ।

ਮੁੱਖ ਤੌਰ ʼਤੇ ਮਾਝੇ ਦੇ ਅੰਮ੍ਰਿਤਸਰ, ਗੁਰਦਾਸਪੁਰ ਉਧਰ ਦੋਆਬੇ ਵਿੱਚ ਵੀ ਬਹੁਤੇ ਇਲਾਕੇ ਵਿਸ਼ੇਸ਼ ਤੌਰ ʼਤੇ ਦਰਿਆ ਦੇ ਕੰਢੇ ਸੇਮ ਵਾਲੇ ਇਲਾਕੇ ਇਸ ਲਈ ਬਹੁਤ ਬਿਹਤਰ ਹਨ।

ਉਨ੍ਹਾਂ ਦਾ ਕਹਿਣਾ ਹੈ, "ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਵੀ ਪਿਛਲੇ ਲੰਬੇ ਸਮੇਂ ਤੋ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਸਿਫਾਰਿਸ਼ ਕਰਦੀਆਂ ਹਨ ਕਿ ਕਿਸਾਨ ਗੰਨੇ ਦੀ ਫ਼ਸਲ ਟਰੈਂਚ ਵਿਧੀ ਨਾਲ ਹੀ ਲਗਾਉਣ ਕਿਉਕਿ ਅੱਜ ਤਕਨੀਕ ਦਾ ਯੁੱਗ ਹੈ।"

"ਇਸ ਵਿਧੀ ਨਾਲ ਬਿਜਾਈ ਲਈ ਮਸ਼ੀਨਾਂ ਹਨ, ਜੋ ਵਿਭਾਗ ਅਤੇ ਮਿੱਲ ਵੱਲੋਂ ਕਿਸਾਨ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਜਿੱਥੇ ਇਸ ਨਾਲ ਕਿਸਾਨ ਦਾ ਖਰਚ ਘੱਟ ਹੈ,ਉੱਥੇ ਹੀ ਕਿਸਾਨ ਇਸ ਨਾਲ ਖੇਤ ਗੰਨੇ ਦੀ ਫਸਲ ਨਾਲ ਦੋਹਰੀ ਫ਼ਸਲ ਲਗਾ ਸਕਦਾ ਹੈ।"

"ਮੁੱਖ ਤੌਰ ਤੇ ਝੋਨੇ ਦੇ ਮੁਕਾਬਲੇ ਗੰਨੇ ਦੀ ਫ਼ਸਲ ਨੂੰ ਪਾਣੀ ਬਹੁਤ ਘੱਟ ਲਗਦਾ ਹੈ ਅਤੇ ਜੋ ਪਾਣੀ ਲਗਦਾ ਵੀ ਹੈ ਉਹ ਆਖ਼ਰ ਵਿੱਚ ਜ਼ਮੀਨ ਹੇਠਾਂ ਹੀ ਰਿਸ ਜਾਂਦਾ ਹੈ ਜਦਕਿ ਝੋਨੇ ਵਿੱਚ ਇਵੇ ਨਹੀਂ ਹੁੰਦਾ।"

ਸ਼ਾਹਬਾਜ਼ ਸਿੰਘ ਦਾ ਕਹਿਣਾ ਹੈ ਕੀ ਅੱਜ ਕੁਝ ਕਿਸਾਨ ਗੰਨੇ ਦੀ ਨਰਸਰੀ ਜਾਂ ਗੰਨੇ ਤੋਂ ਗੁੜ ਬਣਾਉਣ ਦਾ ਜੋ ਕੰਮ ਕਰ ਰਹੇ ਹਨ, ਉਹ ਖੇਤੀ ਦੇ ਨਾਲ-ਨਾਲ ਇੱਕ ਵਪਾਰਕ ਸੋਚ ਵੱਲ ਵੱਧ ਰਹੇ ਹਨ।

ਇਹ ਸਮੇਂ ਦੀ ਲੋੜ ਵੀ ਹੈ ਜੇਕਰ ਕਿਸਾਨ ਦੀ ਪਹੁੰਚ ਵਿੱਚ ਖੰਡ ਮਿੱਲ ਬਹੁਤ ਦੂਰੀ ਹੈ ਤਾਂ ਉਹ ਇਸ ਦੀ ਕਾਸ਼ਤ ਭਾਵੇਂ ਥੋੜੇ ਰਕਬੇ ਵਿੱਚ ਕਰਕੇ ਜੇਕਰ ਗੁੜ ਤਿਆਰ ਕਰਦਾ ਹੈ ਤਾਂ ਉਹ ਵਧੀਆ ਸਹਾਇਕ ਧੰਦਾ ਹੋ ਸਕਦਾ ਹੈ।

ਜਿੰਨੀ ਗੁੜ ਦੀ ਅੱਜ ਕੱਲ੍ਹ ਮੰਗ ਹੈ. ਉਨ੍ਹਾਂ ਗੁੜ ਤਿਆਰ ਨਹੀਂ ਹੋ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)